ਬਿਵਸਥਾ 15
15
ਕਰਜ਼ੇ ਨੂੰ ਰੱਦ ਕਰਨ ਦਾ ਸਾਲ
1ਹਰ ਸੱਤਾਂ ਸਾਲਾਂ ਦੇ ਅੰਤ ਵਿੱਚ ਤੁਸੀਂ ਕਰਜ਼ੇ ਦਾ ਛੁਟਕਾਰਾ ਦਿਆ ਕਰੋ। 2ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਹਰੇਕ ਲੈਣਦਾਰ ਜਿਸਨੇ ਆਪਣੇ ਕਿਸੇ ਗੁਆਂਢੀ ਇਸਰਾਏਲੀ ਨੂੰ ਕੋਈ ਕਰਜ਼ ਦਿੱਤਾ ਹੋਇਆ ਹੋਵੇ ਉਹ ਛੱਡ ਦੇਵੇ। ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਕਿਸੇ ਤੋਂ ਭੁਗਤਾਨ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਕਰਜ਼ੇ ਨੂੰ ਰੱਦ ਕਰਨ ਲਈ ਯਾਹਵੇਹ ਦੇ ਸਮੇਂ ਦੀ ਘੋਸ਼ਣਾ ਕੀਤੀ ਗਈ ਹੈ। 3ਤੁਸੀਂ ਕਿਸੇ ਪਰਦੇਸੀ ਤੋਂ ਵਸੂਲੀ ਦੀ ਮੰਗ ਕਰ ਸਕਦੇ ਹੋ, ਪਰ ਜੋ ਕੁਝ ਤੁਹਾਡੇ ਭਰਾਂ ਕੋਲ ਹੋਵੇ ਉਹ ਤੁਸੀਂ ਆਪਣੇ ਆਪ ਛੱਡ ਦਿਓ। 4ਤਦ ਤੁਹਾਡੇ ਵਿੱਚੋਂ ਕੋਈ ਕੰਗਾਲ ਨਾ ਰਹੇਗਾ, ਕਿਉਂਕਿ ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦੇ ਰਿਹਾ ਹੈ, ਉਸ ਵਿੱਚ ਉਹ ਤੁਹਾਨੂੰ ਭਰਪੂਰ ਅਸੀਸ ਦੇਵੇਗਾ, 5ਜੇਕਰ ਤੁਸੀਂ ਪੂਰੀ ਤਰ੍ਹਾਂ ਆਗਿਆਕਾਰੀ ਰਹੋ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਅਤੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ। 6ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਅਸੀਸ ਦੇਵੇਗਾ ਜਿਵੇਂ ਉਸਨੇ ਵਾਅਦਾ ਕੀਤਾ ਹੈ ਅਤੇ ਤੁਸੀਂ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਵੋਗੇ ਪਰ ਕਿਸੇ ਤੋਂ ਕਰਜ਼ ਨਹੀਂ ਲਓਗੇ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਗੇ, ਪਰ ਕੋਈ ਵੀ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ।
7ਜੇਕਰ ਤੁਹਾਡੇ ਨਾਲ ਦੇ ਇਸਰਾਏਲੀਆਂ ਵਿੱਚੋਂ ਕੋਈ ਉਸ ਦੇਸ਼ ਦੇ ਕਿਸੇ ਵੀ ਕਸਬੇ ਵਿੱਚ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ ਤੁਹਾਡੇ ਭਰਾਵਾਂ ਵਿੱਚੋਂ ਗਰੀਬ ਹੈ, ਤਾਂ ਤੁਸੀਂ ਉਹਨਾਂ ਨਾਲ ਕਠੋਰ ਦਿਲ ਨਾ ਹੋਵੋ ਅਤੇ ਨਾ ਹੀ ਤੰਗ ਹੋਵੋ। 8ਇਸ ਦੀ ਬਜਾਏ, ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਜੋ ਵੀ ਚਾਹੀਦਾ ਹੈ ਉਧਾਰ ਦਿਓ। 9ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਵਿੱਚ ਕੋਈ ਨਿਕੰਮਾ ਵਿਚਾਰ ਆ ਜਾਵੇ ਕਿ ਸੱਤਵਾਂ ਸਾਲ ਅਰਥਾਤ ਛੁਟਕਾਰੇ ਦਾ ਸਾਲ ਨੇੜੇ ਹੈ, ਅਤੇ ਤੁਹਾਡੀ ਨਿਗਾਹ ਤੁਹਾਡੇ ਕੰਗਾਲ ਭਰਾ ਵੱਲ ਮੰਦੀ ਹੋ ਜਾਵੇ ਕਿ ਤੁਸੀਂ ਉਸ ਨੂੰ ਕੁਝ ਨਾ ਦਿਓ ਅਤੇ ਉਹ ਤੁਹਾਡੇ ਵਿਰੁੱਧ ਯਾਹਵੇਹ ਦੇ ਅੱਗੇ ਫ਼ਰਿਆਦ ਕਰੇ ਅਤੇ ਇਹ ਤੁਹਾਡੇ ਲਈ ਪਾਪ ਠਹਿਰੇ। 10ਉਹਨਾਂ ਨੂੰ ਖੁੱਲ੍ਹੇ ਦਿਲ ਨਾਲ ਦਿਓ ਅਤੇ ਉਸ ਨੂੰ ਦਿੰਦੇ ਹੋਏ ਤੁਹਾਡੇ ਦਿਲ ਨੂੰ ਬੁਰਾ ਨਾ ਲੱਗੇ ਤਾਂ ਇਸ ਕਰਕੇ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਤੁਹਾਡੇ ਸਾਰੇ ਕੰਮ ਵਿੱਚ ਅਤੇ ਹਰ ਕੰਮ ਵਿੱਚ ਬਰਕਤ ਦੇਵੇਗਾ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਦੇ ਹੋ। 11ਦੇਸ਼ ਵਿੱਚ ਹਮੇਸ਼ਾ ਗਰੀਬ ਲੋਕ ਰਹਿਣਗੇ, ਇਸ ਲਈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਆਪਣੇ ਸੰਗੀ ਇਸਰਾਏਲੀਆਂ ਲਈ ਜਿਹੜੇ ਤੁਹਾਡੇ ਦੇਸ਼ ਵਿੱਚ ਗਰੀਬ ਅਤੇ ਲੋੜਵੰਦ ਹਨ, ਉਹਨਾਂ ਲਈ ਖੁੱਲ੍ਹੇ-ਡੁੱਲ੍ਹੇ ਰਹੋ।
ਨੌਕਰਾਂ ਨੂੰ ਅਜ਼ਾਦ ਕਰਨਾ
12ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਬਰਾਨੀ ਆਦਮੀ ਜਾਂ ਤੀਵੀਂ ਆਪਣੇ ਆਪ ਨੂੰ ਤੁਹਾਡੇ ਕੋਲ ਵੇਚ ਦੇਵੇ ਅਤੇ ਛੇ ਸਾਲ ਤੁਹਾਡੀ ਸੇਵਾ ਕਰੇ, ਤਾਂ ਤੁਸੀਂ ਸੱਤਵੇਂ ਸਾਲ ਉਸ ਨੂੰ ਅਜ਼ਾਦ ਕਰ ਦੇਣਾ। 13ਅਤੇ ਜਦੋਂ ਤੁਸੀਂ ਉਹਨਾਂ ਨੂੰ ਛੱਡ ਦਿਓ ਤਾਂ ਉਹਨਾਂ ਨੂੰ ਖਾਲੀ ਹੱਥ ਨਾ ਭੇਜੋ। 14ਉਹਨਾਂ ਨੂੰ ਆਪਣੇ ਇੱਜੜ, ਆਪਣੇ ਪਿੜ ਅਤੇ ਆਪਣੇ ਦਾਖ਼ਰਸ ਦੇ ਕੋਹਲੂ ਵਿੱਚੋਂ ਖੁੱਲ੍ਹੇ ਦਿਲ ਨਾਲ ਉਸ ਨੂੰ ਦਿਓ ਜਿਵੇਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਸੀਸ ਦਿੱਤੀ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਦਿਓ। 15ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਛੁਡਾਇਆ ਸੀ, ਇਸ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦਿੰਦਾ ਹਾਂ।
16ਪਰ ਜੇ ਤੇਰਾ ਨੌਕਰ ਤੈਨੂੰ ਕਹੇ, “ਮੈਂ ਤੈਨੂੰ ਛੱਡਣਾ ਨਹੀਂ ਚਾਹੁੰਦਾ,” ਕਿਉਂਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਹੈ ਅਤੇ ਤੁਹਾਡੇ ਨਾਲ ਚੰਗਾ ਰਹਿੰਦਾ ਹੈ, 17ਤਾਂ ਤੁਸੀਂ ਸੂਆ ਲੈ ਕੇ ਉਸ ਦੇ ਕੰਨ ਨੂੰ ਚੁਗਾਠ ਨਾਲ ਵਿੰਨ੍ਹ ਦੇਣਾ, ਤਾਂ ਉਹ ਸਦਾ ਲਈ ਤੁਹਾਡਾ ਦਾਸ ਬਣ ਜਾਵੇਗਾ, ਤੁਸੀਂ ਆਪਣੀ ਦਾਸੀ ਨਾਲ ਵੀ ਅਜਿਹਾ ਹੀ ਕਰਨਾ।
18ਜਦ ਤੁਸੀਂ ਉਸਨੂੰ ਆਪਣੇ ਕੋਲੋਂ ਅਜ਼ਾਦ ਕਰਕੇ ਭੇਜੋ, ਤਾਂ ਉਸਨੂੰ ਛੱਡਣਾ ਤੁਹਾਨੂੰ ਬਹੁਤਾ ਔਖਾ ਨਾ ਲੱਗੇ, ਕਿਉ ਜੋ ਉਸ ਨੇ ਛੇ ਸਾਲਾਂ ਤੱਕ ਮਜ਼ਦੂਰ ਦੀ ਦੁੱਗਣੀ ਮਜ਼ਦੂਰੀ ਦੇ ਬਰਾਬਰ ਤੁਹਾਡੀ ਸੇਵਾ ਕੀਤੀ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਸਾਰੇ ਕੰਮਾਂ ਵਿੱਚ ਬਰਕਤ ਦੇਵੇਗਾ।
ਪਹਿਲੌਠੇ ਜਾਨਵਰ
19ਤੁਹਾਡੇ ਇੱਜੜਾਂ ਅਤੇ ਇੱਜੜਾਂ ਦੇ ਹਰ ਪਹਿਲੌਠੇ ਨਰ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਵੱਖ ਕਰੋ ਅਤੇ ਆਪਣੀਆਂ ਗਾਂਵਾਂ ਦੇ ਪਹਿਲੌਠੇ ਨੂੰ ਕੰਮ ਵਿੱਚ ਨਾ ਲਾਓ ਅਤੇ ਨਾ ਹੀ ਆਪਣੀਆਂ ਭੇਡਾਂ ਦੇ ਪਹਿਲੌਠੇ ਨੂੰ ਵੱਢੋ। 20ਹਰ ਸਾਲ ਤੁਸੀਂ ਅਤੇ ਆਪਣੇ ਪਰਿਵਾਰ ਦੇ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ, ਜਿਹੜਾ ਯਾਹਵੇਹ ਚੁਣੇਗਾ। 21ਜੇਕਰ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ ਜਿਵੇਂ ਉਹ ਲੰਗੜਾ ਜਾਂ ਅੰਨ੍ਹਾ ਜਾਂ ਉਸ ਵਿੱਚ ਕੋਈ ਗੰਭੀਰ ਨੁਕਸ ਹੋਵੇ, ਤਾਂ ਤੁਹਾਨੂੰ ਉਸ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀ ਨਹੀਂ ਚੜ੍ਹਾਉਣਾ ਚਾਹੀਦਾ। 22ਤੁਸੀਂ ਇਸਨੂੰ ਆਪਣੇ ਨਗਰਾਂ ਵਿੱਚ ਖਾਓ। ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸ ਨੂੰ ਖਾ ਸਕਦੇ ਹਨ, ਜਿਵੇਂ ਕਿ ਇਹ ਗਜ਼ਲ ਜਾਂ ਹਿਰਨ ਸੀ। 23ਪਰ ਤੁਹਾਨੂੰ ਲਹੂ ਨਹੀਂ ਖਾਣਾ ਚਾਹੀਦਾ, ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ।
தற்சமயம் தேர்ந்தெடுக்கப்பட்டது:
ਬਿਵਸਥਾ 15: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.