੧ ਸਮੂਏਲ 17
17
ਦਾਊਦ ਅਤੇ ਗੋਲਿਅਥ
1ਹੁਣ ਫਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ ਅਤੇ ਸੋਕੋਹ ਅਤੇ ਅਜ਼ੇਕਾਹ ਦੇ ਵਿੱਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ 2ਸ਼ਾਊਲ ਅਤੇ ਇਸਰਾਏਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਏਲਾਹ ਦੀ ਦੂਣ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫਲਿਸਤੀਆਂ ਦੇ ਸਾਹਮਣੇ ਪਾਲਾਂ ਬੰਨ੍ਹੀਆਂ 3ਇੱਕ ਪਾਸੇ ਦੇ ਪਹਾੜ ਉੱਤੇ ਫਲਿਸਤੀ ਖਲੋਤੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਸਰਾਏਲੀ ਖਲੋਤੇ ਸਨ ਅਤੇ ਉਨ੍ਹਾਂ ਦੋਹਾਂ ਦੇ ਵਿਚਾਲੇ ਇੱਕ ਖੱਡ ਸੀ।।
4ਉਸ ਵੇਲੇ ਫਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲਿਅਥ ਨਾਮੇ ਇੱਕ ਸੂਰਮਾ ਮਨੁੱਖ ਨਿੱਕਲਿਆ। ਉਹ ਦਾ ਕੱਦ ਛੇ ਹੱਥ ਅਤੇ ਇੱਕ ਗਿੱਠ ਉੱਚਾ ਸੀ 5ਅਤੇ ਉਹ ਦੇ ਸਿਰ ਤੇ ਇੱਕ ਪਿੱਤਲ ਉੱਤੇ ਟੋਪ ਸੀ ਅਤੇ ਇੱਕ ਸੰਜੋ ਉਹ ਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ ਡੂਢ ਮਣ ਪਿੱਤਲ ਦੀ ਸੀ 6ਅਤੇ ਉਹ ਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹ ਦੇ ਦੋਹਾਂ ਮੋਢਿਆਂ ਦੇ ਵਿੱਚਕਾਰ ਪਿੱਤਲ ਦੀ ਬਰਛੀ ਸੀ 7ਅਤੇ ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ੍ਹ ਵਰਗਾ ਸੀ ਅਤੇ ਉਹ ਦੇ ਬਰਛੇ ਦਾ ਫਲ ਸਾਢੇ ਸੱਤ ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹ ਦੇ ਅੱਗੇ ਤੁਰਦਾ ਸੀ 8ਸੋ ਉਹ ਨਿੱਕਲ ਕੇ ਖਲੋਤਾ ਅਤੇ ਇਸਰਾਏਲ ਦੇ ਦਲਾਂ ਵੱਲ ਉਹ ਨੇ ਪੁਕਾਰ ਕੇ ਆਖਿਆ, ਤੁਸਾਂ ਲੜਾਈ ਦੇ ਲਈ ਕਾਹ ਨੂੰ ਪਾਲ ਬੰਨ੍ਹੀ ਹੈ? ਭਲਾ, ਮੈਂ ਫਲਿਸਤੀ ਨਹੀਂ ਅਤੇ ਤੁਸੀਂ ਸ਼ਾਊਲ ਦੇ ਟਹਿਲੂਏ ਨਹੀਂ? ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਲਹਿ ਆਵੇ 9ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣਾਂਗੇ ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹ ਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗੁਲਾਮ ਹੋਵੋਗੇ ਅਤੇ ਸਾਡੀ ਗੁਲਾਮੀ ਕਰੋਗੇ 10ਫੇਰ ਉਹ ਫਿਲਸਤੀ ਬੋਲਿਆ, ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਸ਼ਰਮਿੰਦਾ ਕਰਨਾ ਹਾਂ। ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪੋ ਵਿੱਚ ਜੁੱਧ ਕਰੀਏ 11ਜਿਸ ਵੇਲੇ ਸ਼ਾਊਲ ਅਤੇ ਸਾਰੇ ਇਸਰਾਏਲ ਨੇ ਉਸ ਫਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਓਹ ਘਾਬਰੇ ਅਤੇ ਬਹੁਤ ਡਰ ਗਏ।।
12ਦਾਊਦ ਯੱਸੀ ਨਾਮੇ ਬੈਤਲਹਮ ਯਹੂਦਾਹ ਦੇ ਅਫਰਾਥੀ ਮਨੁੱਖ ਦਾ ਪੁੱਤ੍ਰ ਸੀ ਜਿਸ ਦੇ ਅੱਠ ਪੁੱਤ੍ਰ ਸਨ ਅਤੇ ਉਹ ਆਪ ਸ਼ਾਊਲ ਦੇ ਵੇਲੇ ਲੋਕਾਂ ਵਿੱਚ ਬੁੱਢਾ ਹੋਇਆ ਸੀ 13ਯੱਸੀ ਦੇ ਤਿੰਨ ਵੱਡੇ ਪੁੱਤ੍ਰ ਲੜਾਈ ਦੇ ਵਿੱਚ ਸ਼ਾਊਲ ਦੇ ਮਗਰ ਜਾ ਲੱਗੇ ਅਤੇ ਉਨ੍ਹਾਂ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ ਜੇਠੇ ਦਾ ਨਾਉਂ ਅਲੀਆਬ ਸੀ ਅਤੇ ਦੂਜੇ ਦਾ ਨਾਉਂ ਅਬੀਨਾਦਾਬ ਅਤੇ ਤੀਜੇ ਦਾ ਨਾਉਂ ਸ਼ੰਮਾਹ ਸੀ 14ਦਾਊਦ ਸਭਨਾਂ ਨਾਲੋਂ ਨਿੱਕਾ ਸੀ ਅਤੇ ਉਹ ਦੇ ਤਿੰਨ ਵੱਡੇ ਪੁੱਤ੍ਰ ਸ਼ਾਊਲ ਦੇ ਮਗਰ ਲੱਗੇ 15ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਉ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਗਿਆ ਸੀ 16ਸੋ ਉਹ ਫਲਿਸਤੀ ਨਿੱਤ ਸਵੇਰੇ ਅਤੇ ਤਕਾਲਾਂ ਨੂੰ ਨੇੜੇ ਆਉਂਦਾ ਸੀ। ਚਾਲੀਆਂ ਦਿਨਾਂ ਤੋੜੀ ਉਹ ਆਪਣੇ ਆਪ ਨੂੰ ਅੱਗੇ ਕਰਦਾ ਰਿਹਾ 17ਫੇਰ ਯੱਸੀ ਨੇ ਆਪਣੇ ਪੁੱਤ੍ਰ ਦਾਊਦ ਨੂੰ ਆਖਿਆ, ਇਹ ਪੰਜ ਸੇਰ ਭੂੰਨੇ ਹੋਏ ਦਾਣੇ ਅਤੇ ਏਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਡੇਰਿਆਂ ਵੱਲ ਤੁਰ ਜਾਹ 18ਅਤੇ ਏਹ ਦਸ ਚੱਕੀਆਂ ਪਨੀਰ ਦੀਆਂ ਉਨ੍ਹਾਂ ਦੇ ਸੂਬੇਦਾਰ ਦੇ ਲਈ ਲੈ ਜਾਹ ਅਤੇ ਆਪਣੇ ਭਰਾਵਾਂ ਦੀ ਡੌਲ ਚਾਲ ਵੇਖ ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ 19ਉਸ ਵੇਲੇ ਸ਼ਾਊਲ ਅਤੇ ਓਹ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਦੂਣ ਵਿੱਚ ਫਲਿਸਤੀਆਂ ਦੇ ਨਾਲ ਲੜਦੇ ਪਏ ਸਨ।।
20ਦਾਊਦ ਨੇ ਪਰਭਾਤ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿੱਕੁਰ ਯੱਸੀ ਨੇ ਉਹ ਨੂੰ ਆਖਿਆ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਦਲ ਲੜਨ ਲਈ ਨਿੱਕਲਦਾ ਅਤੇ ਲੜਾਈ ਦੇ ਲਈ ਵੰਗਾਰਦਾ ਸੀ ਮੋਰਚੇ ਵਿੱਚ ਅੱਪੜ ਪਿਆ 21ਅਤੇ ਇਸਰਾਏਲ ਅਰ ਫਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਹਮੋ ਸਾਹਮਣੇ ਪਾਲਾਂ ਬੰਨ੍ਹੀਆਂ ਸਨ 22ਸੋ ਦਾਊਦ ਨੇ ਆਪਣੀਆਂ ਵਸਤਾਂ ਉਹ ਦੇ ਕੋਲ ਧਰੀਆਂ ਜੋ ਪਾਹਰੂ ਰਾਖੀ ਕਰਦਾ ਸੀ, ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖਬਰ ਸੁਰਤ ਪੁੱਛੀ 23ਉਹ ਉਨ੍ਹਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ ਜੋ ਵੇਖੋ, ਉਹ ਭਲਵਾਨ ਗਾਥੀ ਫਲਿਸਤੀ ਗੋਲਿਅਥ ਨਾਮੇ ਫਲਿਸਤੀ ਪਾਲਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਅੱਗੇ ਵਾਂਙੁ ਫੇਰ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ 24ਇਸਰਾਏਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ 25ਤਦ ਇਸਰਾਏਲ ਦੇ ਲੋਕਾਂ ਨੇ ਆਖਿਆ, ਤੁਸਾਂ ਇਸ ਮਨੁੱਖ ਨੂੰ ਡਿੱਠਾ ਜੋ ਨਿੱਕਲਦਾ ਹੈ। ਸੱਚ ਮੁੱਚ ਇਹ ਤਾਂ ਇਸਰਾਏਲ ਨੂੰ ਲੱਜਿਆਵਾਨ ਹੀ ਕਰਨ ਆਇਆ ਹੈ ਅਤੇ ਅਜਿਹਾ ਹੋਵੇਗਾ ਭਈ ਜਿਹੜਾ ਉਸ ਨੂੰ ਮਾਰੇਗਾ ਤਾਂ ਪਾਤਸ਼ਾਹ ਉਹ ਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਹ ਨੂੰ ਦੇਵੇਗਾ ਅਤੇ ਉਹ ਦੇ ਪਿਉ ਦੇ ਟੱਬਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ 26ਤਾਂ ਦਾਊਦ ਨੇ ਆਪਣੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਿਹੜਾ ਮਨੁੱਖ ਇਸ ਫਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਹ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫਲਿਸਤੀ ਹੈ ਕੌਣ ਜੋ ਜੀਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ ਕਰੇ? 27ਲੋਕਾਂ ਨੇ ਇਸ ਤਰਾਂ ਦਾ ਉੱਤਰ ਦਿੱਤਾ ਭਈ ਜਿਹੜਾ ਉਸ ਨੂੰ ਮਾਰੇ ਉਸ ਮਨੁੱਖ ਨੂੰ ਏਹ ਏਹ ਮਿਲੇਗਾ।।
28ਉਸੇ ਵੇਲੇ ਉਹ ਦੇ ਵੱਡੇ ਭਰਾ ਅਲੀਆਬ ਨੇ ਉਹ ਦੀਆਂ ਗੱਲਾਂ ਸੁਣੀਆਂ ਜੋ ਉਹ ਲੋਕਾਂ ਨਾਲ ਕਰ ਰਿਹਾ ਸੀ ਅਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਜਾਗਿਆ ਅਤੇ ਉਹ ਬੋਲਿਆ, ਤੂੰ ਕਾਹਨੂੰ ਐਥੇ ਲਹਿ ਆਇਆ ਹੈਂ ਅਤੇ ਉੱਥੇ ਉਜਾੜ ਵਿੱਚ ਉਨ੍ਹਾਂ ਥੋੜੀਆਂ ਜੇਹੀਆਂ ਭੇਡਾਂ ਨੂੰ ਤੂੰ ਕਿਸ ਗੋਚਰੇ ਛੱਡ ਆਇਆ ਹੈਂ? ਮੈਂ ਤੇਰੀ ਦੌੜ ਅਤੇ ਤੇਰੇ ਮਨ ਦੀ ਬੁਰਿਆਈ ਨੂੰ ਜਾਣਦਾ ਹਾਂ। ਤੂੰ ਲੜਾਈ ਦੇ ਵੇਖਣ ਨੂੰ ਹੀ ਲਹਿ ਆਇਆ ਹੈਂ 29ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ? ਭਲਾ, ਕੋਈ ਕਾਰਨ ਨਹੀਂ?।।
30ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹੋ ਗੱਲਾਂ ਫੇਰ ਕੀਤੀਆਂ। ਸੋ ਲੋਕਾਂ ਨੇ ਉਹ ਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ 31ਅਤੇ ਜਾਂ ਓਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਓਨ੍ਹਾਂ ਨੇ ਸ਼ਾਊਲ ਕੋਲ ਉਨ੍ਹਾਂ ਦੀ ਖਬਰ ਦਿੱਤੀ ਅਤੇ ਉਸ ਨੇ ਉਹ ਨੂੰ ਸੱਦ ਘੱਲਿਆ।।
32ਤਾਂ ਦਾਊਦ ਨੇ ਸ਼ਾਊਲ ਨੂੰ ਆਖਿਆ, ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਾਬਰੇ। ਤੁਹਾਡਾ ਦਾਸ ਜਾਵੇਗਾ ਅਤੇ ਉਸ ਫਲਿਸਤੀ ਨਾਲ ਲੜੇਗਾ 33ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹ ਦੇ ਨਾਲ ਲੜਨ ਜੋਗਾ ਨਹੀਂ ਹੈਂ ਕਿਉਂ ਜੋ ਤੂੰ ਮੁੰਡਾ ਹੀ ਹੈਂ ਅਤੇ ਉਹ ਨਿਆਣਪੁਣੇ ਤੋਂ ਹੀ ਜੋਧਾ ਹੈ 34ਤਦ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਉ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ 35ਤਾਂ ਮੈਂ ਉਹ ਦੇ ਮਗਰ ਨਿੱਕਲਿਆ ਅਤੇ ਉਸ ਨੂੰ ਮਾਰਿਆ ਅਰ ਉਸ ਦੇ ਮੂੰਹ ਵਿੱਚੋਂ ਉਹ ਨੂੰ ਛੁਡਾਇਆ ਅਤੇ ਜਾਂ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੰ ਬਰਾਛੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ 36ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਜਿੰਦੋਂ ਮੁਕਾਇਆ ਸੋ ਇਹ ਅਸੁੰਨਤੀ ਫਲਿਸਤੀ ਉਨ੍ਹਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜੀਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ ਕਰ ਰਿਹਾ ਹੈ! 37ਫੇਰ ਦਾਊਦ ਨੇ ਏਹ ਵੀ ਆਖਿਆ, ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫਲਿਸਤੀ ਦੇ ਹੱਥੋਂ ਛੁਡਾਵੇਗਾ। ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਜਾਹ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ।।
38ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹ ਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹ ਨੂੰ ਪਹਿਨਾਈ 39ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਉੱਦਮ ਕੀਤਾ ਕਿਉਂ ਜੋ ਉਹ ਨੇ ਇਨ੍ਹਾਂ ਨੂੰ ਜਾਚਿਆ ਨਹੀਂ। ਤਦ ਦਾਊਦ ਨੇ ਸ਼ਾਊਲ ਨੂੰ ਆਖਿਆ, ਇਨ੍ਹਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਉਨ੍ਹਾਂ ਨੂੰ ਪਰਖਿਆ ਨਹੀਂ। ਸੋ ਦਾਊਦ ਨੇ ਓਹ ਸਭ ਆਪਣੇ ਉੱਤੋਂ ਲਾਹ ਦਿੱਤੇ 40ਅਤੇ ਉਹ ਨੇ ਆਪਣੀ ਡਾਂਗ ਹੱਥ ਵਿੱਚ ਫੜ ਲਈ ਅਤੇ ਉਹ ਨੇ ਉਸ ਖੱਡ ਤੋਂ ਪੰਜ ਚੀਕਣੇ ਪੱਥਰ ਚੁਣ ਲਏ ਅਤੇ ਉਨ੍ਹਾਂ ਆਜੜੀ ਦੇ ਚੋਲੇ ਵੱਚ ਜੋ ਉਹ ਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਧਰ ਲਿਆ ਅਤੇ ਉਹ ਦਾ ਗੋਪੀਆਂ ਉਹ ਦੇ ਹੱਥ ਵਿੱਚ ਸੀ ਸੋ ਉਹ ਉਸ ਫਲਿਸਤੀ ਦੇ ਨੇੜੇ ਜਾਣ ਲੱਗਾ 41ਤਾਂ ਫਲਿਸਤੀ ਤੁਰਿਆ ਅਰ ਦਾਊਦ ਦੇ ਨੇੜੇ ਆਉਣ ਲੱਗਾ ਅਰ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ 42ਜਾਂ ਫਲਿਸਤੀ ਨੇ ਆਲੇ ਦੁਆਲੇ ਵੇਖ ਕੇ ਦਾਊਦ ਨੂੰ ਡਿੱਠਾ ਤਾਂ ਉਹ ਨੂੰ ਤੁੱਛ ਜਾਣਿਆ ਕਿਉਂ ਜੋ ਉਹ ਮੁੰਡਾ ਹੀ ਸੀ। ਉਹ ਲਾਲ ਰੰਗ ਅਤੇ ਸੋਹਣੇ ਰੂਪ ਦਾ ਸੀ 43ਸੋ ਫਲਿਸਤੀ ਨੇ ਦਾਊਦ ਨੂੰ ਆਖਿਆ, ਭਲਾ, ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈਂ? ਅਤੇ ਫਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਉਂ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ 44ਤਦ ਫਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਪੌਣ ਦੇ ਪੰਛੀਆਂ ਅਤੇ ਜੰਗਲੀ ਦਰਿੰਦਿਆਂ ਨੂੰ ਵੰਡਾਂ! 45ਪਰ ਦਾਊਦ ਨੇ ਫਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ! 46ਅਤੇ ਅੱਜ ਹਾਂ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਰ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪੌਣ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ ਭਈ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ 47ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਜੁੱਧ ਦਾ ਸੁਆਮੀ ਯਹੋਵਾਹ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ! 48ਅਤੇ ਅਜਿਹਾ ਹੋਇਆ ਜਾਂ ਫਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਢੁੱਕਾ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫਲਿਸਤੀ ਨਾਲ ਲੜਨ ਨੂੰ ਨੱਠਾ 49ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਪਰਨੇ ਧਰਤੀ ਉੱਤੇ ਡਿੱਗ ਪਿਆ! 50ਸੋ ਦਾਊਦ ਨੇ ਇੱਕ ਗੋਪੀਏ ਅਰ ਇੱਕ ਪੱਥਰ ਨਾਲ ਫਲਿਸਤੀ ਨੂੰ ਜਿੱਤ ਲਿਆ ਅਤੇ ਉਸ ਫਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਅਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ 51ਏਸ ਕਰਕੇ ਦਾਊਦ ਭੱਜ ਕੇ ਫਲਿਸਤੀ ਦੇ ਉੱਤੇ ਚੜ੍ਹ ਖਲੋਤਾ ਅਤੇ ਉਸ ਦੀ ਤਲਵਾਰ ਫੜ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਜਿੰਦੋਂ ਮੁਕਾ ਕੇ ਉਸ ਦਾ ਸਿਰ ਉਸ ਨਾਲ ਵੱਢ ਸੁੱਟਿਆ ਅਤੇ ਜਾਂ ਫਲਿਸਤੀਆਂ ਨੇ ਆਪਣਾ ਭਲਵਾਨ ਮੋਇਆ ਪਿਆ ਡਿੱਠਾ ਤਾਂ ਓਹ ਭੱਜ ਗਏ 52ਤਾਂ ਇਸਰਾਏਲ ਅਰ ਯਹੂਦਾਹ ਦੇ ਲੋਕ ਉੱਠੇ ਅਤੇ ਦੂਣ ਤੋੜੀ ਅਤੇ ਅਕਰੋਨ ਦੇ ਫਾਟਕਾਂ ਤੋੜੀ ਵੰਗਾਰ ਕੇ ਫਲਿਸਤੀਆਂ ਦੇ ਮਗਰ ਪਏ ਅਤੇ ਜਿਹੜੇ ਫਲਿਸਤੀਆਂ ਵਿੱਚੋਂ ਫੱਟੇ ਗਏ ਸੋ ਸਆਰੈਮ ਦੇ ਰਾਹ ਵਿੱਚ ਗਥ ਅਤੇ ਅਕਰੋਨ ਤੋੜੀ ਡਿੱਗਦੇ ਗਏ 53ਤਦ ਇਸਰਾਏਲੀ ਫਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ 54ਅਤੇ ਦਾਊਦ ਉਸ ਫਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ ਪਰ ਉਸ ਦੇ ਸ਼ਸਤ੍ਰਾਂ ਨੂੰ ਉਹ ਨੇ ਆਪਣੇ ਡੇਰੇ ਵਿੱਚ ਰੱਖਿਆ।।
55ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਫਲਿਸਤੀ ਨਾਲ ਲੜਨ ਲਈ ਜਾਂਦਿਆਂ ਡਿੱਠਾ ਤਾਂ ਉਸਨੇ ਸੈਨਾਪਤੀ ਅਬਨੇਰ ਕੋਲੋਂ ਪੁੱਛਿਆਂ, ਅਬਨੇਰ ਇਹ ਮੁੰਡਾ ਕਿਹ ਦਾ ਪੁੱਤ੍ਰ ਹੈ? ਅਬਨੇਰ ਬੋਲਿਆ, ਹੇ ਮਹਾਰਾਜ, ਤੇਰੀ ਜਿੰਦ ਦੀ ਸੌਂਹ ਮੈਨੂੰ ਤਾਂ ਖਬਰ ਨਹੀਂ 56ਤਦ ਪਾਤਸ਼ਾਹ ਨੇ ਆਖਿਆ, ਤੂੰ ਭਾਲ ਕਰ ਜੋ ਮੁੰਡਾ ਕਿਹ ਦਾ ਪੁੱਤ੍ਰ ਹੈ 57ਸੋ ਜਾਂ ਦਾਊਦ ਉਸ ਫਲਿਸਤੀ ਨੂੰ ਵੱਢ ਕੇ ਮੁੜਿਆ ਤਾਂ ਅਬਨੇਰ ਨੇ ਉਹ ਨੂੰ ਫੜ ਲਿਆ ਅਤੇ ਸ਼ਾਊਲ ਕੋਲ ਲੈ ਗਿਆ ਅਤੇ ਫਲਿਸਤੀ ਦਾ ਸਿਰ ਉਹ ਦੇ ਹੱਥ ਵਿੱਚ ਸੀ 58ਤਦ ਸ਼ਾਊਲ ਨੇ ਉਹ ਨੂੰ ਪੁੱਛਿਆ, ਤੂੰ ਕਿਹ ਦਾ ਪੁੱਤ੍ਰ ਹੈਂ? ਦਾਊਦ ਨੇ ਉੱਤਰ ਦਿੱਤਾ, ਮੈਂ ਤੁਹਾਡੇ ਦਾਸ ਬੈਤਲਹਮੀ ਯੱਸੀ ਦਾ ਪੁੱਤ੍ਰ ਹਾਂ।।
Currently Selected:
੧ ਸਮੂਏਲ 17: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.