੧ ਸਮੂਏਲ 18
18
ਦਾਊਦ ਨਾਲ ਸ਼ਾਊਲ ਦਾ ਵੈਰ
1ਅਜਿਹਾ ਹੋਇਆ ਜਾਂ ਉਹ ਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ 2ਸ਼ਾਊਲ ਨੇ ਉਸ ਦਿਨ ਤੋਂ ਉਹ ਨੂੰ ਆਪਣੇ ਕੋਲ ਰੱਖਿਆ ਅਤੇ ਫੇਰ ਉਹ ਨੂੰ ਉਹ ਦੇ ਪਿਉ ਦੇ ਘਰ ਨਾ ਮੁੜਨ ਦਿੱਤਾ 3ਅਤੇ ਯੋਨਾਥਾਨ ਅਰ ਦਾਊਦ ਨੇ ਆਪੋ ਵਿੱਚ ਨੇਮ ਕੀਤਾ ਕਿਉਂ ਜੋ ਉਹ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ 4ਤਦ ਯੋਨਾਥਾਨ ਨੇ ਆਪਣਾ ਚੋਗਾ ਲਾਹ ਕੇ ਆਪਣੀ ਤਲਵਾਰ, ਧਣੁਖ ਅਤੇ ਪਟਕੇ ਤੀਕੁਰ ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ।।
5ਜਿੱਥੇ ਕਿਤੇ ਸ਼ਾਊਲ ਉਹ ਨੂੰ ਘੱਲਦਾ ਸੀ ਉੱਥੇ ਦਾਊਦ ਜਾਂਦਾ ਸੀ ਅਤੇ ਸਫ਼ਲ ਹੁੰਦਾ ਸੀ ਅਜਿਹਾ ਜੋ ਸ਼ਾਊਲ ਨੇ ਉਹ ਨੂੰ ਜੋਧਿਆਂ ਉੱਤੇ ਸਰਦਾਰ ਬਣਾਇਆ ਅਤੇ ਉਹ ਸਭਨਾਂ ਲੋਕਾਂ ਦੇ ਸਾਹਮਣੇ ਅਤੇ ਸ਼ਾਊਲ ਦੇ ਟਹਿਲੂਆਂ ਦੇ ਸਾਹਮਣੇ ਦੀ ਮੰਨਿਆ ਪਰਮੰਨਿਆ ਹੋਇਆ ਸੀ 6ਅਤੇ ਅਜਿਹਾ ਹੋਇਆ ਜਾਂ ਓਹ ਆਉਂਦੇ ਸਨ ਜਿਸ ਵੇਲੇ ਦਾਊਦ ਫਲਿਸਤੀ ਨੂੰ ਮਾਰ ਕੇ ਮੁੜਿਆ ਤਾਂ ਇਸਰਾਏਲ ਦੇ ਸਾਰਿਆਂ ਸ਼ਹਿਰਾਂ ਤੋਂ ਤੀਵੀਆਂ ਗਾਉਂਦੀਆਂ ਨੱਚਦੀਆਂ ਅਨੰਦ ਨਾਲ ਡੱਫਾਂ ਅਤੇ ਚਕਾਰੇ ਵਜਾਉਂਦੀਆਂ ਹੋਈਆਂ ਸ਼ਾਊਲ ਪਾਤਸ਼ਾਹ ਦੇ ਮਿਲਣ ਨੂੰ ਨਿੱਕਲੀਆਂ 7ਅਤੇ ਉਨ੍ਹਾਂ ਤੀਵੀਆਂ ਨੇ ਵਜਾਉਂਦਿਆਂ ਵਜਾਉਂਦਿਆਂ ਵਾਰੋ ਵਾਰੀ ਗਾ ਕੇ ਆਖਿਆ, -
ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ,
ਅਤੇ ਦਾਊਦ ਨੇ ਆਪਣੇ ਲੱਖਾਂ ਨੂੰ!
8ਤਾਂ ਸ਼ਾਊਲ ਨੂੰ ਵੱਡਾ ਕ੍ਰੋਧ ਆਇਆ ਅਰ ਇਹ ਗੱਲ ਉਸ ਨੂੰ ਮਾੜੀ ਲੱਗੀ ਅਤੇ ਉਹ ਬੋਲਿਆ, ਉਨ੍ਹਾਂ ਨੇ ਦਾਊਦ ਦੇ ਲਈ ਲੱਖਾਂ ਠਹਿਰਾਏ ਅਤੇ ਮੇਰੇ ਲਈ ਨਿਰੇ ਹਜ਼ਾਰਾਂ! ਬੱਸ, ਹੁਣ ਰਾਜ ਤੋਂ ਬਿਨਾ ਹੋਰ ਉਹ ਨੂੰ ਕੀ ਮਿਲਣਾ ਬਾਕੀ ਹੈ? 9ਉਸ ਦਿਨ ਤੋਂ ਅੱਗੇ ਨੂੰ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ।।
10ਅਗਲੇ ਭਲਕ ਅਜਿਹਾ ਹੋਇਆ ਜੋ ਪਰਮੇਸ਼ੁਰ ਵੱਲੋਂ ਉਹ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ। ਤਦ ਉਹ ਘਰ ਵਿੱਚ ਅਗੰਮ ਵਾਚਣ ਲੱਗ ਪਿਆ ਅਤੇ ਦਾਊਦ ਨੇ ਉਹ ਦੇ ਸਾਹਮਣੇ ਪਹਿਲਾਂ ਵਾਂਙੁ ਹੱਥ ਨਾਲ ਵਜਾਇਆ। ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ 11ਤਦ ਸ਼ਾਊਲ ਨੇ ਸਾਂਗ ਸੁੱਟ ਕੇ ਆਖਿਆ, ਦਾਊਦ ਨੂੰ ਮੈਂ ਕੰਧ ਨਾਲ ਵਿੰਨ੍ਹਾਂਗਾ ਪਰ ਦਾਊਦ ਉਹ ਦੇ ਸਾਹਮਣਿਓਂ ਦੋ ਵਾਰੀਂ ਬਚ ਨਿੱਕਲਿਆ।।
12ਸ਼ਾਊਲ ਦਾਊਦ ਕੋਲੋਂ ਡਰਦਾ ਸੀ ਕਿਉਂ ਜੋ ਯਹੋਵਾਹ ਉਹ ਦੇ ਨਾਲ ਸੀ ਅਤੇ ਸ਼ਾਊਲ ਕੋਲੋਂ ਵੱਖਰਾ ਹੋ ਗਿਆ 13ਏਸ ਲਈ ਸ਼ਾਊਲ ਨੇ ਉਹ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਉਹ ਨੂੰ ਹਜ਼ਾਰਾਂ ਦਾ ਆਪਣਾ ਸਰਦਾਰ ਬਣਾਇਆ ਅਤੇ ਉਹ ਲੋਕਾਂ ਦੇ ਸਾਹਮਣੇ ਆਉਂਦਾ ਜਾਂਦਾ ਸੀ 14ਦਾਊਦ ਆਪਣੇ ਸਾਰੇ ਰਾਹਾਂ ਵਿੱਚ ਸਫਲ ਹੁੰਦਾ ਸੀ ਅਤੇ ਯਹੋਵਾਹ ਉਹ ਦੇ ਨਾਲ ਸੀ 15ਸੋ ਜਾਂ ਸ਼ਾਊਲ ਨੇ ਡਿੱਠਾ ਜੋ ਉਹ ਵੱਡੀ ਸਫਲਤਾ ਨਾਲ ਚੱਲਦਾ ਹੈ ਤਾਂ ਉਸ ਕੋਲੋਂ ਡਰਨ ਲੱਗਾ 16ਪਰ ਸਾਰਾ ਇਸਰਾਏਲ ਅਤੇ ਯਹੂਦਾਹ ਦਾਊਦ ਨਾਲ ਪਿਆਰ ਕਰਦਾ ਸੀ ਕਿਉਂ ਜੋ ਉਹ ਓਹਨਾਂ ਦੇ ਅੱਗੇ ਆਉਂਦਾ ਜਾਂਦਾ ਹੁੰਦਾ ਸੀ।।
17ਤਦ ਸ਼ਾਊਲ ਨੇ ਦਾਊਦ ਨੂੰ ਆਖਿਆ ਵੇਖ ਮੇਰੀ ਵੱਡੀ ਧੀ ਮੇਰਬ ਹੈ। ਉਹ ਮੈਂ ਤੈਨੂੰ ਵਿਆਹ ਦਿੰਦਾ ਹਾਂ। ਨਿਰਾ ਤੂੰ ਮੇਰੇ ਲਈ ਸੂਰ ਬੀਰ ਬਣ ਕੇ ਯਹੋਵਾਹ ਦੇ ਲਈ ਲੜਾਈ ਕਰ ਕਿਉਂ ਜੋ ਸ਼ਾਊਲ ਨੇ ਮਨ ਵਿੱਚ ਆਖਿਆ, ਭਈ ਉਹ ਦੇ ਉੱਤੇ ਮੇਰਾ ਹੱਥ ਨਾ ਚੱਲੇ ਸਗੋਂ ਉਹ ਦੇ ਉੱਤੇ ਫਲਿਸਤੀਆਂ ਦਾ ਹੱਥ ਹੀ ਚੱਲੇ 18ਪਰ ਦਾਊਦ ਨੇ ਸ਼ਾਊਲ ਨੂੰ ਆਖਿਆ, ਮੈਂ ਹਾਂ ਕੌਣ ਅਤੇ ਮੇਰੀ ਜਿੰਦ ਕੀ ਹੈ ਅਤੇ ਇਸਰਾਏਲ ਵਿੱਚ ਮੇਰੇ ਪਿਉ ਦਾ ਟੱਬਰ ਕਿਹੜਾ ਹੈ ਜੋ ਮੈਂ ਪਾਤਸ਼ਾਹ ਦਾ ਜਵਾਈ ਬਣਾਂ? 19ਪਰ ਅਜਿਹਾ ਹੋਇਆ ਜਾਂ ਉਹ ਵੇਲਾ ਆਇਆ ਜੋ ਸ਼ਾਊਲ ਦੀ ਧੀ ਮੇਰਬ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਥੀ ਅਦਰੀਏਲ ਨਾਲ ਵਿਆਹੀ ਗਈ 20ਅਤੇ ਸ਼ਾਊਲ ਦੀ ਧੀ ਮੀਕਲ ਨੇ ਦਾਊਦ ਨਾਲ ਪ੍ਰੀਤ ਲਾਈ ਸੋ ਉਨ੍ਹਾਂ ਨੇ ਸ਼ਾਊਲ ਨੂੰ ਖਬਰ ਦਿੱਤੀ ਅਤੇ ਇਸ ਗੱਲ ਕਰਕੇ ਉਹ ਰਾਜ਼ੀ ਹੋਇਆ 21ਤਦ ਸ਼ਾਊਲ ਨੇ ਆਖਿਆ, ਮੈਂ ਉਹ ਨੁੰ ਉਸ ਨਾਲ ਵਿਆਹਵਾਂਗਾ ਜੋ ਉਹ ਦੇ ਲਈ ਫਾਹੀ ਹੋਵੇ ਅਤੇ ਫ਼ਲਿਸਤੀਆਂ ਦਾ ਹੱਥ ਉਹ ਦੇ ਉੱਤੇ ਆਣ ਪਵੇ ਸੋ ਸ਼ਾਊਲ ਨੇ ਦਾਊਦ ਨੂੰ ਆਖਿਆ, ਭਈ ਇਸ ਦੂਜੇ ਨਾਲ ਤੂੰ ਅੱਜ ਹੀ ਮੇਰਾ ਜਵਾਈ ਬਣ ਜਾਵੇਂਗਾ।।
22ਸ਼ਾਊਲ ਨੇ ਆਪਣੇ ਟਹਿਲੂਆਂ ਨੂੰ ਆਖਿਆ ਕਿ ਦਾਊਦ ਨਾਲ ਹੌਲੀ ਜੇਹੇ ਗੱਲ ਕਰੋ ਅਤੇ ਆਖੋ, ਵੇਖ, ਪਾਤਸ਼ਾਹ ਤੇਰੇ ਨਾਲ ਰਾਜ਼ੀ ਹੈ ਅਤੇ ਤੂੰ ਉਹ ਦੇ ਸਾਰੇ ਟਹਿਲੂਆਂ ਦਾ ਪਿਆਰਾ ਹੈਂ। ਹੁਣ ਤੂੰ ਪਾਤਸ਼ਾਹ ਦਾ ਜਵਾਈ ਬਣ 23ਉਪਰੰਤ ਸ਼ਾਊਲ ਦੇ ਟਹਿਲੂਆ ਨੇ ਏਹ ਗੱਲਾਂ ਦਾਊਦ ਦੇ ਕੰਨਾਂ ਵਿੱਚ ਕਹਿ ਸੁਣਾਈਆਂ ਅਤੇ ਦਾਊਦ ਬੋਲਿਆ, ਭਲਾ, ਇਹ ਤੁਹਾਨੂੰ ਕੋਈ ਛੋਟੀ ਜਿਹੀ ਗੱਲ ਦਿੱਸਦੀ ਹੈ ਜੋ ਮੈਂ ਪਾਤਸ਼ਾਹ ਦਾ ਜਵਾਈ ਬਣਾਂ ਕਿਉਂ ਜੋ ਮੈਂ ਕੰਗਾਲ ਅਤੇ ਤੁੱਛ ਮਨੁੱਖ ਹਾਂ? 24ਤਾਂ ਸ਼ਾਊਲ ਦੇ ਟਹਿਲੂਆਂ ਨੇ ਉਹ ਨੂੰ ਖਬਰ ਦਿੱਤੀ ਭਈ ਦਾਊਦ ਇਉਂ ਆਖਦਾ ਹੈ 25ਤਦ ਸ਼ਾਊਲ ਨੇ ਆਖਿਆ, ਤੁਸੀਂ ਦਾਊਦ ਨੂੰ ਆਖੋ ਭਈ ਪਾਤਸ਼ਾਹ ਕਿਸੇ ਤਰਾਂ ਦੀ ਵਰੀ ਨਹੀਂ ਮੰਗਦਾ ਸਗੋਂ ਫਲਿਸਤੀਆਂ ਦੀਆਂ ਸੌ ਖਲੜੀਆਂ ਏਸ ਲਈ ਜੋ ਪਾਤਸ਼ਾਹ ਦੇ ਵੈਰੀਆਂ ਤੋਂ ਬਦਲਾ ਲਿਆ ਜਾਵੇ। ਪਰ ਸ਼ਾਊਲ ਇਹ ਚਾਹੁੰਦਾ ਸੀ ਜੋ ਫਿਲਸਤੀਆਂ ਦੇ ਰਾਹੀਂ ਦਾਊਦ ਨੂੰ ਮਰਵਾ ਸੁੱਟਾਂ 26ਜਾਂ ਉਹ ਦੇ ਟਹਿਲੂਆਂ ਨੇ ਏਹ ਗੱਲਾਂ ਦਾਊਦ ਨੂੰ ਆਖੀਆਂ, ਤਾਂ ਦਾਊਦ ਨੂੰ ਇਹ ਗੱਲ ਚੰਗੀ ਲੱਗੀ ਜੋ ਪਾਤਸ਼ਾਹ ਦਾ ਜਵਾਈ ਬਣਾਂ। ਦਿਨ ਅਜੇ ਪੂਰੇ ਨਹੀਂ ਹੋਏ ਸਨ 27ਕਿ ਦਾਊਦ ਉੱਠਿਆ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰਿਆ ਅਤੇ ਦੋ ਸੌ ਫਲਿਸਤੀ ਮਾਰੇ ਅਤੇ ਦਾਊਦ ਉਨ੍ਹਾਂ ਦੀਆਂ ਖਲੜੀਆਂ ਲੈ ਆਇਆ ਅਤੇ ਉਨ੍ਹਾਂ ਨੇ ਉਹ ਸਾਰਾ ਲੇਖਾ ਪੂਰਾ ਕਰਕੇ ਪਾਤਸ਼ਾਹ ਦੇ ਅੱਗੇ ਧਰ ਦਿੱਤੀਆਂ ਜੋ ਉਹ ਪਾਤਸ਼ਾਹ ਦਾ ਜਵਾਈ ਬਣੇ ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਹ ਨੂੰ ਵਿਆਹ ਦਿੱਤੀ।।
28ਇਹ ਵੇਖ ਕੇ ਸ਼ਾਊਲ ਨੇ ਜਾਤਾ ਭਈ ਯਹੋਵਾਹ ਦਾਊਦ ਦੇ ਸੰਗ ਹੈ ਅਤੇ ਸ਼ਾਊਲ ਦੀ ਧੀ ਮੀਕਲ ਉਹ ਦੇ ਨਾਲ ਪ੍ਰੀਤ ਕਰਦੀ ਸੀ 29ਤਾਂ ਸ਼ਾਊਲ ਦਾਊਦ ਕੋਲੋਂ ਵਧੀਕ ਡਰ ਗਿਆ ਅਤੇ ਸ਼ਾਊਲ ਦਾਊਦ ਦਾ ਸਦਾ ਦਾ ਵੈਰੀ ਬਣ ਗਿਆ 30ਤਦ ਫਲਿਸਤੀਆਂ ਦੇ ਸਰਦਾਰ ਬਾਹਰ ਨਿੱਕਲ ਤੁਰੇ ਅਤੇ ਜਾਂ ਓਹ ਨਿੱਕਲ ਤੁਰੇ ਤਾਂ ਸ਼ਾਊਲ ਦੇ ਟਹਿਲੂਆਂ ਨਾਲੋਂ ਦਾਊਦ ਨੂੰ ਵਧੀਕ ਸਫ਼ਲਤਾ ਹੋਈ ਸੋ ਉਹ ਦਾ ਨਾਉਂ ਬਹੁਤ ਆਦਰ ਪਾ ਗਿਆ।।
Currently Selected:
੧ ਸਮੂਏਲ 18: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.