ਬਿਵਸਥਾ 17
17
1ਆਪਣੇ ਯਾਹਵੇਹ ਪਰਮੇਸ਼ਵਰ ਦੇ ਅੱਗੇ ਉਹ ਬਲਦ ਜਾਂ ਭੇਡ ਦੀ ਬਲੀ ਨਾ ਚੜ੍ਹਾਓ ਜਿਸ ਵਿੱਚ ਕੋਈ ਨੁਕਸ ਜਾਂ ਦੋਸ਼ ਹੋਵੇ, ਕਿਉਂ ਜੋ ਇਹ ਉਸ ਲਈ ਘਿਣਾਉਣੀ ਗੱਲ ਹੋਵੇਗੀ।
2ਜੇਕਰ ਕੋਈ ਆਦਮੀ ਜਾਂ ਔਰਤ ਤੁਹਾਡੇ ਵਿੱਚੋਂ ਕਿਸੇ ਇੱਕ ਨਗਰ ਵਿੱਚ ਰਹਿੰਦਾ ਹੈ ਜੋ ਯਾਹਵੇਹ ਤੁਹਾਨੂੰ ਦਿੰਦਾ ਹੈ ਅਤੇ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਆਪਣੇ ਨੇਮ ਦੀ ਉਲੰਘਣਾ ਕਰਦਾ ਹੋਇਆ ਪਾਇਆ ਜਾਂਦਾ ਹੈ। 3ਅਤੇ ਮੇਰੇ ਹੁਕਮ ਦੇ ਉਲਟ ਹੋਰ ਦੇਵਤਿਆਂ ਦੀ ਪੂਜਾ ਕਰਨ ਲਗੇ ਜਾਂ ਸੂਰਜ ਜਾਂ ਚੰਦ ਜਾਂ ਅਕਾਸ਼ ਦੇ ਤਾਰਿਆਂ ਨੂੰ ਮੱਥਾ ਟੇਕਿਆ ਹੋਵੇ, 4ਅਤੇ ਇਹ ਤੁਹਾਡੇ ਧਿਆਨ ਵਿੱਚ ਲਿਆਂਦਾ ਗਿਆ ਹੈ, ਤਾਂ ਤੁਸੀਂ ਇਸ ਦੀ ਚੰਗੀ ਤਰ੍ਹਾਂ ਜਾਂਚ ਕਰੋ। ਜੇ ਇਹ ਸੱਚ ਹੈ ਅਤੇ ਇਹ ਸਾਬਤ ਹੋ ਗਿਆ ਹੈ ਕਿ ਇਹ ਘਿਣਾਉਣੀ ਗੱਲ ਇਸਰਾਏਲ ਵਿੱਚ ਹੀ ਕੀਤੀ ਗਈ ਹੈ, 5ਜਿਸ ਆਦਮੀ ਜਾਂ ਔਰਤ ਨੇ ਇਹ ਬੁਰਾ ਕੰਮ ਕੀਤਾ ਹੈ, ਉਸ ਨੂੰ ਆਪਣੇ ਸ਼ਹਿਰ ਦੇ ਦਰਵਾਜ਼ੇ ਕੋਲ ਲੈ ਜਾਓ ਅਤੇ ਉਸ ਵਿਅਕਤੀ ਨੂੰ ਪੱਥਰ ਮਾਰ ਕੇ ਮਾਰ ਦਿਓ। 6ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਉੱਤੇ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ, ਪਰ ਇੱਕ ਹੀ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। 7ਉਸ ਵਿਅਕਤੀ ਨੂੰ ਮਾਰਨ ਵਿੱਚ ਪਹਿਲਾਂ ਗਵਾਹਾਂ ਦੇ ਹੱਥ ਹੋਣੇ ਚਾਹੀਦੇ ਹਨ, ਅਤੇ ਫਿਰ ਸਾਰੇ ਲੋਕਾਂ ਦੇ ਹੱਥ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
ਕਾਨੂੰਨੀ ਅਦਾਲਤਾਂ
8ਜੇ ਤੁਹਾਡੀਆਂ ਅਦਾਲਤਾਂ ਵਿੱਚ ਅਜਿਹੇ ਮੁਕੱਦਮੇ ਆਉਂਦੇ ਹਨ ਜਿਨ੍ਹਾਂ ਦਾ ਨਿਆਂ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੈ, ਭਾਵੇਂ ਖੂਨ-ਖਰਾਬਾ, ਮੁਕੱਦਮੇ ਜਾਂ ਹਮਲੇ, ਉਹਨਾਂ ਨੂੰ ਉਸ ਜਗ੍ਹਾ ਉੱਤੇ ਲੈ ਜਾਓ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਚੁਣੇਗਾ। 9ਲੇਵੀ ਜਾਜਕਾਂ ਕੋਲ ਅਤੇ ਉਸ ਨਿਆਂਕਾਰ ਕੋਲ ਜਾ ਕੇ ਪੁੱਛ-ਗਿੱਛ ਕਰਿਓ, ਜਿਹੜੇ ਉਹਨਾਂ ਦਿਨਾਂ ਵਿੱਚ ਹੋਣਗੇ। ਉਹ ਤੁਹਾਨੂੰ ਉਸ ਗੱਲ ਦਾ ਫ਼ੈਸਲਾ ਦੱਸਣਗੇ। 10ਤੁਹਾਨੂੰ ਉਹਨਾਂ ਫ਼ੈਸਲਿਆਂ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਉਸ ਸਥਾਨ ਤੋਂ ਦੇਣਗੇ, ਜਿਹੜਾ ਯਾਹਵੇਹ ਚੁਣੇਗਾ। ਜੋ ਕੁਝ ਉਹ ਤੁਹਾਨੂੰ ਦੱਸਣ ਤੁਸੀਂ ਪੂਰਨਤਾਈ ਨਾਲ ਉਸ ਦੀ ਪਾਲਣਾ ਕਰਿਓ। 11ਜੋ ਕੁਝ ਉਹ ਤੁਹਾਨੂੰ ਸਿਖਾਉਂਦੇ ਹਨ ਅਤੇ ਜੋ ਉਹ ਤੁਹਾਨੂੰ ਦਿੰਦੇ ਹਨ ਉਸ ਅਨੁਸਾਰ ਚੱਲੋ। ਜੋ ਉਹ ਤੁਹਾਨੂੰ ਦੱਸਦੇ ਹਨ, ਉਸ ਤੋਂ ਸੱਜੇ ਜਾਂ ਖੱਬੇ ਪਾਸੇ ਨਾ ਮੁੜੋ। 12ਜੋ ਕੋਈ ਨਿਆਂਕਾਰ ਜਾਂ ਜਾਜਕ ਦੀ ਨਿੰਦਿਆ ਕਰਦਾ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਟਹਿਲ ਸੇਵਾ ਲਈ ਖੜ੍ਹਾ ਹੈ, ਉਹ ਮਨੁੱਖ ਮਾਰ ਦਿੱਤਾ ਜਾਵੇ ਇਸ ਤਰ੍ਹਾਂ ਤੁਸੀਂ ਇਸਰਾਏਲ ਵਿੱਚੋਂ ਬੁਰਾਈ ਨੂੰ ਸਾਫ਼ ਕਰਨਾ। 13ਇਸ ਤਰ੍ਹਾਂ ਸਾਰੇ ਲੋਕ ਸੁਣਨਗੇ ਅਤੇ ਡਰਨਗੇ ਅਤੇ ਫਿਰ ਗਲਤੀ ਨਾ ਕਰਨਗੇ।
ਰਾਜਿਆਂ ਨਾਲ ਸੰਬੰਧਿਤ ਆਦੇਸ਼
14ਜਦੋਂ ਤੁਸੀਂ ਉਸ ਧਰਤੀ ਵਿੱਚ ਪ੍ਰਵੇਸ਼ ਕਰੋ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰ ਕੇ ਅਤੇ ਉਸ ਵਿੱਚ ਵੱਸ ਜਾਓ ਅਤੇ ਤੁਸੀਂ ਆਖੋ, “ਅਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੀ ਤਰ੍ਹਾਂ ਆਪਣੇ ਉੱਤੇ ਇੱਕ ਰਾਜਾ ਨਿਯੁਕਤ ਕਰ ਲਈਏ,” 15ਤਾਂ ਜਿਸ ਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਚੁਣ ਲਵੇ, ਤੁਸੀਂ ਜ਼ਰੂਰ ਹੀ ਉਸ ਨੂੰ ਆਪਣੇ ਉੱਤੇ ਰਾਜਾ ਨਿਯੁਕਤ ਕਰ ਲਿਓ। ਉਹ ਤੁਹਾਡੇ ਭਰਾ ਇਸਰਾਏਲੀਆਂ ਵਿੱਚੋਂ ਹੋਣਾ ਚਾਹੀਦਾ ਹੈ। ਕਿਸੇ ਵਿਦੇਸ਼ੀ ਨੂੰ ਆਪਣੇ ਉੱਤੇ ਨਾ ਰੱਖੋ, ਜਿਹੜਾ ਇਸਰਾਏਲੀ ਨਹੀਂ ਹੈ। 16ਇਸ ਤੋਂ ਇਲਾਵਾ, ਰਾਜੇ ਨੂੰ ਆਪਣੇ ਲਈ ਬਹੁਤ ਸਾਰੇ ਘੋੜੇ ਨਹੀਂ ਲੈਣੇ ਚਾਹੀਦੇ ਅਤੇ ਨਾ ਹੀ ਲੋਕਾਂ ਨੂੰ ਮਿਸਰ ਵੱਲ ਵਾਪਸ ਮੋੜੇ, ਕਿਉ ਜੋ ਯਾਹਵੇਹ ਨੇ ਤੁਹਾਨੂੰ ਆਖਿਆ ਹੈ, “ਕਿ ਤੁਸੀਂ ਉਸ ਰਾਹ ਨੂੰ ਫਿਰ ਕਦੇ ਨਾ ਮੁੜਿਓ।” 17ਉਹ ਬਹੁਤ ਸਾਰੀਆਂ ਪਤਨੀਆਂ ਵੀ ਨਾ ਰੱਖੇ, ਨਹੀਂ ਤਾਂ ਉਹ ਦਾ ਮਨ ਕੁਰਾਹੇ ਪੈ ਜਾਵੇਗਾ। ਨਾ ਉਹ ਆਪਣੇ ਲਈ ਬਹੁਤ ਸੋਨਾ ਚਾਂਦੀ ਵਧਾਵੇ।
18ਜਦੋਂ ਉਹ ਆਪਣੇ ਰਾਜ ਦੀ ਗੱਦੀ ਉੱਤੇ ਬੈਠਦਾ ਹੈ, ਤਾਂ ਉਹ ਆਪਣੇ ਲਈ ਇਸ ਬਿਵਸਥਾ ਦੀ ਪੁਸਤਕ ਵਿੱਚੋਂ, ਜਿਹੜੀ ਲੇਵੀ ਜਾਜਕਾਂ ਦੇ ਕੋਲ ਰਹੇਗੀ, ਇੱਕ ਨਕਲ ਆਪਣੇ ਲਈ ਲਿਖ ਲਵੇ। 19ਇਹ ਉਸ ਦੇ ਕੋਲ ਰਹੇ ਅਤੇ ਆਪਣੀ ਪੂਰੀ ਜਿੰਦਗੀ ਉਸ ਨੂੰ ਪੜ੍ਹੇ, ਤਾਂ ਜੋ ਉਹ ਯਾਹਵੇਹ ਆਪਣੇ ਪਰਮੇਸ਼ਵਰ ਦਾ ਆਦਰ ਕਰਨਾ ਸਿੱਖੇ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਅਤੇ ਇਨ੍ਹਾਂ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰੇ ਅਤੇ ਬਿਧੀਆਂ ਨੂੰ ਪੂਰਾ ਕਰੇ। 20ਅਤੇ ਆਪਣੇ ਆਪ ਨੂੰ ਆਪਣੇ ਇਸਰਾਏਲੀ ਭਰਾਵਾਂ ਨਾਲੋਂ ਉੱਤਮ ਨਾ ਸਮਝੋ, ਅਤੇ ਬਿਵਸਥਾ ਤੋਂ ਸੱਜੇ ਜਾਂ ਖੱਬੇ ਨਾ ਮੁੜੋ। ਫਿਰ ਉਹ ਅਤੇ ਉਸਦੀ ਔਲਾਦ ਇਸਰਾਏਲ ਉੱਤੇ ਲੰਮਾ ਸਮਾਂ ਰਾਜ ਕਰਨਗੇ।
தற்சமயம் தேர்ந்தெடுக்கப்பட்டது:
ਬਿਵਸਥਾ 17: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.