ਯਸਾਯਾਹ 2
2
ਯਹੋਵਾਹ ਦਾ ਭਵਨ ਅਤੇ ਯਹੋਵਾਹ ਦਾ ਦਿਨ
1ਆਮੋਸ ਦੇ ਪੁੱਤ੍ਰ ਯਸਾਯਾਹ ਦੀ ਗੱਲ ਜਿਹੜੀ ਉਸ
ਨੇ ਯਹੂਦਾਹ ਤੇ ਯਰੂਸ਼ਲਮ ਦੇ ਵਿਖੇ ਵੇਖੀ, -
2ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ
ਕਿ ਯਹੋਵਾਹ ਦੇ ਭਵਨ ਦਾ ਪਰਬਤ
ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ,
ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ,
ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।
3ਬਹੁਤੀਆਂ ਉੱਮਤਾਂ ਆਉਣਗੀਆਂ ਅਤੇ
ਆਖਣਗੀਆਂ,
ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ,
ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ,
ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ,
ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ,
ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ,
ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।
4ਉਹ ਕੌਮਾਂ ਵਿੱਚ ਨਿਆਉਂ ਕਰੇਗਾ,
ਅਤੇ ਬਹੁਤੀਆਂ ਉੱਮਤਾਂ ਦਾ ਫੈਸਲਾ ਕਰੇਗਾ,
ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ
ਬਣਾਉਣਗੇ,
ਅਤੇ ਆਪਣੇ ਬਰਛਿਆਂ ਨੂੰ ਦਾਤ।
ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ,
ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।।
5ਹੇ ਯਾਕੂਬ ਦੇ ਘਰਾਣੇ, ਆਓ
ਅਤੇ ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ।
6ਤੈਂ ਤਾਂ ਆਪਣੀ ਪਰਜਾ ਯਾਕੂਬ ਦੇ ਘਰਾਣੇ ਨੂੰ ਛੱਡ
ਦਿੱਤਾ ਹੈ,
ਕਿਉਂ ਜੋ ਓਹ ਪੂਰਬ (ਦੀਆਂ ਰੀਤਾਂ) ਨਾਲ ਭਰੇ
ਹੋਏ ਹਨ,
ਅਤੇ ਫਲਿਸਤੀਆਂ ਵਾਂਙੁ ਮਹੂਰਤ ਵੇਖਦੇ ਹਨ,
ਅਤੇ ਪਰਦੇਸੀਆਂ ਦੀ ਅੰਸ ਦੇ ਹੱਥ ਉੱਤੇ ਹੱਥ
ਮਾਰਦੇ ਹਨ,
7ਓਹਨਾਂ ਦਾ ਦੇਸ ਚਾਂਦੀ ਸੋਨੇ ਨਾਲ ਭਰਿਆ
ਹੋਇਆ ਹੈ,
ਓਹਨਾਂ ਦੇ ਖ਼ਜਾਨਿਆਂ ਦੀ ਅੰਤ ਨਹੀਂ ਹੈ,
ਓਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ,
ਅਤੇ ਓਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ।
8ਓਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ
ਓਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ,
ਜਿਹੜੀ ਓਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ!
9ਸੋ ਆਦਮੀ ਨਿਵਾਇਆ ਜਾਂਦਾ,
ਅਤੇ ਮਨੁੱਖ ਅੱਝਾ ਕੀਤਾ ਜਾਂਦਾ ਹੈ, -
ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ!
10ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ
ਤੇਜ ਤੋਂ,
ਚਟਾਨ ਵਿੱਚ ਵੜ ਅਤੇ ਖ਼ਾਕ ਵਿੱਚ ਲੁੱਕ!
11ਆਦਮੀ ਦੀਆਂ ਉੱਚੀਆਂ ਅੱਖਾਂ ਅੱਝੀਆਂ
ਕੀਤੀਆਂ ਜਾਣਗੀਆਂ,
ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ,
ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ
ਹੋਵੇਗਾ।।
12ਸੋ ਸੈਨਾਂ ਦਾ ਯਹੋਵਾਹ ਦਾ ਇੱਕ ਦਿਨ ਹੈ
ਜਿਹੜਾ ਹਰ ਘੁਮੰਡੀ ਅਤੇ ਅਭਮਾਨੀ ਦੇ ਵਿਰੁੱਧ,
ਅਤੇ ਹਰ ਹੰਕਾਰੀ ਦੇ ਵਿਰੁੱਧ ਵੀ ਹੈ,
ਅਤੇ ਉਹ ਅੱਝਾ ਕੀਤਾ ਜਾਵੇਗਾ,
13ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ,
ਜਿਹੜੇ ਉੱਚੇ ਤੇ ਵਧੀਆ ਹਨ,
ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ,
14ਸਾਰੇ ਉੱਚੇ ਪਹਾੜਾਂ ਦੇ ਵਿਰੁੱਧ,
ਅਤੇ ਸਾਰੇ ਉੱਚੇਰੇ ਟਿੱਬਿਆਂ ਦੇ ਵਿਰੁੱਧ,
15ਨਾਲੇ ਹਰ ਉੱਚੇ ਬੁਰਜ ਦੇ ਵਿਰੁੱਧ,
ਅਤੇ ਹਰ ਸਫੀਲ ਦੀ ਕੰਧ ਦੇ ਵਿਰੁੱਧ,
16ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ,
ਅਤੇ ਸਾਰੇ ਮਨ ਭਾਉਂਦੇ ਸਮਾਨ ਦੇ ਵਿਰੁੱਧ।
17ਆਦਮੀ ਦਾ ਗਰੂਰ ਨਿਵਾਇਆ ਜਾਵੇਗਾ,
ਮਨੁੱਖ ਦਾ ਹੰਕਾਰ ਅੱਝਾ ਕੀਤਾ ਜਾਵੇਗਾ,
ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ
ਹੋਵੇਗਾ,
18ਅਤੇ ਬੁੱਤ ਉੱਕੇ ਹੀ ਮਿਟ ਜਾਣਗੇ।
19ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ
ਤੇਜ ਤੋਂ,
ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ
ਉੱਠੇਗਾ,
ਮਨੁੱਖ ਚਟਾਨ ਦੀਆਂ ਖੁੰਧਰਾਂ ਵਿੱਚ,
ਅਤੇ ਮਿੱਟੀ ਦੇ ਟੋਇਆਂ ਵਿੱਚ ਵੜਨਗੇ।।
20ਓਸ ਦਿਨ ਆਦਮੀ ਆਪਣੀ ਚਾਂਦੀ ਦੇ ਬੁੱਤ,
ਅਤੇ ਆਪਣੇ ਸੋਨੇ ਦੇ ਬੁੱਤ,
ਜਿਹੜੇ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਨੂੰ
ਬਣਾਏ,
ਚਕਚੂੰਧਰਾਂ ਅਤੇ ਚਮਗਿੱਦੜਾਂ ਲਈ ਸੁੱਟ
ਦੇਣਗੇ।
21ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ
ਤੇਜ ਤੋਂ,
ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ
ਉੱਠੇਗਾ,
ਓਹ ਚਟਾਨ ਦਿਆਂ ਛੇਕਾਂ ਵਿੱਚ,
ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਵੜਨਗੇ।
22ਆਦਮੀ ਤੋਂ ਤੁਸੀਂ ਪਰੇ ਹਟੋ ਜਿਹ ਦਾ ਸਾਹ ਉਹ
ਦੀਆਂ ਨਾਸਾਂ ਵਿੱਚ ਹੈ,
ਫੇਰ ਉਹ ਕਿਹੜੇ ਹਿਸਾਬ ਵਿੱਚ ਹੈ?।।
Currently Selected:
ਯਸਾਯਾਹ 2: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.