YouVersion Logo
Search Icon

ਯੋਏਲ 2

2
ਸਲਾ ਤੋਂ ਵਿਰਾਨੀ, ਫੇਰ ਸੁਖ ਅਤੇ ਆਤਮਾ ਦਾ ਵਹਾਇਆ ਜਾਣਾ
1ਸੀਯੋਨ ਵਿੱਚ ਤੁਰ੍ਹੀ ਫੂਕੋ!
ਮੇਰੇ ਪਵਿੱਤਰ ਪਹਾੜ ਉੱਤੇ ਸਾਹ ਸੋਧ ਕੇ ਫੂਕੋ!
ਦੇਸ ਦੇ ਸਾਰੇ ਵਾਸੀ ਕੰਬਣ,
ਕਿਉਂ ਜੋ ਯਹੋਵਾਹ ਦਾ ਦਿਨ ਆ ਰਿਹਾ ਹੈ,
ਸਗੋਂ ਨੇੜੇ ਹੀ ਹੈ!
2ਅਨ੍ਹੇਰੇ ਅਰ ਅੰਧਕਾਰ ਦਾ ਦਿਨ,
ਬੱਦਲ ਅਰ ਘੁੱਪ ਅਨ੍ਹੇਰੇ ਦਾ ਦਿਨ!
ਕਾਲਕ ਵਾਂਙੁ ਪਹਾੜਾਂ ਉੱਤੇ ਇੱਕ ਉੱਮਤ
ਬਹੁਤੀ ਅਤੇ ਤਕੜੀ ਫੈਲੀ ਹੋਈ ਹੈ,
ਓਹਨਾਂ ਵਰਗੇ ਸਨਾਤਨ ਤੋਂ ਨਹੀਂ ਹੋਏ,
ਫੇਰ ਅੱਗੇ ਨੂੰ ਪੀੜ੍ਹੀਓਂ ਪੀੜ੍ਹੀ ਸਾਲਾਂ ਬੱਧੀ ਨਹੀਂ
ਹੋਣਗੇ!।।
3ਓਹਨਾਂ ਦੇ ਅੱਗੇ ਅੱਗ ਭਸਮ ਕਰਦੀ ਜਾਂਦੀ ਹੈ,
ਓਹਨਾਂ ਦੇ ਪਿੱਛੇ ਲੰਬ ਸਾੜਦੀ ਹੈ।
ਓਹਨਾਂ ਦੇ ਅੱਗੇ ਦੇਸ ਬਾਗ ਅਦਨ ਵਰਗਾ ਹੈ,
ਓਹਨਾਂ ਦੇ ਪਿੱਛੇ ਵਿਰਾਨ ਉਜਾੜ!
ਓਹਨਾਂ ਤੋਂ ਕੁਝ ਨਹੀਂ ਬਚਦਾ।।
4ਓਹਨਾਂ ਦਾ ਰੂਪ ਘੋੜਿਆਂ ਦੇ ਰੂਪ ਵਰਗਾ ਹੈ,
ਜੰਗੀ ਘੋੜਿਆਂ ਵਾਂਙੁ ਓਹ ਦੌੜਦੇ ਹਨ।
5ਪਹਾੜਾਂ ਦੀਆਂ ਚੋਟੀਆਂ ਉੱਤੇ ਰਥਾਂ ਦੇ ਸ਼ੋਰ ਵਾਂਙੁ
ਅੱਗ ਦੀ ਲੰਬ ਵਾਂਙੁ ਜਿਹੜੀ ਵੱਢ ਨੂੰ ਭਸਮ ਕਰਦੀ ਹੈ,
ਓਹ ਕੁੱਦਦੇ ਹਨ,
ਜਿਵੇਂ ਬਲਵੰਤ ਲੋਕ ਲੜਾਈ ਦੀਆਂ ਪਾਲਾਂ ਬੰਨ੍ਹਦੇ ਹਨ!।।
6ਓਹਨਾਂ ਦੇ ਅੱਗੇ ਲੋਕ ਤੜਫ ਉੱਠਦੇ ਹਨ,
ਸਾਰੇ ਮੂੰਹ ਪੀਲੇ ਪੈ ਜਾਂਦੇ ਹਨ।
7ਓਹ ਸੂਰਮਿਆਂ ਵਾਂਙੁ ਦੌੜਦੇ ਹਨ,
ਓਹ ਜੋਧਿਆਂ ਵਾਂਙੁ ਕੰਧਾਂ ਟੱਪਦੇ ਹਨ,
ਓਹ ਆਪੋ ਆਪਣੇ ਰਾਹ ਉੱਤੇ ਤੁਰਦੇ ਹਨ,
ਓਹ ਆਪਣੇ ਮਾਰਗ ਨਹੀਂ ਮੁੜਦੇ।
8ਕੋਈ ਆਪਣੇ ਸਾਥੀ ਨੂੰ ਨਹੀਂ ਧੱਕਦਾ,
ਹਰੇਕ ਆਪਣੇ ਰਾਹ ਉੱਤੇ ਤੁਰਦਾ ਹੈ,
ਓਹ ਸ਼ਸਤਰਾਂ ਨੂੰ ਚੀਰ ਕੇ ਲੰਘ ਜਾਂਦੇ ਹਨ,
ਅਤੇ ਰੁਕਦੇ ਨਹੀਂ।
9ਓਹ ਸ਼ਹਿਰ ਉੱਤੇ ਕੁੱਦ ਪੈਂਦੇ ਹਨ,
ਓਹ ਕੰਧ ਦੌੜਦੇ ਹਨ,
ਓਹ ਘਰਾਂ ਵਿੱਚ ਚੜ੍ਹ ਜਾਂਦੇ ਹਨ,
ਓਹ ਖਿੜਕੀਆਂ ਥਾਣੀ ਚੋਰ ਵਾਂਙੁ ਜਾ ਵੜਦੇ ਹਨ!।।
10ਓਹਨਾਂ ਦੇ ਅੱਗੇ ਧਰਤੀ ਹਿੱਲਦੀ ਹੈ,
ਅਕਾਸ਼ ਕੰਬਦਾ ਹੈ।
ਸੂਰਜ ਤੇ ਚੰਦ ਕਾਲੇ ਹੋ ਗਏ ਹਨ,
ਅਤੇ ਤਾਰੇ ਆਪਣੀ ਚਮਕ ਹਟਾਈ ਜਾਂਦੇ ਹਨ।
11ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ
ਸਾਹਮਣੇ ਕੱਢਦਾ ਹੈ,
ਕਿਉਂ ਜੋ ਉਹ ਦੀ ਛੌਣੀ ਬਹੁਤ ਹੀ ਵੱਡੀ ਹੈ,
ਜੋ ਉਹ ਦਾ ਆਖਾ ਪੂਰਾ ਕਰਦਾ ਹੈ ਉਹ ਬਲਵਾਨ ਹੈ,
ਯਹੋਵਾਹ ਦਾ ਦਿਨ ਮਹਾਨ ਅਤੇ ਭਿਆਣਕ ਹੈ!
ਕੌਣ ਉਸ ਨੂੰ ਸਹਿ ਸੱਕਦਾ ਹੈ?।।
12ਪਰ ਹੁਣ ਵੀ, ਯਹੋਵਾਹ ਦਾ ਵਾਕ ਹੈ,
ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ,
ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ।
13ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ,
ਅਤੇ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ,
ਉਹ ਤਾਂ ਦਿਆਲੂ ਤੇ ਕਿਰਪਾਲੂ ਹੈ,
ਗੁੱਸੇ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ,
ਅਤੇ ਦੁਖ ਦੇਣ ਤੋਂ ਪਛਤਾਉਂਦਾ ਹੈ।
14ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ,
ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ,
ਭਈ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ
ਪਰਮੇਸ਼ੁਰ ਯਹੋਵਾਹ ਲਈ ਹੋਣ?।।
15ਸੀਯੋਨ ਵਿੱਚ ਤੁਰ੍ਹੀ ਫੂਕੋ!
ਪਵਿੱਤਰ ਵਰਤ ਰੱਖੋ, ਸ਼ਿਰੋਮਨੀ ਸਭਾ ਬੁਲਾਓ!
16ਲੋਕਾਂ ਨੂੰ ਇਕੱਠਾ ਕਰੋ,
ਸਭਾ ਨੂੰ ਪਵਿੱਤਰ ਕਰੋ,
ਬੁੱਢਿਆਂ ਨੂੰ ਜਮਾ ਕਰੋ,
ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ
ਇਕੱਠੇ ਕਰੋ,
ਲਾੜਾ ਆਪਣੀ ਕੋਠੜੀ ਵਿੱਚੋਂ,
ਲਾੜੀ ਆਪਣੇ ਮੰਡਪ ਵਿੱਚੋਂ ਬਾਹਰ ਨਿੱਕਲਣ!।।
17ਡਿਉੜ੍ਹੀ ਅਤੇ ਜਗਵੇਦੀ ਦੇ ਵਿੱਚ
ਜਾਜਕ, ਯਹੋਵਾਹ ਦੇ ਸੇਵਕ ਰੋਣ,
ਅਤੇ ਆਖਣ, ਹੇ ਯਹੋਵਾਹ, ਆਪਣੀ ਪਰਜਾ ਦਾ
ਸਰਫ਼ਾ ਕਰ,
ਆਪਣੀ ਮਿਰਾਸ ਨੂੰ ਨਿੰਦਿਆ ਲਈ ਨਾ ਦੇਹ,
ਭਈ ਕੌਮਾ ਓਹਨਾਂ ਦੇ ਉੱਤੇ ਰਾਜ ਕਰਨ।
ਉੱਮਤਾਂ ਵਿੱਚ ਓਹ ਕਿਉਂ ਆਖਣ,
ਓਹਨਾਂ ਦਾ ਪਰਮੇਸ਼ੁਰ ਕਿੱਥੇ ਹੈ?।।
18ਤਾਂ ਯਹੋਵਾਹ ਆਪਣੇ ਦੇਸ ਲਈ ਅਣਖੀ ਹੋਇਆ,
ਅਤੇ ਆਪਣੀ ਪਰਜਾ ਉੱਤੇ ਤਰਸ ਖਾਧਾ।
19ਯਹੋਵਾਹ ਨੇ ਉੱਤਰ ਦੇ ਕੇ ਆਪਣੀ ਪਰਜਾ ਨੂੰ
ਆਖਿਆ,
ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮੈ ਤੇ ਤੇਲ
ਘੱਲਾਂਗਾ,
ਅਤੇ ਤੁਸੀਂ ਉਸ ਤੋਂ ਰੱਜੋਗੇ,
ਮੈਂ ਕੌਮਾਂ ਵਿੱਚ ਤੁਹਾਨੂੰ ਫੇਰ ਤਾਹਨਾ ਨਾ ਬਣਾਵਾਂਗਾ।।
20ਮੈਂ ਉੱਤਰ ਵਾਲੇ ਨੂੰ ਤੁਹਾਥੋਂ ਦੂਰ ਧੱਕ ਦਿਆਂਗਾ,
ਉਹ ਨੂੰ ਇੱਕ ਸੁੱਕੇ ਅਤੇ ਵਿਰਾਨ ਦੇਸ ਵਿੱਚ ਹੱਕ ਦਿਆਂਗਾ,
ਉਹ ਦੇ ਅਗਲੇ ਚੜ੍ਹਦੇ ਸਮੁੰਦਰ ਵਿੱਚ,
ਉਹ ਦੇ ਪਿੱਛਲੇ ਲਹਿੰਦੇ ਸਮੁੰਦਰ ਵਿੱਚ।
ਉਹ ਦੇ ਵਿੱਚੋਂ ਬੋ ਉਠੇਗੀ ਅਤੇ ਸੜ੍ਹਿਆਂਦ ਆਵੇਗੀ,
ਕਿਉਂ ਜੋ ਉਸ ਨੇ ਵੱਡਾ ਕੰਮ ਕੀਤਾ ਹੈ।।
21ਹੇ ਭੂਮੀ, ਨਾ ਡਰ!
ਖੁਸ਼ੀ ਮਨਾ ਤੇ ਅਨੰਦ ਹੋ,
ਕਿਉਂ ਜੋ ਯਹੋਵਾਹ ਨੇ ਵੱਡੇ ਕੰਮ ਕੀਤੇ!
22ਹੇ ਰੜ ਦੇ ਡੰਗਰੋ, ਨਾ ਡਰੋ!
ਕਿਉਂ ਜੋ ਉਜਾੜ ਦੀਆਂ ਚਰਾਂਦਾਂ ਹਰੀਆਂ ਹੋ
ਗਈਆਂ,
ਅਤੇ ਬਿਰਛ ਆਪਣੇ ਫਲ ਦਿੰਦੇ ਹਨ,
ਹਜੀਰ ਅਤੇ ਅੰਗੂਰੀ ਬੇਲ ਆਪਣਾ ਪੂਰਾ ਹਾਸਲ
ਦਿੰਦੀ ਹੈ।
23ਹੇ ਸੀਯੋਨ ਦੇ ਪੁੱਤ੍ਰੋ, ਯਹੋਵਾਹ ਆਪਣੇ ਪਰਮੇਸ਼ੁਰ ਵਿੱਚ,
ਖੁਸ਼ੀ ਮਨਾਓ ਅਤੇ ਅਨੰਦ ਹੋਵੋ!
ਕਿਉਂ ਜੋ ਉਹ ਨੇ ਤੁਹਾਡੇ ਸੁਖ ਲਈ ਪਹਿਲੀ ਬਾਰਸ਼ ਦਿੱਤੀ,
ਉਹ ਨੇ ਤੁਹਾਡੇ ਲਈ ਪਹਿਲੀ ਅਤੇ ਪਿੱਛਲੀ ਵਰਖਾ
ਵਰਹਾਈ
ਜਿਵੇਂ ਪਹਿਲਾਂ ਹੁੰਦਾ ਸੀ।।
24ਖਲਵਾੜੇ ਅੰਨ ਨਾਲ ਭਰ ਜਾਣਗੇ,
ਅਤੇ ਚੁਬੱਚੇ ਮੈ ਅਰ ਤੇਲ ਨਾਲ ਉੱਛਲਣਗੇ।
25ਜਿੰਨਿਆਂ ਵਰਿਹਾਂ ਦਾ ਸਲਾ ਨੇ ਖਾਧਾ,
ਇੰਨਿਆਂ ਨੂੰ ਮੈਂ ਤੁਹਾਨੂੰ ਮੋੜ ਦਿਆਂਗਾ,
ਟਿੱਡੀ, ਹੂੰਝਾ ਫੇਰ ਅਤੇ ਟੋਕਾ,
ਮੇਰੀ ਵੱਡੀ ਫੌਜ ਜਿਹੜੀ ਮੈਂ ਤੁਹਾਡੇ ਉੱਤੇ
ਘੱਲੀ।।
26ਤੁਸੀਂ ਲਿਹ ਕੇ ਖਾਓਗੇ ਅਤੇ ਰੱਜ ਜਾਓਗੇ।
ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ
ਸਲਾਹੋਗੇ,
ਜਿਸ ਨੇ ਤੁਹਾਡੇ ਨਾਲ ਅਚਰਜ ਵਰਤਾਓ ਕੀਤਾ,
ਅਤੇ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ
ਹੋਵੇਗੀ।
27ਤੁਸੀਂ ਜਾਣੋਗੇ ਕਿ ਮੈਂ ਇਸਰਾਏਲ ਦੇ ਵਿਚਕਾਰ
ਹਾਂ,
ਅਤੇ ਮੈਂ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ,
ਅਤੇ ਕੋਈ ਹੋਰ ਨਹੀਂ,
ਸੋ ਮੇਰੀ ਪਰਜਾ ਫੇਰ ਕਦੇ ਲੱਜਿਆਵਾਨ ਨਾ
ਹੋਵੇਗੀ।
28ਏਹ ਦੇ ਮਗਰੋਂ ਐਉਂ ਹੋਵੇਗਾ,
ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ
ਵਹਾਵਾਂਗਾ,
ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ
ਵਾਕ ਕਰਨਗੇ,
ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ।
ਤੁਹਾਡੇ ਜੁਆਨ ਦਰਸ਼ਣ ਵੇਖਣਗੇ,
29ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ,
ਉਨ੍ਹੀਂ ਦਿਨਾਂ ਆਪਣਾ ਆਤਮਾ ਵਹਾਵਾਂਗਾ।।
30ਮੈਂ ਅਕਾਸ਼ ਅਤੇ ਧਰਤੀ ਵਿੱਚ ਅਚੰਭੇ ਵਿਖਾਵਾਂਗਾ,
ਲਹੂ, ਅੱਗ, ਧੂੰਏਂ ਦਾ ਥੰਮ੍ਹ ।
31ਸੂਰਜ ਅਨ੍ਹੇਰਾ ਅਤੇ ਚੰਦ ਲਹੂ ਹੋ ਜਾਵੇਗਾ,
ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ
ਤੋਂ ਪਹਿਲਾਂ!
32ਤਾਂ ਐਉਂ ਹੋਵੇਗਾ ਕਿ ਜੋ ਕੋਈ ਯਹੋਵਾਹ ਦਾ ਨਾਮ
ਲੈ ਕੇ ਪੁਕਾਰੇਗਾ, ਬਚਾਇਆ ਜਾਵੇਗਾ,
ਸੀਯੋਨ ਦੇ ਪਹਾੜ ਵਿੱਚ ਅਤੇ ਯਰੂਸ਼ਲਮ ਵਿੱਚ
ਬਚੇ ਹੋਏ ਹੋਣਗੇ,
ਜਿਵੇਂ ਯਹੋਵਾਹ ਨੇ ਆਖਿਆ
ਅਤੇ ਬਕੀਏ ਵਿੱਚ ਓਹ ਹੋਣਗੇ ਜਿਨ੍ਹਾਂ ਨੂੰ ਯਹੋਵਾਹ
ਬੁਲਾਵੇ।।

Currently Selected:

ਯੋਏਲ 2: PUNOVBSI

Highlight

Copy

Compare

Share

None

Want to have your highlights saved across all your devices? Sign up or sign in