10
1ਹੇ ਭਰਾਵੋ ਅਤੇ ਭੈਣੋ, ਮੇਰੇ ਦਿਲ ਦੀ ਇੱਛਾ ਹੈ ਅਤੇ ਇਸਰਾਏਲੀਆਂ ਲਈ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਬਚਾਏ ਜਾਣ। 2ਕਿਉਂਕਿ ਮੈਂ ਉਹਨਾਂ ਬਾਰੇ ਗਵਾਹੀ ਦੇ ਸਕਦਾ ਹਾਂ ਕਿ ਉਹ ਪਰਮੇਸ਼ਵਰ ਦੇ ਲਈ ਜੋਸ਼ੀਲੇ ਹਨ, ਪਰ ਉਹਨਾਂ ਦਾ ਜੋਸ਼ ਗਿਆਨ ਦੇ ਅਨੁਸਾਰ ਨਹੀਂ ਹੈ। 3ਉਹ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਨਹੀਂ ਜਾਣਦੇ ਸਨ ਅਤੇ ਆਪਣੀ ਧਾਰਮਿਕਤਾ ਨੂੰ ਆਪਣੇ ਆਪ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ, ਉਹ ਪਰਮੇਸ਼ਵਰ ਦੀ ਧਾਰਮਿਕਤਾ ਦੇ ਅਧੀਨ ਨਹੀਂ ਹੋਏ। 4ਕਿਉਂਕਿ ਮਸੀਹ ਬਿਵਸਥਾ ਦੇ ਮਕਸਦ ਨੂੰ ਪੂਰਾ ਕਰ ਚੁੱਕਾ ਹੈ ਜਿਸ ਲਈ ਬਿਵਸਥਾ ਦਿੱਤੀ ਗਈ ਸੀ। ਇਸ ਲਈ ਜੋ ਕੋਈ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਧਰਮੀ ਬਣ ਗਿਆ ਹੈ।
5ਮੋਸ਼ੇਹ ਨੇ ਇਹ ਉਸ ਧਾਰਮਿਕਤਾ ਬਾਰੇ ਲਿਖਿਆ ਜੋ ਬਿਵਸਥਾ ਅਨੁਸਾਰ ਹੈ: “ਜਿਹੜਾ ਵਿਅਕਤੀ ਇਹ ਬਿਵਸਥਾ ਦੀਆਂ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”#10:5 ਲੇਵਿ 18:5 6ਪਰ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਹੈ ਕਹਿੰਦੀ ਹੈ: “ਆਪਣੇ ਮਨ ਵਿੱਚ ਇਹ ਨਾ ਕਹੋ, ‘ਸਵਰਗ ਵਿੱਚ ਕੌਣ ਚੜ੍ਹੇਗਾ?’ ” ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ। 7ਜਾਂ ਕੌਣ ਪਤਾਲ ਵਿੱਚ ਉਤਰੇਗਾ? ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈ। 8ਅਸਲ ਵਿੱਚ ਇਹ ਕਹਿਣਾ ਹੈ ਕਿ ਪਰਮੇਸ਼ਵਰ ਦਾ ਬਚਨ ਤੁਹਾਡੇ ਨੇੜੇ ਹੈ; ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ, “ਅਰਥਾਤ, ਇਹ ਵਿਸ਼ਵਾਸ ਹੈ ਜੋ ਅਸੀਂ ਪ੍ਰਚਾਰ ਕਰਦੇ ਹਾਂ: 9ਜੇ ਤੁਸੀਂ ਆਪਣੇ ਮੂੰਹ ਨਾਲ ਇਹ ਐਲਾਨ ਕਰਦੇ ਹੋ।” ਯਿਸ਼ੂ ਪ੍ਰਭੂ ਹੈ ਅਤੇ ਆਪਣੇ ਦਿਲ ਵਿੱਚ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ, ਤਾਂ ਤੁਸੀਂ ਬਚਾਏ ਜਾਓਗੇ। 10ਇਹ ਤੁਹਾਡੇ ਦਿਲ ਨਾਲ ਹੈ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਅਤੇ ਧਰਮੀ ਠਹਿਰਾਉਂਦੇ ਹੋ, ਅਤੇ ਇਹ ਤੁਹਾਡੇ ਮੂੰਹ ਨਾਲ ਹੈ ਕਿ ਤੁਸੀਂ ਆਪਣੀ ਨਿਹਚਾ ਦਾ ਦਾਅਵਾ ਕਰਦੇ ਹੋ ਅਤੇ ਬਚਾਏ ਜਾਂਦੇ ਹੋ। 11ਜਿਵੇਂ ਕਿ ਪਵਿੱਤਰ ਸ਼ਾਸਤਰ ਆਖਦਾ ਹੈ, “ਜਿਹੜਾ ਵਿਅਕਤੀ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।”#10:11 ਯਸ਼ਾ 28:16; ਯਿਰ 17:7 (ਸੈਪਟੁਜਿੰਟ ਦੇਖੋ) 12ਯਹੂਦੀ ਅਤੇ ਗ਼ੈਰ-ਯਹੂਦੀ ਵਿੱਚ ਕੋਈ ਅੰਤਰ ਨਹੀਂ ਹੈ। ਉਹੀ ਪ੍ਰਭੂ ਸਾਰਿਆਂ ਦਾ ਮਾਲਕ ਹੈ ਅਤੇ ਜੋ ਉਸ ਨੂੰ ਪੁਕਾਰਦਾ ਹੈ ਉਹਨਾਂ ਨੂੰ ਅਸੀਸਾਂ ਦਿੰਦਾ ਹੈ। 13ਕਿਉਂਕਿ, “ਹਰੇਕ ਜਿਹੜਾ ਵੀ ਪ੍ਰਭੂ ਦਾ ਨਾਮ ਲੈ ਕੇ ਪੁਕਾਰਦਾ ਹੈ ਉਹ ਬਚਾਇਆ ਜਾਵੇਗਾ।”#10:13 ਯੋਏ 2:32; ਰਸੂ 2:21
14ਤਾਂ ਫਿਰ, ਉਹ ਪ੍ਰਭੂ ਨੂੰ ਕਿਵੇਂ ਪੁਕਾਰ ਸਕਦੇ ਹਨ ਜਿਸ ਤੇ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ? ਅਤੇ ਉਹ ਉਸ ਉੱਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਜਿਸ ਦੇ ਬਾਰੇ ਉਹਨਾਂ ਸੁਣਿਆ ਹੀ ਨਹੀਂ? ਅਤੇ ਉਹ ਉਹਨਾਂ ਨੂੰ ਕਿਵੇਂ ਸੁਣ ਸਕਦੇ ਹਨ ਜਦੋਂ ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਦਾ? 15ਅਤੇ ਜੇ ਕੋਈ ਭੇਜੇ ਨਾ ਜਾਣ ਤਾਂ ਕੋਈ ਪ੍ਰਚਾਰ ਕਿਵੇਂ ਕਰ ਸਕਦਾ ਹੈ? ਜਿਵੇਂ ਕਿ ਇਹ ਲਿਖਿਆ ਗਿਆ ਹੈ: “ਉਹਨਾਂ ਲੋਕਾਂ ਦੇ ਪੈਰ ਕਿੰਨੇ ਸੋਹਣੇ ਹਨ ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ।”#10:15 ਯਸ਼ਾ 52:7; ਨਹੂ 1:15
16ਪਰ ਸਾਰੇ ਇਸਰਾਏਲੀਆਂ ਨੇ ਖੁਸ਼ਖ਼ਬਰੀ ਨੂੰ ਸਵੀਕਾਰ ਨਹੀਂ ਕੀਤਾ। ਕਿਉਂਕਿ ਯਸ਼ਾਯਾਹ ਕਹਿੰਦਾ ਹੈ, “ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ?”#10:16 ਯਸ਼ਾ 53:1 17ਇਸ ਲਈ ਵਿਸ਼ਵਾਸ ਸੁਣਨ ਨਾਲ ਆਉਂਦਾ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। 18ਪਰ ਮੈਂ ਪੁੱਛਦਾ ਹਾਂ: ਕੀ ਇਸਰਾਏਲੀਆਂ ਨੇ ਖੁਸ਼ਖ਼ਬਰੀ ਨਹੀਂ ਸੁਣੀ? ਪਰ ਉਹਨਾਂ ਨੇ ਸੁਣਿਆ ਹੈ:
“ਉਹਨਾਂ ਦੀ ਆਵਾਜ਼ ਸਾਰੀ ਧਰਤੀ ਵਿੱਚ ਆ ਗਈ,
ਉਹਨਾਂ ਦੇ ਸ਼ਬਦ ਦੁਨੀਆਂ ਦੇ ਅੰਤ ਤੀਕ ਪਹੁੰਚੇ।”#10:18 ਜ਼ਬੂ 19:4
19ਮੈਂ ਫਿਰ ਪੁੱਛਦਾ ਹਾਂ: ਕੀ ਇਸਰਾਏਲੀਆਂ ਨੂੰ ਸਮਝ ਨਹੀਂ ਆਇਆ? ਪਹਿਲਾਂ, ਮੋਸ਼ੇਹ ਕਹਿੰਦਾ ਹੈ,
“ਮੈਂ ਤੁਹਾਨੂੰ ਉਹਨਾਂ ਤੋਂ ਈਰਖਾ ਕਰਾਵਾਂਗਾ ਜੋ ਅਸਲ ਵਿੱਚ ਕੌਮ ਨਹੀਂ ਹਨ;
ਮੈਂ ਤੁਹਾਨੂੰ ਇੱਕ ਕੌਮ ਦੇ ਦੁਆਰਾ ਗੁੱਸਾ ਕਰਾਂਗਾ ਜਿਸ ਦੀ ਕੋਈ ਸਮਝ ਨਹੀਂ ਹੈ।”
20ਅਤੇ ਯਸ਼ਾਯਾਹ ਨੇ ਦਲੇਰੀ ਨਾਲ ਕਿਹਾ,
“ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ;
ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ
ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ।”
21ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ,
“ਸਾਰਾ ਦਿਨ ਮੈਂ ਆਪਣਾ ਹੱਥ ਇੱਕ ਅਣ-ਆਗਿਆਕਾਰੀ ਅਤੇ
ਰੁਕਾਵਟ ਕਰਨ ਵਾਲੇ ਲੋਕਾਂ ਲਈ ਪਸਾਰਿਆ ਹੋਇਆ ਸੀ।”#10:21 ਯਸ਼ਾ 65:1-2