YouVersion Logo
Search Icon

ਨਹਮਯਾਹ 4

4
ਦੁਸ਼ਮਨਾਂ ਤੋਂ ਰਾਖੀ
1ਤਾਂ ਐਉਂ ਹੋਇਆ ਕਿ ਜਦ ਸਨਬੱਲਟ ਨੇ ਸੁਣਿਆ ਕਿ ਅਸੀਂ ਕੰਧ ਨੂੰ ਬਣਾਉਂਦੇ ਹਾਂ ਤਾਂ ਉਹ ਨੂੰ ਗੁੱਸਾ ਚੜ੍ਹਿਆ ਅਤੇ ਬਹੁਤ ਨਰਾਜ਼ ਹੋਇਆ ਅਤੇ ਯਹੂਦੀਆਂ ਨੂੰ ਠੱਠੇ ਕੀਤੇ 2ਅਤੇ ਉਹ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੇ ਲਸ਼ਕਰ ਦੇ ਅੱਗੇ ਆਖਿਆ ਕਿ ਏਹ ਹੁਟੇ ਹੋਏ ਯਹੂਦੀ ਕੀ ਕਰਦੇ ਹਨ? ਕੀ ਓਹ ਆਪਣੇ ਲਈ ਮੋਰਚੇ ਬਣਾ ਰਹੇ ਹਨ? ਕੀ ਓਹ ਬਲੀ ਚੜ੍ਹਾਉਣਗੇ? ਕੀ ਓਹ ਇੱਕੋ ਹੀ ਦਿਨ ਸਭ ਕੁੱਝ ਬਣਾ ਲੈਣਗੇ? ਕੀ ਓਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁੱਗ ਕੇ ਫੇਰ ਨਵੇਂ ਬਣਾ ਲੈਣਗੇ? 3ਤਾਂ ਟੋਬੀਯਾਹ ਅੰਮੋਨੀ ਨੇ ਜਿਹੜਾ ਉਹ ਦੇ ਕੋਲ ਸੀ ਆਖਿਆ ਕਿ ਏਹ ਜੋ ਬਣਾਉਂਦੇ ਹਨ ਜੇ ਇੱਕ ਲੂਮੜੀ ਏਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਏਸ ਕੰਧ ਨੂੰ ਢਾਹ ਦੇਵੇਗੀ! 4ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡੀ ਬੇਪਤੀ ਹੁੰਦੀ ਹੈ। ਏਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਪਾ ਅਤੇ ਅਸੀਰੀ ਦੇ ਦੇਸ ਵਿੱਚ ਉਨ੍ਹਾਂ ਨੂੰ ਲੁੱਟ ਦਾ ਮਾਲ ਬਣਾ 5ਅਤੇ ਉਨ੍ਹਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਨ੍ਹਾਂ ਦੇ ਪਾਪ ਨੂੰ ਆਪਣੇ ਅੱਗੋਂ ਨਾ ਮਿਟਾ, ਕਿਉਂ ਜੋ ਉਨ੍ਹਾਂ ਨੇ ਤੇਰੇ ਕਹਿਰ ਨੂੰ ਕਾਰੀਰਗਾਂ ਦੇ ਅੱਗੇ ਭੜਕਾਇਆ ਹੈ 6ਸੋ ਅਸੀਂ ਕੰਧ ਬਣਾਉਂਦੇ ਗਏ ਅਤੇ ਸਾਰੀ ਕੰਧ ਅੱਧ ਤੀਕ ਜੋੜੀ ਗਈ ਕਿਉਂ ਜੋ ਲੋਕ ਦਿਲ ਨਾਲ ਕੰਮ ਕਰਦੇ ਸਨ।।
7ਤਾਂ ਐਉਂ ਹੋਇਆ ਕਿ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ, ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਨ੍ਹਾਂ ਦੇ ਖੱਪੇ ਮਿਲਦੇ ਜਾਂਦੇ ਹਨ ਤਾਂ ਓਹ ਬਹੁਤ ਸੜ ਭੁਜ ਗਏ 8ਤਾਂ ਉਨ੍ਹਾਂ ਸਾਰਿਆਂ ਨੇ ਇੱਕ ਮਨ ਹੋ ਕੇ ਮਤਾ ਪਕਾਇਆ ਕਿ ਆਓ, ਯਰੂਸ਼ਲਮ ਨਾਲ ਲੜੀਏ ਅਤੇ ਉਹ ਦੇ ਕੰਮਾਂ ਵਿੱਚ ਧਾਂਦਲ ਪਾ ਦੇਈਏ 9ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦੇ ਰਹੇ ਅਤੇ ਉਨ੍ਹਾਂ ਦੇ ਕਾਰਨ ਆਪਣੇ ਲਈ ਦਿਨ ਰਾਤ ਉਨ੍ਹਾਂ ਦੇ ਵਿਰੁੱਧ ਪਹਿਰਾ ਖੜ੍ਹਾ ਕੀਤਾ 10ਤਾਂ ਯਹੂਦਾਹ ਨੇ ਆਖਿਆ ਕਿ ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਅਸੀਂ ਕੰਧ ਨੂੰ ਬਣਾ ਨਹੀਂ ਸੱਕਦੇ 11ਅਤੇ ਸਾਡੇ ਵਿਰੋਧੀਆਂ ਨੇ ਆਖਿਆ, ਜੱਦ ਤਕ ਅਸੀਂ ਉਨ੍ਹਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਵੱਢ ਨਾ ਸੁੱਟੀਏ ਅਤੇ ਉਨ੍ਹਾਂ ਦੇ ਕੰਮ ਨੂੰ ਡਕ ਨਾ ਦੇਈਏ ਤਦ ਤਕ ਓਹ ਨਾ ਜਾਣਨਗੇ ਅਤੇ ਨਾ ਵੇਖਣਗੇ 12ਤਾਂ ਐਉਂ ਹੋਇਆ ਜਦ ਓਹ ਯਹੂਦੀ ਜਿਹੜੇ ਉਨ੍ਹਾਂ ਦੇ ਨੇੜੇ ਤੇੜੇ ਵੱਸਦੇ ਸਨ ਆਏ ਤਾਂ ਉਨ੍ਹਾਂ ਨੇ ਆ ਕੇ ਸਾਨੂੰ ਦੱਸ ਵਾਰ ਆਖਿਆ, ਓਹ ਸਾਰਿਆਂ ਥਾਵਾਂ ਵਿੱਚੋਂ ਸਾਡੇ ਉੱਤੇ ਚੜ੍ਹ ਆਉਣਗੇ 13ਏਸ ਲਈ ਮੈਂ ਨੀਵਿਆਂ ਥਾਵਾਂ ਵਿੱਚ ਕੰਧ ਦੇ ਪਿੱਛੇ ਖੁਲ੍ਹਿਆਂ ਥਾਵਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਟੱਬਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਆਪਣੀਆਂ ਬਰਛੀਆਂ ਅਤੇ ਆਪਣੀਆਂ ਕਮਾਨਾਂ ਨਾਲ ਖੜੇ ਕੀਤਾ 14ਮੈਂ ਵੇਖਿਆ ਅਤੇ ਉੱਠਿਆ ਅਤੇ ਉਨ੍ਹਾਂ ਸ਼ਰੀਫਾਂ ਅਤੇ ਰਈਸਾਂ ਅਤੇ ਬਾਕੀ ਲੋਕਾਂ ਨੂੰ ਆਖਿਆ, ਉਨ੍ਹਾਂ ਕੋਲੋਂ ਨਾ ਡਰੋ, ਪ੍ਰਭੁ ਨੂੰ ਜਿਹੜਾ ਵੱਡਾ ਤੇ ਭੈ ਦਾਇਕ ਹੈ ਯਾਦ ਰੱਖੋ ਅਤੇ ਆਪਣੇ ਭਰਾਵਾਂ ਲਈ ਅਤੇ ਆਪਣਿਆਂ ਪੁੱਤ੍ਰਾਂ ਲਈ, ਆਪਣੀਆਂ ਧੀਆਂ ਲਈ, ਆਪਣੀਆਂ ਤੀਵੀਆਂ ਲਈ ਅਤੇ ਆਪਣਿਆਂ ਘਰਾਂ ਲਈ ਲੜੋ!।।
15ਤਾਂ ਐਉਂ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਏਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੇ ਮਤੇ ਨੂੰ ਤੁੱਛ ਕਰ ਦਿੱਤਾ ਤਦ ਅਸੀਂ ਸਾਰੇ ਦੇ ਸਾਰੇ ਕੰਧ ਵੱਲ ਮੁੜ ਆਏ ਅਤੇ ਹਰ ਮਨੁੱਖ ਆਪਣੇ ਕੰਮ ਨੂੰ ਗਿਆ 16ਤਾਂ ਐਉਂ ਹੋਇਆ ਕਿ ਉਸ ਦਿਨ ਤੋਂ ਅੱਗੇ ਨੂੰ ਮੇਰੇ ਅੱਧੇ ਜੁਆਨ ਕੰਮ ਉੱਤੇ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ ਅਤੇ ਢਾਲਾਂ ਅਤੇ ਕਮਾਨਾਂ ਲੈ ਕੇ ਅਤੇ ਸੰਜੋਆਂ ਪਾਕੇ ਅਤੇ ਸਰਦਾਰ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਪਿੱਛੇ ਸਨ 17ਓਹ ਜਿਹੜੇ ਕੰਧ ਬਣਾਉਂਦੇ ਸਨ ਅਤੇ ਓਹ ਜਿਹੜੇ ਭਾਰ ਚੁੱਕਦੇ ਸਨ ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਸ਼ੱਸਤ੍ਰ ਫੜਦੇ ਸਨ 18ਅਤੇ ਬਣਾਉਣ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ ਅਤੇ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਸੀ 19ਤਾਂ ਮੈਂ ਸ਼ਰੀਫਾਂ ਅਤੇ ਰਈਸਾਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ ਕਿ ਕੰਮ ਬਹੁਤ ਅਤੇ ਫੈਲਿਆ ਹੋਇਆ ਹੈ ਤੇ ਅਸੀਂ ਕੰਧ ਉੱਤੇ ਖਿਲਰੇ ਹੋਏ ਹਾਂ ਅਤੇ ਇੱਕ ਦੂਸਰੇ ਤੋਂ ਦੂਰ ਹਾਂ 20ਜਿਸ ਥਾਂ ਵਿੱਚ ਤੁਸੀਂ ਨਰਸਿੰਗੇ ਦੀ ਅਵਾਜ਼ ਨੂੰ ਸੁਣੋ ਓਧਰ ਹੀ ਸਾਡੇ ਕੋਲ ਇੱਕਠੇ ਹੋ ਜਾਓ। ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ 21ਅਸੀਂ ਕੰਮ ਕਰਦੇ ਗਏ ਅੱਧੇ ਉਨ੍ਹਾਂ ਵਿੱਚੋਂ ਸੂਰਜ ਚੜ੍ਹਣ ਤੋਂ ਤਾਰਿਆਂ ਦੇ ਵਿਖਾਈ ਦੇਣ ਤੀਕ ਬਰਛੀਆਂ ਨੂੰ ਥੰਮ੍ਹੀ ਰੱਖਦੇ ਸਨ 22ਨਾਲੇ ਮੈਂ ਉਸ ਵੇਲੇ ਲੋਕਾਂ ਨੂੰ ਆਖਿਆ, ਹਰ ਮਨੁੱਖ ਆਪਣੇ ਜੁਆਨ ਸਣੇ ਯਰੂਸ਼ਲਮ ਵਿੱਚ ਰਾਤ ਕੱਟੇ ਤਾਂ ਜੋ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ 23ਸੋ ਨਾ ਮੈਂ ਕਦੀ ਕੱਪੜੇ ਲਾਹੇ, ਨਾ ਮੇਰੇ ਭਰਾਵਾਂ, ਨਾ ਮੇਰੇ ਜੁਆਨਾਂ ਅਤੇ ਨਾ ਉਨ੍ਹਾਂ ਲੋਕਾਂ ਨੇ ਜਿਹੜੇ ਰਾਖੀ ਲਈ ਮੇਰੇ ਨਾਲ ਸਨ ਸਗੋਂ ਹਰ ਮਨੁੱਖ ਪਾਣੀ ਲੈਣ ਲਈ ਆਪਣਾ ਸ਼ੱਸਤ੍ਰ ਨਾਲ ਰੱਖਦਾ ਸੀ।।

Highlight

Copy

Compare

Share

None

Want to have your highlights saved across all your devices? Sign up or sign in