8
ਆਤਮਾ ਦੁਆਰਾ ਜੀਵਨ
1ਇਸ ਲਈ, ਹੁਣ ਉਹਨਾਂ ਲੋਕਾਂ ਲਈ ਸਜ਼ਾ ਦਾ ਹੁਕਮ ਨਹੀਂ ਜਿਹੜੇ ਮਸੀਹ ਯਿਸ਼ੂ ਵਿੱਚ ਹਨ, 2ਕਿਉਂਕਿ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਮਸੀਹ ਯਿਸ਼ੂ ਦੇ ਰਾਹੀਂ ਤੁਹਾਨੂੰ ਪਾਪ ਅਤੇ ਮੌਤ ਦੇ ਕਾਨੂੰਨ ਤੋਂ ਮੁਕਤ ਕੀਤਾ ਹੈ। 3ਉਹ ਕੰਮ ਜੋ ਮਨੁੱਖ ਦੇ ਪਾਪੀ ਸੁਭਾਅ ਦੇ ਕਾਰਨ ਬਿਵਸਥਾ ਨੇ ਪੂਰਾ ਨਹੀਂ ਕੀਤਾ, ਉਹ ਪਰਮੇਸ਼ਵਰ ਦੁਆਰਾ ਪੂਰਾ ਕੀਤਾ ਗਿਆ ਉਸ ਨੇ ਆਪਣੇ ਪੁੱਤਰ ਨੂੰ ਇੱਕ ਪਾਪੀ ਆਦਮੀ ਵਾਂਗ ਬਣਾਇਆ ਅਤੇ ਉਸ ਨੂੰ ਪਾਪ ਦੀ ਭੇਟ ਵਜੋਂ ਭੇਜਿਆ। ਇਸ ਤਰ੍ਹਾਂ ਉਸ ਨੇ ਪਾਪੀ ਸਰੀਰ ਵਿੱਚ ਹੀ ਪਾਪ ਦੀ ਸਜ਼ਾ ਦਿੱਤੀ। 4ਇਸ ਲਈ ਕਿ ਕਾਨੂੰਨ ਦੀ ਧਰਮੀ ਲੋੜ ਸਾਡੇ ਵਿੱਚ ਪੂਰੀ ਤਰ੍ਹਾਂ ਪੂਰੀ ਹੋਵੇ, ਜੋ ਸਰੀਰ ਦੇ ਅਨੁਸਾਰ ਨਹੀਂ ਬਲਕਿ ਪਵਿੱਤਰ ਆਤਮਾ ਦੇ ਅਨੁਸਾਰ ਜੀਉਂਦੇ ਹਨ।
5ਉਹ ਜਿਹੜੇ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ। ਪਰ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਉਂਦੇ ਹਨ ਉਹਨਾਂ ਦੇ ਮਨ ਉਹ ਗੱਲਾਂ ਤੇ ਉੱਤੇ ਮਨ ਲਾਉਂਦੇ ਹਨ ਜੋ ਪਵਿੱਤਰ ਆਤਮਾ ਚਾਹੁੰਦਾ ਹੈ। 6ਇਸ ਲਈ ਮਨ ਨੂੰ ਪਾਪੀ ਸੁਭਾਅ ਉੱਤੇ ਲਾਉਣਾ ਮੌਤ ਵੱਲ ਲੈ ਜਾਂਦਾ ਹੈ, ਪਰ ਪਵਿੱਤਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ। 7ਕਿਉਂਕਿ ਪਾਪੀ ਸੁਭਾਅ ਹਮੇਸ਼ਾ ਪਰਮੇਸ਼ਵਰ ਦਾ ਵੈਰੀ ਹੁੰਦਾ ਹੈ। ਇਹ ਪਰਮੇਸ਼ਵਰ ਦੇ ਬਿਵਸਥਾ ਦੇ ਅਧੀਨ ਨਹੀਂ ਹੁੰਦਾ ਅਤੇ ਨਾ ਹੀ ਇਹ ਕਰ ਸਕਦਾ ਹੈ। 8ਉਹ ਜਿਹੜੇ ਆਪਣੇ ਪਾਪੀ ਸੁਭਾਅ ਦੇ ਅੰਦਰ ਰਹਿੰਦੇ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ।
9ਪਰ ਤੁਸੀਂ ਪਾਪੀ ਸੁਭਾਅ ਦੇ ਦੁਆਰਾ ਨਹੀਂ ਚੱਲਦੇ ਸਗੋਂ ਆਤਮਾ ਦੁਆਰਾ ਚੱਲਦੇ ਹੋ, ਜੇ ਸੱਚ-ਮੁੱਚ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੈ ਅਤੇ ਜੇ ਕਿਸੇ ਕੋਲ ਮਸੀਹ ਦਾ ਪਵਿੱਤਰ ਆਤਮਾ ਨਹੀਂ ਹੈ, ਤਾਂ ਉਹ ਮਸੀਹ ਦਾ ਨਹੀਂ। 10ਪਰ ਜੇ ਮਸੀਹ ਤੁਹਾਡੇ ਵਿੱਚ ਹੈ, ਤਾਂ ਭਾਵੇਂ ਤੁਹਾਡਾ ਸਰੀਰ ਪਾਪ ਕਾਰਨ ਮੌਤ ਦੇ ਅਧੀਨ ਹੈ, ਪਰ ਪਵਿੱਤਰ ਆਤਮਾ ਧਰਮ ਦੇ ਕਾਰਨ ਜੀਵਤ ਹੈ। 11ਅਤੇ ਜੇ ਉਸ ਆਤਮਾ ਨੇ ਯਿਸ਼ੂ ਨੂੰ ਮੁਰਦੇ ਤੋਂ ਜਿਵਾਲਿਆ ਅਤੇ ਉਹ ਤੁਹਾਡੇ ਅੰਦਰ ਵੱਸਦਾ ਹੈ, ਤਾਂ ਉਹ ਜਿਸ ਨੇ ਮਸੀਹ ਨੂੰ ਮੁਰਦਿਆਂ ਵਿਚੋਂ ਜਿਵਾਲਿਆ, ਉਹ ਤੁਹਾਡੇ ਮਰਨਹਾਰ ਸਰੀਰ ਨੂੰ ਵੀ ਜੀਵਨ ਦੇਵੇਗਾ, ਕਿਉਂਕਿ ਉਸ ਦਾ ਆਤਮਾ ਤੁਹਾਡੇ ਅੰਦਰ ਰਹਿੰਦਾ ਹੈ।
12ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡਾ ਆਪਣਾ ਫ਼ਰਜ਼ ਬਣਦਾ ਹੈ, ਕਿ ਅਸੀਂ ਪਾਪੀ ਸੁਭਾਅ ਦੇ ਅਨੁਸਾਰ ਜੀਵਨ ਨਾ ਗੁਜ਼ਰੀਏ। 13ਜੇ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹੋ ਤਾਂ ਤੁਸੀਂ ਮਰ ਜਾਵੋਂਗੇ; ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਸਰੀਰ ਦੇ ਪਾਪਾਂ ਨੂੰ ਮਾਰ ਦਿੰਦੇ ਹੋ, ਤਾਂ ਤੁਸੀਂ ਜਿਉਂਦੇ ਹੋਵੋਂਗੇ।
14ਕਿਉਂ ਜੋ ਉਹ ਲੋਕ ਜੋ ਪਰਮੇਸ਼ਵਰ ਦੀ ਆਤਮਾ ਦੀ ਅਗਵਾਈ ਅਧੀਨ ਹਨ ਪਰਮੇਸ਼ਵਰ ਦੇ ਬੱਚੇ ਹਨ। 15ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਤੁਸੀਂ ਦੁਬਾਰਾ ਡਰ ਵਿੱਚ ਜੀਵੋ; ਸਗੋਂ ਤੁਹਾਨੂੰ ਪਰਮੇਸ਼ਵਰ ਦਾ ਆਤਮਾ ਮਿਲਿਆ ਹੈ ਜਿਸ ਕਰਕੇ ਅਸੀਂ, “ਅੱਬਾ, ਹੇ ਪਿਤਾ!” ਪੁਕਾਰਦੇ ਹਾਂ। 16ਉਹ ਪਵਿੱਤਰ ਆਤਮਾ ਆਪ ਹੀ ਸਾਡੀ ਆਤਮਾ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ। 17ਹੁਣ ਜੇ ਅਸੀਂ ਬੱਚੇ ਹਾਂ, ਤਾਂ ਅਸੀਂ ਪਰਮੇਸ਼ਵਰ ਦੇ ਵਾਰਸ ਹਾਂ ਅਤੇ ਮਸੀਹ ਨਾਲ ਸਾਂਝੇ ਵਾਰਸ ਹਾਂ, ਜੇ ਅਸੀਂ ਸੱਚੀਂ ਉਸ ਦੇ ਦੁੱਖਾਂ ਵਿੱਚ ਸਾਂਝੇ ਹੁੰਦੇ ਹਾਂ ਤਾਂ ਜੋ ਅਸੀਂ ਵੀ ਉਸ ਦੀ ਮਹਿਮਾ ਵਿੱਚ ਹਿੱਸਾ ਪਾ ਸਕੀਏ।
ਵਰਤਮਾਨ ਦੁੱਖ ਅਤੇ ਭਵਿੱਖ ਦੀ ਮਹਿਮਾ
18ਮੈਂ ਮੰਨਦਾ ਹਾਂ ਕਿ ਸਾਡੇ ਵਰਤਮਾਨ ਦੁੱਖਾਂ ਦੀ ਉਸ ਮਹਿਮਾ ਨਾਲ ਤੁਲਨਾ ਕਰਨ ਯੋਗ ਨਹੀਂ ਹੈ ਜੋ ਸਾਡੇ ਵਿੱਚ ਪ੍ਰਗਟ ਹੋਵੇਗੀ। 19ਕਿਉਂਕਿ ਸ੍ਰਿਸ਼ਟੀ ਪਰਮੇਸ਼ਵਰ ਦੇ ਬੱਚਿਆਂ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। 20ਕਿਉਂਕਿ ਸਾਰੀ ਸ੍ਰਿਸ਼ਟੀ ਨਿਰਾਸ਼ਾ ਦੇ ਅਧੀਨ ਹੋਈ, ਸਗੋਂ ਆਪਣੀ ਇੱਛਾ ਨਾਲ ਨਹੀਂ, ਬਲਕਿ ਉਸ ਦੀ ਇੱਛਾ ਦੇ ਅਨੁਸਾਰ ਹੋਇਆ ਹੈ ਜਿਨ੍ਹਾਂ ਨੇ ਉਸ ਨੂੰ ਇਸ ਉਮੀਦ ਦੇ ਅਧੀਨ ਕੀਤਾ ਹੈ। 21ਇਸ ਲਈ ਸ੍ਰਿਸ਼ਟੀ ਵੀ ਵਿਨਾਸ਼ ਦੇ ਬੰਧਨ ਤੋਂ ਛੁਟਕਾਰਾ ਪਾਉਣ ਅਤੇ ਪਰਮੇਸ਼ਵਰ ਦੇ ਬੱਚਿਆਂ ਦੀ ਸ਼ਾਨਦਾਰ ਅਜ਼ਾਦੀ ਪ੍ਰਾਪਤ ਕਰਨ ਦੇ ਦਿਨ ਦੀ ਉਡੀਕ ਕਰ ਰਹੀ ਹੈ।
22ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਅੱਜ ਦੇ ਸਮੇਂ ਤੱਕ ਜਣੇਪੇ ਦੇ ਦੁੱਖਾਂ ਵਾਂਗ ਸਹਿਣ ਕਰ ਰਹੀ ਹੈ। 23ਸਿਰਫ ਇਹੀ ਨਹੀਂ, ਪਰ ਅਸੀਂ ਆਪਣੇ ਆਪ ਵਿੱਚ ਹੀ, ਜਿਨ੍ਹਾਂ ਕੋਲ ਪਵਿੱਤਰ ਆਤਮਾ ਦਾ ਪਹਿਲਾਂ ਫ਼ਲ ਹੈ, ਉਹ ਅੰਦਰੂਨੀ ਤੌਰ ਤੇ ਕੁਰਲਾ ਰਹੇ ਹਾਂ ਕਿਉਂਕਿ ਅਸੀਂ ਪੁੱਤਰ ਦੀ ਇੱਛਾ ਨਾਲ, ਸਾਡੇ ਸਰੀਰ ਦੇ ਛੁਟਕਾਰੇ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। 24ਕਿਉਂ ਜੋ ਇਸ ਆਸ ਵਿੱਚ ਅਸੀਂ ਬਚ ਗਏ ਹਾਂ। ਪਰ ਜਿਹੜੀ ਆਸ ਦਿਖਦੀ ਹੈ ਉਹ ਆਸ ਨਹੀਂ ਹੈ। ਕਿਉਂਕਿ ਜਿਹੜੀ ਵਸਤੂ ਕੋਈ ਵੇਖਦਾ ਹੈ ਉਹ ਉਸ ਦੀ ਆਸ ਕਿਉਂ ਰੱਖੇਗਾ? 25ਪਰ ਜੇ ਅਸੀਂ ਉਸ ਚੀਜ਼ ਦੀ ਆਸ ਕਰਦੇ ਹਾਂ ਜੋ ਸਾਡੇ ਕੋਲ ਨਹੀਂ ਹੈ, ਤਾਂ ਅਸੀਂ ਧੀਰਜ ਨਾਲ ਇਸ ਦੀ ਉਡੀਕ ਕਰਦੇ ਹਾਂ।
26ਇਸੇ ਤਰ੍ਹਾਂ, ਪਵਿੱਤਰ ਆਤਮਾ ਸਾਡੀ ਕਮਜ਼ੋਰੀ ਵਿੱਚ ਸਾਡੀ ਸਹਾਇਤਾ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਗੱਲ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਪਵਿੱਤਰ ਆਤਮਾ ਖੁਦ ਸਾਡੇ ਲਈ ਅਕੱਥ ਹਾਹੁਕੇ ਭਰ ਕੇ ਪ੍ਰਾਰਥਨਾ ਕਰਦਾ ਹੈ। 27ਅਤੇ ਪਰਮੇਸ਼ਵਰ, ਜੋ ਦਿਲਾਂ ਦੀ ਖੋਜ ਕਰਦਾ ਹੈ, ਜਾਣਦਾ ਹੈ ਕਿ ਪਵਿੱਤਰ ਆਤਮਾ ਦਾ ਮਕਸਦ ਕੀ ਹੈ। ਕਿਉਂਕਿ ਪਵਿੱਤਰ ਆਤਮਾ ਪਰਮੇਸ਼ਵਰ ਦੇ ਲੋਕਾਂ ਦੀ ਸਹਾਇਤਾ ਪਰਮੇਸ਼ਵਰ ਦੀ ਇੱਛਾ ਅਨੁਸਾਰ ਕਰਦਾ ਹੈ।
28ਅਤੇ ਅਸੀਂ ਜਾਣਦੇ ਹਾਂ ਕਿ ਹਰ ਚੀਜ਼ ਉਹਨਾਂ ਲੋਕਾਂ ਦੇ ਭਲੇ ਲਈ ਕੰਮ ਕਰਦੀ ਹੈ ਜਿਹੜੇ ਪਰਮੇਸ਼ਵਰ ਨੂੰ ਪਿਆਰ ਕਰਦੇ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਉਦੇਸ਼ ਅਨੁਸਾਰ ਬੁਲਾਇਆ ਹੈ। 29ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਪਹਿਲਾਂ ਹੀ ਜਾਣਿਆ ਸੀ, ਉਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਉਹ ਆਪਣੇ ਪੁੱਤਰ ਦੇ ਸਰੂਪ ਦੇ ਅਨੁਸਾਰ ਬਣੇਗਾ ਤਾਂ ਜੋ ਉਹ ਬਹੁਤ ਸਾਰੇ ਭੈਣ-ਭਰਾਵਾਂ ਵਿੱਚੋਂ ਜੇਠਾ ਹੋ ਜਾਵੇ। 30ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਠਹਿਰਾਇਆ ਹੈ, ਉਸ ਨੂੰ ਬੁਲਾਇਆ ਵੀ ਹੈ; ਜਿਨ੍ਹਾਂ ਨੂੰ ਉਸ ਨੇ ਬੁਲਾਇਆ, ਉਹਨਾਂ ਨੂੰ ਧਰਮੀ ਵੀ ਠਹਿਰਾਇਆ; ਜਿਨ੍ਹਾਂ ਨੂੰ ਉਸ ਨੇ ਧਰਮੀ ਠਹਿਰਾਇਆ, ਉਹਨਾਂ ਨੂੰ ਉਸ ਨੇ ਮਹਿਮਾ ਵੀ ਦਿੱਤੀ।
ਪਰਮੇਸ਼ਵਰ ਦੇ ਪਿਆਰ ਦਾ ਗਾਣਾ
31ਤਦ, ਅਸੀਂ ਇਨ੍ਹਾਂ ਗੱਲਾਂ ਦੇ ਜਵਾਬ ਵਿੱਚ ਕੀ ਕਹਾਂਗੇ? ਜੇ ਪਰਮੇਸ਼ਵਰ ਸਾਡੇ ਵੱਲ ਹੈ, ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?#8:31 ਜ਼ਬੂ 118:6 32ਜਿਸ ਨੇ ਆਪਣੇ ਖੁਦ ਦੇ ਪੁੱਤਰ ਨੂੰ ਨਹੀਂ ਬਖਸ਼ਿਆ, ਪਰ ਸਾਡੇ ਸਭਨਾਂ ਦੇ ਲਈ ਉਸ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ। ਫਿਰ ਕਿਵੇਂ ਨਹੀਂ ਉਹ ਉਸ ਦੇ ਪੁੱਤਰ ਨਾਲ ਸਾਡੇ ਤੇ ਸਭ ਕੁਝ ਮਿਹਰਬਾਨ ਕਰੇਗਾ?#8:32 ਉਤ 22:16 33ਉਹਨਾਂ ਲੋਕਾਂ ਵਿਰੁੱਧ ਕੌਣ ਕੋਈ ਦੋਸ਼ ਲਾਵੇਗਾ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਚੁਣਿਆ ਹੈ? ਇਹ ਪਰਮੇਸ਼ਵਰ ਹੈ ਜੋ ਧਰਮੀ ਠਹਿਰਾਉਂਦਾ ਹੈ। 34ਫਿਰ ਉਹ ਕੌਣ ਹੈ ਜੋ ਉਹਨਾਂ ਨੂੰ ਦੋਸ਼ੀ ਕਰਾਰ ਦਿੰਦਾ ਹੈ? ਕੋਈ ਵੀ ਨਹੀਂ। ਮਸੀਹ ਯਿਸ਼ੂ ਉਹ ਹੈ ਜੋ ਮਰ ਗਿਆ, ਪਰ ਇਸ ਤੋਂ ਵੀ ਵੱਧ, ਉਸ ਨੂੰ ਮੁਰਦਿਆਂ ਵਿੱਚ ਜਿਵਾਲਿਆ ਗਿਆ। ਉਹ ਪਰਮੇਸ਼ਵਰ ਦੇ ਸੱਜੇ ਹੱਥ ਹੈ ਅਤੇ ਉਹ ਸਾਡੇ ਲਈ ਵੀ ਬੇਨਤੀ ਕਰ ਰਿਹਾ ਹੈ। 35ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰੇਗਾ? ਕੀ ਮੁਸੀਬਤ ਜਾ ਕਠਿਨਾਈ ਜਾਂ ਅੱਤਿਆਚਾਰ, ਕਾਲ ਜਾਂ ਨੰਗਾਪਨ ਜਾ ਖ਼ਤਰੇ ਜਾ ਤਲਵਾਰ? 36ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:
“ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ;
ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।”#8:36 ਜ਼ਬੂ 42:2
37ਫਿਰ ਵੀ ਇਨ੍ਹਾਂ ਸਭ ਗੱਲਾਂ ਵਿੱਚ ਅਸੀਂ ਉਸ ਰਾਹੀਂ ਜਿੱਤ ਪ੍ਰਾਪਤ ਕਰਨ ਵਾਲੇ ਨਾਲੋਂ ਵੱਧ ਹਾਂ ਜਿਸ ਨੇ ਸਾਨੂੰ ਪਿਆਰ ਕੀਤਾ। 38ਕਿਉਂਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਤਾਂ ਮੌਤ, ਨਾ ਹੀ ਜ਼ਿੰਦਗੀ, ਨਾ ਹੀ ਦੂਤ, ਨਾ ਹੀ ਭੂਤ, ਨਾ ਹੀ ਵਰਤਮਾਨ, ਨਾ ਭਵਿੱਖ ਅਤੇ ਨਾ ਹੀ ਕੋਈ ਰਾਜ, 39ਨਾ ਹੀ ਉਚਾਈ, ਨਾ ਡੂੰਘਾਈ, ਨਾ ਹੀ ਸਾਰੀ ਸ੍ਰਿਸ਼ਟੀ ਦੀ ਕੋਈ ਚੀਜ਼ ਸਾਨੂੰ ਉਸ ਪਰਮੇਸ਼ਵਰ ਦੇ ਪਿਆਰ ਤੋਂ ਵੱਖ ਕਰ ਸਕਦੀ ਹੈ ਜੋ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਹੈ।