6
ਪਾਪ ਪ੍ਰਤੀ ਮਰਿਆ, ਮਸੀਹ ਪ੍ਰਤੀ ਜੀਉਂਦਾ
1ਤਾਂ ਫਿਰ ਅਸੀਂ ਕੀ ਕਹਾਂਗੇ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਕਿਰਪਾ ਵਧੇ? 2ਬਿਲਕੁਲ ਨਹੀਂ! ਅਸੀਂ ਉਹ ਹਾਂ ਜਿਹੜੇ ਪਾਪ ਦੇ ਲਈ ਮਰੇ ਹਾਂ; ਫਿਰ ਅਸੀਂ ਹੋਰ ਕਿਵੇਂ ਪਾਪ ਵਿੱਚ ਰਹਿ ਸਕਦੇ ਹਾਂ? 3ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਾਰੇ ਜਿਨਾਂ ਨੇ ਮਸੀਹ ਯਿਸ਼ੂ ਵਿੱਚ ਬਪਤਿਸਮਾ ਲਿਆ ਸੀ, ਉਹਨਾਂ ਦੀ ਮੌਤ ਵਿੱਚ ਬਪਤਿਸਮਾ ਲਿਆ ਸੀ? 4ਇਸ ਲਈ ਸਾਨੂੰ ਉਹਨਾਂ ਦੇ ਨਾਲ ਬਪਤਿਸਮੇ ਰਾਹੀਂ ਮੌਤ ਦੇ ਵਿੱਚ ਦਫ਼ਨਾਇਆ ਗਿਆ ਤਾਂ ਜੋ ਜਿਵੇਂ ਪਿਤਾ ਨੇ ਆਪਣੀ ਮਹਿਮਾ ਦੁਆਰਾ ਮਸੀਹ ਨੂੰ ਮੌਤ ਤੋਂ ਜੀ ਉਠਾ ਲਿਆ, ਤਾਂ ਕਿ ਅਸੀਂ ਵੀ ਇੱਕ ਨਵਾਂ ਜੀਵਨ ਜੀ ਸਕੀਏ।
5ਜੇ ਅਸੀਂ ਮਸੀਹ ਯਿਸ਼ੂ ਦੇ ਨਾਲ ਮੌਤ ਵਿੱਚ ਜੁੜ ਗਏ ਹਾਂ, ਤਾਂ ਅਸੀਂ ਵੀ ਉਸ ਦੇ ਨਾਲ ਇੱਕ ਪੁਨਰ-ਉਥਾਨ ਵਿੱਚ ਉਸ ਦੇ ਨਾਲ ਇੱਕ ਜੁੱਟ ਹੋਵਾਂਗੇ। 6ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡੀ ਪੁਰਾਣੀ ਇਨਸਾਨੀਅਤ ਯਿਸ਼ੂ ਦੇ ਨਾਲ ਸਲੀਬ ਤੇ ਚੜ੍ਹਾਈ ਗਈ ਹੈ ਤਾਂ ਜੋ ਪਾਪ ਦਾ ਸਰੀਰ ਖ਼ਤਮ ਹੋ ਸਕੇ, ਅਤੇ ਇਸ ਤੋਂ ਅੱਗੇ ਅਸੀਂ ਪਾਪ ਦੇ ਗੁਲਾਮ ਨਾ ਰਹੀਏ। 7ਕਿਉਂਕਿ ਜਦੋਂ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਅਸੀਂ ਪਾਪ ਦੀ ਸ਼ਕਤੀ ਤੋਂ ਮੁਕਤ ਹੋ ਗਏ।#6:7 ਰਸੂ 13:38
8ਹੁਣ ਜੇ ਅਸੀਂ ਮਸੀਹ ਨਾਲ ਮਰੇ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਵੀ ਮਸੀਹ ਦੇ ਨਾਲ ਜੀਵਾਂਗੇ। 9ਕਿਉਂ ਜੋ ਅਸੀਂ ਜਾਣਦੇ ਹਾਂ ਕਿ ਮਸੀਹ ਯਿਸ਼ੂ, ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਦੁਬਾਰਾ ਕਦੇ ਨਹੀਂ ਮਰੇਗਾ; ਕਿਉਂਕਿ ਮੌਤ ਦਾ ਉਸ ਉੱਤੇ ਕੋਈ ਅਧਿਕਾਰ ਨਹੀਂ ਹੈ। 10ਜਿਹੜੀ ਮੌਤ ਯਿਸ਼ੂ ਮਸੀਹ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ; ਪਰ ਉਹ ਜ਼ਿੰਦਗੀ ਜਿਹੜੀ ਉਹ ਜਿਉਂਦਾ ਹੈ, ਉਹ ਪਰਮੇਸ਼ਵਰ ਲਈ ਜਿਉਂਦਾ ਹੈ।
11ਇਸੇ ਤਰ੍ਹਾਂ, ਤੁਸੀਂ ਆਪਣੇ ਆਪ ਨੂੰ ਪਾਪ ਲਈ ਮਰੇ ਹੋਏ ਸਮਝੋ ਪਰ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਲਈ ਜਿਉਂਦੇ ਹੋਏ। 12ਇਸ ਲਈ ਆਪਣੇ ਮਰਨਹਾਰ ਸਰੀਰ ਤੇ ਪਾਪ ਨੂੰ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਇਸ ਦੀਆਂ ਭੈੜੀਆਂ ਇੱਛਾਵਾਂ ਦਾ ਪਾਲਣ ਕਰੋ। 13ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਹੋਏ ਜਾਣ ਕੇ ਪਰਮੇਸ਼ਵਰ ਨੂੰ ਸੌਂਪ ਦਿਓ ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਵਰ ਨੂੰ ਸੌਂਪ ਦਿਓ। 14ਪਾਪ ਹੁਣ ਤੁਹਾਡਾ ਮਾਲਕ ਨਹੀਂ ਹੋਵੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਹੇਠ ਨਹੀਂ, ਪਰ ਪਰਮੇਸ਼ਵਰ ਦੀ ਕਿਰਪਾ ਦੇ ਹੇਠ ਹੋ।
ਧਾਰਮਿਕਤਾ ਦੇ ਗੁਲਾਮ
15ਫਿਰ ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਬਿਵਸਥਾ ਦੇ ਅਧੀਨ ਨਹੀਂ ਪਰ ਕਿਰਪਾ ਦੇ ਅਧੀਨ ਹਾਂ? ਕਦੇ ਵੀ ਨਹੀਂ! 16ਕੀ ਤੁਸੀਂ ਇਹ ਨਹੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਵੀ ਆਪਣੇ ਆਪ ਨੂੰ ਆਗਿਆਕਾਰੀ ਵਜੋਂ ਸੌਂਪ ਦੇ ਹੋ, ਤਾਂ ਤੁਸੀਂ ਉਸ ਦੇ ਗੁਲਾਮ ਹੋ ਜਿਸ ਦੀ ਤੁਸੀਂ ਆਗਿਆ ਨੂੰ ਮੰਨਦੇ ਹੋ, ਜੇ ਤੁਸੀਂ ਪਾਪ ਦੇ ਗੁਲਾਮ ਹੋ, ਤਾਂ ਉਹ ਮੌਤ ਵੱਲ ਲੈ ਜਾਂਦਾ ਹੈ, ਅਤੇ ਜੇ ਤੁਸੀਂ ਪਰਮੇਸ਼ਵਰ ਦੀ ਆਗਿਆ ਮੰਨਣ ਲਈ ਇੱਕ ਗੁਲਾਮ ਹੋ, ਤਾਂ ਉਹ ਜੀਵਨ ਵੱਲ ਲੈ ਜਾਂਦਾ ਹੈ। 17ਪਰ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਪਰ ਹੁਣ ਤੁਸੀਂ ਆਪਣੇ ਦਿਲੋਂ ਉਸ ਸਿੱਖਿਆ ਨੂੰ ਮੰਨ ਲਿਆ ਹੈ ਜਿਹੜੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ। 18ਹੁਣ ਤੁਹਾਨੂੰ ਪਾਪ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਧਾਰਮਿਕਤਾ ਦੇ ਗੁਲਾਮ ਬਣਾ ਦਿੱਤਾ ਗਿਆ ਹੈ।
19ਮੈਂ ਤੁਹਾਡੀਆਂ ਮਨੁੱਖੀ ਕਮੀਆਂ ਕਰਕੇ ਹਰ ਰੋਜ਼ ਦੀ ਜ਼ਿੰਦਗੀ ਦੀ ਉਦਾਹਰਣ ਦੀ ਵਰਤੋਂ ਕਰ ਰਿਹਾ ਹਾਂ। ਜਿਵੇਂ ਤੁਸੀਂ ਆਪਣੇ ਆਪ ਨੂੰ ਅਸ਼ੁੱਧਤਾ ਅਤੇ ਲਗਾਤਾਰ ਵਧ ਰਹੀ ਬੁਰਾਈ ਦੇ ਗੁਲਾਮ ਵਜੋਂ ਪੇਸ਼ ਕਰਦੇ ਸੀ, ਉਸੇ ਤਰ੍ਹਾਂ ਹੁਣ ਆਪਣੇ ਆਪ ਨੂੰ ਧਾਰਮਿਕਤਾ ਦੇ ਗੁਲਾਮ ਵਜੋਂ ਪੇਸ਼ ਕਰੋ ਜੋ ਪਵਿੱਤਰਤਾਈ ਵੱਲ ਜਾਂਦਾ ਹੈ। 20ਜਦੋਂ ਤੁਸੀਂ ਪਾਪ ਦੇ ਗੁਲਾਮ ਹੁੰਦੇ ਸੀ, ਤਾਂ ਤੁਸੀਂ ਧਾਰਮਿਕਤਾ ਤੋਂ ਅਜ਼ਾਦ ਹੁੰਦੇ ਸੀ। 21ਉਸ ਸਮੇਂ ਤੁਸੀਂ ਉਹਨਾਂ ਚੀਜ਼ਾਂ ਦਾ ਕੀ ਲਾਭ ਪ੍ਰਾਪਤ ਕੀਤਾ ਜਿਸ ਤੋਂ ਤੁਸੀਂ ਹੁਣ ਸ਼ਰਮਿੰਦੇ ਹੋ? ਉਹਨਾਂ ਚੀਜ਼ਾਂ ਦਾ ਨਤੀਜਾ ਮੌਤ ਹੈ! 22ਪਰ ਹੁਣ ਜਦੋਂ ਤੁਸੀਂ ਪਾਪ ਤੋਂ ਮੁਕਤ ਹੋ ਚੁੱਕੇ ਹੋ ਅਤੇ ਪਰਮੇਸ਼ਵਰ ਦੇ ਗੁਲਾਮ ਹੋ ਗਏ ਹੋ, ਤਾਂ ਜੋ ਫ਼ਾਇਦਾ ਤੁਸੀਂ ਪ੍ਰਾਪਤ ਕਰਦੇ ਹੋ ਉਹ ਪਵਿੱਤਰਤਾ ਵੱਲ ਲੈ ਜਾਂਦਾ ਹੈ, ਅਤੇ ਨਤੀਜਾ ਸਦਾ ਦਾ ਜੀਵਨ ਹੈ। 23ਕਿਉਂਕਿ ਪਾਪ ਦੀ ਮਜ਼ਦੂਰੀ ਮੌਤ ਹੈ, ਪਰੰਤੂ ਪਰਮੇਸ਼ਵਰ ਦਾ ਤੋਹਫ਼ਾ ਸਾਡੇ ਪ੍ਰਭੂ ਮਸੀਹ ਯਿਸ਼ੂ ਵਿੱਚ ਸਦੀਪਕ ਜੀਵਨ ਹੈ।