16
ਯਿਸ਼ੂ ਦਾ ਜੀ ਉੱਠਣਾ
1ਜਦੋਂ ਸਬਤ ਦਾ ਦਿਨ#16:1 ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਪੂਰਾ ਹੋਇਆ, ਮਗਦਲਾ ਵਾਸੀ ਮਰਿਯਮ, ਯਾਕੋਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆ ਤਾਂ ਜੋ ਉਹ ਯਿਸ਼ੂ ਦੇ ਸਰੀਰ ਨੂੰ ਮਸਹ ਕਰਨ। 2ਹਫ਼ਤੇ ਦੇ ਪਹਿਲੇ ਦਿਨ#16:2 ਪਹਿਲੇ ਦਿਨ ਅਰਥਾਤ ਐਤਵਾਰ ਦਾ ਦਿਨ ਸੀ ਤੜਕੇ ਜਦੋਂ ਸੂਰਜ ਚੜ੍ਹ ਹੀ ਰਿਹਾ ਸੀ, ਉਹ ਕਬਰ ਵੱਲ ਜਾ ਰਹੀਆਂ ਸਨ 3ਅਤੇ ਉਹਨਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਕਬਰ ਦੇ ਪ੍ਰਵੇਸ਼ ਦੁਆਰ ਤੋਂ ਪੱਥਰ ਕੌਣ ਹਟਾਏਗਾ?”
4ਪਰ ਜਦੋਂ ਉਹਨਾਂ ਨੇ ਕਬਰ ਵੱਲ ਨਿਗਾਹ ਕੀਤੀ ਤਾਂ ਵੇਖਿਆ, ਜੋ ਪੱਥਰ ਇੱਕ ਪਾਸੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਅਤੇ ਵੱਡਾ ਸੀ। 5ਜਦੋਂ ਉਹ ਕਬਰ ਦੇ ਅੰਦਰ ਵੜ ਰਹੇ ਸਨ, ਉਹਨਾਂ ਨੇ ਇੱਕ ਨੌਜਵਾਨ ਨੂੰ ਚਿੱਟੇ ਬਸਤਰ ਪਾਏ ਸੱਜੇ ਪਾਸੇ ਬੈਠਾ ਵੇਖਿਆ, ਅਤੇ ਉਹ ਘਬਰਾ ਗਏ।
6ਉਸ ਨੇ ਕਿਹਾ, “ਘਬਰਾਓ ਨਾ, ਤੁਸੀਂ ਯਿਸ਼ੂ ਨਾਜ਼ਰੇਥ ਵਾਸੀ ਨੂੰ ਲੱਭ ਰਹੀਆਂ ਹੋ, ਜਿਸ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਇੱਥੇ ਨਹੀਂ ਹੈ; ਉਹ ਜੀ ਉੱਠਿਆ ਹੈ, ਇਸ ਜਗ੍ਹਾ ਨੂੰ ਵੇਖੋ ਜਿੱਥੇ ਉਹਨਾਂ ਨੇ ਉਸ ਨੂੰ ਰੱਖਿਆ ਸੀ। 7ਹੁਣ ਜਾਓ, ਉਸ ਦੇ ਚੇਲਿਆਂ ਨੂੰ ਦੱਸੋ ਅਤੇ ਪਤਰਸ ਨੂੰ ਵੀ ਆਖੋ, ‘ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈ। ਤੁਸੀਂ ਯਿਸ਼ੂ ਨੂੰ ਉੱਥੇ ਵੇਖੋਗੇ, ਜਿਵੇਂ ਉਸ ਨੇ ਤੁਹਾਨੂੰ ਦੱਸਿਆ ਸੀ।’ ”
8ਔਰਤਾਂ ਕੰਬਦੀਆਂ ਅਤੇ ਹੈਰਾਨ ਹੁੰਦੀਆਂ ਹੋਈਆਂ ਕਬਰ ਤੋਂ ਨਿਕਲ ਕੇ ਭੱਜ ਗਈਆਂ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਕਿਉਂਕਿ ਉਹ ਡਰ ਗਈਆਂ ਸਨ।
9ਜਦੋਂ ਹਫ਼ਤੇ ਦੇ ਪਹਿਲੇ ਦਿਨ ਯਿਸ਼ੂ ਤੜਕੇ ਜੀ ਉੱਠੇ ਤਾਂ ਉਹ ਪਹਿਲਾਂ ਮਗਦਲਾ ਵਾਸੀ ਮਰਿਯਮ ਨੂੰ ਦਿਖਾਈ ਦਿੱਤੇ, ਜਿਸ ਵਿੱਚੋਂ ਉਹ ਨੇ ਸੱਤ ਦੁਸ਼ਟ ਆਤਮਾ ਨੂੰ ਬਾਹਰ ਕੱਢਿਆ ਸੀ। 10ਉਸ ਨੇ ਜਾ ਕੇ ਆਪਣੇ ਸਾਥੀਆਂ ਨੂੰ ਜੋ ਸੋਗ ਕਰਦੇ ਅਤੇ ਰੋਂਦੇ ਸਨ ਦੱਸਿਆ। 11ਜਦੋਂ ਉਹਨਾਂ ਨੇ ਸੁਣਿਆ ਕਿ ਯਿਸ਼ੂ ਜਿਉਂਦਾ ਹੈ ਅਤੇ ਉਸ ਨੇ ਯਿਸ਼ੂ ਨੂੰ ਵੇਖ ਲਿਆ ਹੈ, ਤਾਂ ਉਹਨਾਂ ਨੇ ਇਸ ਗੱਲ ਉੱਤੇ ਵਿਸ਼ਵਾਸ ਨਾ ਕੀਤਾ।
12ਇਸ ਤੋਂ ਬਾਅਦ ਯਿਸ਼ੂ ਉਹਨਾਂ ਦੋ ਲੋਕਾਂ ਨੂੰ ਵੱਖੋ ਵੱਖਰੇ ਰੂਪ ਵਿੱਚ ਦਿਖਾਈ ਦਿੱਤੇ ਜਦੋਂ ਉਹ ਪਿੰਡ ਵੱਲ ਤੁਰੇ ਜਾਂਦੇ ਸਨ। 13ਇਹ ਵਾਪਸ ਯੇਰੂਸ਼ਲੇਮ ਨਗਰ ਆਏ ਅਤੇ ਬਾਕੀਆਂ ਨੂੰ ਦੱਸਿਆ; ਪਰ ਉਹਨਾਂ ਨੇ ਉਹਨਾਂ ਤੇ ਵੀ ਵਿਸ਼ਵਾਸ ਨਹੀਂ ਕੀਤਾ।
14ਇਹ ਦੇ ਮਗਰੋਂ ਯਿਸ਼ੂ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੇ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ।
15ਉਸ ਨੇ ਉਹਨਾਂ ਨੂੰ ਕਿਹਾ, “ਸਾਰੇ ਸੰਸਾਰ ਵਿੱਚ ਜਾਓ ਅਤੇ ਸਾਰੀ ਸ੍ਰਿਸ਼ਟੀ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ। 16ਜਿਹੜਾ ਵੀ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰੇ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ। 17ਅਤੇ ਇਹ ਚਮਤਕਾਰ ਉਹਨਾਂ ਲੋਕਾਂ ਦੇ ਨਾਲ ਹੋਣਗੇ ਜੋ ਵਿਸ਼ਵਾਸ ਕਰਦੇ ਹਨ: ਮੇਰੇ ਨਾਮ ਤੇ ਉਹ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਨਵੀਆਂ ਭਾਸ਼ਾਵਾਂ ਬੋਲਣਗੇ; 18ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣਗੇ; ਅਤੇ ਜੇ ਉਹ ਘਾਤਕ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ; ਉਹ ਬਿਮਾਰ ਲੋਕਾਂ ਉੱਤੇ ਆਪਣੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ।”
19ਇਹ ਗੱਲਾਂ ਕਰਨ ਤੋਂ ਬਾਅਦ ਪ੍ਰਭੂ ਯਿਸ਼ੂ ਸਵਰਗ ਵਿੱਚ ਉੱਠਾ ਲਏ ਗਏ ਅਤੇ ਉਹ ਪਰਮੇਸ਼ਵਰ ਦੇ ਸੱਜੇ ਹੱਥ ਜਾ ਵਿਰਾਜੇ। 20ਫਿਰ ਚੇਲੇ ਬਾਹਰ ਗਏ ਅਤੇ ਸਾਰੀਆਂ ਥਾਵਾਂ ਤੇ ਪ੍ਰਚਾਰ ਕੀਤਾ ਅਤੇ ਪ੍ਰਭੂ ਨੇ ਉਹਨਾਂ ਦੇ ਨਾਲ ਹੋ ਕੇ ਕੰਮ ਕੀਤੇ ਅਤੇ ਆਪਣੇ ਸ਼ਬਦਾਂ ਦੀ ਪੁਸ਼ਟੀ ਚਿੰਨ੍ਹਾ ਦੁਆਰਾ ਕੀਤੀ।