ਯਸਾਯਾਹ 28
28
ਇਫ਼ਰਾਈਮ ਦੇ ਸ਼ਰਾਬੀ ਅਤੇ ਯਰੂਸ਼ਲਮ ਦੇ ਮਖੌਲੀਏ
1ਹਾਇ ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦੇ
ਮੁਕਟ ਉੱਤੇ!
ਅਤੇ ਉਹ ਦੇ ਸ਼ਾਨਦਾਰ ਸੁਹੱਪਣ ਦੇ ਕੁਮਲਾਏ ਹੋਏ
ਫੁੱਲਾਂ ਉੱਤੇ,
ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਦੂਣ
ਦੇ ਸਿਰ ਉੱਤੇ ਹੈ!
2ਵੇਖੋ, ਯਹੋਵਾਹ ਕੋਲ ਇੱਕ ਤਕੜਾ ਤੇ ਸਮਰਥੀ ਜਨ ਹੈ,
ਗੜਿਆਂ ਦੀ ਅਨ੍ਹੇਰੀ ਵਾਂਙੁ, ਨਾਸ ਕਰਨ ਵਾਲੇ ਬੁੱਲੇ
ਵਾਂਙੁ,
ਹੜ੍ਹ ਪੈਂਦਿਆਂ ਡਾਢੇ ਪਾਣੀ ਦੀ ਅੰਨ੍ਹੇਰੀ ਵਾਂਙੁ,
ਉਹ ਧਰਤੀ ਤੀਕ ਆਪਣੇ ਹੱਥ ਨਾਲ ਪਟਕ ਦੇਵੇਗਾ।
3ਇਫ਼ਰਾਈਮ ਦੇ ਸ਼ਰਾਬੀਆਂ ਦੇ ਘੁਮੰਡ ਦਾ ਮੁਕਟ
ਪੈਰਾਂ ਹੇਠ ਮਿੱਧਿਆ ਜਾਵੇਗਾ।
4ਉਸ ਦੇ ਸ਼ਾਨਦਾਰ ਸੁਹੱਪਣ ਦਾ ਕੁਮਲਾਇਆ ਹੋਇਆ
ਫੁੱਲ,
ਜਿਹੜਾ ਉਸ ਫਲਦਾਰ ਦੂਣ ਦੇ ਸਿਰੇ ਉੱਤੇ ਹੈ,
ਹਾੜ੍ਹੀ ਦੇ ਪਹਿਲੇ ਪੱਕੇ ਹਜੀਰ ਵਾਂਙੁ ਹੋਵੇਗਾ,
ਜਿਹ ਨੂੰ ਕੋਈ ਵੇਖਦਿਆਂ ਹੀ,
ਜਦ ਹੀ ਉਹ ਉਸ ਦੇ ਹੱਥ ਵਿੱਚ ਹੈ, ਹੜੱਪ ਲਵੇ।।
5ਓਸ ਦਿਨ ਸੈਨਾਂ ਦਾ ਯਹੋਵਾਹ
ਆਪਣੀ ਪਰਜਾ ਦੇ ਬਕੀਏ ਲਈ
ਸਹੁੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ,
6ਅਤੇ ਜਿਹੜਾ ਨਿਆਉਂ ਉੱਤੇ ਬਹਿੰਦਾ ਹੈ,
ਉਹ ਦੇ ਲਈ ਉਹ ਇਨਸਾਫ਼ ਦਾ ਰੂਹ,
ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ,
ਓਹਨਾਂ ਲਈ ਬਹਾਦਰੀ ਹੋਵੇਗਾ।
7ਏਹ ਵੀ ਮਧ ਨਾਲ ਝੂਲਦੇ ਫਿਰਦੇ ਹਨ,
ਅਤੇ ਸ਼ਰਾਬ ਨਾਲ ਡਗਮਾਉਂਦੇ ਹਨ, -
ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ,
ਓਹ ਮਧ ਨਾਲ ਮਸਤਾਨੇ ਹਨ,
ਓਹ ਸ਼ਰਾਬ ਨਾਲ ਡਗਮਾਉਂਦੇ ਹਨ,
ਓਹ ਦਰਿਸ਼ਟੀ ਵਿੱਚ ਭੁਲੇਖਾ ਖਾਂਦੇ ਹਨ,
ਅਦਾਲਤ ਵਿੱਚ ਓਹ ਠੋਕਰ ਖਾਂਦੇ ਹਨ!
8ਸਾਰਿਆਂ ਮੇਜ਼ਾਂ ਤਾਂ ਕੈ ਤੇ ਵਿਸ਼ਟੇ ਨਾਲ ਭਰੀਆਂ
ਹੋਈਆਂ ਹਨ,
ਕੋਈ ਥਾਂ ਸਾਫ ਨਹੀਂ!।।
9ਉਹ ਕਿਹ ਨੂੰ ਗਿਆਨ ਸਿਖਾਵੇਗਾ,
ਅਤੇ ਕਿਹ ਨੂੰ ਪਰਚਾਰ ਦੀ ਸਮਝ ਦੇਵੇਗਾ?
ਕੀ ਓਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ,
ਯਾ ਜਿਹੜੇ ਦੁੱਧੀਆਂ ਤੋਂ ਅੱਡ ਕੀਤੇ ਗਏ?
10ਬਿਧ ਤੇ ਬਿਧ, ਬਿਧ ਤੇ ਬਿਧ,
ਸੂਤ੍ਰ ਤੇ ਸੂਤ੍ਰ, ਸੂਤ੍ਰ ਤੇ ਸੂਤ੍ਰ,
ਥੋੜਾ ਐਥੇ, ਥੋੜਾ ਉੱਥੇ!।।
11ਉਹ ਤਾਂ ਥਥਲੇ ਬੁੱਲਾਂ ਅਤੇ ਓਪਰੀ ਜ਼ਬਾਨ ਦੇ ਰਾਹੀਂ
ਇਸ ਪਰਜਾ ਨਾਲ ਬੋਲੇਗਾ,
12ਜਿੰਨ੍ਹਾਂ ਨੂੰ ਓਸ ਆਖਿਆ, ਏਹ ਅਰਾਮ ਹੈ,
ਹੁੱਸੇ ਹੋਏ ਨੂੰ ਅਰਾਮ ਦਿਓ,
ਅਤੇ ਚੈਨ ਏਹ ਹੈ, ਪਰ ਓਹਨਾਂ ਨੇ ਸੁਣਨਾ ਨਾ
ਚਾਹਿਆ।
13ਸੋ ਯਹੋਵਾਹ ਦਾ ਬੋਲ ਓਹਨਾਂ ਲਈ ਏਹ ਹੋਵੇਗਾ,
ਬਿਧ ਤੇ ਬਿਧ, ਬਿਧ ਤੇ ਬਿਧ,
ਸੂਤ੍ਰ ਤੇ ਸੂਤ੍ਰ, ਸੂਤ੍ਰ ਤੇ ਸੂਤ੍ਰ, ਥੋੜਾ ਐਥੇ, ਥੋੜਾ ਉੱਥੇ,
ਭਈ ਓਹ ਚੱਲੇ ਜਾਣ ਤੇ ਪਿਛਾਹਾਂ ਡਿੱਗ ਪੈਣ,
ਅਤੇ ਤੋੜੇ ਜਾਣ ਤੇ ਫੱਸ ਕੇ ਫੜੇ ਜਾਣ।।
14ਏਸ ਲਈ, ਹੇ ਮਖੌਲੀਓ, ਯਹੋਵਾਹ ਦੀ ਗੱਲ ਸੁਣੋ,
ਤੁਸੀਂ ਜਿਹੜੇ ਇਸ ਪਰਜਾ ਉੱਤੇ ਹਕੂਮਤ ਕਰਦੇ ਹੋ,
ਜਿਹੜੀ ਯਰੂਸ਼ਲਮ ਵਿੱਚ ਹੈ,
15ਤੁਸੀਂ ਤਾਂ ਕਹਿੰਦੇ ਸਾਓ ਭਈ ਅਸਾਂ ਮੌਤ ਨਾਲ ਨੇਮ
ਬੰਨ੍ਹਿਆ ਹੈ,
ਅਤੇ ਪਤਾਲ ਨਾਲ ਕਰਾਰ ਕੀਤਾ,
ਜਦ ਬਿਪਤਾ ਦਾ ਹੜ੍ਹ ਆ ਝੁੱਲੇਗਾ,
ਤਾਂ ਉਹ ਸਾਡੇ ਨੇੜੇ ਨਾ ਆਵੇਗਾ,
ਕਿਉਂ ਜੋ ਅਸਾਂ ਝੂਠ ਨੂੰ ਆਪਣੀ ਪਨਾਹ ਬਣਾਇਆ,
ਅਤੇ ਧੋਖੇ ਵਿੱਚ ਅਸਾਂ ਆਪ ਨੂੰ ਲੁਕਾਇਆ, -
16ਏਸ ਲਈ ਪ੍ਰਭੁ ਯਹੋਵਾਹ ਫ਼ਰਮਾਉਂਦਾ ਹੈ,
ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ,
ਇੱਕ ਪਰਖਿਆ ਹੋਇਆ ਪੱਥਰ,
ਇੱਕ ਅਮੋਲਕ ਖੂੰਜੇ ਦਾ ਪੱਥਰ
ਪੱਕੀ ਨੀਂਹ ਦਾ ਧਰਦਾ ਹਾਂ,
ਜਿਹੜਾ ਪਰਤੀਤ ਕਰਦਾ ਹੈ, ਉਹ ਕਾਹਲੀ ਨਹੀਂ
ਕਰੇਗਾ।
17ਮੈਂ ਇਨਸਾਫ਼ ਨੂੰ ਸੂਤ੍ਰ, ਅਤੇ ਧਰਮ ਨੂੰ ਸਾਹਲ
ਬਣਾਵਾਂਗਾ,
ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ,
ਅਤੇ ਹੜ੍ਹ ਓਟ ਨੂੰ ਰੁੜ੍ਹਾ ਲੈਣਗੇ।
18ਤਾਂ ਤੁਹਾਡਾ ਮੌਤ ਨਾਲ ਦਾ ਨੇਮ ਠੱਪਿਆ ਜਾਵੇਗਾ,
ਅਤੇ ਤੁਹਾਡਾ ਪਤਾਲ ਨਾਲ ਦਾ ਕਰਾਰ ਕਾਇਮ ਨਾ
ਰਹੇਗਾ,
ਜਦ ਬਿਪਤਾ ਦਾ ਹੜ੍ਹ ਆ ਝੁੱਲੇ,
ਤੁਸੀਂ ਉਸ ਤੋਂ ਲਿਥੜੇ ਜਾਓਗੇ।
19ਜਦ ਕਦੀ ਉਹ ਲੰਘੇਗਾ ਉਹ ਤੁਹਾਨੂੰ ਫੜੇਗਾ,
ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀਂ ਲੰਘੇਗਾ,
ਅਤੇ ਪਰਚਾਰ ਦਾ ਸਮਝਣਾ ਨਿਰੀ ਘਬਰਾਹਟ ਹੀ
ਹੋਵੇਗਾ!
20ਪਲੰਘ ਨਿੱਸਲ ਹੋਣ ਲਈ ਛੋਟਾ ਹੈ,
ਅਤੇ ਓੱੜ੍ਹਨਾਂ ਓੜ੍ਹਨ ਲਈ ਤੰਗ ਹੈ।
21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਹੋਵਾਹ
ਉੱਠੇਗਾ,
ਜਿਵੇਂ ਗਿਬਓਨ ਦੀ ਦੂਣ ਵਿੱਚ ਹੋਇਆ, ਉਹ
ਕੋਪਵਾਨ ਹੋਵੇਗਾ,
ਭਈ ਉਹ ਆਪਣਾ ਕੰਮ, ਆਪਣਾ ਅਚਰਜ ਕੰਮ ਕਰੇ,
ਅਤੇ ਆਪਣੀ ਕਾਰ, ਆਪਣੀ ਅਨੋਖੀ ਕਾਰ ਕਰੇ।
22ਹੁਣ ਤੁਸੀਂ ਠੱਠੇ ਨਾ ਕਰੋ ਮਤੇ ਤੁਹਾਡੇ ਬੰਧਣ ਪੱਕੇ
ਹੋ ਜਾਣ,
ਕਿਉਂ ਜੋ ਮੈਂ ਪ੍ਰਭੁ ਸੈਨਾਂ ਦੇ ਯਹੋਵਾਹ ਤੋਂ
ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ
ਹੈ।।
23ਕੰਨ ਲਾਓ ਅਤੇ ਮੇਰੀ ਅਵਾਜ਼ ਸੁਣੋ,
ਧਿਆਨ ਲਾਓ ਅਤੇ ਮੇਰਾ ਆਖਾ ਸੁਣੋ।
24ਕੀ ਹਾਲੀ ਬੀਜਣ ਲਈ ਸਾਰਾ ਦਿਨ ਵਾਹੀ ਕਰਦਾ
ਹੈ?
ਕੀ ਉਹ ਆਪਣੀ ਜਮੀਨ ਨੂੰ ਖੋਲਦਾ,
ਅਤੇ ਸੁਹਾਗਾ ਫੇਰਦਾ ਰਹਿੰਦਾ ਹੈ?
25ਜਦ ਉਹ ਨੂੰ ਪੱਧਰਾ ਕਰ ਲਿਆ,
ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ
ਖੁਲ੍ਹਾ ਛੱਟਾ ਨਹੀਂ ਦਿੰਦਾ?
ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਵਾਂ ਨੂੰ ਓਹਨਾਂ
ਦੇ ਥਾਂ,
ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ
ਪਾਉਂਦਾ?
26ਉਹ ਦਾ ਪਰਮੇਸ਼ੁਰ ਉਹ ਨੂੰ ਠੀਕ ਠੀਕ ਸਿਖਲਾਉਂਦਾ,
ਅਤੇ ਉਹ ਨੂੰ ਦੱਸਦਾ ਹੈ।।
27ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ,
ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ,
ਪਰ ਸੌਂਫ ਲਾਠੀ ਨਾਲ ਅਰ ਜੀਰਾ ਡੰਡੇ ਨਾਲ
ਕੁੱਟੀਦਾ ਹੈ।
28ਭਲਾ, ਰੋਟੀ ਦਾ ਅੰਨ ਦਰੜੀਦਾ ਹੈ?
ਉਹ ਤਾਂ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ,
ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ
ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ,
ਤਾਂ ਉਹ ਉਸ ਨੂੰ ਦਰੜ ਨਹੀਂ ਸੁੱਟਦਾ।
29ਇਹ ਵੀ ਸੈਨਾਂ ਦੇ ਯਹੋਵਾਹ ਵੱਲੋਂ ਆਉਂਦਾ ਹੈ,
ਉਹ ਸਲਾਹ ਵਿੱਚ ਅਚਰਜ ਹੈ,
ਬੁੱਧੀ ਵਿੱਚ ਮਹਾਨ!।।
Currently Selected:
ਯਸਾਯਾਹ 28: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.