YouVersion Logo
Search Icon

ਹਿਜ਼ਕੀਏਲ 14

14
ਬੁੱਤ ਪੂਜਕਾਂ ਲਈ ਸਜ਼ਾ
1ਫੇਰ ਇਸਰਾਏਲ ਦੇ ਕੁਝਕੁ ਬਜ਼ੁਰਗ ਮੇਰੇ ਕੋਲ ਆਏ ਅਤੇ ਮੂਹਰੇ ਬਹਿ ਗਏ 2ਤਦੋਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 3ਹੇ ਆਦਮੀ ਦੇ ਪੁੱਤ੍ਰ, ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨ ਵਿੱਚ ਥਾਂ ਦਿੱਤਾ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਓਹ ਮੈਂਥੋਂ ਕੁਝ ਪੁੱਛਣ 4ਏਸ ਲਈ ਤੂੰ ਉਨ੍ਹਾਂ ਨਾਲ ਗੱਲਾਂ ਕਰ, ਅਤੇ ਉਨ੍ਹਾਂ ਨੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, ਕਿ ਇਸਰਾਏਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੇ ਮਨ ਵਿੱਚ ਆਪਣੀਆਂ ਮੂਰਤੀਆਂ ਨੂੰ ਥਾਂ ਦਿੰਦਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਜਾਂਦਾ ਹੈ ਮੈਂ ਯਹੋਵਾਹ ਉਹ ਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਸ ਨੂੰ ਉੱਤਰ ਦਿਆਂਗਾ 5ਤਾਂ ਜੋ ਮੈਂ ਇਸਰਾਏਲ ਦੇ ਘਰਾਣੇ ਦੇ ਮਨਾਂ ਨੂੰ ਫੜਾਂ ਕਿਉਂ ਜੋ ਓਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੈਂਥੋਂ ਦੂਰ ਹੋ ਗਏ ਹਨ 6ਏਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਘਿਣਾਉਣਿਆਂ ਕੰਮਾਂ ਵੱਲੋਂ ਮੂੰਹ ਮੋੜੋ 7ਕਿਉਂ ਜੋ ਹਰੇਕ ਜੋ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਯਾ ਉਨ੍ਹਾਂ ਓਪਰਿਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ ਮੈਥੋਂ ਅੱਡ ਹੁੰਦਾ ਜਾਂਦਾ ਹੈ ਅਤੇ ਆਪਣੇ ਮਨ ਵਿੱਚ ਆਪਣੀਆਂ ਮੂਰਤੀਆਂ ਨੂੰ ਥਾਂ ਦਿੰਦਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਵਿੱਖੇ ਪੁੱਛਣ ਲਈ ਆਉਂਦਾ ਹੈ ਉਹ ਨੂੰ ਮੈਂ ਯਹੋਵਾਹ ਆਪੇ ਹੀ ਉੱਤਰ ਦਿਆਂਗਾ 8ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਅਖੌਤਾਂ ਲਈ ਹਰਾਨੀ ਦਾ ਕਾਰਨ ਬਣਾਵਾਂਗਾ ਅਤੇ ਮੈਂ ਉਹ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦਿਆਂਗਾ ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 9ਅਤੇ ਜੇ ਕਰ ਨਬੀ ਧੋਖਾ ਖਾ ਕੇ ਕੁਝ ਆਖੇ ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ ਅਤੇ ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ 10ਅਤੇ ਓਹ ਆਪਣੀ ਬਦੀ ਦੇ ਡੰਨ ਭੁਗਤਣਗੇ। ਨਬੀ ਦੀ ਬਦੀ ਦਾ ਡੰਨ ਵੀ ਉਹੀ ਹੋਵੇਗਾ ਜਿਹੜਾ ਉਹ ਦਾ ਪੁੱਛਣ ਵਾਲੇ ਦਾ ਹੋਵੇਗਾ 11ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ, ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੇ ਸਗੋਂ ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਓਹ ਮੇਰੀ ਪਰਜਾ ਹੋਣ ਅਤੇ ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂ।।
12ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 13ਹੇ ਆਦਮੀ ਦੇ ਪੁੱਤ੍ਰ, ਜਦੋਂ ਕੋਈ ਦੇਸ ਭਾਰੀ ਪਾਪ ਕਰ ਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ ਅਤੇ ਉਸ ਦੀ ਰੋਟੀ ਦਾ ਉਪਰਾਲਾ ਭੰਨ ਸੁੱਟਾਂ ਅਤੇ ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ 14ਤਾਂ ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੋ ਮਨੁੱਖ ਹੋਣ, ਪ੍ਰਭੁ ਯਹੋਵਾਹ ਦਾ ਵਾਕ ਹੈ, ਓਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛੁਡਾਉਣਗੇ 15ਜੇ ਕਰ ਮੈਂ ਕਿਸੇ ਦੇਸ ਵਿੱਚ ਬੁਰੇ ਦਰਿੰਦੇ ਘੱਲਾਂ ਕਿ ਉਸ ਵਿੱਚ ਫਿਰ ਕੇ ਉਹ ਨੂੰ ਉਜਾੜ ਸੁੱਟਣ ਅਤੇ ਉਹ ਇੱਥੇ ਤੀਕਰ ਵਿਰਾਨ ਹੋ ਜਾਵੇ ਕਿ ਉਨ੍ਹਾਂ ਦਰਿੰਦਿਆਂ ਕਰਕੇ ਕੋਈ ਓਸ ਵਿੱਚੋਂ ਲੰਘ ਨਾ ਸੱਕੇ 16ਤਾਂ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂਹ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ ਤਾਂ ਵੀ ਓਹ ਧੀਆਂ ਅਤੇ ਪੁੱਤ੍ਰਾਂ ਨੂੰ ਨਾ ਛੁਡਾ ਸੱਕਣਗੇ, ਕੇਵਲ ਓਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ 17ਯਾ ਜੇ ਕਰ ਮੈਂ ਉਸ ਦੇਸ ਵਿੱਚ ਤਲਵਾਰ ਘੱਲਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸੂਆਂ ਨੂੰ ਵੱਢ ਸੁੱਟਾਂ 18ਤਾਂ ਪਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂਹ ਕਿ ਭਾਵੇਂ ਇਹ ਤਿੰਨੇ ਮਨੁੱਖ ਉਹ ਦੇ ਵਿੱਚ ਹੋਣ ਤਾਂ ਵੀ ਓਹ ਧੀਆਂ, ਪੁੱਤ੍ਰਾਂ ਨੂੰ ਨਹੀ ਬਚਾ ਸੱਕਣਗੇ ਸਗੋਂ ਕੇਵਲ ਓਹ ਆਪ ਹੀ ਬਚਣਗੇ 19ਯਾ ਜੇ ਕਰ ਮੈਂ ਉਸ ਦੇਸ ਵਿੱਚ ਬਵਾ ਘੱਲਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਘੱਲਾਂ ਜੋ ਉੱਥੋਂ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ 20ਭਾਵੇਂ ਨੂਹ, ਦਾਨੀਏਲ ਅਤੇ ਅੱਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸੌਂਹ ਕਿ ਓਹ ਨਾ ਪੁੱਤ੍ਰ ਨੂੰ ਛੁਡਾ ਸੱਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਲੈਣਗੇ।।
21ਸੋ ਪ੍ਰਭੁ ਯਹੋਵਾਹ ਐਉਂ ਫਰਮਾਉਂਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਣਕ ਨਿਆਉਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਬਵਾ ਯਰੂਸ਼ਲਮ ਉੱਤੇ ਘੱਲਾਂ ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ 22ਤਾਂ ਵੀ ਵੇਖੋ, ਉੱਥੇ ਕੁਝਕੁ ਪੁੱਤ੍ਰ ਧੀਆਂ ਬਚ ਰਹਿਣਗੇ ਜਿਹੜੇ ਕੱਢੇ ਜਾਣਗੇ ਅਤੇ ਤੁਹਾਡੇ ਕੋਲ ਪੁਚਾਏ ਜਾਣਗੇ ਅਤੇ ਤੁਸੀਂ ਉਨ੍ਹਾਂ ਦੇ ਚਾਲ ਚਲਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਵੇਖ ਕੇ ਉਸ ਬਲਾ ਦੇ ਵਿਖੇ ਜੋ ਮੈਂ ਯਰੂਸ਼ਲਮ ਉੱਤੇ ਘੱਲੀ ਅਤੇ ਉਨ੍ਹਾਂ ਸਾਰੀਆਂ ਬਲਾਵਾਂ ਦੇ ਵਿਖੇ ਜੋ ਮੈਂ ਉਸ ਉੱਤੇ ਘੱਲੀਆਂ ਹਨ ਤੁਸੀਂ ਤਸੱਲੀ ਪਾਓਗੇ 23ਅਤੇ ਓਹ ਵੀ ਜਦ ਤੁਸੀਂ ਉਨ੍ਹਾਂ ਦੇ ਚਾਲ ਚਲਨ ਅਤੇ ਉਨ੍ਹਾਂ ਦੇ ਕੰਮਾਂ ਨੂੰ ਵੇਖੋਗੇ ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਪ੍ਰਭੁ ਯਹੋਵਾਹ ਦਾ ਵਾਕ ਹੈ।।

Highlight

Copy

Compare

Share

None

Want to have your highlights saved across all your devices? Sign up or sign in