ਗਿਣਤੀ 3

3
ਲੇਵੀਆਂ
1ਇਹ ਹਾਰੋਨ ਅਤੇ ਮੋਸ਼ੇਹ ਦੀ ਵੰਸ਼ਾਵਲੀ ਹੈ ਜਦੋਂ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਪਹਾੜ ਉੱਤੇ ਗੱਲ ਕੀਤੀ ਸੀ।
2ਹਾਰੋਨ ਦੇ ਪੁੱਤਰਾਂ ਦੇ ਨਾਮ ਜੇਠਾ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ। 3ਇਹ ਹਾਰੋਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜੋ ਮਸਹ ਕੀਤੇ ਗਏ ਸਨ, ਜੋ ਜਾਜਕਾਈ ਦੀ ਸੇਵਾ ਕਰਨ ਲਈ ਨਿਯੁਕਤ ਕੀਤੇ ਗਏ ਸਨ। 4ਪਰ ਨਾਦਾਬ ਅਤੇ ਅਬੀਹੂ ਦੀ ਮੌਤ ਯਾਹਵੇਹ ਦੇ ਸਾਮ੍ਹਣੇ ਹੋ ਗਈ ਜਦੋਂ ਇਹ ਸੀਨਾਈ ਦੀ ਉਜਾੜ ਵਿੱਚ ਯਾਹਵੇਹ ਦੇ ਅੱਗੇ ਅਯੋਗ ਅੱਗ ਲਿਆਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸਨ, ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਆਪਣੇ ਪਿਤਾ ਹਾਰੋਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ।
5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 6“ਲੇਵੀ ਦੇ ਗੋਤ ਨੂੰ ਲਿਆ ਅਤੇ ਉਹਨਾਂ ਨੂੰ ਹਾਰੋਨ ਜਾਜਕ ਕੋਲ ਉਸਦੀ ਸਹਾਇਤਾ ਲਈ ਪੇਸ਼ ਕਰੋ। 7ਉਹ ਡੇਰੇ ਦਾ ਕੰਮ ਕਰਕੇ ਮੰਡਲੀ ਵਾਲੇ ਤੰਬੂ ਵਿੱਚ ਉਸ ਦੇ ਲਈ ਅਤੇ ਸਾਰੀ ਕੌਮ ਲਈ ਫਰਜ਼ ਨਿਭਾਉਣ ਅਤੇ ਤੰਬੂ ਦੀ ਸੇਵਾ ਕਰਨ। 8ਉਹ ਮੰਡਲੀ ਵਾਲੇ ਤੰਬੂ ਦੇ ਸਾਰੇ ਸਮਾਨ ਦੀ ਦੇਖਭਾਲ ਕਰਨ ਅਤੇ ਡੇਰੇ ਦਾ ਕੰਮ ਕਰਕੇ ਇਸਰਾਏਲੀਆਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ। 9ਲੇਵੀਆਂ ਨੂੰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦੇ ਦਿਓ, ਇਹ ਇਸਰਾਏਲੀਆਂ ਦੀ ਵੱਲੋਂ ਹਨ ਜੋ ਉਸ ਨੂੰ ਪੂਰੀ ਤਰ੍ਹਾਂ ਨਾਲ ਸਮਰਪਣ ਹੋਣ। 10ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੋ, ਕੋਈ ਹੋਰ ਜੋ ਪਵਿੱਤਰ ਸਥਾਨ ਦੇ ਨੇੜੇ ਆਉਂਦਾ ਹੈ ਉਹ ਮਾਰਿਆ ਜਾਵੇ।”
11ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ, 12“ਮੈਂ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਹਰੇਕ ਇਸਰਾਏਲੀ ਔਰਤ ਦੀ ਪਹਿਲੀ ਔਲਾਦ ਦੀ ਥਾਂ ਉੱਤੇ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹਨ, 13ਕਿਉਂਕਿ ਸਾਰੇ ਪਹਿਲੌਠੇ ਮੇਰੇ ਹਨ, ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠੇ ਨੂੰ ਮਾਰਿਆ ਤਾਂ ਮੈਂ ਇਸਰਾਏਲ ਵਿੱਚ ਹਰੇਕ ਪਹਿਲੌਠੇ ਨੂੰ ਆਪਣੇ ਲਈ ਅਲੱਗ ਕਰ ਦਿੱਤਾ, ਭਾਵੇਂ ਉਹ ਮਨੁੱਖ ਜਾਂ ਜਾਨਵਰ ਦੇ ਹੋਣ ਉਹ ਮੇਰੇ ਹੋਣਗੇ। ਮੈਂ ਯਾਹਵੇਹ ਹਾਂ।”
14ਯਾਹਵੇਹ ਨੇ ਮੋਸ਼ੇਹ ਨੂੰ ਸੀਨਾਈ ਦੇ ਉਜਾੜ ਵਿੱਚ ਆਖਿਆ, 15“ਲੇਵੀਆਂ ਨੂੰ ਉਹਨਾਂ ਦੇ ਪਰਿਵਾਰਾਂ ਅਤੇ ਗੋਤਾਂ ਅਨੁਸਾਰ ਗਿਣ ਅਤੇ ਹਰ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਮਰਦ ਦੀ ਗਿਣਤੀ ਕਰੋ।” 16ਤਾਂ ਮੋਸ਼ੇਹ ਨੇ ਉਹਨਾਂ ਨੂੰ ਗਿਣਿਆ ਜਿਵੇਂ ਉਸਨੂੰ ਯਾਹਵੇਹ ਨੇ ਹੁਕਮ ਦਿੱਤਾ ਸੀ।
17ਲੇਵੀ ਦੇ ਪੁੱਤਰਾਂ ਦੇ ਨਾਮ ਇਹ ਸਨ:
ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
18ਇਹ ਗੇਰਸ਼ੋਨ ਦੇ ਪੁੱਤਰ ਦੇ ਨਾਮ ਹਨ:
ਉਹਨਾਂ ਦੇ ਟੱਬਰਾਂ ਅਨੁਸਾਰ ਲਿਬਨੀ ਅਤੇ ਸ਼ਿਮਈ।
19ਕੋਹਾਥ ਦੇ ਪੁੱਤਰ:
ਉਹਨਾਂ ਦੇ ਟੱਬਰਾਂ ਅਨੁਸਾਰ ਅਮਰਾਮ ਇਜ਼ਹਾਰ ਹੇਬਰੋਨ ਅਤੇ ਉਜ਼ੀਏਲ।
20ਮੇਰਾਰੀ ਦੇ ਪੁੱਤਰ:
ਮਹਲੀ ਅਤੇ ਮੂਸ਼ੀ।
ਇਹ ਲੇਵੀਆਂ ਦੇ ਪਰਿਵਾਰ-ਸਮੂਹ ਦੇ ਅਨੁਸਾਰ ਸਨ।
21ਗੇਰਸ਼ੋਨ ਵਿੱਚ ਲਿਬਨੀਆਂ ਅਤੇ ਸ਼ਿਮਈਆਂ ਦੇ ਗੋਤ ਸਨ ਅਤੇ ਇਹ ਗੇਰਸ਼ੋਨੀਆਂ ਦੇ ਪਰਿਵਾਰ ਸਨ।
22ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 7,500 ਸੀ।
23ਗੇਰਸ਼ੋਨੀਆਂ ਦੇ ਪਰਿਵਾਰ ਤੰਬੂ ਦੇ ਪਿੱਛੇ ਪੱਛਮ ਵੱਲ ਤੰਬੂ ਲਾਉਣ।
24ਗੇਰਸ਼ੋਨੀਆਂ ਦੇ ਘਰਾਣਿਆਂ ਦਾ ਆਗੂ ਲਾਏਲ ਦਾ ਪੁੱਤਰ ਏਲੀਯਾਸਾਫ਼ ਸੀ।
25ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਸੀ ਕਿ ਉਹ ਮੰਡਲੀ ਦੇ ਤੰਬੂ ਵਿੱਚ ਡੇਰੇ ਅਤੇ ਤੰਬੂ ਦੀ ਦੇਖਭਾਲ, ਉਸ ਦੇ ਢੱਕਣ, ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਪਰਦੇ, 26ਵਿਹੜੇ ਦੇ ਪਰਦੇ, ਤੰਬੂ ਅਤੇ ਜਗਵੇਦੀ ਦੇ ਆਲੇ-ਦੁਆਲੇ ਦੇ ਵਿਹੜੇ ਵਿੱਚ ਪ੍ਰਵੇਸ਼ ਦੁਆਰ ਅਤੇ ਰੱਸੀਆਂ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ।
27ਕੋਹਾਥ ਵਿੱਚ ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਦੇ ਪਰਿਵਾਰ ਸੀ। ਇਹ ਕੋਹਾਥ ਸਨ।
28ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 8,600 ਸੀ।
ਪਵਿੱਤਰ ਸਥਾਨ ਦੀ ਦੇਖਭਾਲ ਕਰਨ ਲਈ ਕੋਹਾਥੀ ਲੋਕ ਜ਼ਿੰਮੇਵਾਰ ਸਨ।
29ਕੋਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਤੰਬੂ ਲਾਉਣ।
30ਕੋਹਾਥੀਆਂ ਦੇ ਘਰਾਣਿਆਂ ਦਾ ਆਗੂ ਉਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਸੀ।
31ਉਹ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ, ਪਵਿੱਤਰ ਸਥਾਨ ਦੇ ਉਪਾਸਨਾ ਵਿੱਚ ਵਰਤੇ ਜਾਣ ਵਾਲੇ ਸਮਾਨ, ਪਰਦੇ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਸਨ।
32ਲੇਵੀਆਂ ਦਾ ਮੁੱਖ ਆਗੂ ਹਾਰੋਨ ਦਾ ਪੁੱਤਰ ਅਲਆਜ਼ਾਰ ਜਾਜਕ ਸੀ ਅਤੇ ਉਸ ਨੂੰ ਉਹਨਾਂ ਲੋਕਾਂ ਉੱਤੇ ਨਿਯੁਕਤ ਕੀਤਾ ਗਿਆ ਸੀ ਜੋ ਪਵਿੱਤਰ ਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।
33ਮੇਰਾਰੀ ਵਿੱਚ ਮਹਲੀ ਅਤੇ ਮੂਸ਼ੀਆਂ ਦੇ ਗੋਤ ਸਨ। ਇਹ ਮੇਰਾਰੀ ਗੋਤ ਵਿੱਚੋਂ ਸਨ।
34ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਮਰਦਾਂ ਦੀ ਗਿਣਤੀ 6,200 ਸੀ।
35ਮੇਰਾਰੀਆਂ ਦੇ ਘਰਾਣਿਆਂ ਦਾ ਆਗੂ ਅਬੀਹਾਇਲ ਦਾ ਪੁੱਤਰ ਸੂਰੀਏਲ ਸੀ,
ਅਤੇ ਉਹਨਾਂ ਨੇ ਤੰਬੂ ਦੇ ਉੱਤਰ ਵਾਲੇ ਪਾਸੇ ਡੇਰੇ ਲਾਏ।
36ਮੇਰਾਰੀਆਂ ਨੂੰ ਤੰਬੂ ਦੀਆਂ ਚੌਖਟੀਆਂ, ਇਸ ਦੀਆਂ ਟੋਲੀਆਂ, ਚੌਂਕਾਂ, ਟਿਕਾਣਿਆਂ, ਇਸ ਦੇ ਸਾਰੇ ਸਾਜ਼-ਸਾਮਾਨ ਅਤੇ ਉਹਨਾਂ ਦੀ ਵਰਤੋਂ ਨਾਲ ਸੰਬੰਧਿਤ ਹਰ ਚੀਜ਼ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, 37ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਉਹਨਾਂ ਦੇ ਅਧਾਰ, ਤੰਬੂ ਦੇ ਖੰਭਿਆਂ ਅਤੇ ਰੱਸੀਆਂ।
38ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੇ ਮੰਡਲੀ ਵਾਲੇ ਤੰਬੂ ਦੇ ਸਾਮ੍ਹਣੇ ਡੇਰੇ ਦੇ ਪੂਰਬ ਵੱਲ, ਜਿੱਧਰੋ ਸੂਰਜ ਚੜਦਾ ਹੈ ਆਪਣੇ ਤੰਬੂ ਲਾਉਣ,
ਉਹ ਇਸਰਾਏਲੀਆਂ ਦੀ ਤਰਫੋਂ ਪਵਿੱਤਰ ਸਥਾਨ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ,
ਕਿਉਂ ਜੋ ਕੋਈ ਹੋਰ ਜਿਹੜਾ ਪਵਿੱਤਰ ਸਥਾਨ ਦੇ ਨੇੜੇ ਆਉਂਦਾ ਸੀ, ਉਹ ਮਾਰਿਆ ਜਾਂਦਾ ਸੀ।
39ਯਾਹਵੇਹ ਦੇ ਹੁਕਮ ਅਨੁਸਾਰ ਮੋਸ਼ੇਹ ਅਤੇ ਹਾਰੋਨ ਦੁਆਰਾ ਉਹਨਾਂ ਦੇ ਗੋਤਾਂ ਅਨੁਸਾਰ ਗਿਣੇ ਗਏ ਲੇਵੀਆਂ ਦੀ ਕੁੱਲ ਗਿਣਤੀ 22,000 ਸੀ, ਜਿਨ੍ਹਾਂ ਵਿੱਚ ਹਰ ਇੱਕ ਮਹੀਨਾ ਜਾਂ ਇਸ ਤੋਂ ਵੱਧ ਉਮਰ ਦਾ ਪੁਰਸ਼ ਸੀ।
40ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸਾਰੇ ਪਹਿਲੌਠੇ ਪੁਰਖਾਂ ਦੀ ਗਿਣਤੀ ਕਰ ਜੋ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਉਹਨਾਂ ਦੇ ਨਾਮ ਦੀ ਸੂਚੀ ਬਣਾ। 41ਮੇਰੇ ਲਈ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੀ ਥਾਂ ਲੇਵੀਆਂ ਨੂੰ ਅਤੇ ਇਸਰਾਏਲੀਆਂ ਦੇ ਪਸ਼ੂਆਂ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਦੇ ਪਸ਼ੂ ਲੈ। ਮੈਂ ਯਾਹਵੇਹ ਹਾਂ।”
42ਇਸ ਲਈ ਮੋਸ਼ੇਹ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਨੂੰ ਗਿਣਿਆ, ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ। 43ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਜੇਠੇ ਮਰਦਾਂ ਦੀ ਕੁੱਲ ਗਿਣਤੀ, 22,273 ਸੀ।
44ਯਾਹਵੇਹ ਨੇ ਮੋਸ਼ੇਹ ਨੂੰ ਇਹ ਵੀ ਆਖਿਆ, 45“ਇਸਰਾਏਲ ਦੇ ਸਾਰੇ ਪਹਿਲੌਠੇ ਪੁੱਤਰਾਂ ਦੀ ਥਾਂ ਲੇਵੀਆਂ ਨੂੰ ਅਤੇ ਲੇਵੀਆਂ ਦੇ ਪਸ਼ੂਆਂ ਨੂੰ ਉਹਨਾਂ ਦੇ ਪਸ਼ੂਆਂ ਦੀ ਥਾਂ ਉੱਤੇ ਲੈ। ਲੇਵੀ ਮੇਰੇ ਹਨ। ਮੈਂ ਯਾਹਵੇਹ ਹਾਂ। 46273 ਜੇਠੇ ਇਸਰਾਏਲੀਆਂ ਨੂੰ ਛੁਡਾਉਣ ਲਈ ਜਿਹੜੇ ਲੇਵੀਆਂ ਦੀ ਗਿਣਤੀ ਤੋਂ ਵੱਧ ਹਨ, 47ਤੂੰ ਪੰਜ-ਪੰਜ ਸ਼ੈਕੇਲ#3:47 ਲਗਭਗ 58 ਗ੍ਰਾਮ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਲੈਣ ਅਰਥਾਤ ਇੱਕ ਸ਼ੈਕੇਲ ਵੀਹ ਗੇਰਾਹ ਇਕੱਠਾ ਕਰ। 48ਹੋਰ ਇਸਰਾਏਲੀਆਂ ਦੇ ਛੁਟਕਾਰੇ ਲਈ ਰਕਮ ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ ਦੇ ਦਿਓ।”
49ਇਸ ਲਈ ਮੋਸ਼ੇਹ ਨੇ ਛੁਟਕਾਰੇ ਦੀ ਰਕਮ ਉਹਨਾਂ ਲੋਕਾਂ ਤੋਂ ਇਕੱਠੀ ਕੀਤੀ ਜੋ ਲੇਵੀਆਂ ਦੁਆਰਾ ਛੁਡਾਈ ਗਈ ਗਿਣਤੀ ਤੋਂ ਵੱਧ ਸਨ। 50ਇਸਰਾਏਲੀਆਂ ਦੇ ਜੇਠੇ ਤੋਂ ਉਸ ਨੇ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ 1,365 ਸ਼ੈਕੇਲ#3:50 ਲਗਭਗ 16 ਕਿਲੋਗ੍ਰਾਮ ਚਾਂਦੀ ਇਕੱਠੀ ਕੀਤੀ। 51ਮੋਸ਼ੇਹ ਨੇ ਛੁਟਕਾਰੇ ਦਾ ਪੈਸਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦਿੱਤਾ, ਜਿਵੇਂ ਉਸਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ।

தற்சமயம் தேர்ந்தெடுக்கப்பட்டது:

ਗਿਣਤੀ 3: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்