ਨਿਆਂਈਆਂ 11

11
1ਗਿਲਆਦੀ ਯਿਫ਼ਤਾਹ ਇੱਕ ਸ਼ਕਤੀਸ਼ਾਲੀ ਯੋਧਾ ਸੀ ਅਤੇ ਉਸਦਾ ਪਿਤਾ ਗਿਲਆਦ ਸੀ, ਪਰ ਉਸਦੀ ਮਾਂ ਇੱਕ ਵੇਸਵਾ ਸੀ। 2ਗਿਲਆਦ ਦੀ ਪਤਨੀ ਨੇ ਵੀ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦੋਂ ਉਹ ਵੱਡੇ ਹੋ ਗਏ, ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ। “ਤੈਨੂੰ ਸਾਡੇ ਪਰਿਵਾਰ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ, ਕਿਉਂਕਿ ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈ।” 3ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਤੋਂ ਭੱਜ ਗਿਆ ਅਤੇ ਤੋਬ ਦੇ ਦੇਸ਼ ਵਿੱਚ ਜਾ ਵੱਸਿਆ ਜਿਸ ਵਿੱਚ ਬੇਕਾਰ, ਮਾੜੇ ਲੋਕ ਉਸ ਦੇ ਸਾਥੀ ਬਣ ਗਏ, ਜੋ ਉਸ ਦੇ ਨਾਲ ਰਹਿੰਦੇ ਸਨ।
4ਕੁਝ ਸਮੇਂ ਬਾਅਦ ਜਦੋਂ ਅੰਮੋਨੀ ਇਸਰਾਏਲ ਦੇ ਵਿਰੁੱਧ ਲੜਨ ਲੱਗੇ, 5ਗਿਲਆਦ ਦੇ ਬਜ਼ੁਰਗ ਤੋਬ ਦੀ ਧਰਤੀ ਤੋਂ ਯਿਫ਼ਤਾਹ ਨੂੰ ਲੈਣ ਲਈ ਗਏ। 6ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, “ਆ, ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਨਾਲ ਲੜ ਸਕੀਏ।”
7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਦਿੱਤਾ? ਤੁਸੀਂ ਹੁਣ ਮੇਰੇ ਕੋਲ ਕਿਉਂ ਆਏ ਹੋ, ਜਦੋਂ ਤੁਸੀਂ ਮੁਸੀਬਤ ਵਿੱਚ ਹੋ?”
8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, “ਫਿਰ ਵੀ ਅਸੀਂ ਹੁਣ ਤੇਰੇ ਕੋਲ ਆਏ ਹਾਂ, ਇਸ ਲਈ ਹੁਣ ਅੰਮੋਨੀਆਂ ਨਾਲ ਲੜਨ ਲਈ ਸਾਡੇ ਨਾਲ ਆ, ਤਾਂ ਜੋ ਤੂੰ ਸਾਡਾ ਅਤੇ ਗਿਲਆਦ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਉੱਤੇ ਸਰਦਾਰ ਹੋਵੋਗੇ।”
9ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਜਵਾਬ ਦਿੱਤਾ, “ਮੰਨ ਲਓ ਕਿ ਤੁਸੀਂ ਅੰਮੋਨੀਆਂ ਨਾਲ ਲੜਨ ਲਈ ਮੈਨੂੰ ਵਾਪਸ ਲੈ ਜਾਓ ਅਤੇ ਯਾਹਵੇਹ ਉਨ੍ਹਾਂ ਨੂੰ ਮੈਨੂੰ ਦੇ ਦੇਵੇ, ਕੀ ਮੈਂ ਸੱਚਮੁੱਚ ਤੁਹਾਡਾ ਮੁਖੀ ਹੋਵਾਂਗਾ?”
10ਗਿਲਆਦ ਦੇ ਬਜ਼ੁਰਗਾਂ#11:10 ਬਜ਼ੁਰਗਾਂ ਅਰਥਾਤ: ਅਗਵਾਈ ਕਰਨ ਵਾਲੇ ਨੇ ਯਿਫ਼ਤਾਹ ਨੂੰ ਜਵਾਬ ਦਿੱਤਾ, “ਯਾਹਵੇਹ ਸਾਡਾ ਗਵਾਹ ਹੈ, ਜਿਵੇਂ ਤੂੰ ਕਹੇਗਾ ਅਸੀਂ ਉਸੇ ਅਨੁਸਾਰ ਜ਼ਰੂਰ ਕਰਾਂਗੇ।” 11ਇਸ ਲਈ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਦੇ ਨਾਲ ਗਿਆ ਅਤੇ ਲੋਕਾਂ ਨੇ ਉਸਨੂੰ ਉਨ੍ਹਾਂ ਦਾ ਆਗੂ ਅਤੇ ਸੈਨਾਪਤੀ ਬਣਾਇਆ ਅਤੇ ਉਸਨੇ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ।
12ਤਦ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜ ਕੇ ਇਹ ਪੁੱਛਿਆ, “ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਉੱਤੇ ਹਮਲਾ ਕੀਤਾ ਹੈ?”
13ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, “ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਏ, ਤਾਂ ਉਨ੍ਹਾਂ ਨੇ ਅਰਨੋਨ ਤੋਂ ਯਬੋਕ ਤੱਕ, ਯਰਦਨ ਨਦੀ ਤੱਕ ਮੇਰੀ ਧਰਤੀ ਖੋਹ ਲਈ ਸੀ ਇਸ ਲਈ ਹੁਣ ਇਸਨੂੰ ਸ਼ਾਂਤੀ ਨਾਲ ਵਾਪਸ ਕਰ ਦੇ।”
14ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਵਾਪਸ ਭੇਜ ਕੇ, 15ਇਹ ਸੁਨੇਹਾ ਭੇਜਿਆ,
“ਯਿਫ਼ਤਾਹ ਇਹ ਆਖਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦੀ ਧਰਤੀ ਅਤੇ ਅੰਮੋਨੀਆਂ ਦੀ ਧਰਤੀ ਖੋਹੀ। 16ਪਰ ਜਦੋਂ ਉਹ ਮਿਸਰ ਤੋਂ ਬਾਹਰ ਆਏ ਤਾਂ ਇਸਰਾਏਲ ਉਜਾੜ ਵਿੱਚੋਂ ਦੀ ਹੋ ਕੇ ਲਾਲ ਸਮੁੰਦਰ ਅਤੇ ਕਾਦੇਸ਼ ਵਿੱਚ ਆਏ। 17ਤਦ ਇਸਰਾਏਲ ਨੇ ਅਦੋਮ ਦੇ ਰਾਜੇ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ, ‘ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦਿਓ,’ ਪਰ ਅਦੋਮ ਦੇ ਰਾਜੇ ਨੇ ਨਾ ਸੁਣੀ। ਉਨ੍ਹਾਂ ਨੇ ਮੋਆਬ ਦੇ ਰਾਜੇ ਨੂੰ ਵੀ ਭੇਜਿਆ ਅਤੇ ਉਸਨੇ ਵੀ ਇਨਕਾਰ ਕਰ ਦਿੱਤਾ। ਇਸ ਲਈ ਇਸਰਾਏਲ ਕਾਦੇਸ਼ ਵਿੱਚ ਠਹਿਰਿਆ।
18“ਫਿਰ ਉਨ੍ਹਾਂ ਨੇ ਉਜਾੜ ਵਿੱਚੋਂ ਦੀ ਯਾਤਰਾ ਕੀਤੀ, ਉਹ ਅਦੋਮ ਅਤੇ ਮੋਆਬ ਦੇ ਦੇਸ਼ਾਂ ਵਿੱਚ ਨਾ ਵੜੇ, ਜਿਸ ਕਾਰਨ ਉਨ੍ਹਾਂ ਨੂੰ ਇੱਕ ਪਾਸੇ ਦੀ ਘੁੰਮਣਾ ਪਿਆ ਅਤੇ ਮੋਆਬ ਦੇ ਦੇਸ਼ ਦੇ ਪੂਰਬੀ ਪਾਸੇ ਤੱਕ ਪਹੁੰਚੇ ਅਤੇ ਅਰਨੋਨ ਦੇ ਦੂਜੇ ਪਾਸੇ ਡੇਰਾ ਲਾਇਆ। ਉਹ ਮੋਆਬ ਦੇ ਇਲਾਕੇ ਵਿੱਚ ਨਹੀਂ ਵੜੇ ਕਿਉਂਕਿ ਅਰਨੋਨ ਮੋਆਬ ਦੀ ਹੱਦ ਸੀ।
19“ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਉਸਨੂੰ ਕਿਹਾ, ‘ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘਣ ਦਿਓ।’ 20ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਹੀਂ ਕੀਤਾ ਅਤੇ ਆਪਣੇ ਇਲਾਕੇ ਵਿੱਚੋਂ ਲੰਘਣ ਨਹੀਂ ਦਿੱਤਾ। ਉਸ ਨੇ ਆਪਣੀਆਂ ਸਾਰੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹਜ਼ਾਹ ਵਿੱਚ ਡੇਰਾ ਲਾਇਆ ਅਤੇ ਇਸਰਾਏਲ ਨਾਲ ਲੜਿਆ।
21“ਤਦ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਨੇ ਸੀਹੋਨ ਅਤੇ ਉਸਦੀ ਸਾਰੀ ਸੈਨਾ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਇਸਰਾਏਲ ਨੇ ਉਹਨਾਂ ਨੂੰ ਹਰਾਇਆ। ਇਸਰਾਏਲ ਨੇ ਅਮੋਰੀਆਂ ਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਉਸ ਦੇਸ਼ ਵਿੱਚ ਰਹਿੰਦੇ ਸਨ। 22ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਮਾਰੂਥਲ ਤੋਂ ਲੈ ਕੇ ਯਰਦਨ ਤੱਕ ਸਭ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
23“ਹੁਣ ਜਦੋਂ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਸਾਮ੍ਹਣੇ ਬਾਹਰ ਕੱਢ ਦਿੱਤਾ ਹੈ, ਤਾਂ ਤੁਹਾਨੂੰ ਇਸ ਉੱਤੇ ਕਬਜ਼ਾ ਕਰਨ ਦਾ ਕੀ ਹੱਕ ਹੈ? 24ਕੀ ਤੂੰ ਉਹ ਨਹੀਂ ਲਵੇਗਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਦਿੰਦਾ ਹੈ? ਇਸੇ ਤਰ੍ਹਾਂ, ਜੋ ਕੁਝ ਵੀ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਅਸੀਂ ਉਸ ਦੇ ਮਾਲਕ ਹੋਵਾਂਗੇ। 25ਕੀ ਤੂੰ ਮੋਆਬ ਦੇ ਰਾਜਾ ਸਿੱਪੋਰ ਦੇ ਪੁੱਤਰ ਬਾਲਾਕ ਨਾਲੋਂ ਚੰਗਾ ਹੈ? ਕੀ ਉਸਨੇ ਕਦੇ ਇਸਰਾਏਲ ਨਾਲ ਝਗੜਾ ਕੀਤਾ ਜਾਂ ਉਨ੍ਹਾਂ ਨਾਲ ਲੜਾਈ ਕੀਤੀ? 26ਜਦੋਂ ਇਸਰਾਏਲ ਹੇਸ਼ਬੋਨ ਅਤੇ ਉਸ ਦੇ ਪਿੰਡਾਂ ਵਿੱਚ, ਅਰੋਆਰ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਅਰਨੋਨ ਦੇ ਕੰਢੇ ਦੇ ਸ਼ਹਿਰਾਂ ਵਿੱਚ ਤਿੰਨ ਸੌ ਸਾਲ ਤੱਕ ਰਹੇ, ਤਾਂ ਤੁਸੀਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਿਉਂ ਨਾ ਕੀਤੀ? 27ਮੈਂ ਤੁਹਾਡੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਪਰ ਤੁਸੀਂ ਮੇਰੇ ਵਿਰੁੱਧ ਜੰਗ ਛੇੜ ਕੇ ਮੇਰੇ ਨਾਲ ਗਲਤ ਕਰ ਰਹੇ ਹੋ। ਯਾਹਵੇਹ, ਨਿਆਂਕਾਰ, ਅੱਜ ਇਸਰਾਏਲੀਆਂ ਅਤੇ ਅੰਮੋਨੀਆਂ ਵਿਚਕਾਰ ਝਗੜੇ ਦਾ ਫ਼ੈਸਲਾ ਕਰੇ।”
28ਪਰ ਅੰਮੋਨ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੱਤਾ।
29ਫਿਰ ਯਾਹਵੇਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ। ਉਸ ਨੇ ਗਿਲਆਦ ਅਤੇ ਮਨੱਸ਼ੇਹ ਨੂੰ ਪਾਰ ਕੀਤਾ, ਗਿਲਆਦ ਦੇ ਮਿਸਪਾਹ ਵਿੱਚੋਂ ਦੀ ਲੰਘਿਆ ਅਤੇ ਉੱਥੋਂ ਉਹ ਅੰਮੋਨੀਆਂ ਦੇ ਵਿਰੁੱਧ ਅੱਗੇ ਵਧਿਆ। 30ਅਤੇ ਯਿਫ਼ਤਾਹ ਨੇ ਯਾਹਵੇਹ ਅੱਗੇ ਸੁੱਖਣਾ ਸੁੱਖੀ, “ਜੇ ਤੂੰ ਅੰਮੋਨੀਆਂ ਨੂੰ ਮੇਰੇ ਹੱਥਾਂ ਵਿੱਚ ਦੇਵੇਂਗਾ, 31ਜੋ ਵੀ ਮੇਰੇ ਘਰ ਦੇ ਦਰਵਾਜ਼ੇ ਵਿੱਚੋਂ ਮੈਨੂੰ ਮਿਲਣ ਲਈ ਬਾਹਰ ਆਵੇਗਾ ਜਦੋਂ ਮੈਂ ਅੰਮੋਨੀਆਂ ਤੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਵਾਂਗਾ, ਉਹ ਯਾਹਵੇਹ ਦਾ ਹੋਵੇਗਾ ਅਤੇ ਮੈਂ ਇਸਨੂੰ ਹੋਮ ਦੀ ਭੇਟ ਵਜੋਂ ਚੜ੍ਹਾ ਦਿਆਂਗਾ।”
32ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਨ ਲਈ ਗਿਆ ਅਤੇ ਯਾਹਵੇਹ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਦੇ ਦਿੱਤਾ। 33ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਦੇ ਆਸ-ਪਾਸ ਅਬੇਲ ਕਰੇਮੀਮ ਤੱਕ ਵੀਹ ਨਗਰਾਂ ਨੂੰ ਤਬਾਹ ਕਰ ਦਿੱਤਾ। ਇਸ ਤਰ੍ਹਾਂ ਇਸਰਾਏਲ ਨੇ ਅੰਮੋਨ ਨੂੰ ਆਪਣੇ ਅਧੀਨ ਕਰ ਲਿਆ।
34ਤਦ ਯਿਫ਼ਤਾਹ ਮਿਸਪਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸਨੂੰ ਮਿਲਣ ਲਈ ਨਿੱਕਲੀ ਅਤੇ ਜੋ ਉਸਦੀ ਇਕਲੌਤੀ ਸੀ, ਉਸ ਤੋਂ ਬਿਨ੍ਹਾਂ ਉਸਦਾ ਕੋਈ ਹੋਰ ਪੁੱਤਰ ਜਾ ਧੀ ਨਹੀਂ ਸੀ। 35ਜਦੋਂ ਉਸਨੇ ਉਸਨੂੰ ਦੇਖਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਰੋਇਆ, “ਹਾਏ, ਮੇਰੀ ਬੇਟੀ! ਤੂੰ ਮੈਨੂੰ ਮਾਰ ਦਿੱਤਾ ਹੈ ਅਤੇ ਮੈਂ ਤਬਾਹ ਹੋ ਗਿਆ ਹਾਂ। ਮੈਂ ਯਾਹਵੇਹ ਅੱਗੇ ਸੁੱਖਣਾ ਸੁੱਖੀ ਹੈ ਜਿਸ ਨੂੰ ਮੈਂ ਤੋੜ ਨਹੀਂ ਸਕਦਾ।”
36ਉਸਨੇ ਜਵਾਬ ਦਿੱਤਾ, “ਮੇਰੇ ਪਿਤਾ, ਤੁਸੀਂ ਆਪਣਾ ਬਚਨ ਯਾਹਵੇਹ ਨੂੰ ਦਿੱਤਾ ਹੈ। ਮੇਰੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਕਰਾਰ ਕੀਤਾ ਸੀ, ਹੁਣ ਜਦੋਂ ਯਾਹਵੇਹ ਨੇ ਤੁਹਾਡੇ ਦੁਸ਼ਮਣਾਂ, ਅੰਮੋਨੀਆਂ ਤੋਂ ਤੁਹਾਡਾ ਬਦਲਾ ਲਿਆ ਹੈ। 37ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਸਿਰਫ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।”
38ਯਿਫ਼ਤਾਹ ਨੇ ਕਿਹਾ “ਤੂੰ ਜਾ ਸਕਦੀ ਹੈ।” ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ। 39ਦੋ ਮਹੀਨਿਆਂ ਬਾਅਦ, ਉਹ ਆਪਣੇ ਪਿਤਾ ਕੋਲ ਵਾਪਸ ਆਈ ਅਤੇ ਉਸਨੇ ਉਸਦੇ ਨਾਲ ਉਹੀ ਕੀਤਾ ਜਿਵੇਂ ਉਸਨੇ ਸੁੱਖਣਾ ਸੁੱਖੀ ਸੀ ਅਤੇ ਉਹ ਕੁਆਰੀ ਸੀ।
ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ ਰਹੀ 40ਕਿ ਹਰ ਸਾਲ ਇਸਰਾਏਲ ਦੀਆਂ ਮੁਟਿਆਰਾਂ ਗਿਲਆਦੀ ਯਿਫ਼ਤਾਹ ਦੀ ਧੀ ਦੀ ਯਾਦ ਵਿੱਚ ਚਾਰ ਦਿਨਾਂ ਲਈ ਬਾਹਰ ਜਾਂਦੀਆਂ ਸਨ।

தற்சமயம் தேர்ந்தெடுக்கப்பட்டது:

ਨਿਆਂਈਆਂ 11: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்