ਨਹਮਯਾਹ 9
9
ਪਰਮੇਸ਼ੁਰ ਦੀ ਉਪਾਸਨਾ
1ਉਸੇ ਮਹੀਨੇ ਦੀ ਚਵੀ ਤਾਰੀਖ ਨੂੰ ਇਸਰਾਏਲੀ ਵਰਤ ਰੱਖ ਕੇ ਅਤੇ ਤੱਪੜ ਬੰਨ੍ਹ ਕੇ ਖਾਕ ਆਪਣੇ ਉੱਪਰ ਪਾ ਕੇ ਇੱਕਠੇ ਕੀਤੇ ਗਏ 2ਅਤੇ ਇਸਰਾਏਲ ਦੀ ਨਸਲ ਨੇ ਸਾਰੇ ਓਪਰੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅੱਡ ਕੀਤਾ ਅਤੇ ਖੜੇ ਹੋ ਕੇ ਆਪਣਿਆਂ ਪਾਪਾਂ ਦਾ ਅਤੇ ਆਪਣੇ ਪਿਉ ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ 3ਅਤੇ ਉਨ੍ਹਾਂ ਨੇ ਆਪਣੇ ਥਾਂ ਤੇ ਖੜੇ ਹੋ ਕੇ ਪਹਿਰ ਦਿਨ ਚੜ੍ਹੇ ਤਕ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਪੜ੍ਹਿਆ ਅਤੇ ਦੂਸਰੇ ਪਹਿਰ ਉਨ੍ਹਾਂ ਨੇ ਇਕਰਾਰ ਕੀਤਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ।।
4ਤਦ ਲੇਵੀਆਂ ਵਿੱਚੋਂ ਯੇਸ਼ੂਆ ਅਰ ਬਾਨਈ ਅਰ ਕਦਮੀਏਲ ਅਰ ਸ਼ਬਨਯਾਹ ਅਰ ਬੁੰਨੀ ਅਰ ਸ਼ੇਰੇਬਯਾਹ ਅਰ ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜੇ ਹੋ ਕੇ ਵੱਡੀ ਅਵਾਜ਼ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੱਤੀ 5ਫੇਰ ਯੇਸ਼ੂਆ ਅਰ ਕਦਮੀਏਲ ਅਰ ਬਾਨੀ ਅਰ ਹਸ਼ਬਨਯਾਹ ਅਰ ਸ਼ੇਰੇਬਯਾਹ ਅਰ ਹੋਦੀਯਾਹ ਅਰ ਸ਼ਬਨਯਾਹ ਅਤੇ ਪਥਹਯਾਹ ਲੇਵੀਆਂ ਨੇ ਆਖਿਆ, ਉੱਠਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਜੁੱਗੋ ਜੁੱਗ ਮੁਬਾਰਕ ਆਖੋ ਅਤੇ ਤੇਰਾ ਪਰਤਾਪ ਵਾਲਾ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਦੇ ਉੱਤੇ ਉੱਚਾ ਹੈ! 6ਤੂੰ, ਹਾਂ, ਤੂੰ ਹੀ ਕੇਵਲ ਇੱਕ ਯਹੋਵਾਹ ਹੈਂ। ਤੂੰ ਅਕਾਸ਼ ਅਤੇ ਅਕਾਸ਼ਾਂ ਦੇ ਅਕਾਸ਼ ਵੀ ਅਤੇ ਉਨ੍ਹਾਂ ਦੀ ਸਾਰੀ ਸੈਨਾ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜਾਂ, ਸਮੁੰਦਰ ਅਤੇ ਜੋ ਕੁੱਝ ਉਨ੍ਹਾਂ ਦੇ ਵਿੱਚ ਹੈ ਬਣਾਏ ਅਤੇ ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਅਕਾਸ਼ ਦੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ 7ਤੂੰ ਉਹ ਯਹੋਵਾਹ ਪਰਮੇਸ਼ੁਰ ਹੈ ਜਿਨ ਅਬਰਾਮ ਨੂੰ ਚੁਣਿਆ ਅਤੇ ਕਸਦੀਆਂ ਦੇ ਊਰ ਵਿੱਚੋਂ ਕੱਢ ਲਿਆਂਦਾ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ 8ਤੂੰ ਉਹ ਦਾ ਮਨ ਆਪਣੇ ਸਨਮੁਖ ਈਮਾਨ ਵਾਲਾ ਪਾਇਆ ਅਤੇ ਉਹ ਦੇ ਨਾਲ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਨੇਮ ਬੰਨ੍ਹਿਆ ਅਰਥਾਤ ਉਹ ਦੀ ਅੰਸ ਨੂੰ ਦੇਣ ਦਾ ਅਤੇ ਤੂੰ ਆਪਣੀਆਂ ਗੱਲਾਂ ਨੂੰ ਪੂਰਾ ਕੀਤਾ ਕਿਉਂ ਜੋ ਤੂੰ ਧਰਮੀ ਹੈਂ 9ਤੂੰ ਸਾਡੇ ਪਿਉ ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਸੁਣੀ 10ਅਤੇ ਫ਼ਿਰਊਨ ਦੇ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ ਅਤੇ ਉਸ ਦੇ ਦੇਸ ਦੀ ਸਾਰੀ ਰਈਅਤ ਉੱਤੇ ਨਿਸ਼ਾਨ ਅਤੇ ਅਸਚਰਜ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੈਂ ਕਿ ਓਹਨਾਂ ਨੇ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਓ ਕੀਤਾ ਸੋ ਤੂੰ ਆਪਣੇ ਲਈ ਇੱਕ ਨਾਮ ਬਣਾਇਆ ਜਿਵੇਂ ਅੱਜ ਦੇ ਦਿਨ ਹੈ 11ਅਤੇ ਮੈਂ ਉਨ੍ਹਾਂ ਦੇ ਅੱਗੋਂ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਓਹ ਸਮੁੰਦਰ ਦੇ ਵਿੱਚ ਦੀ ਸੁੱਕੀ ਧਰਤੀ ਤੇ ਲੰਘੇ ਅਤੇ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਤੈਂ ਡੁੰਘਿਆਈ ਵਿੱਚ ਇਉਂ ਸੁੱਟਿਆ ਜਿਵੇਂ ਪੱਥਰ ਵੱਡਿਆਂ ਪਾਣੀਆਂ ਵਿੱਚ 12ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਤਾਂ ਜੋ ਉਸ ਰਾਹ ਵਿੱਚ ਜਿਹ ਦੇ ਵਿੱਚ ਓਹ ਚੱਲਦੇ ਸਨ ਉਨ੍ਹਾਂ ਲਈ ਚਾਨਣ ਹੋਵੇ 13ਅਤੇ ਤੂੰ ਸੀਨਈ ਪਹਾੜ ਉੱਤੇ ਉਤ੍ਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਸਿੱਧੇ ਨਿਆਉਂ, ਸੱਚੀਆਂ ਬਿਵਸਥਾਂ ਅਰ ਚੰਗੀਆਂ ਬਿਧੀਆਂ ਤੇ ਹੁਕਮ ਉਨ੍ਹਾਂ ਨੂੰ ਦਿੱਤੇ 14ਅਤੇ ਉਨ੍ਹਾਂ ਨੂੰ ਆਪਣੇ ਪਵਿੱਤ੍ਰ ਸਬਤ ਤੋਂ ਜਾਣੂ ਕਰਾਇਆ ਅਤੇ ਹੁਕਮ ਅਰ ਬਿਧੀਆਂ ਅਰ ਬਿਵਸਥਾ ਦਾ ਤੈਂ ਆਪਣੇ ਦਾਸ ਮੂਸਾ ਦੇ ਰਾਹੀਂ ਉਨ੍ਹਾਂ ਨੂੰ ਹੁਕਮ ਦਿੱਤਾ 15ਅਤੇ ਤੈਂ ਉਨ੍ਹਾਂ ਨੂੰ ਅਕਾਸ਼ ਤੋਂ ਉਨ੍ਹਾਂ ਦੀ ਭੁੱਖ ਲਈ ਰੋਟੀ ਦਿੱਤੀ ਅਤੇ ਉਨ੍ਹਾਂ ਦੀ ਤਿਹਾ ਲਈ ਚਟਾਨ ਵਿੱਚੋਂ ਪਾਣੀ ਕੱਢਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਓਹ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਜਾਣ ਜਿਹ ਦੇ ਉਨ੍ਹਾਂ ਨੂੰ ਦੇਣ ਦੀ ਸੌਂਹ ਤੈਂ ਖਾਧੀ ਸੀ 16ਪਰ ਉਨ੍ਹਾਂ ਨੇ ਤੇ ਸਾਡੇ ਪਿਉ ਦਾਦਿਆਂ ਨੇ ਹੰਕਾਰ ਕੀਤਾ ਅਤੇ ਆਪਣੀਆਂ ਧੌਣਾਂ ਅਕੜਾ ਲਈਆਂ ਅਤੇ ਉਨ੍ਹਾਂ ਨੇ ਤੇਰੇ ਹੁਕਮਾਂ ਨੂੰ ਨਾ ਸੁਣਿਆਂ 17ਅਤੇ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕੀਤਾ ਅਤੇ ਤੇਰੇ ਅਸਚਰਜ ਕੰਮਾਂ ਨੂੰ ਜਿਹੜੇ ਤੈਂ ਉਨ੍ਹਾਂ ਵਿੱਚ ਕੀਤੇ ਚੇਤੇ ਨਾ ਰੱਖਿਆ ਪਰ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਉਨ੍ਹਾਂ ਨੇ ਆਪਣੇ ਆਕੀਪੁਨੇ ਵਿੱਚ ਇੱਕ ਮੁਖੀਆ ਬਣਾਇਆ ਜੋ ਉਨ੍ਹਾਂ ਨੂੰ ਮੁੜ ਗੁਲਾਮੀ ਵਿੱਚ ਲਿਆਵੇ ਪਰ ਤੂੰ ਇੱਕ ਖਿਮਾ ਕਰਨ ਵਾਲਾ ਪਰਮੇਸ਼ੁਰ ਹੈਂ, ਦਿਆਲੂ ਤੇ ਕਿਰਪਾਲੂ ਹੈਂ ਅਤੇ ਕਹਿਰ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਹੈਂ ਸੋ ਤੂੰ ਉਨ੍ਹਾਂ ਨੂੰ ਵਿਸਾਰਿਆ ਨਹੀਂ 18ਹਾਂ, ਜਦ ਉਨ੍ਹਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਅਤੇ ਆਖਿਆ, ਏਹ ਤੇਰਾ ਪਰਮੇਸ਼ੁਰ ਹੈ ਜਿਹੜਾ ਤੈਨੂੰ ਮਿਸਰ ਵਿੱਚੋਂ ਉਤਾਹਾਂ ਲਿਆਇਆ! ਅਤੇ ਉਨ੍ਹਾਂ ਨੇ ਛੇੜ ਖਾਨੀ ਦੇ ਵੱਡੇ ਵੱਡੇ ਕੰਮ ਕੀਤੇ 19ਤਦ ਵੀ ਤੈਂ ਆਪਣੀ ਬਹੁਤੀ ਦਿਆਲਤਾ ਵਿੱਚ ਉਨ੍ਹਾਂ ਨੂੰ ਉਜਾੜ ਵਿੱਚ ਨਹੀਂ ਤਿਆਗਿਆ। ਦਿਨ ਨੂੰ ਬੱਦਲ ਦਾ ਥੰਮ੍ਹ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਤੋਂ ਅੱਡ ਨਾ ਹੋਇਆ 20ਅਤੇ ਤੈਂ ਆਪਣੀ ਨੇਕ ਆਤਮਾ ਉਨ੍ਹਾਂ ਦੀ ਸਿਖਸ਼ਾ ਲਈ ਦਿੱਤੀ ਅਤੇ ਆਪਣਾ ਮੰਨ ਉਨ੍ਹਾਂ ਦੇ ਮੂੰਹ ਤੋਂ ਨਾ ਰੋਕਿਆ ਅਤੇ ਜਲ ਉਨ੍ਹਾਂ ਦੀ ਤਿਹਾ ਲਈ ਦਿੱਤਾ 21ਚਾਲੀ ਵਰ੍ਹੇ ਤੈਂ ਉਨ੍ਹਾਂ ਦੀ ਉਜਾੜ ਵਿੱਚ ਪਾਲਨਾ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜੋਂ ਨਾ ਰਹੀ ਨਾ ਉਨ੍ਹਾਂ ਦੇ ਕੱਪੜੇ ਪੁਰਾਨੇ ਹੋਏ ਨਾ ਉਨ੍ਹਾਂ ਦੇ ਪੈਰ ਸੁੱਜੇ 22ਹੋਰ ਤੂੰ ਉਨ੍ਹਾਂ ਨੂੰ ਪਾਤਸ਼ਾਹੀਆਂ ਅਤੇ ਉੱਮਤਾਂ ਬਖ਼ਸ਼ੀਆਂ ਜਿਨ੍ਹਾਂ ਨੂੰ ਤੈਂ ਉਨ੍ਹਾਂ ਦੇ ਹਿੱਸਿਆ ਪਰਤੀ ਵੰਡ ਦਿੱਤਾ ਸੋ ਉਨ੍ਹਾਂ ਨੇ ਸੀਹੋਨ ਦੇ ਦੇਸ ਉੱਤੇ ਅਰ ਅਸ਼ਬੋਨ ਦੇ ਪਾਤਸ਼ਾਹ ਦੇ ਦੇਸ ਉੱਤੇ ਅਤੇ ਬਾਸ਼ਾਨ ਦੇ ਪਾਤਸ਼ਾਹ ਓਗ ਦੇ ਦੇਸ ਉੱਤੇ ਕਬਜ਼ਾ ਕਰ ਲਿਆ 23ਅਤੇ ਤੂੰ ਉਨ੍ਹਾਂ ਦੀ ਵੰਸ ਨੂੰ ਅਕਾਸ਼ ਦੇ ਤਾਰਿਆਂ ਵਾਂਙੁ ਵਧਾਇਆ ਅਤੇ ਉਨ੍ਹਾਂ ਨੂੰ ਉਸ ਦੇਸ ਵਿੱਚ ਲਿਆਂਦਾ ਜਿਹਦੇ ਲਈ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਆਖਿਆ ਸੀ ਕਿ ਓਹ ਜਾ ਕੇ ਉਹ ਦੇ ਉੱਤੇ ਕਬਜ਼ਾ ਕਰਨ 24ਸੋ ਉਨ੍ਹਾਂ ਦੀ ਵੰਸ ਨੇ ਆਕੇ ਉਸ ਦੇਸ ਉੱਤੇ ਕਬਜ਼ਾ ਕੀਤਾ ਅਤੇ ਤੈਂ ਉਨ੍ਹਾਂ ਦੇ ਅੱਗੇ ਉਸ ਦੇਸ ਦੇ ਵਾਸੀਆਂ ਨੂੰ ਅਰਥਾਤ ਕਨਾਨੀਆਂ ਨੂੰ ਅਧੀਨ ਕੀਤਾ ਅਤੇ ਉਨ੍ਹਾਂ ਦੇ ਪਾਤਸ਼ਾਹਾਂ ਨੂੰ ਅਤੇ ਉਸ ਦੇਸ ਦੀਆਂ ਉੱਮਤਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਭਈ ਓਹ ਜੋ ਚਾਹੁਣ ਉਨ੍ਹਾਂ ਨਾਲ ਕਰਨ 25ਸੋ ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਮੋਟੀ ਭੂਮੀ ਨੂੰ ਲੈ ਲਿਆ ਅਤੇ ਨਾਨਾ ਪਰਕਾਰ ਦੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਅਤੇ ਪੁੱਟੇ ਹੋਏ ਖੂਹਾਂ ਅਤੇ ਅੰਗੂਰੀ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਅਤੇ ਫਲ ਨਾਲ ਭਰੇ ਹੋਏ ਬਿਰਛਾਂ ਉੱਤੇ ਕਬਜ਼ਾ ਕਰ ਲਿਆ। ਫੇਰ ਓਹ ਖਾ ਕੇ ਰੱਜ ਗਏ ਅਤੇ ਮੋਟੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਪਰਸੰਨ ਹੋਏ 26ਪਰ ਓਹ ਤੈਥੋਂ ਬੇਮੁਖ ਹੋ ਕੇ ਆਕੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਜਿਹੜੇ ਉਨ੍ਹਾਂ ਨੂੰ ਤੇਰੀ ਵੱਲ ਮੁੜਨ ਲਈ ਸਾਖੀ ਦਿੰਦੇ ਸਨ ਅਤੇ ਉਨ੍ਹਾਂ ਨੇ ਛੇੜ ਖਾਨੀ ਦੇ ਵੱਡੇ ਵੱਡੇ ਕੰਮ ਕੀਤੇ 27ਤਦ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥ ਦੇ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸਤਾਇਆ ਅਤੇ ਜਿਸ ਵੇਲੇ ਉਨ੍ਹਾਂ ਨੇ ਦੁਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤੈਂ ਅਕਾਸ਼ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਆਪਣੀ ਬਹੁਤੀ ਦਿਆਲਤਾ ਦੇ ਅਨੁਸਾਰ ਉਨ੍ਹਾਂ ਨੂੰ ਛੁਡਾਉਣ ਵਾਲੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥੋਂ ਛੁਡਾਇਆ 28ਪਰ ਜਦ ਉਨ੍ਹਾਂ ਨੂੰ ਅਰਾਮ ਮਿਲਿਆ ਤਦ ਉਨ੍ਹਾਂ ਫੇਰ ਤੇਰੇ ਅੱਗੇ ਬੁਰੀਆਈ ਕੀਤੀ ਏਸ ਲਈ ਤੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ ਭਈ ਓਹ ਉਨ੍ਹਾਂ ਉੱਤੇ ਰਾਜ ਕਰਨ ਪਰ ਜਦ ਓਹ ਮੁੜੇ ਅਤੇ ਤੇਰੀ ਦੁਹਾਈ ਦਿੱਤੀ ਤੈਂ ਅਕਾਸ਼ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਬਹੁਤੀ ਵਾਰ ਆਪਣੀ ਦਿਆਲਤਾ ਦੇ ਅਨੁਸਾਰ ਉਨ੍ਹਾਂ ਨੂੰ ਛੁਡਾਇਆ 29ਅਤੇ ਤੂੰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੱਤੀ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੀ ਬਿਵਸਥਾ ਦੇ ਵੱਲ ਮੋੜ ਲਿਆਵੇਂ ਪਰ ਉਨ੍ਹਾਂ ਨੇ ਹੰਕਾਰ ਕੀਤਾ ਅਤੇ ਤੇਰੇ ਹੁਕਮਾਂ ਨੂੰ ਨਾ ਸੁਣਿਆ ਅਤੇ ਨਿਆਵਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਆਦਮੀ ਪੂਰਾ ਕਰੇ ਤਾਂ ਉਨ੍ਹਾਂ ਦੇ ਕਾਰਨ ਜੀਉਂਦਾ ਰਹੇ, ਅਤੇ ਆਪਣਿਆਂ ਮੋਡਿਆਂ ਨੂੰ ਖਿੱਚ ਕੇ ਆਪਣੀਆਂ ਧੌਣਾਂ ਅਕੜਾ ਲਈਆਂ ਅਤੇ ਉਨ੍ਹਾਂ ਨੇ ਨਾ ਸੁਣਿਆ 30ਤਾਂ ਵੀ ਤੂੰ ਬਹੁਤਿਆਂ ਵਰ੍ਹਿਆਂ ਤੀਕ ਉਨ੍ਹਾਂ ਦੀਆਂ ਝੱਲਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਗਵਾਹੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਧਰਿਆ ਏਸ ਲਈ ਤੈਂ ਉਨ੍ਹਾਂ ਨੂੰ ਉਨ੍ਹਾਂ ਦੇਸਾਂ ਦੀਆਂ ਉੱਮਤਾਂ ਦੇ ਹੱਥ ਵਿੱਚ ਦੇ ਦਿੱਤਾ 31ਤਾਂ ਵੀ ਤੈਂ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਉਕਾ ਹੀ ਨਾਸ ਹੋਣ ਲਈ ਛੱਡ ਨਾ ਦਿੱਤਾ ਕਿਉਂਕਿ ਤੂੰ ਹੀ ਦਿਆਲੂ ਤੇ ਕਿਰਪਾਲੂ ਪਰਮੇਸ਼ੁਰ ਹੈਂ 32ਹੁਣ ਹੇ ਸਾਡੇ ਪਰਮੇਸ਼ੁਰ, ਤੂੰ ਜੋ ਵੱਡਾ ਅਰ ਬਲਵੰਤ ਅਤੇ ਭੈਦਾਇਕ ਪਰਮੇਸ਼ੁਰ ਹੈਂ ਅਤੇ ਨੇਮ ਅਤੇ ਦਯਾ ਦੀ ਪਾਲਨਾ ਕਰਦਾ ਹੈਂ ਏਹ ਸਾਰਾ ਕਸ਼ਟ ਜਿਹੜਾ ਸਾਡੇ ਉੱਤੇ, ਸਾਡਿਆਂ ਪਾਤਸ਼ਾਹਾਂ ਉੱਤੇ, ਸਾਡਿਆਂ ਸਰਦਾਰਾਂ ਉੱਤੇ, ਸਾਡਿਆਂ ਜਾਜਕਾਂ ਉੱਤੇ, ਸਾਡਿਆਂ ਨਬੀਆਂ ਉੱਤੇ, ਸਾਡਿਆਂ ਪਿਉ ਦਾਦਿਆਂ ਉੱਤੇ ਅਤੇ ਤੇਰੀ ਸਾਰੀ ਪਰਜਾ ਉੱਤੇ ਅੱਸ਼ੂਰ ਦੇ ਪਾਤਸ਼ਾਹਾਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਬੀਤਿਆ ਹੈ ਸੋ ਤੇਰੇ ਸਨਮੁਖ ਹਲਕਾ ਨਾ ਜਾਣਿਆ ਜਾਵੇ 33ਤਾਂ ਵੀ ਜੋ ਕੁਝ ਸਾਡੇ ਤੇ ਵਰਤਿਆ ਉਸ ਵਿੱਚ ਤੂੰ ਧਰਮੀ ਹੈਂ ਕਿਉਂ ਜੋ ਤੂੰ ਸਾਡੇ ਨਾਲ ਸੱਚਿਆਈ ਨਾਲ ਵਰਤਿਆ ਪਰ ਅਸਾਂ ਦੁਸ਼ਟਪੁਨਾ ਕੀਤਾ 34ਸਾਡੇ ਪਾਤਸ਼ਾਹਾਂ ਨੇ, ਸਾਡੇ ਸਰਦਾਰਾਂ ਨੇ, ਸਾਡਿਆਂ ਜਾਜਕਾਂ ਨੇ ਅਤੇ ਸਾਡੇ ਪਿਉ ਦਾਦਿਆਂ ਨੇ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਨਹੀਂ ਕੀਤਾ, ਤੇਰੇ ਹੁਕਮਾਂ ਨੂੰ ਨਹੀਂ ਮੰਨਿਆ ਅਤੇ ਤੇਰੀਆਂ ਗਵਾਹੀਆਂ ਨੂੰ ਜਿਹੜੀਆਂ ਗਵਾਹੀਆਂ ਤੂੰ ਉਨ੍ਹਾਂ ਦੇ ਵਿਰੁੱਧ ਦਿੱਤੀਆਂ ਉਨ੍ਹਾਂ ਨੇ ਨਹੀਂ ਸੁਣੀਆਂ 35ਕਿਉਂਕਿ ਉਨ੍ਹਾਂ ਨੇ ਆਪਣੇ ਰਾਜ ਵਿੱਚ ਅਤੇ ਤੇਰੀਆਂ ਬਹੁਤੀਆਂ ਨੇਕੀਆਂ ਵਿੱਚ ਜਿਹੜੀਆਂ ਤੂੰ ਉਨ੍ਹਾਂ ਨੂੰ ਦਿੱਤੀਆਂ ਅਤੇ ਏਸ ਚੌੜੀ ਅਤੇ ਮੋਟੀ ਧਰਤੀ ਵਿੱਚ ਜਿਹੜੀ ਤੂੰ ਉਨ੍ਹਾਂ ਦੇ ਅੱਗੇ ਦਿੱਤੀ ਤੇਰੀ ਉਪਾਸਨਾ ਨਾ ਕੀਤੀ ਅਤੇ ਆਪਣੀਆਂ ਬੁਰਿਆਈਆਂ ਤੋਂ ਨਾ ਮੁੜੇ 36ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ ਅਤੇ ਏਹ ਧਰਤੀ ਜਿਹੜੀ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤੀ ਕਿ ਓਹ ਇਹ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਵੇਖ,ਅਸੀਂ ਉਸ ਵਿੱਚ ਗੁਲਾਮ ਹਾਂ! 37ਏਹ ਨੇ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਲਈ ਦਿੱਤੀ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡਿਆਂ ਪਾਪਾਂ ਦੇ ਕਾਰਨ ਠਹਿਰਾਇਆ ਅਤੇ ਓਹ ਸਾਡਿਆਂ ਸਰੀਰਾਂ ਉੱਤੇ ਅਰ ਸਾਡਿਆਂ ਪਸੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ ਅਤੇ ਅਸੀਂ ਵੱਡੇ ਦੁਖ ਵਿੱਚ ਹਾਂ 38ਏਸ ਸਾਰੇ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਦਿੰਦੇ ਹਾਂ ਅਤੇ ਸਾਡੇ ਸਰਦਾਰ ਅਰ ਸਾਡੇ ਲੇਵੀ ਅਤੇ ਸਾਡੇ ਜਾਜਕ ਉਹ ਦੇ ਉੱਤੇ ਮੋਹਰ ਲਾਉਂਦੇ ਹਨ।।
Currently Selected:
ਨਹਮਯਾਹ 9: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.