YouVersion Logo
Search Icon

ਯਿਰਮਿਯਾਹ 48

48
ਮੋਆਬ ਦੇ ਵਿਖੇ ਅਗੰਮ ਵਾਕ
1ਮੋਆਬ ਦੇ ਵਿਖੇ,
ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ
ਫ਼ਰਮਾਉਂਦਾ ਹੈ, -
ਨਬੋ ਲਈ ਅਫ਼ਸੋਸ! ਉਹ ਵਿਰਾਨ ਜੋ ਹੋ ਗਿਆ,
ਕਿਰਯਾਤਾਇਮ ਸ਼ਰਮਿੰਦਾ ਹੋਇਆ, ਉਹ ਲੈ ਲਿਆ
ਗਿਆ,
ਉੱਚਾ ਬੁਰਜ ਵੀ ਸ਼ਰਮਿੰਦਾ ਹੋਇਆ ਅਤੇ ਘਾਬਰ ਗਿਆ।
2ਮੋਆਬ ਦੀ ਵਡਿਆਈ ਫੇਰ ਨਾ ਹੋਵੇਗੀ,
ਹਸ਼ਬੋਨ ਵਿੱਚ ਉਹ ਦੇ ਵਿਰੁੱਧ ਬੁਰਿਆਈ ਦੀਆਂ
ਜੁਗਤਾਂ ਕੀਤੀਆਂ ਗਈਆਂ ਹਨ,
ਕਿ ਆਓ, ਅਸੀਂ ਉਹ ਨੂੰ ਕੌਮ ਹੋਣ ਤੋਂ ਕੱਟ
ਸੁੱਟੀਏ!
ਹੇ ਮਦਮੇਨ, ਤੂੰ ਵੀ ਚੁੱਪ ਕਰਾਇਆ ਜਾਵੇਂਗਾ,
ਤਲਵਾਰ ਤੇਰਾ ਪਿੱਛਾ ਕਰੇਗੀ!
3ਹੋਰੋਨਾਇਮ ਵਿੱਚੋਂ ਦੁਹਾਈ ਦੀ ਅਵਾਜ਼,
ਉਜਾੜ ਅਤੇ ਵੱਡੀ ਭੰਨ ਤੋੜ!
4ਮੋਆਬ ਭੰਨਿਆ ਤੋਂੜਿਆ ਗਿਆ,
ਉਹ ਦੇ ਨਿਆਣਿਆਂ ਦਾ ਚਿੱਲਾਉਣਾ ਸੁਣਾਈ
ਦਿੰਦਾ ਹੈ।
5ਕਿਉਂ ਜੋ ਲੁਹੀਥ ਦੀ ਚੜ੍ਹਾਈ ਉੱਤੇ,
ਓਹ ਰੋਂਦੇ ਰੋਂਦੇ ਚੜ੍ਹਦੇ ਹਨ,
ਹੋਰੋਨਾਇਮ ਦੀ ਉਤਰਾਈ ਉੱਤੇ ਤਾਂ ਓਹਨਾਂ ਨੇ
ਭੰਨ ਤੋੜ ਦੀ ਦੁਹਾਈ ਦੇ ਦੁਖ ਨੂੰ ਸੁਣਿਆ ਹੈ।
6ਨੱਠੋ! ਆਪਣੀਆਂ ਜਾਨਾਂ ਨੂੰ ਬਚਾਓ!
ਉਜਾੜ ਵਿਚਲੇ ਸੁੱਕੇ ਰੁੱਖ ਵਾਂਙੁ ਹੋ ਜਾਓ!
7ਏਸ ਲਈ ਕਿ ਤੈਂ ਆਪਣਿਆਂ ਕੰਮਾਂ ਅਤੇ
ਆਪਣਿਆਂ
ਖਜ਼ਾਨਿਆਂ ਉੱਤੇ ਭਰੋਸਾ ਕੀਤਾ ਹੈ,
ਤੂੰ ਵੀ ਲੈ ਲਿਆ ਜਾਵੇਂਗਾ,
ਕਮੋਸ਼ ਅਸੀਰੀ ਵਿੱਚ ਜਾਵੇਗਾ,
ਉਹ ਦੇ ਜਾਜਕ ਅਤੇ ਉਹ ਦੇ ਸਰਦਾਰ ਇਕੱਠੇ।
8ਬਰਬਾਦ ਕਰਨ ਵਾਲਾ ਹਰੇਕ ਸ਼ਹਿਰ ਉੱਤੇ ਆਵੇਗਾ,
ਅਤੇ ਕੋਈ ਸ਼ਹਿਰ ਨਾ ਬਚੇਗਾ,
ਵਾਦੀ ਮਿਟ ਜਾਵੇਗੀ,
ਮਦਾਨ ਦਾ ਸੱਤਿਆ ਨਾਸ ਕੀਤਾ ਜਾਵੇਗਾ,
ਜਿਵੇਂ ਯਹੋਵਾਹ ਨੇ ਆਖਿਆ ਹੈ।
9ਮੋਆਬ ਨੂੰ ਖੰਭ ਲਾ ਦਿਓ,
ਕਿ ਉਹ ਉੱਡ ਕੇ ਚੱਲਾ ਜਾਵੇ।
ਉਹ ਦੇ ਸ਼ਹਿਰ ਵਿਰਾਨ ਹੋ ਜਾਣ,
ਓਹਨਾਂ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ।
10ਸਰਾਪੀ ਹੈ ਉਹ ਜਿਹੜਾ ਯਹੋਵਾਹ ਦਾ ਕੰਮ ਆਲਸੀ
ਨਾਲ ਕਰਦਾ ਹੈ!
ਅਤੇ ਸਰਾਪੀ ਹੈ ਉਹ ਜਿਹੜਾ ਆਪਣੀ ਤਲਵਾਰ ਨੂੰ
ਲਹੂ ਵਹਾਉਣ ਤੋਂ ਰੋਕਦਾ ਹੈ!।।
11ਮੋਆਬ ਆਪਣੀ ਜੁਆਨੀ ਤੋਂ ਅਮਨ ਵਿੱਚ ਰਿਹਾ,
ਉਸ ਆਪਣਾ ਫੋਗ ਰੱਖ ਛੱਡਿਆ,
ਨਾ ਉਹ ਇੱਕ ਭਾਂਡੇ ਵਿੱਚੋਂ ਦੂਜੇ ਭਾਂਡੇ ਵਿੱਚ
ਉਲੱਦਿਆ ਗਿਆ,
ਨਾ ਉਹ ਅਸੀਰੀ ਵਿੱਚ ਗਿਆ,
ਏਸ ਲਈ ਉਹ ਦਾ ਸੁਆਦ ਉਹ ਦੇ ਵਿੱਚ ਕਾਇਮ
ਰਿਹਾ,
ਅਤੇ ਉਹ ਦੀ ਵਾਸ਼ਨਾ ਨਾ ਬਦਲੀ।
12ਇਸ ਲਈ ਵੇਖ, ਓਹ ਦਿਨ ਆਉਂਦੇ ਹਨ,
ਯਹੋਵਾਹ ਦਾ ਵਾਕ ਹੈ,
ਮੈਂ ਉਸ ਦੇ ਕੋਲ ਉੱਲਦਣ ਵਾਲਿਆਂ ਨੂੰ ਘੱਲਾਂਗਾ।
ਓਹ ਉਸ ਦੇ ਭਾਂਡਿਆਂ ਨੂੰ ਉਲੱਦਣਗੇ ਅਤੇ ਸੱਖਣਾ
ਕਰਨਗੇ,
ਅਤੇ ਮੱਟਾਂ ਨੂੰ ਚੂਰ ਚੂਰ ਕਰਨਗੇ।
13ਤਾਂ ਮੋਆਬ ਕਮੋਸ਼ ਤੋਂ ਸ਼ਰਮਾਵੇਗਾ,
ਜਿਵੇਂ ਇਸਰਾਏਲ ਦਾ ਘਰਾਣਾ ਬੈਤ-ਏਲ ਤੋਂ
ਸ਼ਰਮਾਇਆ,
ਜਿਹੜਾ ਉਹ ਦਾ ਭਰੋਸਾ ਸੀ।।
14ਤੁਸੀਂ ਕਿਵੇਂ ਆਖਦੇ ਹੋ ਭਈ ਅਸੀਂ ਸੂਰਮੇਂ ਹਾਂ!
ਲੜਾਈ ਲਈ ਫੌਜੀ ਮਨੁੱਖ ਹਾਂ!
15ਮੋਆਬ ਅਤੇ ਉਸ ਦੇ ਸ਼ਹਿਰਾਂ ਦਾ ਬਰਬਾਦ ਕਰਨ
ਵਾਲਾ ਚੜ੍ਹ ਆਉਆ ਹੈ,
ਉਹ ਦੇ ਚੁਗਵੇਂ ਜੁਆਨ ਘਾਤ ਹੋਣ ਲਈ ਉੱਤਰ
ਗਏ,
ਪਾਤਸ਼ਾਹ ਦਾ ਵਾਕ ਹੈ ਜਿਹ ਦਾ ਨਾਮ ਸੈਨਾਂ ਦਾ
ਯਹੋਵਾਹ ਹੈ।
16ਮੋਆਬ ਦਾ ਦੁਖ ਨੇੜੇ ਹੈ,
ਉਹ ਦੀ ਬਿਪਤਾ ਬਹੁਤ ਛੇਤੀ ਲਗੀ ਆਉਂਦੀ
ਹੈ।
17ਤੁਸੀਂ ਸਾਰੇ ਜਿਹੜੇ ਆਲੇ ਦੁਆਲੇ ਹੋ, ਰੋਵੋ ।
ਤੁਸੀਂ ਸਾਰੇ ਜਿਹੜੇ ਉਹ ਦਾ ਨਾਉਂ ਜਾਣਦੇ ਹੋ,
ਆਖੋ,
ਕਿਵੇਂ ਇਹ ਤਕੜਾ ਢਾਂਗਾ ਟੁੱਟ ਗਿਆ,
ਉਹ ਸੋਹਣਾ ਡੰਡਾ!
18ਆਪਣੇ ਪਰਤਾਪ ਤੋਂ ਹੇਠਾਂ ਆ,
ਅਤੇ ਤਿਹਾਈ ਬੈਠ,
ਹੇ ਦੀਬੋਨ ਦੀਏ ਵਸਨੀਕ ਧੀਏ,
ਕਿਉਂ ਜੋ ਮੋਆਬ ਦਾ ਲੁੱਟਣ ਵਾਲਾ ਤੇਰੇ ਵਿਰੁੱਧ
ਚੜ੍ਹਿਆ ਹੈ,
ਉਸ ਤੇਰੇ ਗੜ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।
19ਰਾਹ ਉੱਤੇ ਖਲੋ ਅਤੇ ਵੇਖ,
ਹੇ ਅਰੋਏਰ ਦੇ ਵੱਸਣ ਵਾਲੇ!
ਨੱਠੇ ਜਾਂਦੇ ਤੋਂ ਅਤੇ ਬਚੇ ਹੋਏ ਤੋਂ ਪੁੱਛ,
ਅਤੇ ਆਖ, ਕੀ ਹੋਇਆ ਹੈ?
20ਮੋਆਬ ਸ਼ਰਮਿੰਦਾ ਹੋਇਆ, ਉਹ ਢਾਹਿਆ ਜੋ
ਗਿਆ, -
ਤੁਸੀਂ ਰੋਵੋ ਅਤੇ ਚਿੱਲਾਓ!
ਅਰਨੋਨ ਵਿੱਚ ਦੱਸੋ,
ਭਈ ਮੋਆਬ ਲੁੱਟਿਆ ਗਿਆ।।
21ਪੱਧਰੇ ਦੇਸ ਉੱਤੇ, ਹੋਲੋਨ ਉੱਤੇ, ਯਹਸਾਹ ਉੱਤੇ ਅਰ ਮੋਫਾਅਥ ਉੱਤੇ ਇਨਸਾਫ਼ ਆਇਆ ਹੈ 22ਦੀਬੋਨ ਉੱਤੇ, ਨਬੋ ਉੱਤੇ, ਬੈਤ- ਦਿਬਲਾਤਇਮ ਉੱਤੇ 23ਕਿਰਯਾਤਾਇਮ ਉੱਤੇ, ਬੈਤ-ਗਾਮੂਲ ਉੱਤੇ ਅਰ ਬੈਤ- ਮਾਓਨ ਉੱਤੇ 24ਕਰੀਯੋਥ ਉੱਤੇ, ਬਾਸਰਾਹ ਉੱਤੇ ਅਰ ਮੋਆਬ ਦੇਸ ਦੇ ਸਾਰੇ ਸ਼ਹਿਰਾਂ ਉੱਤੇ ਜਿਹੜੇ ਦੂਰ ਅਤੇ ਨੇੜੇ ਹਨ 25ਮੋਆਬ ਦਾ ਸਿੰਙ ਭੰਨਿਆ ਗਿਆ ਅਤੇ ਉਹ ਦੀ ਬਾਂਹ ਤੋੜੀ ਗਈ, ਯਹੋਵਾਹ ਦਾ ਵਾਕ ਹੈ।।
26ਉਹ ਨੂੰ ਨਸ਼ਈ ਕਰੋ ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ ਬਣਾਇਆ ਹੈ। ਮੋਆਬ ਆਪਣੀ ਕੈ ਵਿੱਚ ਲੇਟੇਗਾ, ਨਾਲੇ ਉਹ ਹਾਸੇ ਲਈ ਹੋਵੇਗਾ 27ਕੀ ਇਸਰਾਏਲ ਤੇਰੇ ਲਈ ਹਾਸਾ ਨਾ ਸੀ? ਕੀ ਉਹ ਚੋਰਾਂ ਵਿੱਚ ਪਾਇਆ ਗਿਆ ਕਿ ਜਦ ਕਦੀ ਤੈਂ ਉਹ ਦੀ ਗੱਲ ਕੀਤੀ ਤੈਂ ਆਪਣਾ ਸਿਰ ਹਿਲਾਇਆ?।।
28ਸ਼ਹਿਰਾਂ ਨੂੰ ਤਿਆਗੋ ਅਤੇ ਚਟਾਨ ਵਿੱਚ ਵੱਸੋ,
ਹੇ ਮੋਆਬ ਦੇ ਵਾਸੀਓ!
ਘੁੱਗੀ ਵਾਂਙੁ ਬਣੋ ਜਿਹੜੀ ਗੁਫ਼ਾ ਦੇ ਮੂੰਹ ਦੇ ਇੱਕ
ਪਾਸੇ ਵਲ ਆਪਣਾ ਆਹਲਣਾ ਬਣਾਉਂਦੀ
ਹੈ।
29ਅਸਾਂ ਮੋਆਬ ਦਾ ਹੰਕਾਰ ਸੁਣਿਆ, -
ਉਹ ਬਹੁਤ ਹੰਕਾਰੀ ਹੈ, -
ਉਸ ਦਾ ਘੁਮੰਡ, ਉਸ ਦਾ ਹੰਕਾਰ, ਉਸ ਦੀ ਹੈਂਕੜੀ,
ਅਤੇ ਉਹ ਦੇ ਦਿਨ ਦੀ ਆਕੜ।
30ਮੈਂ ਉਸ ਦੇ ਕਹਿਰ ਨੂੰ ਜਾਣਦਾ ਹਾਂ, ਯਹੋਵਾਹ ਦਾ
ਵਾਕ ਹੈ,
ਉਹ ਕੁਝ ਵੀ ਨਹੀਂ ਹੈ,
ਉਸ ਦੀ ਸ਼ੇਖੀ ਤੋਂ ਕੁਝ ਨਹੀਂ ਬਣਿਆ।
31ਏਸ ਲਈ ਮੈਂ ਮੋਆਬ ਲਈ ਰੋਵਾਂਗਾ,
ਮੈਂ ਸਾਰੇ ਮੋਆਬ ਲਈ ਚਿੱਲਵਾਂਗਾ,
ਓਹ ਕੀਰ-ਹਰਸ਼ ਦੇ ਮਨੁੱਖਾਂ ਲਈ ਵਿਰਲਾਪ
ਕਰਨਗੇ।
32ਯਅਜ਼ੇਰ ਦੇ ਰੋਣ ਵਾਲੋਂ ਮੈਂ ਤੇਰੇ ਲਈ ਵੱਧ ਰੋਵਾਂਗਾ,
ਹੇ ਸਿਬਮਾਹ ਦੀ ਦਾਖ!
ਤੇਰੀਆਂ ਟਹਿਣੀਆਂ ਸਮੁੰਦਰੋਂ ਲੰਘ ਗਈਆਂ ਹਨ,
ਓਹ ਯਅਜ਼ੇਰ ਦੇ ਸਮੁੰਦਰ ਤੀਕ ਪੁੱਜ ਗਈਆਂ ਹਨ।
ਤੇਰੇ ਗਰਮ ਰੁੱਤ ਦੇ ਮੇਵਿਆਂ ਉੱਤੇ, ਤੇਰੀ ਅੰਗੂਰਾਂ ਦੀ
ਫ਼ਸਲ ਉੱਤੇ,
ਲੁਟੇਰਾ ਆ ਡਿੱਗਾ ਹੈ।
33ਅਨੰਦ ਅਤੇ ਮੌਜ ਫਲਦਾਰ ਖੇਤ ਤੋਂ,
ਮੋਆਬ ਦੇ ਦੇਸ ਵਿੱਚੋਂ ਚੁੱਕੇ ਗਏ।
ਮੈਂ ਚੁੱਬਚਿਆਂ ਤੋਂ ਮੈ ਬੰਦ ਕਰ ਦਿੱਤੀ,
ਕੋਈ ਲਲਕਾਰ ਕੇ ਨਾ ਲੜਾਤੇਗਾ,
ਓਹਨਾਂ ਦੀ ਲਲਕਾਰ ਲਲਕਾਰ ਨਾ ਹੋਵੇਗੀ!।।
34ਹਸ਼ਬੋਨ ਅਲਆਲੇਹ ਤੀਕ ਚਿੱਲਾਉਂਦਾ ਹੈ, ਯਹਸ ਤੀਕ ਓਹਨਾਂ ਦੀ ਅਵਾਜ਼ ਸੋਅਰ ਵਿੱਚੋਂ ਹੋਰੋਨਯਿਮ ਅਰ ਅਗਲਥ-ਸ਼ਲੀਸ਼ੀਯਾਹ ਤੀਕ ਆਉਂਦੀ ਹੈ ਕਿਉਂ ਜੋ ਨਿਮਰੀਮ ਦੇ ਪਾਣੀ ਵੀ ਵਿਰਾਨ ਹੋ ਜਾਣਗੇ 35ਮੈ ਮੋਆਬ ਵਿੱਚ, ਯਹੋਵਾਹ ਦਾ ਵਾਕ ਹੈ, ਉਹ ਨੂੰ ਜਿਹੜਾ ਉੱਚੇ ਅਸਥਾਨ ਉੱਤੇ ਬਲੀ ਚੜ੍ਹਾਉਂਦਾ ਅਤੇ ਆਪਣੇ ਦਿਓਤਿਆਂ ਲਈ ਧੂਪ ਧੁਖਾਉਂਦਾ ਹੈ ਮੁਕਾ ਦਿਆਂਗਾ 36ਏਸ ਲਈ ਮੇਰਾ ਦਿਲ ਮੋਆਬ ਲਈ ਬੰਸਰੀ ਵਾਂਙੁ ਹਡਕੋਰੇ ਲੈਂਦਾ ਅਤੇ ਮੇਰਾ ਦਿਲ ਕੀਰ-ਹਰਸ ਦੇ ਮਨੁੱਖਾਂ ਲਈ ਵੀ ਬੰਸਰੀਆਂ ਵਾਂਙੁ ਹਡਕੋਰੇ ਲੈਂਦਾ ਹੈ, ਏਸ ਲਈ ਜਿਹੜਾ ਧਨ ਬੱਚਤ ਦਾ ਸੀ ਉਹ ਨਾਸ ਹੋ ਗਿਆ 37ਕਿਉਂ ਜੋ ਹਰੇਕ ਸਿਰ ਮੁੰਨਿਆ ਹੈ, ਅਤੇ ਹਰੇਕ ਦਾੜ੍ਹੀ ਕਤਰੀ ਗਈ ਹੈ, ਹਰੇਕ ਦੇ ਹੱਥ ਉੱਥੇ ਘਾਓ ਲਾਇਆ ਗਿਆ ਹੈ, ਹਰੇਕ ਦੇ ਲੱਕ ਉੱਤੇ ਤੱਪੜ ਹੈ 38ਮੋਆਬ ਦੀਆਂ ਸਾਰੀਆਂ ਛੱਤਾਂ ਉੱਤੇ ਅਤੇ ਉਸ ਦੀਆਂ ਗਲੀਆਂ ਵਿੱਚ ਹਰ ਥਾਂ ਰੋਣਾ ਪਿੱਟਣਾ ਹੈ ਕਿਉਂ ਜੋ ਮੋਆਬ ਨੂੰ ਉਸ ਭਾਂਡੇ ਵਾਂਙੁ ਭੰਨ ਸੁੱਟਿਆ ਹੈ ਜਿਹੜਾ ਚੰਗਾ ਨਹੀਂ ਲੱਗਦਾ, ਯਹੋਵਾਹ ਦਾ ਵਾਕ ਹੈ 39ਇਹ ਕਿਵੇਂ ਢਾਹਿਆ ਗਿਆ, ਓਹਨਾਂ ਸਿਆਪਾ ਕੀਤਾ, ਕਿਵੇਂ ਮੋਆਬ ਨੇ ਸ਼ਰਮ ਨਾਲ ਆਪਣੀ ਪਿੱਠ ਮੋੜੀ ਹੈ! ਮੋਆਬ ਇੱਕ ਹਾਸਾ ਅਤੇ ਆਪਣੇ ਸਾਰੇ ਆਲੇ ਦੁਆਲੇ ਲਈ ਭੈ ਬਣਿਆ ਹੈ।।
40ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ, -
ਵੇਖੋ, ਉਹ ਉਕਾਬ ਵਾਂਙੁ ਉੱਡੇਗਾ,
ਮੋਆਬ ਦੇ ਵਿਰੁੱਧ ਆਪਣੇ ਪਰਾਂ ਨੂੰ ਖਲਾਰੇਗਾ।
41ਨਗਰ ਲੈ ਲਏ ਜਾਣਗੇ।
ਗੜ੍ਹ ਫੜੇ ਜਾਣਗੇ।
ਮੋਆਬ ਦੇ ਸੂਰਮਿਆਂ ਦੇ ਦਿਲ ਉਸ ਦਿਨ
ਪੀੜਾਂ ਵਾਲੀ ਤੀਵੀਂ ਦੇ ਦਿਲ ਵਾਂਙੁ ਹੋ ਜਾਣਗੇ।
42ਮੋਆਬ ਦਾ ਨਾਸ ਹੋ ਜਾਵੇਗਾ, ਉਹ ਕੌਮ ਨਾ ਰਹੇਗਾ,
ਕਿਉਂ ਜੋ ਉਸ ਨੇ ਆਪ ਨੂੰ ਯਹੋਵਾਹ ਦੇ ਵਿਰੁੱਧ ਵੱਡਾ
ਬਣਾਇਆ।
43ਭੌ, ਭੋਹਰਾ ਤੇ ਫੰਧਾ ਤੇਰੇ ਉੱਤੇ ਹੋਵੇਗਾ,
ਹੇ ਮੋਆਬ ਦੇ ਵਾਸੀ, ਯਹੋਵਾਹ ਦਾ ਵਾਕ ਹੈ।
44ਉਹ ਜਿਹੜਾ ਭੌਂ ਤੋਂ ਨੱਠੇਗਾ
ਭੋਹਰੇ ਵਿੱਚ ਡਿੱਗੇਗਾ,
ਉਹ ਜਿਹੜਾ ਭੋਹਰੇ ਵਿੱਚੋਂ ਉਤਾਹਾਂ ਆਵੇਗਾ,
ਫੰਧੇ ਵਿੱਚ ਫਸ ਜਾਵੇਗਾ,
ਕਿਉਂ ਜੋ ਮੈਂ ਉਸ ਉੱਤੇ, ਹਾਂ, ਮੋਆਬ ਉੱਤੇ,
ਓਹਨਾਂ ਦੀ ਸਜ਼ਾ ਦਾ ਵਰ੍ਹਾਂ ਲਿਆਵਾਂਗਾ,
ਯਹੋਵਾਹ ਦਾ ਵਾਕ ਹੈ।
45ਹਸ਼ਬੋਨ ਦੀ ਛਾਂ ਵਿੱਚ,
ਬਲਹੀਣ ਭਗੌੜੇ ਖਲੋਤੇ ਹਨ,
ਕਿਉਂ ਜੋ ਹਸ਼ਬੋਨ ਤੋਂ ਅੱਗ,
ਸੀਹੋਨ ਦੇ ਵਿਚਕਾਰੋਂ ਭਬੂਕਾ ਨਿੱਕਲਿਆ ਹੈ।
ਉਹ ਮੋਆਬ ਦੇ ਮੱਥੇ ਨੂੰ
ਅਤੇ ਫਸਾਦੀਆਂ ਦੀ ਖੋਪਰੀ ਨੂੰ ਖਾ ਗਿਆ ਹੈ।
46ਹੇ ਮੋਆਬ, ਤੇਰੇ ਲਈ ਅਫ਼ਸੋਸ!
ਕਮੋਸ਼ ਦੇ ਲੋਕ ਨਾਸ ਹੋਏ,
ਕਿਉਂ ਜੋ ਤੇਰੇ ਪੁੱਤ੍ਰ ਅਸੀਰ ਹੋ ਕੇ ਲਏ ਗਏ,
ਤੇਰੀਆਂ ਧੀਆਂ ਵੀ ਅਸੀਰੀ ਵਿੱਚ ਹਨ।
47ਤਦ ਵੀ ਮੈਂ ਮੋਆਬ ਦੀ ਅਸੀਰੀ ਨੂੰ ਮੁਕਾ
ਦਿਆਂਗਾ,
ਪਰ ਆਖਰੀ ਦਿਨਾਂ ਵਿੱਚ,
ਯਹੋਵਾਹ ਦਾ ਵਾਕ ਹੈ।
ਏਥੇ ਤੀਕ ਮੋਆਬ ਦਾ ਨਿਆਉਂ ਹੈ।।

Highlight

Copy

Compare

Share

None

Want to have your highlights saved across all your devices? Sign up or sign in

Video for ਯਿਰਮਿਯਾਹ 48