੧ ਸਮੂਏਲ 9
9
ਸ਼ਾਊਲ ਅਤੇ ਸਮੂਏਲ ਦਾ ਮੇਲ
1ਬਿਨਯਾਮੀਨ ਦੇ ਗੋਤ ਦਾ ਇੱਕ ਮਨੁੱਖ ਸੀ ਜਿਹ ਦਾ ਨਾਉਂ ਕੀਸ਼ ਜੋ ਅਬੀਏਲ ਦਾ ਪੁੱਤ੍ਰ ਜੋ ਸਰੂਰ ਦਾ ਪੁੱਤ੍ਰ ਜੋ ਬਕੋਰਥ ਦਾ ਪੁੱਤ੍ਰ ਜੋ ਅਫਿਆਹ ਦਾ ਪੁੱਤ੍ਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਤਕੜਾ ਸੂਰਮਾ ਸੀ 2ਉਹ ਦਾ ਇੱਕ ਸ਼ਾਊਲ ਨਾਮੇ ਪੁੱਤ੍ਰ ਸੋਹਣਾ ਅਤੇ ਡਾਢਾ ਚੰਗਾ ਜੁਆਨ ਸੀ ਅਤੇ ਇਸਰਾਏਲੀਆਂ ਵਿੱਚ ਉਸ ਨਾਲੋਂ ਵਧੀਕ ਸੋਹਣਾ ਹੋਰ ਕੋਈ ਮਨੁੱਖ ਨਹੀਂ ਸੀ। ਉਹ ਸਾਰਿਆਂ ਮਨੁੱਖਾਂ ਵਿੱਚ ਮੋਢਿਓਂ ਲੈ ਕੇ ਉਤਾਹਾਂ ਸਭਨਾਂ ਨਾਲੋਂ ਉੱਚਾ ਸੀ 3ਉਸ ਸ਼ਾਊਲ ਦੇ ਪਿਉ ਕੀਸ਼ ਦੀਆਂ ਖੋਤੀਆਂ ਗੁਆਚ ਗਈਆਂ ਸੋ ਕੀਸ਼ ਨੇ ਆਪਣੇ ਪੁੱਤ੍ਰ ਸ਼ਾਊਲ ਨੂੰ ਆਖਿਆ, ਟਹਿਲੂਆਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਕੇ ਖੋਤੀਆਂ ਨੂੰ ਜਾ ਭਾਲ 4ਸੋ ਉਹ ਅਫ਼ਰਾਈਮ ਦੇ ਪਹਾੜ ਵੱਲ ਦੀ ਲੰਘਿਆ ਅਤੇ ਸ਼ਲੀਸ਼ਾਹ ਦੇ ਦੇਸ ਵਿੱਚੋਂ ਹੋ ਕੇ ਨਿੱਕਲ ਗਿਆ ਪਰ ਓਹ ਨਾ ਲੱਭੀਆਂ ਤਦ ਓਹ ਸ਼ਾਲੀਮ ਦੇ ਦੇਸ ਵਿੱਚ ਗਏ ਅਤੇ ਓਹ ਉੱਥੇ ਵੀ ਨਾ ਸਨ। ਫੇਰ ਓਹ ਬਿਨਯਾਮੀਨੀਆਂ ਦੇ ਦੇਸ ਵਿੱਚ ਦੀ ਆਏ ਤਾਂ ਉੱਥੇ ਵੀ ਓਹਨਾਂ ਨੂੰ ਨਾ ਟੱਕਰੀਆਂ 5ਜਦ ਉਹ ਸੂਫ਼ ਦੇ ਦੇਸ ਵਿੱਚ ਆਏ ਤਦ ਸ਼ਾਊਲ ਨੇ ਆਪਣੇ ਨਾਲ ਦੇ ਟਹਿਲੂਏ ਨੂੰ ਆਖਿਆ, ਅਸੀਂ ਮੁੜ ਜਾਈਏ ਅਜਿਹਾ ਨਾ ਹੋਵੇ ਜੋ ਮੇਰਾ ਪਿਉ ਖੋਤਿਆ ਦੀ ਚਿੰਤਾ ਛੱਡ ਕੇ ਸਾਡੇ ਲਈ ਚਿੰਤਾ ਕਰੇ 6ਟਹਿਲੂਏ ਨੇ ਉਹ ਨੂੰ ਆਖਿਆ, ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਮਰਦ ਹੈ ਅਤੇ ਉਹ ਪਤ ਵਾਲਾ ਮਰਦ ਹੈ ਅਤੇ ਜੇਹਾ ਉਹ ਆਖੇ ਸਭ ਕੁਝ ਤੇਹਾ ਹੀ ਹੁੰਦਾ ਹੈ। ਚੱਲੋ ਉਸ ਕੋਲ ਚੱਲੀਏ। ਕੀ ਜਾਣੀਏ ਜੋ ਉਹ ਜਿਸ ਦੇ ਵਿੱਚ ਜਾਣਾ ਚੰਗਾ ਹੈ ਉਹ ਰਾਹ ਸਾਨੂੰ ਦੱਸੇ? 7ਸ਼ਾਊਲ ਨੇ ਆਪਣੇ ਟਹਿਲੂਏ ਨੂੰ ਆਖਿਆ, ਜੇ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਮਰਦ ਲਈ ਕੀ ਲੈ ਜਾਈਏ? ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁਕ ਗਈਆਂ ਹਨ ਅਤੇ ਉਸ ਪਰਮੇਸ਼ੁਰ ਦੇ ਮਰਦ ਲਈ ਸਾਡੇ ਕੋਲ ਕੋਈ ਸੁਗਾਤ ਨਹੀਂ ਹੈ। ਸਾਡੇ ਕੋਲ ਹੈ ਕੀ? 8ਟਹਿਲੂਏ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ ਅਤੇ ਆਖਿਆ, ਵੇਖ, ਇੱਕ ਚੁਆਨੀ ਮੇਰੇ ਕੋਲ ਹੈਗੀ ਸੋ ਮੈਂ ਉਸ ਪਰਮੇਸ਼ੁਰ ਦੇ ਮਰਦ ਨੂੰ ਦਿਆਂਗਾ ਭਈ ਉਹ ਸਾਨੂੰ ਸਾਡਾ ਰਾਹ ਦੱਸੇ 9ਪਿੱਛਲੇ ਸਮੇਂ ਇਸਰਾਏਲ ਵਿੱਚ ਜਦ ਕੋਈ ਮਨੁੱਖ ਪਰਮੇਸ਼ੁਰ ਕੋਲ ਮਤਾ ਕਰਨ ਜਾਂਦਾ ਸੀ ਤਾਂ ਇਉਂ ਆਖਦਾ ਸੀ ਕਿ ਆਓ ਅਸੀਂ ਦਰਸ਼ੀ ਕੋਲ ਜਾਈਏ ਕਿਉਂ ਜੋ ਉਹ ਜਿਹੜਾ ਹੁਣ ਨਬੀ ਸਦਾਉਂਦਾ ਹੈ ਪਿੱਛੇ ਉਹ ਨੂੰ ਦਰਸ਼ੀ ਆਖਦੇ ਸਨ 10ਤਦ ਸ਼ਾਊਲ ਨੇ ਆਪਣੇ ਟਹਿਲੂਏ ਨੂੰ ਆਖਿਆ, ਚੰਗੀ ਗੱਲ ਹੈ। ਚੱਲ ਚੱਲੀਏ। ਸੋ ਓਹ ਸ਼ਹਿਰ ਨੂੰ ਆਏ ਜਿੱਥੇ ਉਹ ਪਰਮੇਸ਼ੁਰ ਦਾ ਮਰਦ ਸੀ।।
11ਸ਼ਹਿਰ ਵੱਲ ਟਿੱਲੇ ਉੱਤੇ ਚੜ੍ਹਦਿਆਂ ਓਹਨਾਂ ਨੂੰ ਕਈ ਛੋਕਰੀਆਂ ਮਿਲ ਪਈਆਂ ਜੋ ਪਾਣੀ ਭਰਨ ਚੱਲੀਆਂ ਸਨ ਅਤੇ ਓਹਨਾਂ ਨੇ ਉਨ੍ਹਾਂ ਨੂੰ ਪੁੱਛਿਆ, ਏਥੇ ਦਰਸ਼ੀ ਹੈ? 12ਉਨ੍ਹਾਂ ਨੇ ਓਹਨਾਂ ਨੂੰ ਉੱਤਰ ਦੇ ਕੇ ਆਖਿਆ, ਆਹੋ, ਹੈ, ਵੇਖੋ, ਉਹ ਤੁਹਾਡੇ ਸਾਹਮਣੇ ਹੈ। ਛੇਤੀ ਜਾਓ ਕਿਉਂ ਜੋ ਉਹ ਅੱਜੇ ਸ਼ਹਿਰ ਵਿੱਚ ਆਇਆ ਹੈ ਏਸ ਲਈ ਜੋ ਅੱਜ ਦੇ ਦਿਨ ਲੋਕ ਉੱਚੇ ਥਾਂ ਵਿੱਚ ਬਲੀ ਚੜ੍ਹਾਉਂਦੇ ਹਨ 13ਜਦ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਤੁਸੀਂ ਉਹ ਨੂੰ ਉੱਚੇ ਥਾਂ ਵਿੱਚ ਰੋਟੀ ਖਾਣ ਲਈ ਜਾਣ ਤੋਂ ਅੱਗੋਂ ਤੁਰਤ ਮਿਲ ਪਓ ਕਿਉਂ ਜੋ ਜਦ ਤੋੜੀ ਉਹ ਨਾ ਜਾਵੇ ਲੋਕ ਖਾਂਦੇ ਨਹੀਂ ਏਸ ਲਈ ਜੋ ਉਹ ਬਲੀ ਨੂੰ ਅਸੀਸ ਦਿੰਦਾ ਹੈ ਤਾਂ ਉਹ ਦੇ ਪਿੱਛੋਂ ਪਰਾਹੁਣੇ ਖਾਂਦੇ ਹਨ। ਸੋ ਹੁਣ ਤੁਸੀਂ ਚੜ੍ਹੋ ਕਿਉਂ ਜੋ ਅੱਜ ਹੀ ਤੁਸੀਂ ਉਹ ਨੂੰ ਮਿਲੋਗੇ 14ਸੋ ਓਹ ਸ਼ਹਿਰ ਨੂੰ ਚੜ੍ਹ ਗਏ ਅਤੇ ਜਦ ਸ਼ਹਿਰ ਵਿੱਚ ਵੜੇ ਤਾਂ ਵੇਖੋ, ਸਮੂਏਲ ਉੱਚੇ ਥਾਂ ਨੂੰ ਜਾਣ ਲਈ ਓਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ।।
15ਯਹੋਵਾਹ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸਮੂਏਲ ਦੇ ਕੰਨ ਖੋਲ੍ਹ ਕੇ ਆਖ ਦਿੱਤਾ ਸੀ 16ਜੋ ਭਲਕੇ ਐਸੇ ਵੇਲੇ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਦੇਸੋਂ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਮਸਹ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪਰਧਾਨ ਬਣੇ ਅਤੇ ਮੇਰੀ ਪਰਜਾ ਨੂੰ ਫਲਿਸਤੀਆਂ ਦੇ ਹੱਥੋਂ ਛੁਡਾਵੇ ਕਿਉਂ ਜੋ ਮੈਂ ਆਪਣੀ ਪਰਜਾ ਵੱਲ ਧਿਆਨ ਕੀਤਾ ਹੈ ਏਸ ਲਈ ਜੋ ਉਨ੍ਹਾਂ ਦੀ ਦੁਹਾਈ ਮੇਰੇ ਤੋੜੀ ਪੁੱਜ ਪਈ ਹੈ 17ਸੋ ਜਦ ਸਮੂਏਲ ਨੇ ਸ਼ਾਊਲ ਨੂੰ ਡਿੱਠਾ ਉਸੇ ਵੇਲੇ ਯਹੋਵਾਹ ਨੇ ਉਹ ਨੂੰ ਆਖਿਆ, ਵੇਖ ਇਹੋ ਉਹ ਮਨੁੱਖ ਹੈ ਜਿਹ ਦੇ ਲਈ ਮੈਂ ਤੈਨੂੰ ਕਿਹਾ ਹੈ। ਇਹੋ ਮੇਰੀ ਪਰਜਾ ਉੱਤੇ ਰਾਜ ਕਰੇਗਾ। 18ਸੋ ਸ਼ਾਊਲ ਡਿਉੜ੍ਹੀ ਵਿੱਚ ਸਮੂਏਲ ਕੋਲ ਅੱਪੜਿਆ ਅਤੇ ਉਹ ਨੂੰ ਆਖਿਆ, ਜੀ ਮੈਨੂੰ ਦੱਸੋ ਜੋ ਦਰਸ਼ੀ ਦਾ ਘਰ ਕਿੱਥੇ ਹੈ? 19ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਦਰਸ਼ੀ ਤਾਂ ਮੈਂ ਹੀ ਹਾਂ। ਮੇਰੇ ਅੱਗੇ ਅੱਗੇ ਉੱਚੇ ਥਾਂ ਵੱਲ ਚੜ੍ਹ ਕਿਉਂ ਜੋ ਤੁਸੀਂ ਅੱਜ ਮੇਰੇ ਨਾਲ ਖਾਓ ਅਤੇ ਸਵੇਰੇ ਮੈਂ ਤੈਨੂੰ ਵਿਦਿਆ ਕਰਾਂਗਾ ਅਤੇ ਜੋ ਕੁਝ ਤੇਰੇ ਮਨ ਵਿੱਚ ਹੈ ਸੋ ਸਭ ਕੁੱਝ ਤੈਨੂੰ ਦੱਸਾਂਗਾ 20ਅਤੇ ਤੇਰੀਆਂ ਖੋਤੀਆਂ ਜਿਨ੍ਹਾਂ ਨੂੰ ਗਵਾਚਿਆਂ ਤਿੰਨ ਦਿਨ ਹੋ ਪਏ ਸਨ ਉਨ੍ਹਾਂ ਦੀ ਚਿੰਤਾ ਨਾ ਕਰ ਕਿਉਂ ਜੋ ਓਹ ਲੱਭ ਪਈਆਂ ਹਨ ਅਤੇ ਇਸਰਾਏਲ ਕਿਸ ਦੇ ਮੂਹ ਵੱਲ ਵੇਖਦਾ ਹੈ? ਭਲਾ, ਤੇਰੇ ਅਤੇ ਤੇਰੇ ਪਿਉ ਦੇ ਸਾਰੇ ਟੱਬਰ ਵੱਲ ਨਹੀਂ? 21ਸੋ ਸ਼ਾਊਲ ਨੇ ਉੱਤਰ ਦਿੱਤਾ ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਭਨਾਂ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ? 22ਤਦ ਸਮੂਏਲ ਨੇ ਸ਼ਾਊਲ ਨੂੰ ਅਤੇ ਉਹ ਦੇ ਟਹਿਲੂਏ ਨੂੰ ਲੈ ਕੇ ਚੁਬਾਰੇ ਵਿੱਚ ਲੈ ਆਂਦਾ ਅਤੇ ਓਹਨਾਂ ਨੂੰ ਪਰਾਹੁਣਿਆਂ ਦੇ ਵਿੱਚ ਜੋ ਤੀਹਕੁ ਜਣੇ ਸਨ ਉੱਚੇ ਥਾਂ ਬਿਠਾਇਆ 23ਸਮੂਏਲ ਨੇ ਲਾਂਗਰੀ ਨੂੰ ਆਖਿਆ, ਉਹ ਟੁਕੜਾ ਜੋ ਮੈਂ ਤੈਨੂੰ ਆਖਿਆ ਸੀ, ਰੱਖ ਛੱਡੀਂ, ਸੋ ਲੈ ਆ 24ਲਾਂਗਰੀ ਨੇ ਇੱਕ ਮੋਢਾ ਉਸ ਸਭ ਦੇ ਸਣੇ ਜੋ ਉਹ ਦੇ ਉੱਤੇ ਸੀ ਚੁੱਕ ਕੇ ਸ਼ਾਊਲ ਦੇ ਅੱਗੇ ਲਿਆ ਧਰਿਆ ਅਤੇ ਸਮੂਏਲ ਨੇ ਆਖਿਆ, ਵੇਖ, ਏਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਧਰ ਕੇ ਖਾਹ ਏਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਪਿਆ ਹੈ ਕਿਉਂ ਜੋ ਮੈਂ ਆਖਿਆ, ਮੈਂ ਲੋਕਾਂ ਦਾ ਨਿਉਂਦਾ ਕੀਤਾ ਹੈ। ਸੋ ਸ਼ਾਊਲ ਨੇ ਉਸ ਦਿਨ ਸਮੂਏਲ ਦੇ ਨਾਲ ਭੋਜਨ ਖਾਧਾ।।
25ਜਦ ਓਹ ਉੱਚੇ ਥਾਂਓਂ ਸ਼ਹਿਰ ਨੂੰ ਲੱਥੇ ਤਾਂ ਉਸਨੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ 26ਅਤੇ ਓਹ ਸਵੇਰੇ ਹੀ ਉੱਠੇ ਅਰ ਅਜਿਹਾ ਹੋਇਆ ਜਾਂ ਦਿਨ ਚੜ੍ਹਨ ਲੱਗਾ ਤਾਂ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਤੇ ਫੇਰ ਸੱਦਿਆ ਅਤੇ ਆਖਿਆ, ਉੱਠ ਜੋ ਮੈਂ ਤੈਨੂੰ ਤੋਰਾਂ। ਸੋ ਸ਼ਾਊਲ ਉੱਠਿਆ ਅਤੇ ਓਹ ਦੋਵੇਂ ਉਹ ਅਰ ਸਮੂਏਲ ਬਾਹਰ ਚੱਲੇ ਗਏ 27ਅਤੇ ਜਦ ਓਹ ਸ਼ਹਿਰ ਦੇ ਲਾਂਘੇ ਵੱਲ ਲਹਿੰਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਆਪਣੇ ਟਹਿਲੂਏ ਨੂੰ ਆਗਿਆ ਦੇਹ ਜੋ ਸਾਥੋਂ ਅੱਗੇ ਅੱਗੇ ਹੋ ਤੁਰੇ, ਸੋ ਉਹ ਅੱਗੇ ਹੋ ਗਿਆ, ਪਰ ਤੂੰ ਹੁਣ ਖਲੋ ਜਾਹ ਭਈ ਮੈਂ ਪਰਮੇਸ਼ੁਰ ਦਾ ਬਚਨ ਤੈਨੂੰ ਸੁਣਾਵਾਂ।।
Currently Selected:
੧ ਸਮੂਏਲ 9: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.