੧ ਸਮੂਏਲ 4
4
ਸੰਦੂਕ ਦਾ ਲੁੱਟਿਆ ਜਾਣਾ
1ਸਮੂਏਲ ਦੀ ਗੱਲ ਸਾਰੇ ਇਸਰਾਏਲ ਨੂੰ ਅੱਪੜ ਪਈ ਅਤੇ ਇਸਰਾਏਲ ਫਲਿਸਤੀਆਂ ਨਾਲ ਲੜਨ ਨੂੰ ਨਿੱਕਲੇ ਅਤੇ ਅਬਨ-ਅਜ਼ਰ ਦੇ ਲਾਗੇ ਤੰਬੂ ਲਾਏ ਅਤੇ ਫਲਿਸਤੀਆਂ ਨੇ ਅਫੇਕ ਵਿੱਚ ਤੰਬੂ ਲਾਏ 2ਤਾਂ ਫਲਿਸਤੀਆਂ ਨੇ ਇਸਰਾਏਲ ਦਾ ਸਾਹਮਣਾ ਕਰਨ ਨੂੰ ਆਪਣੀ ਪਾਲ ਬੰਨ੍ਹੀ ਅਤੇ ਜਾਂ ਲੜਾਈ ਖਿੱਲਰ ਗਈ ਤਾਂ ਇਸਰਾਏਲ ਫਲਿਸਤੀਆਂ ਅੱਗੇ ਹਾਰ ਗਏ ਅਤੇ ਉਨ੍ਹਾਂ ਨੇ ਓਹਨਾਂ ਦੀ ਫੌਜ ਵਿੱਚੋਂ ਜੋ ਮਦਾਨ ਵਿੱਚ ਸੀ ਚਾਰਕੁ ਹਜ਼ਾਰ ਮਨੁੱਖ ਵੱਢ ਸੁੱਟੇ।।
3ਜਾਂ ਲੋਕ ਡੇਰੇ ਵਿੱਚ ਮੁੜ ਆਏ ਸਨ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, ਭਈ ਯਹੋਵਾਹ ਨੇ ਸਾਨੂੰ ਫਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ? ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਭਈ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ 4ਸੋ ਓਹਨਾਂ ਨੇ ਸ਼ੀਲੋਹ ਵਿੱਚ ਲੋਕ ਘੱਲੇ ਜੋ ਸੈਨਾਂ ਦੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਜੋ ਦੋਹੁੰ ਕਰੂਬੀਆਂ ਦੇ ਵਿਚਕਾਰ ਟਿਕਦਾ ਹੈ ਉੱਥੋਂ ਲੈ ਆਉਣ ਅਤੇ ਏਲੀ ਦੇ ਦੇਵੇਂ ਪੁੱਤ੍ਰ ਹਾਫ਼ਨੀ ਅਤੇ ਫ਼ੀਨਹਾਸ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ 5ਅਤੇ ਜਿਸ ਵੇਲੇ ਯਹੋਵਾਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆ ਪੁੱਜਾ ਤਾਂ ਸਾਰੇ ਇਸਰਾਏਲ ਨੇ ਵੱਡੀ ਅਵਾਜ਼ ਨਾਲ ਜੈਕਾਰਾ ਬੁਲਾਇਆ ਅਜੇਹਾ ਜੋ ਧਰਤੀ ਕੰਬ ਉੱਠੀ 6ਅਤੇ ਜਾਂ ਫਲਿਸਤੀਆਂ ਨੇ ਜੈਕਾਰੇ ਦੀ ਅਵਾਜ਼ ਸੁਣੀ ਤਾਂ ਬੋਲੇ ਭਈ ਇਨ੍ਹਾਂ ਇਬਰਾਨੀਆਂ ਦੇ ਡੇਰੇ ਵਿੱਚ ਏਹ ਜੈਕਾਰੇ ਦੀ ਕੇਹੀ ਅਵਾਜ਼ ਹੈ? ਫੇਰ ਉਨ੍ਹਾਂ ਨੇ ਜਾਤਾ ਕਿ ਯਹੋਵਾਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਅੱਪੜ ਪਿਆ ਹੈ 7ਤਾਂ ਫਲਿਸਤੀ ਡਰ ਗਏ ਕਿਉਂ ਜੋ ਉਨ੍ਹਾਂ ਨੇ ਆਖਿਆ, ਪਰਮੇਸ਼ੁਰ ਡੇਰੇ ਵਿੱਚ ਆਇਆ ਹੈ! ਅਤੇ ਬੋਲੇ, ਹਾਇ ਸਾਨੂੰ! ਕਿਉਂ ਜੋ ਅੱਜ ਕੱਲ ਅਜਿਹੀ ਗੱਲ ਕਦੀ ਨਹੀਂ ਹੋਈ 8ਹਾਇ ਸਾਨੂੰ! ਅਜਿਹੇ ਬਲਵੰਤ ਦੇਵਾਂ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਏਹ ਓਹ ਦੇਓ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪਰਕਾਰ ਦੀਆਂ ਬਵਾਂ ਨਾਲ ਮਾਰਿਆ 9ਹੇ ਫਲਿਸਤੀਓ, ਤੁਸੀਂ ਤਕੜੇ ਹੋਵੋ ਅਤੇ ਮਰਦ ਬਣੋ ਜੋ ਤੁਸੀਂ ਇਬਰਾਨੀਆਂ ਦੇ ਗੁਲਾਮ ਨਾ ਬਣੋ ਜਿੱਕੁਰ ਓਹ ਤੁਹਾਡੇ ਗੁਲਾਮ ਬਣੇ ਸਨ ਸਗੋਂ ਮਰਦ ਬਣੋ ਅਤੇ ਲੜੋ!।।
10ਸੋ ਫਲਿਸਤੀ ਲੜੇ ਅਤੇ ਇਸਰਾਏਲ ਹਾਰ ਗਿਆ ਅਤੇ ਆਪੋ ਆਪਣੇ ਤੰਬੂਆਂ ਵੱਲ ਨੱਠੇ ਅਤੇ ਉੱਥੇ ਡਾਢੀ ਵਾਢ ਹੋਈ ਕਿਉਂ ਜੋ ਤੀਹ ਹਜ਼ਾਰ ਏਸਰਾਏਲੀ ਪਿਆਦੇ ਮਾਰੇ ਗਏ 11ਅਤੇ ਪਰਮੇਸ਼ੁਰ ਦਾ ਸੰਦੂਕ ਲੁੱਟਿਆ ਗਿਆ ਅਤੇ ਏਲੀ ਦੇ ਦੋਵੇਂ ਪੁੱਤ੍ਰ ਹਾਫ਼ਨੀ ਅਤੇ ਫ਼ੀਨਹਾਸ ਵੱਢੇ ਗਏ।।
12ਤਦ ਬਿਨਯਾਮੀਨ ਦਾ ਇੱਕ ਮਨੁੱਖ ਫੌਜ ਦੇ ਵਿੱਚੋਂ ਨੱਠਾ ਅਤੇ ਲੀੜੇ ਪਾੜੇ ਹੋਏ ਅਰ ਸਿਰ ਵਿੱਚ ਮਿੱਟੀ ਪਾਈ ਹੋਈ ਉਸੇ ਦਿਨ ਸ਼ੀਲੋਹ ਵਿੱਚ ਅੱਪੜਿਆ 13ਅਤੇ ਜਾਂ ਉਹ ਆਇਆ ਤਾਂ ਵੇਖੋ, ਏਲੀ ਸੜਕੋਂ ਲਾਂਭੇ ਇੱਕ ਚੌਂਕੀ ਉੱਤੇ ਬੈਠ ਕੇ ਰਾਹ ਪਿਆ ਵੇਖਦਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਪਿਆ ਕੰਬਦਾ ਸੀ ਅਤੇ ਜਿਸ ਵੇਲੇ ਉਸ ਮਨੁੱਖ ਨੇ ਸ਼ਹਿਰ ਵਿੱਚ ਆ ਕੇ ਸੁਨੇਹਾ ਦਿੱਤਾ ਤਾਂ ਸਾਰਾ ਸ਼ਹਿਰ ਰੋਣ ਪਿੱਟਣ ਲੱਗਾ 14ਅਤੇ ਜਾਂ ਸਿਆਪੇ ਦੀ ਅਵਾਜ਼ ਏਲੀ ਨੇ ਸੁਣੀ ਤਾਂ ਉਹ ਨੇ ਆਖਿਆ, ਏਹ ਕੇਹਾ ਰੌਲਾ ਪੈ ਗਿਆ? ਅਤੇ ਉਸ ਮਨੁੱਖ ਨੇ ਛੇਤੀ ਨਾਲ ਏਲੀ ਨੂੰ ਆਣ ਖਬਰ ਦਿੱਤੀ 15ਅਤੇ ਏਲੀ ਅਠਾਨਵਿਆਂ ਵਰਿਹਾਂ ਦਾ ਬੁੱਢਾ ਸੀ ਅਤੇ ਉਹ ਦੀਆਂ ਅੱਖੀਆਂ ਚੁੰਨ੍ਹੀਆਂ ਹੋ ਗਈਆਂ ਸਨ ਅਰ ਉਹ ਨੂੰ ਦਿਸਦਾ ਕੁਝ ਨਹੀਂ ਸੀ 16ਸੋ ਉਸ ਮਨੁੱਖ ਨੇ ਏਲੀ ਨੂੰ ਆਖਿਆ, ਮੈਂ ਫੌਜ ਤੋਂ ਆਇਆ ਹਾਂ ਅਤੇ ਮੈਂ ਅੱਜ ਫੌਜ ਦੇ ਵਿੱਚੋਂ ਭੱਜਾ ਹਾਂ। ਉਹ ਬੋਲਿਆ, ਹੇ ਮੇਰੇ ਪੁੱਤ੍ਰ, ਕੀ ਖਬਰ ਹੈ? 17ਉਸ ਹਲਕਾਰੇ ਨੇ ਉੱਤਰ ਦੇ ਕੇ ਆਖਿਆ, ਇਸਰਾਏਲ ਨੇ ਫਲਿਸਤੀਆਂ ਦੇ ਅੱਗੋਂ ਭਾਜ ਖਾਧੀ ਅਤੇ ਲੋਕਾਂ ਵਿੱਚ ਵੱਡੀ ਵਾਢ ਹੋਈ ਅਤੇ ਤੇਰੇ ਦੇਵੇਂ ਪੁੱਤ੍ਰ ਹਾਫ਼ਨੀ ਅਤੇ ਫ਼ੀਨਹਾਸ ਮਰ ਗਏ ਅਤੇ ਪਰਮੇਸ਼ੁਰ ਦਾ ਸੰਦੂਕ ਖੁੱਸ ਗਿਆ 18ਤਾਂ ਅਜੇਹਾ ਹੋਇਆ ਭਈ ਜਿਸ ਵੇਲੇ ਉਹ ਨੇ ਪਰਮੇਸ਼ੁਰ ਦੇ ਸੰਦੂਕ ਦੀ ਗੱਲ ਸੁਣਾਈ ਤਾਂ ਉਹ ਚੌਂਕੀ ਉੱਤੋਂ ਪਿੱਠ ਪਰਨੇ ਬੂਹੇ ਦੇ ਕੋਲ ਡਿੱਗ ਪਿਆ ਅਤੇ ਉਹ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂ ਜੋ ਉਹ ਬੁੱਢਾ ਅਤੇ ਭਾਰਾ ਵੀ ਸੀ ਅਤੇ ਉਹ ਚਾਲੀ ਵਰਹੇ ਇਸਰਾਏਲ ਦਾ ਨਿਆਉਂ ਕਰਦਾ ਰਿਹਾ।।
19ਉਸ ਦੀ ਨੂੰਹ ਫ਼ੀਨਹਾਸ ਦੀ ਵਹੁਟੀ ਗਰਭਣੀ ਸੀ ਅਰ ਉਹ ਦੇ ਜਨਣ ਦਾ ਵੇਲਾ ਨੇੜੇ ਸੀ ਅਤੇ ਜਦ ਉਹ ਨੇ ਏਹ ਗੱਲਾਂ ਸੁਣੀਆਂ ਭਈ ਪਰਮੇਸ਼ੁਰ ਦਾ ਸੰਦੂਕ ਖੁੱਸ ਗਿਆ ਅਤੇ ਤੇਰਾ ਸਹੁਰਾ ਅਰ ਭਰਤਾ ਮਰ ਗਏ ਸਨ ਤਾਂ ਉਹ ਨਿਵੀਂ ਅਤੇ ਜਣੀ ਕਿਉਂ ਜੋ ਜਣਨ ਦੀ ਪੀੜ ਆਣ ਲੱਗੀ 20ਅਤੇ ਉਹ ਦੇ ਮਰਨ ਦੇ ਵੇਲੇ ਉਨ੍ਹਾਂ ਤੀਵੀਆਂ ਨੇ ਜੋ ਉੱਥੇ ਸਨ ਉਹ ਨੂੰ ਆਖਿਆ, ਓਦਰ ਨਾ ਕਿਉਂ ਜੋ ਤੈਂ ਪੁੱਤ੍ਰ ਜਣਿਆ ਹੈ ਪਰ ਉਹ ਨੇ ਉੱਤਰ ਨਾ ਦਿੱਤਾ ਸਗੋਂ ਧਿਆਨ ਵੀ ਨਾ ਕੀਤਾ 21ਅਤੇ ਉਹ ਨੇ ਉਸ ਮੁੰਡੇ ਦਾ ਨਾਉਂ ਈਕਾਬੋਦ ਧਰਿਆ ਅਤੇ ਬੋਲੀ, ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ, ਪਰਮੇਸ਼ੁਰ ਦਾ ਸੰਦੂਕ ਖੁੱਸ ਜੋ ਗਿਆ ਅਤੇ ਉਹ ਦੇ ਸਹੁਰੇ ਅਰ ਭਰਤੇ ਦੇ ਕਾਰਨ ਵੀ 22ਅਤੇ ਉਹ ਬੋਲੀ, ਪਰਤਾਪ ਇਸਰਾਏਲ ਤੋਂ ਜਾਂਦਾ ਰਿਹਾ ਕਿਉਂ ਜੋ ਪਰਮੇਸ਼ੁਰ ਦਾ ਸੰਦੂਕ ਖੋਹਿਆ ਗਿਆ।।
Currently Selected:
੧ ਸਮੂਏਲ 4: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.