ਬਿਵਸਥਾ 16
16
ਪਸਾਹ ਦਾ ਤਿਉਹਾਰ
1ਅਬੀਬ ਦੇ ਮਹੀਨੇ ਨੂੰ ਯਾਦ ਰੱਖੋ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਯਾਹਵੇਹ ਦਾ ਪਸਾਹ ਮਨਾਓ, ਕਿਉਂ ਜੋ ਅਬੀਬ ਦੇ ਮਹੀਨੇ ਵਿੱਚ ਉਹ ਤੁਹਾਨੂੰ ਮਿਸਰ ਵਿੱਚੋਂ ਰਾਤ ਨੂੰ ਕੱਢ ਲਿਆਇਆ ਸੀ। 2ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਆਪਣੇ ਇੱਜੜ ਜਾਂ ਚੌਣੇ ਵਿੱਚੋਂ ਇੱਕ ਜਾਨਵਰ ਉਸ ਜਗ੍ਹਾ ਉੱਤੇ ਪਸਾਹ ਕਰਕੇ ਚੜ੍ਹਾਇਓ, ਜਿੱਥੇ ਯਾਹਵੇਹ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ। 3ਉਹ ਨੂੰ ਖਮੀਰ ਦੀ ਰੋਟੀ ਨਾਲ ਨਾ ਖਾਓ ਸਗੋਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਅਰਥਾਤ ਬਿਪਤਾ ਦੀ ਰੋਟੀ ਖਾਓ ਕਿਉਂ ਜੋ ਤੁਸੀਂ ਮਿਸਰ ਨੂੰ ਕਾਹਲੀ ਨਾਲ ਛੱਡ ਦਿੱਤਾ ਸੀ, ਤਾਂ ਜੋ ਤੁਸੀਂ ਆਪਣੇ ਜੀਵਨ ਦੇ ਸਾਰੇ ਦਿਨ ਯਾਦ ਰੱਖ ਸਕੋ ਜਦੋਂ ਤੁਸੀਂ ਮਿਸਰ ਛੱਡਿਆ ਸੀ। 4ਤੁਹਾਡੀ ਸਾਰੀ ਧਰਤੀ ਵਿੱਚ ਸੱਤਾਂ ਦਿਨਾਂ ਤੱਕ ਕੋਈ ਖਮੀਰ ਨਾ ਵੇਖਿਆ ਜਾਵੇ, ਪਹਿਲੇ ਦਿਨ ਦੀ ਸ਼ਾਮ ਨੂੰ ਜੋ ਵੀ ਮਾਸ ਤੁਸੀਂ ਚੜ੍ਹਾਓ ਉਹ ਸਵੇਰ ਤੱਕ ਨਾ ਰੱਖੀ ਜਾਵੇ।
5ਤੁਸੀਂ ਕਿਸੇ ਵੀ ਨਗਰ ਵਿੱਚ ਪਸਾਹ ਦੀ ਬਲੀ ਨਾ ਚੜ੍ਹਾਉਣਾ, ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ। 6ਸਿਵਾਏ ਉਸ ਥਾਂ ਦੇ ਜਿਸ ਨੂੰ ਯਾਹਵੇਹ ਤੁਹਾਡਾ ਪਰਮੇਸ਼ਵਰ ਉਹਨਾਂ ਦੇ ਆਦਰ ਦੀ ਸਥਾਪਨਾ ਲਈ ਨਿਯੁਕਤ ਕਰੇਗਾ, ਉੱਥੇ ਤੁਸੀਂ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਪਸਾਹ ਦੀ ਭੇਟ ਚੜ੍ਹਾਓਗੇ, ਉਸੇ ਸਮੇਂ ਜਦੋਂ ਤੁਸੀਂ ਮਿਸਰ ਦੀ ਧਰਤੀ ਛੱਡ ਦਿੱਤੀ ਸੀ ਜਦ ਤੁਸੀਂ ਮਿਸਰ ਤੋਂ ਨਿਕਲੇ ਸੀ। 7ਇਸ ਨੂੰ ਭੁੰਨ ਕੇ ਉਸ ਥਾਂ ਉੱਤੇ ਖਾਓ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਚੁਣੇਗਾ, ਫੇਰ ਸਵੇਰੇ ਆਪਣੇ ਤੰਬੂਆਂ ਵਿੱਚ ਵਾਪਸ ਪਰਤ ਜਾਓ। 8ਛੇ ਦਿਨਾਂ ਤੱਕ ਪਤੀਰੀ ਰੋਟੀ ਖਾਓ ਅਤੇ ਸੱਤਵੇਂ ਦਿਨ ਯਾਹਵੇਹ ਆਪਣੇ ਪਰਮੇਸ਼ਵਰ ਲਈ ਸਭਾ ਕਰੋ ਅਤੇ ਕੋਈ ਕੰਮ ਨਾ ਕਰੋ।
ਹਫ਼ਤਿਆਂ ਦਾ ਤਿਉਹਾਰ
9ਜਦੋਂ ਤੁਸੀਂ ਆਪਣੀ ਖੜ੍ਹੀ ਫ਼ਸਲ ਨੂੰ ਦਾਤਰੀ ਲਾਉਣੀ ਸ਼ੁਰੂ ਕਰੋ, ਉਸ ਸਮੇਂ ਤੋਂ ਸ਼ੁਰੂ ਕਰਕੇ ਤੁਸੀਂ ਸੱਤ ਹਫ਼ਤੇ ਗਿਣ ਲਿਓ। 10ਤਦ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਰਕਤ ਦੇ ਅਨੁਸਾਰ ਉਸ ਦੇ ਲਈ ਆਪਣੀ ਖੁਸ਼ੀ ਦੀ ਭੇਟ ਦੇ ਨਜ਼ਰਾਨੇ ਦੇ ਕੇ ਹਫ਼ਤਿਆਂ ਦਾ ਤਿਉਹਾਰ ਮਨਾਇਓ। 11ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਉਸ ਥਾਂ ਉੱਤੇ ਅਨੰਦ ਕਰੋ ਜਿਸ ਨੂੰ ਉਹ ਆਪਣੇ ਨਾਮ ਲਈ ਨਿਵਾਸ ਲਈ ਚੁਣੇਗਾ, ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਨਗਰਾਂ ਵਿੱਚ ਲੇਵੀ ਅਤੇ ਪਰਦੇਸੀ, ਯਤੀਮਾਂ ਅਤੇ ਵਿਧਵਾਵਾਂ ਜੋ ਤੁਹਾਡੇ ਵਿਚਕਾਰ ਰਹਿੰਦੀਆਂ ਹਨ। 12ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਇਨ੍ਹਾਂ ਹੁਕਮਾਂ ਨੂੰ ਧਿਆਨ ਨਾਲ ਮੰਨੋ ਅਤੇ ਪੂਰਾ ਕਰੋ।
ਤੰਬੂਆਂ ਦਾ ਪਰਬ
13ਜਦੋਂ ਤੁਸੀਂ ਆਪਣੇ ਪਿੜ ਅਤੇ ਦਾਖ਼ਰਸ ਦੇ ਕੋਹਲੂ ਤੋਂ ਆਪਣਾ ਮਾਲ ਇਕੱਠਾ ਕਰ ਲਿਆ ਹੋਵੇ, ਤਦ ਤੁਸੀਂ ਸੱਤ ਦਿਨਾਂ ਤੱਕ ਤੰਬੂਆਂ ਦਾ ਪਰਬ ਮਨਾਇਓ। 14ਆਪਣੇ ਤਿਉਹਾਰ ਵਿੱਚ ਖੁਸ਼ੀ ਮਨਾਓ, ਤੁਸੀਂ ਅਤੇ ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ ਅਤੇ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਜੋ ਤੁਹਾਡੇ ਨਗਰਾਂ ਵਿੱਚ ਰਹਿੰਦੇ ਹਨ। 15ਸੱਤਾਂ ਦਿਨਾਂ ਤੱਕ ਆਪਣੇ ਪਰਮੇਸ਼ਵਰ ਦੇ ਲਈ ਤਿਉਹਾਰ ਮਨਾਓ ਜਿੱਥੇ ਯਾਹਵੇਹ ਚੁਣੇਗਾ ਕਿਉਂਕਿ ਤੁਹਾਡਾ ਪਰਮੇਸ਼ਵਰ ਤੁਹਾਡੀ ਸਾਰੀ ਵਾਢੀ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇਗਾ ਅਤੇ ਤੁਹਾਡੀ ਖੁਸ਼ੀ ਪੂਰੀ ਹੋਵੇਗੀ।
16ਸਾਲ ਵਿੱਚ ਤਿੰਨ ਵਾਰ ਤੁਹਾਡੇ ਸਾਰੇ ਆਦਮੀ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਉਸ ਜਗ੍ਹਾ ਹਾਜ਼ਰ ਹੋਣ ਜਿੱਥੇ ਉਹ ਚੁਣੇਗਾ ਅਰਥਾਤ ਪਤੀਰੀ ਰੋਟੀ ਦੇ ਤਿਉਹਾਰ ਵਿੱਚ, ਹਫ਼ਤਿਆਂ ਦੇ ਤਿਉਹਾਰ ਅਤੇ ਤੰਬੂਆਂ ਦੇ ਤਿਉਹਾਰ ਵਿੱਚ ਕੋਈ ਵੀ ਯਾਹਵੇਹ ਦੇ ਅੱਗੇ ਖਾਲੀ ਹੱਥ ਨਾ ਹੋਣ। 17ਤੁਹਾਡੇ ਵਿੱਚੋਂ ਹਰ ਇੱਕ ਨੂੰ ਇੱਕ ਆਪਣੇ ਵਿੱਤ ਦੇ ਅਨੁਸਾਰ ਅਤੇ ਉਸ ਬਰਕਤ ਦੇ ਅਨੁਸਾਰ ਦੇਵੇ, ਜਿਸ ਤਰ੍ਹਾਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ।
ਨਿਆਈਂ ਦੀ ਨਿਯੁਕਤੀ
18ਤੁਸੀਂ ਆਪਣੇ ਸਾਰੇ ਫਾਟਕਾਂ ਦੇ ਅੰਦਰ ਜਿਹੜੇ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ, ਗੋਤਾਂ ਅਨੁਸਾਰ ਆਪਣੇ ਲਈ ਨਿਆਈਂ ਅਤੇ ਅਧਿਕਾਰੀ ਨਿਯੁਕਤ ਕਰ ਲਿਓ ਅਤੇ ਉਹ ਧਰਮ ਨਾਲ ਪਰਜਾ ਦਾ ਨਿਆਂ ਕਰਨ। 19ਤੁਸੀਂ ਨਿਆਂ ਨੂੰ ਨਾ ਵਿਗਾੜੋ ਅਤੇ ਪੱਖਪਾਤ ਨਾ ਕਰੋ ਅਤੇ ਨਾ ਹੀ ਰਿਸ਼ਵਤ ਲਓ ਕਿਉਂਕਿ ਰਿਸ਼ਵਤ ਬੁੱਧੀਮਾਨਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾਂ ਨੂੰ ਉਲਟਾ ਦਿੰਦੀ ਹੈ। 20ਕੇਵਲ ਨਿਆਂ ਅਤੇ ਨਿਆਂ ਦੀ ਪਾਲਣਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਸਕੋ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ।
ਹੋਰ ਦੇਵਤਿਆਂ ਦੀ ਪੂਜਾ
21ਅਸ਼ੇਰਾਹ ਦੀ ਲੱਕੜੀ ਦਾ ਕੋਈ ਵੀ ਖੰਭਾ ਉਸ ਜਗਵੇਦੀ ਦੇ ਕੋਲ ਨਾ ਖੜ੍ਹਾ ਕਰੋ ਜਿਸ ਨੂੰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਣਾਉਂਦੇ ਹੋ, 22ਅਤੇ ਨਾ ਹੀ ਕੋਈ ਅਸ਼ੇਰਾਹ ਦੀ ਲੱਕੜੀ ਦੇ ਖੰਭੇ ਨੂੰ ਉਸ ਜਗਵੇਦੀ ਦੇ ਕੋਲ ਖੜ੍ਹਾ ਕਰੋ ਜਿਸ ਨੂੰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਣਾਉਂਦੇ ਹੋ। ਯਾਹਵੇਹ ਤੁਹਾਡਾ ਪਰਮੇਸ਼ਵਰ ਨਫ਼ਰਤ ਕਰਦਾ ਹੈ।
தற்சமயம் தேர்ந்தெடுக்கப்பட்டது:
ਬਿਵਸਥਾ 16: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.