ਨਿਆਂਈਆਂ 12
12
ਯਿਫ਼ਤਾਹ ਅਤੇ ਇਫ਼ਰਾਈਮ
1ਇਫ਼ਰਾਈਮ ਦੀਆਂ ਫ਼ੌਜਾਂ ਨੂੰ ਬੁਲਾਇਆ ਗਿਆ ਅਤੇ ਉਹ ਜ਼ੇਫੋਨ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਜਦ ਤੂੰ ਅੰਮੋਨੀਆਂ ਨਾਲ ਲੜਨ ਲਈ ਪਾਰ ਗਿਆ ਤਾਂ ਸਾਨੂੰ ਆਪਣੇ ਨਾਲ ਜਾਣ ਲਈ ਕਿਉਂ ਨਹੀਂ ਬੁਲਾਇਆ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਸਾੜ ਦਿਆਂਗੇ।”
2ਯਿਫ਼ਤਾਹ ਨੇ ਜਵਾਬ ਦਿੱਤਾ, “ਮੇਰੇ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ ਅਤੇ ਜਦ ਮੈਂ ਤੁਹਾਨੂੰ ਬੁਲਾਇਆ ਸੀ, ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਹੀਂ ਬਚਾਇਆ। 3ਜਦੋਂ ਮੈਂ ਵੇਖਿਆ ਕਿ ਤੁਸੀਂ ਕੋਈ ਮਦਦ ਨਹੀਂ ਕੀਤੀ, ਤਾਂ ਮੈਂ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈ ਕੇ ਅੰਮੋਨੀਆਂ ਨਾਲ ਲੜਨ ਲਈ ਪਾਰ ਲੰਘ ਗਿਆ ਅਤੇ ਯਾਹਵੇਹ ਨੇ ਮੈਨੂੰ ਉਨ੍ਹਾਂ ਉੱਤੇ ਜਿੱਤ ਦਿੱਤੀ। ਹੁਣ ਤੁਸੀਂ ਅੱਜ ਮੇਰੇ ਨਾਲ ਲੜਨ ਕਿਉਂ ਆਏ ਹੋ?”
4ਤਦ ਯਿਫ਼ਤਾਹ ਨੇ ਗਿਲਆਦ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਇਫ਼ਰਾਈਮ ਦੇ ਵਿਰੁੱਧ ਲੜਿਆ। ਗਿਲਆਦੀਆਂ ਨੇ ਉਨ੍ਹਾਂ ਨੂੰ ਮਾਰਿਆ ਕਿਉਂਕਿ ਇਫ਼ਰਾਈਮੀਆਂ ਨੇ ਕਿਹਾ ਸੀ, “ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੇਹ ਦੇ ਵਿਚਕਾਰ ਰਹਿੰਦੇ ਹੋ।” 5ਗਿਲਆਦੀਆਂ ਨੇ ਯਰਦਨ ਦੇ ਦਰਿਆਵਾਂ ਉੱਤੇ ਕਬਜ਼ਾ ਕਰ ਲਿਆ ਜੋ ਇਫ਼ਰਾਈਮ ਵੱਲ ਜਾਂਦੇ ਸਨ ਅਤੇ ਜਦੋਂ ਵੀ ਇਫ਼ਰਾਈਮ ਦਾ ਭਗੌੜਾ ਆ ਕੇ ਕਹਿੰਦਾ, “ਮੈਨੂੰ ਪਾਰ ਲੰਘਣ ਦਿਓ,” ਤਾਂ ਗਿਲਆਦ ਦੇ ਲੋਕ ਉਸਨੂੰ ਪੁੱਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਕਹਿੰਦਾ, “ਨਹੀਂ,” 6ਤਦ ਗਿਲਆਦੀ ਕਹਿੰਦੇ, “ਠੀਕ ਹੈ, ‘ਸ਼ਿੱਬੋਲਥ’ ਬੋਲੋ।” ਜੇ ਉਹ ਕਹਿੰਦਾ, “ਸ਼ਿੱਬੋਲਥ,” ਕਿਉਂਕਿ ਉਹ ਸ਼ਬਦ ਦਾ ਸਹੀ ਉਚਾਰਨ ਨਹੀਂ ਕਰ ਸਕਦਾ ਸੀ, ਤਾਂ ਉਹ ਉਸਨੂੰ ਫੜ੍ਹ ਕੇ ਯਰਦਨ ਦੇ ਕੰਢੇ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।
7ਯਿਫ਼ਤਾਹ ਨੇ ਛੇ ਸਾਲ ਇਸਰਾਏਲ ਦੀ ਅਗਵਾਈ ਕੀਤੀ। ਤਦ ਗਿਲਆਦੀ ਯਿਫ਼ਤਾਹ ਮਰ ਗਿਆ ਅਤੇ ਗਿਲਆਦ ਦੇ ਇੱਕ ਨਗਰ ਵਿੱਚ ਦਫ਼ਨਾਇਆ ਗਿਆ।
ਇਬਜ਼ਾਨ, ਏਲੋਨ ਅਤੇ ਅਬਦੋਨ
8ਉਸ ਤੋਂ ਬਾਅਦ ਬੈਤਲਹਮ ਦੇ ਇਬਜ਼ਾਨ ਨੇ ਇਸਰਾਏਲ ਦੀ ਅਗਵਾਈ ਕੀਤੀ। 9ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ। ਉਸਨੇ ਆਪਣੀਆਂ ਧੀਆਂ ਨੂੰ ਆਪਣੇ ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਵਿਆਹ ਦਿੱਤਾ ਅਤੇ ਆਪਣੇ ਪੁੱਤਰਾਂ ਲਈ ਉਸਨੇ ਆਪਣੇ ਕਬੀਲੇ ਤੋਂ ਬਾਹਰੋਂ ਤੀਹ ਮੁਟਿਆਰਾਂ ਨੂੰ ਪਤਨੀਆਂ ਵਜੋਂ ਲਿਆ। ਇਬਜ਼ਾਨ ਨੇ ਸੱਤ ਸਾਲ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ। 10ਫਿਰ ਇਬਜ਼ਾਨ ਮਰ ਗਿਆ ਅਤੇ ਉਸਨੂੰ ਬੈਤਲਹਮ ਵਿੱਚ ਦਫ਼ਨਾਇਆ ਗਿਆ।
11ਉਸ ਤੋਂ ਬਾਅਦ ਜ਼ਬੂਲੁਨੀ ਏਲੋਨ ਨੇ ਦਸ ਸਾਲ ਇਸਰਾਏਲ ਦੀ ਅਗਵਾਈ ਕੀਤੀ। 12ਫਿਰ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਦੇਸ਼ ਅੱਯਾਲੋਨ ਵਿੱਚ ਦਫ਼ਨਾਇਆ ਗਿਆ।
13ਉਸ ਤੋਂ ਬਾਅਦ ਪਿਰਾਥੋਨ ਤੋਂ ਹਿੱਲੇਲ ਦੇ ਪੁੱਤਰ ਅਬਦੋਨ ਨੇ ਇਸਰਾਏਲ ਦੀ ਅਗਵਾਈ ਕੀਤੀ। 14ਉਸ ਦੇ ਚਾਲੀ ਪੁੱਤਰ ਅਤੇ ਤੀਹ ਪੋਤੇ ਸਨ, ਜੋ ਸੱਤਰ ਗਧਿਆਂ ਤੇ ਸਵਾਰ ਸਨ। ਉਸਨੇ ਅੱਠ ਸਾਲ ਇਸਰਾਏਲ ਦੀ ਅਗਵਾਈ ਕੀਤੀ। 15ਤਦ ਹਿੱਲੇਲ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਅਮਾਲੇਕੀਆਂ ਦੇ ਪਹਾੜੀ ਦੇਸ਼ ਵਿੱਚ ਇਫ਼ਰਾਈਮ ਦੇ ਪਿਰਾਥੋਨ ਵਿੱਚ ਦਫ਼ਨਾਇਆ ਗਿਆ।
தற்சமயம் தேர்ந்தெடுக்கப்பட்டது:
ਨਿਆਂਈਆਂ 12: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.