ਰੂਥ 3
3
ਬੋਅਜ਼ ਦੇ ਅੱਗੇ ਰੂਥ ਦੀ ਬੇਨਤੀ
1ਤਦ ਉਹ ਦੀ ਸੱਸ ਨਾਓਮੀ ਨੇ ਉਹ ਨੂੰ ਆਖਿਆ, ਮੇਰੀਏ ਧੀਏ, ਕੀ ਮੈਂ ਤੇਰਾ ਸੁੱਖ ਨਾ ਮੰਗਾ ਜਿਹ ਦੇ ਵਿੱਚ ਤੇਰਾ ਭਲਾ ਹੋਵੇ? 2ਭਲਾ, ਹੁਣ ਬੋਅਜ਼ ਸਾਡੀਆਂ ਨੇੜਦਾਰਾਂ ਵਿੱਚੋਂ ਨਹੀਂ ਜਿਹ ਦੀਆਂ ਛੋਕਰੀਆਂ ਨਾਲ ਤੂੰ ਰਹੀਂ ਸੈਂ? ਵੇਖ, ਉਹ ਅੱਜ ਰਾਤੀਂ ਪਿੜ ਵਿੱਚ ਜੌਂ ਛੱਟੇਗਾ 3ਸੋ ਤੂੰ ਅਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਲੀੜੇ ਪਾ ਕੇ ਪਿੜ ਵੱਲ ਉੱਤਰ ਜਾਹ ਅਤੇ ਜਦ ਤੋੜੀ ਉਹ ਖਾ ਪੀ ਕੇ ਚੁੱਕੇ ਤਦ ਤੋੜੀ ਆਪਣਾ ਆਪ ਉਸ ਮਨੁੱਖ ਨੂੰ ਨਾ ਜਣਾ 4ਐਉਂ ਹੋਵੇਗਾ ਕਿ ਜਦ ਉਹ ਲੇਟ ਜਾਵੇ ਤਾਂ ਉਸ ਥਾਂ ਦਾ ਜਿੱਥੇ ਉਹ ਲੇਟੇਗਾ ਤੂੰ ਧਿਆਨ ਰੱਖ। ਤਦ ਤੂੰ ਅੰਦਰ ਜਾਹ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੰਮੀ ਪੈ ਜਾਹ ਅਤੇ ਉਹ ਸਭ ਕੁਝ ਜੋ ਤੂੰ ਕਰਨਾ ਹੈ ਤੈਨੂੰ ਆਪੇ ਹੀ ਦੱਸੇਗਾ 5ਉਹ ਨੇ ਆਪਣੀ ਸੱਸ ਨੂੰ ਆਖਿਆ, ਜੋ ਕੁਝ ਤੂੰ ਮੈਨੂੰ ਆਖਦੀ ਹੈਂ ਮੈਂ ਸਭ ਕਰਾਂਗੀ।।
6ਉਪਰੰਤ ਉਹ ਪਿੜ ਵੱਲ ਲਹਿ ਗਈ ਅਤੇ ਜੋ ਕੁਝ ਉਹ ਦੀ ਸੱਸ ਨੇ ਆਗਿਆ ਦਿੱਤੀ ਸੀ ਸੋ ਸਭ ਕੁਝ ਉਹ ਨੇ ਕੀਤਾ 7ਤਦ ਬੋਅਜ਼ ਖਾ ਪੀ ਚੁੱਕਾ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਬੋਹਲ ਦੇ ਇੱਕ ਪਾਸੇ ਵੱਲ ਜਾ ਲੰਮਾ ਪਿਆ ਤਦ ਉਹ ਮਲਕੜੇ ਆਈ ਅਤੇ ਉਹ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਪੈ ਗਈ।।
8ਤਾਂ ਅਜਿਹਾ ਹੋਇਆ ਜੋ ਅੱਧੀ ਰਾਤ ਨੂੰ ਉਹ ਮਨੁੱਖ ਡਰ ਗਿਆ ਅਤੇ ਪਾਸਾ ਮੋੜ ਕੇ ਵੇਖਿਆ ਜੋ ਇੱਕ ਜ਼ਨਾਨੀ ਉਹ ਦੇ ਪੈਰਾਂ ਕੋਲ ਪਈ ਹੋਈ ਹੈ 9ਤਦ ਉਹ ਨੇ ਪੁੱਛਿਆ, ਤੂੰ ਕੌਣ ਹੈਂ? ਉਹ ਬੋਲੀ ਮੈਂ ਤੁਹਾਡੀ ਟਹਿਲਣ ਰੂਥ ਹਾਂ ਸੋ ਤੁਸੀਂ ਆਪਣੀ ਟਹਿਲਣ ਉੱਤੇ ਆਪਣੀ ਚੱਦਰ ਦਾ ਪੱਲਾ ਪਾ ਦਿਓ ਕਿਉਂ ਜੋ ਤੁਸੀਂ ਛੁਡਾਉਣ ਵਾਲਿਆਂ ਵਿੱਚੋਂ ਹੋ 10ਉਹ ਬੋਲਿਆ, ਹੇ ਬੀਬੀ, ਯਹੋਵਾਹ ਤੈਨੂੰ ਅਸੀਸ ਦੇਵੇ ਕਿਉਂ ਜੋ ਤੈਂ ਅੱਗੇ ਨਾਲੋਂ ਅੰਤ ਵਿੱਚ ਵਧੀਕ ਕਿਰਪਾ ਕਰ ਵਿਖਾਈ ਇਸ ਲਈ ਜੋ ਤੂੰ ਗੱਭਰੂਆਂ ਦੇ ਮਗਰ ਨਾ ਲੱਗੀ ਭਾਵੇਂ ਧਨੀ ਭਾਵੇਂ ਨਿਰਧਨ ਹੁੰਦੇ 11ਹੁਣ ਹੇ ਬੀਬੀ, ਨਾ ਡਰ। ਸਭ ਕੁਝ ਜੋ ਤੂੰ ਮੰਗਦੀ ਹੈਂ ਮੈਂ ਤੇਰੇ ਨਾਲ ਕਰਾਂਗਾ ਕਿਉਂ ਜੋ ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ 12ਅਤੇ ਇਹ ਗੱਲ ਭੀ ਸੱਚ ਹੈ ਜੋ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ ਜੋ ਮੇਰੇ ਨਾਲੋਂ ਵੀ ਨੇੜੇ ਹੈ 13ਅੱਜ ਦੀ ਰਾਤ ਠਹਿਰ ਜਾ ਅਤੇ ਸਵੇਰ ਨੂੰ ਐਉਂ ਹੋਵੇਗਾ ਕਿ ਜੇ ਉਹ ਤੇਰੇ ਲਈ ਛੁਡਾਵੇ ਤਾਂ ਚੰਗਾ, ਉਹ ਛੁਡਾਵੇ, ਪਰ ਜੇ ਉਹ ਛੁਡਾਉਣਾ ਨਾ ਮੰਨੇ ਤਾਂ ਮੈਂ ਛੁਡਾਵਾਂਗਾ, ਮੈਂ ਜੀਉਂਦੇ ਯਹੋਵਾਹ ਦੀ ਸੌਂਹ ਖਾਂਦਾ ਹਾਂ। ਤੂੰ ਸਵੇਰ ਤੀਕ ਪਈ ਰਹੁ।।
14ਸੋ ਉਹ ਸਵੇਰ ਤੀਕਰ ਉਹ ਦੇ ਪੈਰਾਂ ਕੋਲ ਪਈ ਰਹੀ ਅਤੇ ਮੁਨ੍ਹੇਰੇ ਜਿਸ ਵੇਲੇ ਇੱਕ ਦੂਜੇ ਨੂੰ ਸਿਆਣ ਨਾ ਸਕੇ ਉਹ ਉੱਠ ਖਲੋਤੀ ਤਾਂ ਉਸ ਨੇ ਆਖਿਆ, ਇਸ ਗੱਲ ਦੀ ਖਬਰ ਨਾ ਹੋਵੇ ਜੋ ਪਿੜ ਵਿੱਚ ਕੋਈ ਤੀਵੀਂ ਆਈ ਸੀ 15ਫੇਰ ਉਸ ਨੇ ਆਖਿਆ, ਆਪਣੇ ਉਪਰਲੀ ਚੱਦਰ ਫੜ ਛੱਡ ਤਦ ਜਿਸ ਵੇਲੇ ਉਹ ਉਸ ਨੂੰ ਫੜਦੀ ਸੀ ਉਸ ਨੇ ਛੇ ਟੋਪੇ ਜਵਾਂ ਦੇ ਮਿਣੇ ਅਤੇ ਉਹ ਨੂੰ ਦੇ ਦਿੱਤੇ ਸੋ ਉਹ ਸ਼ਹਿਰ ਨੂੰ ਗਈ 16ਜਾਂ ਉਹ ਆਪਣੀ ਸੱਸ ਕੋਲ ਆਈ ਤਾਂ ਉਸ ਨੇ ਆਖਿਆ, ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ? ਤਾਂ ਉਹ ਨੇ ਉਹ ਸਭ ਕੁਝ ਦਸ ਦਿੱਤਾ ਜੋ ਉਸ ਮਨੁੱਖ ਨੇ ਉਹ ਦੇ ਲਈ ਕੀਤਾ ਸੀ 17ਅਤੇ ਆਖਿਆ, ਮੈਨੂੰ ਤਾਂ ਉਸ ਨੇ ਇਹ ਛੇ ਟੋਪੇ ਜਵਾਂ ਦੇ ਦੇ ਦਿੱਤੇ ਹਨ ਕਿਉਂ ਜੋ ਉਸ ਨੇ ਮੈਨੂੰ ਆਖਿਆ, ਤੂੰ ਆਪਣੀ ਸੱਸ ਕੋਲ ਸੱਖਣੇ ਹੱਥੀਂ ਨਾ ਜਾਈਂ 18ਤਾਂ ਉਹ ਦੀ ਸੱਸ ਨੇ ਆਖਿਆ, ਮੇਰੀਏ ਧੀਏ, ਬੈਠੀ ਰਹੁ ਜਦ ਤੋੜੀ ਤੂੰ ਜਾਣ ਨਾ ਲਵੇਂ ਕਿ ਇਹ ਗੱਲ ਕਿਵੇਂ ਚੱਲਦੀ ਹੈ ਕਿਉਂ ਜੋ ਜਦ ਤੋੜੀ ਅੱਜ ਇਸ ਕੰਮ ਨੂੰ ਪੂਰਾ ਨਾ ਕਰ ਲਵੇ ਤਦ ਤੋੜੀ ਉਸ ਮਨੁੱਖ ਨੂੰ ਸ਼ਾਂਤ ਨਹੀਂ ਆਉਣੀ।।
Currently Selected:
ਰੂਥ 3: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.