ਯਸਾਯਾਹ 27
27
ਇਸਰਾਏਲੀਆਂ ਦੀ ਬਹਾਲੀ
1ਓਸ ਦਿਨ ਯਹੋਵਾਹ ਆਪਣੀ ਤਿੱਖੀ, ਵੱਡੀ ਤੇ ਤਕੜੀ ਤਲਵਾਰ ਨਾਲ ਲਿਵਯਾਥਾਨ ਨੱਠਣ ਵਾਲੇ ਸੱਪ ਉੱਤੇ ਅਰਥਾਤ ਲਿਵਯਾਥਾਨ ਕੁੰਡਲੀਦਾਰ ਸੱਪ ਉੱਤੇ ਸਜ਼ਾ ਲਾਵੇਗਾ ਅਤੇ ਉਸ ਸਰਾਲ ਨੂੰ ਜਿਹੜੀ ਸਮੁੰਦਰ ਵਿੱਚ ਹੈ ਕਤਲ ਕਰੇਗਾ।।
2ਉਸ ਦਿਨ ਇੱਕ ਰਸਿਆ ਹੋਇਆ ਅੰਗੂਰੀ ਬਾਗ,
ਉਹ ਦਾ ਗੀਤ ਗਾਓ!
3ਮੈਂ ਯਹੋਵਾਹ ਉਸ ਦਾ ਰਾਖਾ ਹਾਂ,
ਮੈਂ ਉਹ ਨੂੰ ਹਰ ਦਮ ਸਿੰਜਦਾ ਰਹਾਂਗਾ,
ਮਤੇ ਕੋਈ ਉਹ ਦਾ ਨੁਕਸਾਨ ਕਰੇ,
ਮੈਂ ਰਾਤ ਦਿਨ ਉਹ ਦੀ ਰਾਖੀ ਕਰਾਂਗਾ।
4ਮੈਂਨੂੰ ਗੁੱਸਾ ਨਹੀਂ।
ਕਾਸ਼ ਕਿ ਕੰਡੇ ਤੇ ਕੰਡਿਆਲੇ ਮੇਰੇ ਵਿਰੁੱਧ ਲੜਾਈ
ਵਿੱਚ ਹੁੰਦੇ!
ਮੈਂ ਉਨ੍ਹਾਂ ਦੇ ਉੱਤੇ ਚੜ੍ਹਾਈ ਕਰਦਾ,
ਮੈਂ ਉਨ੍ਹਾਂ ਨੂੰ ਇਕੱਠੇ ਸਾੜ ਸੁੱਟਦਾ।
5ਯਾ ਓਹ ਮੇਰੀ ਓਟ ਨੂੰ ਤਕੜੇ ਹੋ ਕੇ ਫੜਨ,
ਓਹ ਮੇਰੇ ਨਾਲ ਸੁਲਾਹ ਕਰਨ,
ਹਾਂ, ਸੁਲਾਹ ਕਰਨ ਮੇਰੇ ਨਾਲ।
6ਆਉਣ ਵਾਲਿਆਂ ਸਮਿਆਂ ਵਿੱਚ ਯਾਕੂਬ ਜੜ੍ਹ
ਫੜੇਗਾ,
ਇਸਰਾਏਲ ਫੁੱਟੇਗਾ ਤੇ ਫੁੱਲੇਗਾ,
ਅਤੇ ਜਗਤ ਦੀ ਪਰਤ ਨੂੰ ਫਲ ਨਾਲ ਭਰ ਦੇਵੇਗਾ।।
7ਕੀ ਉਸ ਨੇ ਓਹਨਾਂ ਨੂੰ ਮਾਰਿਆ,
ਜਿਵੇਂ ਉਸ ਨੇ ਓਹਨਾਂ ਦੇ ਮਾਰਨ ਵਾਲਿਆਂ ਨੂੰ
ਮਾਰਿਆ?
ਯਾ ਓਹ ਵੱਢੇ ਗਏ,
ਜਿਵੇਂ ਓਹਨਾਂ ਦੇ ਵੱਢਣ ਵਾਲੇ ਵੱਢੇ ਗਏ?
8ਜਦ ਓਹਨਾਂ ਨੂੰ ਕੱਢਿਆ ਤਾਂ ਤੈਂ ਮਿਣ ਗਿਣ ਕੇ
ਓਹਨਾਂ ਨਾਲ ਝਗੜਾ ਕੀਤਾ,
ਉਹ ਨੇ ਓਹਨਾਂ ਨੂੰ ਆਪਣੀ ਤੇਜ਼ ਅਨ੍ਹੇਰੀ ਨਾਲ
ਪੁਰੇ ਦੀ ਹਵਾ ਦੇ ਦਿਨ ਵਿੱਚ ਹਟਾ ਦਿੱਤਾ।
9ਏਸ ਲਈ ਏਹ ਦੇ ਵਿੱਚ ਯਾਕੂਬ ਦੀ ਬਦੀ ਦਾ
ਪਰਾਸਚਿਤ ਹੋਵੇਗਾ,
ਅਤੇ ਉਹ ਦੇ ਪਾਪ ਦੇ ਦੂਰ ਹੋਣ ਤਾ ਸਾਰਾ ਫਲ
ਏਹ ਹੈ,
ਭਈ ਉਹ ਜਗਵੇਦੀ ਦੇ ਸਾਰੇ ਪੱਥਰ
ਚੂਰ ਚੂਰ ਕੀਤੇ ਹੋਏ ਚੂਨੇ ਦੇ ਪੱਥਰਾਂ ਵਾਂਙੁ ਕਰੇ,
ਨਾ ਅਸ਼ੇਰ ਟੁੰਡ ਨਾ ਸੂਰਜ ਥੰਮ੍ਹ ਖੜੇ ਰਹਿਣਗੇ।।
10ਗੜ੍ਹ ਵਾਲਾ ਸ਼ਹਿਰ ਤਾਂ ਅਕੱਲਾ ਹੈ,
ਇੱਕ ਛੱਡਿਆ ਹੋਇਆ ਨਿਵਾਸ,
ਉਜਾੜ ਵਾਂਙੁ ਤਿਆਗਿਆ ਹੋਇਆ, -
ਉੱਥੇ ਵੱਛਾ ਚਰੇਗਾ,
ਉੱਥੇ ਉਹ ਬੈਠੇਗਾ ਅਤੇ ਉਹ ਦੀਆਂ ਟਹਿਣੀਆਂ ਨੂੰ
ਖਾ ਜਾਵੇਗਾ।
11ਜਦ ਉਹ ਦੇ ਟਹਿਣੇ ਸੁੱਕ ਜਾਣ ਓਹ ਤੋੜੇ ਜਾਣਗੇ,
ਤੀਵੀਆਂ ਆਣ ਕੇ ਓਹਨਾਂ ਨੂੰ ਅੱਗ ਲਾਉਣਗੀਆਂ।
ਓਹ ਤਾਂ ਬੁੱਧ ਹੀਣ ਲੋਕ ਹਨ, ਏਸ ਲਈ ਓਹਨਾਂ ਦਾ ਕਰਤਾ ਓਹਨਾਂ ਉੱਤੇ ਰਹਮ
ਨਾ ਕਰੇਗਾ,
ਨਾ ਓਹਨਾਂ ਦਾ ਰਚਣ ਵਾਲਾ ਓਹਨਾਂ ਉੱਤੇ ਕਿਰਪਾ
ਕਰੇਗਾ।।
12ਓਸ ਦਿਨ ਐਉਂ ਹੋਵੇਗਾ ਕਿ
ਯਹੋਵਾਹ ਦਰਿਆ ਦੇ ਵਹਾ ਤੋਂ ਲੈਕੇ
ਮਿਸਰ ਦੇ ਨਾਲੇ ਤੀਕ ਝਾੜ ਦੇਵੇਗਾ,
ਅਤੇ ਹੇ ਇਸਰਾਏਲੀਓ, ਤੁਸੀਂ ਇੱਕ ਇੱਕ ਕਰਕੇ
ਚੁਗ ਲਏ ਜਾਓਗੇ।
13ਓਸ ਦਿਨ ਐਉਂ ਹੋਵੇਗਾ ਕਿ
ਵੱਡੀ ਤੁਰ੍ਹੀ ਫੂਕੀ ਜਾਵੇਗੀ,
ਅਤੇ ਜਿਹੜੇ ਅੱਸ਼ੂਰ ਦੇਸ ਵਿੱਚ ਖਪ ਜਾਣ ਵਾਲੇ
ਸਨ,
ਅਤੇ ਜਿਹੜੇ ਮਿਸਰ ਦੇਸ ਵਿੱਚ ਕੱਢੇ ਹੋਏ ਸਨ,
ਓਹ ਆਉਣਗੇ,
ਅਤੇ ਯਰੂਸਲਮ ਵਿੱਚ ਪਵਿੱਤ੍ਰ ਪਰਬਤ ਉੱਤੇ
ਯਹੋਵਾਹ ਨੂੰ ਮੱਥਾ ਟੇਕਣਗੇ।।
Currently Selected:
ਯਸਾਯਾਹ 27: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.