ਹਿਜ਼ਕੀਏਲ 13
13
ਝੂਠੇ ਨਬੀ ਅਤੇ ਝੂਠੀਆਂ ਨਬਣੀਆਂ
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2ਹੇ ਆਦਮੀ ਦੇ ਪੁੱਤ੍ਰ, ਇਸਰਾਏਲ ਦੇ ਨਬੀ ਜਿਹੜੇ ਅਗੰਮ ਵਾਕ ਬੋਲਦੇ ਹਨ ਉਨ੍ਹਾਂ ਦੇ ਵਿਰੁੱਧ ਅੰਗਮ ਵਾਚ ਅਤੇ ਜੋ ਆਪਣੇ ਮਨਾਂ ਵਿੱਚ ਅਗੰਮ ਵਾਚਦੇ ਹਨ ਤੂੰ ਉਨ੍ਹਾਂ ਨੂੰ ਆਖ, ਕਿ ਯਹੋਵਾਹ ਦਾ ਬਚਨ ਸੁਣੋ! 3ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੂਰਖ ਨਬੀਆਂ ਉੱਤੇ ਹਾਇ ਹਾਇ! ਜਿਹੜੇ ਆਪਣੇ ਹੀ ਆਤਮਾ ਮਗਰ ਤੁਰਦੇ ਹਨ ਅਤੇ ਉਨ੍ਹਾਂ ਨੇ ਕੁਝ ਨਹੀਂ ਵੇਖਿਆ 4ਹੇ ਇਸਰਾਏਲ, ਤੁਹਾਡੇ ਨਬੀ ਉਨ੍ਹਾਂ ਲੂਮੜੀਆਂ ਵਾਂਗਰ ਸਨ ਜਿਹੜੀਆਂ ਉਜਾੜਾਂ ਵਿੱਚ ਰਹਿੰਦੀਆਂ ਹਨ 5ਤੁਸੀਂ ਪਾੜਾਂ ਉੱਤੇ ਨਹੀਂ ਗਏ, ਨਾ ਤੁਸਾਂ ਇਸਰਾਏਲ ਦੇ ਘਰਾਣੇ ਲਈ ਕੰਧ ਬਣਾਈ ਹੈ ਤਾਂ ਜੋ ਤੁਸੀਂ ਯਹੋਵਾਹ ਦੇ ਦਿਨ ਲੜਾਈ ਵਿੱਚ ਖਲੋ ਸੱਕੋ 6ਉਨ੍ਹਾਂ ਨੇ ਫੋਕਾ ਅਤੇ ਝੂਠਾ ਅਗੰਮ ਵੇਖਿਆ ਹੈ ਜੋ ਆਖਦੇ ਹਨ ਕਿ ਯਹੋਵਾਹ ਦਾ ਵਾਕ ਹੈ ਭਾਵੇਂ ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਘੱਲਿਆ ਅਤੇ ਓਹ ਲੋਕਾਂ ਨੂੰ ਆਸ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਗੱਲ ਕਾਇਮ ਹੋ ਜਾਵੇਗੀ 7ਕੀ ਤੁਸਾਂ ਝੂਠਾ ਦਰਸ਼ਣ ਨਹੀਂ ਵੇਖਿਆ? ਕੀ ਤੁਸਾਂ ਝੂਠੀ ਅਗੰਮ ਬਾਣੀ ਨਹੀਂ ਆਖੀ? ਕਿਉਂ ਜੋ ਤੁਸੀਂ ਆਖਦੇ ਹੋ ਕਿ ਯਹੋਵਾਹ ਦਾ ਵਾਕ ਹੈ ਭਾਵੇਂ ਮੈਂ ਨਹੀਂ ਵਾਚਿਆ।।
8ਏਸ ਲਈ ਪਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਤੁਸਾਂ ਫੋਕੀਆਂ ਗੱਲਾਂ ਜੋ ਆਖੀਆਂ ਹਨ ਅਤੇ ਝੂਠ ਵੇਖਿਆ ਹੈ ਏਸ ਲਈ ਵੇਖੋ, ਮੈਂ ਤੁਹਾਡਾ ਵਿਰੋਧੀ ਹਾਂ, ਪ੍ਰਭੁ ਯਹੋਵਾਹ ਦਾ ਵਾਕ ਹੈ 9ਅਤੇ ਮੇਰਾ ਹੱਥ ਉਨ੍ਹਾਂ ਨਬੀਆਂ ਦੇ ਵਿਰੁੱਧ ਹੋਵੇਗਾ ਜਿਹੜੇ ਫੋਕੇ ਦਰਸ਼ਣ ਵੇਖਦੇ ਹਨ ਅਤੇ ਝੂਠੀ ਅਗੰਮ ਬਾਣੀ ਦੱਸਦੇ ਹਨ। ਨਾ ਓਹ ਮੇਰੇ ਲੋਕਾਂ ਦੇ ਜੱਥੇ ਵਿੱਚ ਮਿਲਣਗੇ, ਨਾ ਇਸਰਾਏਲ ਦੇ ਘਰਾਣੇ ਦੀ ਪੋਥੀ ਵਿੱਚ ਲਿਖੇ ਜਾਣਗੇ, ਨਾ ਓਹ ਇਸਰਾਏਲ ਦੀ ਭੂਮੀ ਵਿੱਚ ਵੜਨਗੇ ਅਤੇ ਤੁਸੀਂ ਜਾਣ ਲਵੋਗੇ ਕਿ ਮੈਂ ਪ੍ਰਭੁ ਯਹੋਵਾਹ ਹਾਂ 10ਇਸ ਕਾਰਨ ਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕਿ ਕੁਰਾਹੇ ਪਾਇਆ ਹੈ ਕਿ ਸੁਖ ਹੈ ਜਦੋਂ ਕਿ ਸੁਖ ਨਹੀਂ ਹੈ ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਓਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ 11ਤੂੰ ਉਨ੍ਹਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ ਕਿਉਂ ਜੋ ਮੋਹਲੇ ਧਾਰ ਵਰਖਾ ਪਵੇਗੀ ਅਤੇ ਵੱਡੇ ਵੱਡੇ ਗੜੇ ਪੈਣਗੇ, ਅਤੇ ਅਨ੍ਹੇਰੀ ਉਹ ਨੂੰ ਡੇਗ ਦੇਵੇਗੀ 12ਅਤੇ ਜਦੋਂ ਉਹ ਕੰਧ ਡਿੱਗੇਗੀ ਤਾਂ ਕੀ ਲੋਕ ਤੁਹਾਡੇ ਤੋਂ ਨਾ ਪੁੱਛਣਗੇ ਕਿ ਉਹ ਕਹਿਗਲ ਕਿੱਥੇ ਹੈ ਜਿਹੜੀ ਤੁਸਾਂ ਉਸ ਉੱਤੇ ਕੀਤੀ ਸੀ? 13ਏਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੈਂ ਆਪਣੇ ਕਹਿਰ ਦੀ ਜ਼ੋਰ ਦੀ ਅਨ੍ਹੇਰੀ ਨਾਲ ਉਹ ਨੂੰ ਭੰਨ ਸੁੱਟਾਂਗਾ ਅਤੇ ਮੇਰੇ ਕਹਿਰ ਕਰਕੇ ਛਮਾ ਛਮ ਵਰਖਾ ਵਰ੍ਹੇਗੀ ਅਤੇ ਮੇਰੇ ਕਹਿਰ ਦੇ ਵੱਡੇ ਗੜੇ ਪੈਣਗੇ ਤਾਂ ਜੋ ਉਹ ਨੂੰ ਮਲੀਆ ਮੇਟ ਕਰ ਦੇਣ 14ਸੋ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸਾਂ ਕੱਚੀ ਲਿਪਾਈ ਕੀਤੀ ਸੀ ਤੋੜ ਸੁੱਟਾਂਗਾ ਅਤੇ ਧਰਤੀ ਤੇ ਢਾਹ ਦਿਆਂਗਾ ਇੱਥੋਂ ਤੀਕਰ ਕਿ ਉਹ ਦੀਆਂ ਨੀਂਹਾਂ ਨੰਗੀਆਂ ਹੋ ਜਾਣਗੀਆਂ, ਹਾਂ, ਉਹ ਡਿੱਗੇਗੀ, ਅਤੇ ਤੁਸੀਂ ਉਸੇ ਵਿੱਚ ਮਾਰੇ ਜਾਓਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ! 15ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਨ੍ਹਾਂ ਉੱਤੇ ਜਿਨ੍ਹਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ ਪੂਰੀ ਕਰਾਂਗਾ। ਤਦੋਂ ਮੈਂ ਤੁਹਾਨੂੰ ਆਖਾਂਗਾ ਕਿ ਨਾ ਕੰਧ ਰਹੀ ਅਤੇ ਨਾ ਓਹ ਰਹੇ ਜਿਨ੍ਹਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ 16ਅਰਥਾਤ ਇਸਰਾਏਲ ਦੇ ਨਬੀ ਜਿਹੜੇ ਯਰੂਸ਼ਲਮ ਦੇ ਵਿਖੇ ਅਗੰਮ ਵਾਚਦੇ ਹਨ ਅਤੇ ਉਸ ਦੀ ਸੁਖ ਸਾਂਦ ਦੇ ਦਰਸ਼ਣ ਵੇਖਦੇ ਹਨ ਜਦੋਂ ਕਿ ਸੁਖ ਨਹੀਂ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ।।
17ਹੇ ਆਦਮੀ ਦੇ ਪੁੱਤ੍ਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਜਿਹੜੀਆਂ ਮਨ ਘੜਤ ਗੱਲਾਂ ਬਣਾ ਕੇ ਅਗੰਮ ਵਾਚਦੀਆਂ ਹਨ ਮੂੰਹ ਮਰੋੜ ਅਤੇ ਉਨ੍ਹਾਂ ਦੇ ਵਿਰੁੱਧ ਅਗੰਮ ਵਾਚ 18ਅਤੇ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਤੁਸਾਂ ਉੱਤੇ ਅਫਸੋਸ! ਜੋ ਅਰਕਾਂ ਦੇ ਉੱਤੇ ਗੱਦੀਆਂ ਸੀਉਂਦੀਆਂ ਹੋ ਅਤੇ ਹਰ ਕੱਦ ਦੇ ਅਨੁਸਾਰ ਸਿਰ ਦੇ ਲਈ ਬੁਰਕੇ ਬਣਾਉਂਦੀਆਂ ਹੋ ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋਗੀਆਂ? ਅਤੇ ਆਪਣੀ ਜਾਨ ਬਚਾਓਗੀਆਂ? 19ਤੁਸਾਂ ਮੁੱਠ ਕੁ ਜੌਵਾਂ ਲਈ ਅਤੇ ਰੋਟੀ ਦੇ ਟੁਕੜਿਆਂ ਲਈ ਮੈਨੂੰ ਮੇਰੇ ਲੋਕਾਂ ਵਿੱਚ ਭ੍ਰਿਸ਼ਟ ਕੀਤਾ ਹੈ ਤਾਂ ਜੋ ਤੁਸੀਂ ਉਨ੍ਹਾਂ ਜਾਨਾਂ ਨੂੰ ਮਾਰ ਸੁੱਟੋ, ਜੋ ਮਰਨ ਦੇ ਲਾਇਕ ਨਹੀਂ ਹਨ ਅਤੇ ਉਨ੍ਹਾਂ ਨੂੰ ਜੀਉਂਦਿਆਂ ਰੱਖੋ ਜਿਹੜੀਆਂ ਜੀਉਣ ਦੇ ਲਾਇਕ ਨਹੀਂ ਕਿਉਂ ਜੋ ਤੁਸੀਂ ਮੇਰੇ ਲੋਕਾਂ ਨਾਲ ਜਿਹੜੇ ਝੂਠ ਸੁਣਨ ਵਾਲੇ ਹਨ ਝੂਠ ਬੋਲਦੀਆਂ ਹੋ 20ਸੋ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਵੇਖੋ, ਮੈਂ ਤੁਹਾਡੀਆਂ ਗੱਦੀਆਂ ਦੇ ਵਿਰੁੱਧ ਹਾਂ ਜਿਨ੍ਹਾਂ ਨਾਲ ਤੁਸੀਂ ਜਾਨਾਂ ਨੂੰ ਪੰਛੀਆਂ ਵਾਂਙੁ ਫਾਹ ਲੈਂਦੀਆਂ ਹੋ ਅਤੇ ਮੈਂ ਉਨ੍ਹਾਂ ਨੂੰ ਤੁਹਾਡੀਆਂ ਅਰਕਾਂ ਤੋਂ ਪਾੜ ਸੁੱਟਾਂਗਾ ਅਤੇ ਉਨ੍ਹਾਂ ਜਾਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਪੰਛੀਆਂ ਵਾਂਙੁ ਫਾਹ ਲੈਂਦੀਆਂ ਹੋ ਛੁਡਾ ਦਿਆਂਗਾ 21ਮੈਂ ਤੁਹਾਡੇ ਬੁਰਕਿਆਂ ਨੂੰ ਵੀ ਪਾੜਾਂਗਾ ਅਤੇ ਆਪਣੀ ਪਰਜਾ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ ਅਤੇ ਫੇਰ ਕਦੀ ਤੁਹਾਡਾ ਵੱਸ ਨਹੀਂ ਚੱਲੇਗਾ ਕਿ ਉਨ੍ਹਾਂ ਨੂੰ ਫਾਹ ਸੱਕੋ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ! 22ਏਸ ਲਈ ਕਿ ਤੁਸਾਂ ਝੂਠ ਮਾਰ ਕੇ ਧਰਮੀ ਦੇ ਦਿਲ ਨੂੰ ਉਦਾਸ ਕੀਤਾ ਹੈ ਜਿਹ ਨੂੰ ਮੈਂ ਦੁਖੀ ਨਹੀਂ ਕੀਤਾ ਅਤੇ ਤੁਸਾਂ ਦੁਸ਼ਟ ਦੇ ਹੱਥ ਨੂੰ ਤਕੜਾ ਕੀਤਾ ਤਾਂ ਜੋ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਬੁਰੇ ਰਾਹ ਤੋਂ ਨਾ ਮੁੜੇ 23ਏਸ ਲਈ ਅੱਗੋਂ ਲਈ ਨਾ ਤੁਸੀਂ ਫੋਕੀਆਂ ਦਰਿਸ਼ਟਾਂ ਵੇਖੋਗੀਆਂ ਅਤੇ ਨਾ ਅਗੰਮ ਬਾਣੀ ਆਖੋਗੀਆਂ ਕਿਉਂ ਜੋ ਮੈਂ ਆਪਣੀ ਪਰਜਾ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ ਤਾਂ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ।।
Currently Selected:
ਹਿਜ਼ਕੀਏਲ 13: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.