੧ ਸਮੂਏਲ 8
8
ਪਾਤਸ਼ਾਹ ਲਈ ਮੰਗ
1ਤਾਂ ਅਜਿਹਾ ਹੋਇਆ ਕਿ ਜਦ ਸਮੂਏਲ ਬੁੱਢਾ ਹੋ ਗਿਆ ਤਾਂ ਉਸਨੇ ਆਪਣੇ ਪੁੱਤ੍ਰਾਂ ਨੂੰ ਇਸਰਾਏਲ ਉੱਤੇ ਨਿਆਉਂ ਕਰਨ ਲਈ ਠਹਿਰਾਇਆ 2ਅਤੇ ਉਸ ਦੇ ਜੇਠੇ ਦਾ ਨਾਉਂ ਯੋਏਲ ਸੀ ਅਤੇ ਉਸ ਦੇ ਦੂਜੇ ਪੁੱਤ੍ਰ ਦਾ ਨਾਉਂ ਅਬਿੱਯਾਹ। ਏਹ ਦੋਵੇਂ ਬਏਰਸ਼ਬਾ ਵਿੱਚ ਨਿਆਉਂਕਾਰ ਸਨ 3ਪਰ ਉਸ ਦੇ ਪੁੱਤ੍ਰ ਉਸ ਦੇ ਰਾਹ ਉੱਤੇ ਨਾ ਚੱਲੇ ਸਗੋਂ ਖੱਟੀ ਦੇ ਮਗਰ ਲੱਗਦੇ ਅਤੇ ਵੱਢੀ ਲੈਂਦੇ ਅਤੇ ਨਿਆਉਂ ਵਿੱਚ ਪੱਖ ਪਾਤ ਕਰਦੇ ਸਨ 4ਤਦ ਸਾਰੇ ਇਸਰਾਏਲੀ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ 5ਅਤੇ ਉਸ ਨੂੰ ਬੋਲੇ, ਵੇਖ, ਤੂੰ ਬੁੱਢਾ ਹੋ ਗਿਆ ਹੈਂ ਅਤੇ ਤੇਰੇ ਪੁੱਤ੍ਰ ਤੇਰੇ ਰਾਹ ਉੱਤੇ ਨਹੀਂ ਚੱਲਦੇ। ਸੋ ਹੁਣ ਤੂੰ ਸਾਡਾ ਨਿਆਉਂ ਕਰਨ ਲਈ ਜਿੱਕੁਰ ਸਭਨਾਂ ਲੋਕਾਂ ਵਿੱਚ ਹੈ ਕਿਸੇ ਨੂੰ ਸਾਡਾ ਪਾਤਸ਼ਾਹ ਠਹਿਰਾ ਦੇਹ।।
6ਪਰ ਉਹ ਗੱਲ ਜੋ ਉਨ੍ਹਾਂ ਨੇ ਆਖੀ ਭਈ ਸਾਡੇ ਲਈ ਇੱਕ ਪਾਤਸ਼ਾਹ ਠਹਿਰਾ ਦੇਹ ਜੋ ਸਾਡਾ ਨਿਆਉਂ ਕਰੇ ਸਮੂਏਲ ਨੂੰ ਮਾੜੀ ਲੱਗੀ ਅਤੇ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ 7ਤਾਂ ਯਹੋਵਾਹ ਨੇ ਸਮੂਏਲ ਨੂੰ ਆਖਿਆ, ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਓਹ ਤੈਨੂੰ ਆਖਣ ਕੰਨ ਲਾ ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗ ਦਿੱਤਾ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ 8ਜਦ ਦਾ ਮੈਂ ਉਨ੍ਹਾਂ ਨੂੰ ਮਿਸਰੋਂ ਕੱਢ ਲਿਆਇਆ ਉਸ ਦਿਨ ਤੋਂ ਅੱਜ ਤੋੜੀ ਉਨ੍ਹਾਂ ਸਭਨਾਂ ਕੰਮਾਂ ਦੇ ਅਨੁਸਾਰ ਜੋ ਉਨ੍ਹਾਂ ਨੇ ਕੀਤੇ ਜਿਵੇਂ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ ਅਜਿਹਾ ਹੀ ਓਹ ਤੇਰੇ ਨਾਲ ਕਰਦੇ ਹਨ 9ਸੋ ਉਨ੍ਹਾਂ ਦੀ ਗੱਲ ਤੂੰ ਸੁਣ! ਤੂੰ ਵੀ ਉਨ੍ਹਾਂ ਉੱਤੇ ਉਗਾਹੀ ਦੇ ਕੇ ਉਨ੍ਹਾਂ ਨੂੰ ਚੰਗੀ ਤਰਾਂ ਦੱਸ ਦੇਹ ਭਈ ਜਿਹੜਾ ਪਾਤਸ਼ਾਹ ਉਨ੍ਹਾਂ ਉੱਤੇ ਰਾਜ ਕਰੇਗਾ ਉਹ ਦੀ ਡੌਲ ਚਾਲ ਕੇਹੋ ਜਿਹੀ ਹੋਵੇਗੀ।।
10ਸਮੂਏਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਸ ਦੇ ਕੋਲੋਂ ਪਾਤਸ਼ਾਹ ਮੰਗਦੇ ਸਨ ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ 11ਅਤੇ ਉਸ ਨੇ ਆਖਿਆ, ਜਿਹੜਾ ਤੁਹਾਡੇ ਉੱਤੇ ਰਾਜ ਕਰੇਗਾ ਉਸ ਪਾਤਸ਼ਾਹ ਦਾ ਇਹ ਵਰਤਾਓ ਹੋਵੇਗਾ, - ਉਹ ਤੁਹਾਡੇ ਪੁੱਤ੍ਰਾਂ ਨੂੰ ਲੈ ਕੇ ਆਪਣੇ ਲਈ ਅਤੇ ਆਪਣਿਆਂ ਰਥਾਂ ਦੇ ਲਈ ਅਤੇ ਆਪਣੇ ਘੋੜ ਚੜ੍ਹਿਆਂ ਦੇ ਲਈ ਟਹਿਲੂਏ ਰੱਖੇਗਾ ਅਤੇ ਓਹ ਉਸ ਦੇ ਰਥਾਂ ਦੇ ਅੱਗੇ ਭੱਜਣਗੇ 12ਅਤੇ ਆਪਣੇ ਲਈ ਹਜ਼ਾਰਾਂ ਉੱਤੇ ਸਰਦਾਰ ਅਤੇ ਪੰਜਾਹਾਂ ਉੱਤੇ ਸਰਦਾਰ ਬਣਾਵੇਗਾ ਅਤੇ ਓਹਨਾਂ ਕੋਲੋਂ ਹਲ ਵਗਾਵੇਗਾ ਅਤੇ ਵਾਢੀ ਕਰਾਵੇਗਾ ਅਤੇ ਆਪਣੇ ਲਈ ਲੜਾਈ ਦੇ ਹਥਿਆਰ ਅਤੇ ਰਥਾਂ ਦਾ ਵਲੇਵਾਂ ਬਣਾਵੇਗਾ 13ਅਤੇ ਤੁਹਾਡੀਆਂ ਧੀਆਂ ਨੂੰ ਲਵੇਗਾ ਜੋ ਉਹ ਗਾਂਧਣਾਂ ਅਤੇ ਲਾਂਗਰਨਾਂ ਅਰ ਰਸੋਇਣਾਂ ਬਣਨ 14ਅਤੇ ਤੁਹਾਡੀਆਂ ਪੈਲੀਆਂ ਅਤੇ ਤੁਹਾਡੇ ਦਾਖਾਂ ਦੇ ਬਾਗਾਂ ਅਤੇ ਤੁਹਾਡੇ ਜ਼ੈਤੂਨ ਦਿਆਂ ਬਾਗਾਂ ਨੂੰ ਜੋ ਚੰਗੇ ਚੰਗੇ ਹੋਣਗੇ ਲੈ ਲਵੇਗਾ ਅਤੇ ਆਪਣਿਆਂ ਟਹਿਲੂਆਂ ਨੂੰ ਦੇ ਦੇਵੇਗਾ 15ਅਤੇ ਤੁਹਾਡੇ ਬੀ ਅਤੇ ਦਾਖ ਦਿਆਂ ਬਾਗਾਂ ਦਾ ਦਸਵੰਧ ਲੈ ਕੇ ਆਪਣੇ ਖੁਸਰਿਆਂ ਅਤੇ ਆਪਣਿਆਂ ਟਹਿਲੂਆਂ ਨੂੰ ਦੇ ਦੇਵੇਗਾ 16ਅਤੇ ਤੁਹਾਡੇ ਟਹਿਲੂਏ ਅਤੇ ਟਹਿਲੂਣਾਂ ਅਤੇ ਤੁਹਾਡੇ ਸੋਹਣੇ ਜੁਆਨਾਂ ਨੂੰ ਅਤੇ ਤੁਹਾਡੇ ਖੋਤਿਆਂ ਨੂੰ ਲੈ ਕੇ ਆਪਣੇ ਕੰਮ ਵਿੱਚ ਲਾਵੇਗਾ 17ਅਤੇ ਤੁਹਾਡੀਆਂ ਭੇਡਾਂ ਬੱਕਰੀਆਂ ਦਾ ਦਸਵੰਧ ਵੀ ਲਵੇਗਾ ਸੋ ਤੁਸੀਂ ਉਸ ਦੇ ਗੁਲਾਮ ਬਣੋਗੇ 18ਅਤੇ ਤੁਸੀਂ ਉਸ ਪਾਤਸ਼ਾਹ ਦੇ ਕਾਰਨ ਜਿਹ ਨੂੰ ਤੁਸਾਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆ ਦਿਓਗੇ ਪਰ ਉਸ ਦਿਨ ਯਹੋਵਾਹ ਤੁਹਾਡੀ ਨਾ ਸੁਣੇਗਾ।।
19ਤਾਂ ਵੀ ਲੋਕਾਂ ਨੇ ਸਮੂਏਲ ਦੀ ਗੱਲ ਨਾ ਮੰਨੀ ਅਤੇ ਆਖਿਆ, ਨਹੀਂ ਸਗੋਂ ਸਾਨੂੰ ਆਪਣੇ ਉੱਤੇ ਪਾਤਸ਼ਾਹ ਲੋੜੀਦਾ ਹੈ 20ਜੇ ਅਸੀਂ ਵੀ ਹੋਰ ਸਭਨਾਂ ਕੌਮਾਂ ਵਰਗੇ ਹੋਈਏ ਅਤੇ ਸਾਡਾ ਪਾਤਸ਼ਾਹ ਸਾਡਾ ਨਿਆਉਂ ਕਰੇ ਅਤੇ ਸਾਡੇ ਅੱਗੇ ਅੱਗੇ ਤੁਰੇ ਅਤੇ ਸਾਡੇ ਲਈ ਲੜਾਈ ਕਰੇ 21ਤਾਂ ਸਮੂਏਲ ਨੇ ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਕੰਨਾਂ ਵਿੱਚ ਸੁਣਾਇਆ 22ਯਹੋਵਾਹ ਨੇ ਸਮੂਏਲ ਨੂੰ ਆਖਿਆ, ਤੂੰ ਓਹਨਾਂ ਦੀ ਗੱਲ ਸੁਣ ਅਤੇ ਓਹਨਾਂ ਲਈ ਇੱਕ ਪਾਤਸ਼ਾਹ ਬਣਾ। ਤਦ ਸਮੂਏਲ ਨੇ ਇਸਰਾਏਲ ਦਿਆਂ ਲੋਕਾਂ ਨੂੰ ਆਖਿਆ, ਕਿ ਤੁਸੀਂ ਸਭ ਆਪੋ ਆਪਣੇ ਸ਼ਹਿਰਾ ਨੂੰ ਜਾਓ।।
Currently Selected:
੧ ਸਮੂਏਲ 8: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.