3
ਬਪਤਿਸਮਾ ਦੇਣ ਵਾਲੇ ਯੋਹਨ ਦਾ ਉਪਦੇਸ਼
1ਰਾਜੇ ਕੈਸਰ ਤੀਬੇਰਿਯਾਸ ਦੇ ਰਾਜ ਦੇ ਪੰਦਰਵੇਂ ਸਾਲ ਸੀ। ਜਦੋਂ ਪੋਂਨਤੀਯਾਸ ਪਿਲਾਤੁਸ ਯਹੂਦਿਯਾ ਪ੍ਰਦੇਸ਼ ਦਾ ਰਾਜਪਾਲ ਅਤੇ ਹੇਰੋਦੇਸ ਗਲੀਲ ਪ੍ਰਦੇਸ਼ ਦਾ ਸ਼ਾਸਕ ਸੀ। ਉਸ ਦਾ ਵੱਡਾ ਭਰਾ ਫਿਲਿੱਪਾਸ ਇਤੂਰਿਆ ਅਤੇ ਤਰਖੋਨੀਤੀਸ ਪ੍ਰਦੇਸ਼ ਦਾ ਸ਼ਾਸਕ ਅਤੇ ਲਿਸਨਿਅਸ ਏਬਿਲੀਨ ਦਾ ਸ਼ਾਸਕ ਸੀ, 2ਜਦੋਂ ਹੰਨਾ ਅਤੇ ਕਯਾਫ਼ਾਸ ਮਹਾਂ ਜਾਜਕ ਦੀ ਪਦਵੀ ਉੱਤੇ ਸਨ; ਪਰਮੇਸ਼ਵਰ ਦਾ ਸੁਨੇਹਾ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੋਹਨ ਨੂੰ ਮਿਲਿਆ। 3ਯੋਹਨ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕਿਆਂ ਵਿੱਚ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। 4ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ:
“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ;
ਉਸ ਲਈ ਰਸਤਾ ਸਿੱਧਾ ਬਣਾਓ।
5ਹਰ ਇੱਕ ਘਾਟੀ ਭਰ ਦਿੱਤੀ ਜਾਵੇਗੀ,
ਹਰ ਇੱਕ ਪਰਬਤ ਅਤੇ ਪਹਾੜ ਪੱਧਰੇ ਕੀਤੇ ਜਾਣਗੇ।
ਟੇਢੇ ਰਸਤੇ ਸਿੱਧੇ ਹੋ ਜਾਣਗੇ,
ਅਤੇ ਖੁਰਦਲੇ ਰਸਤੇ ਪੱਧਰੇ ਕੀਤੇ ਜਾਣਗੇ।
6ਸਾਰੇ ਲੋਕ ਪਰਮੇਸ਼ਵਰ ਦੀ ਮੁਕਤੀ ਨੂੰ ਵੇਖਣਗੇ।’ ”#3:6 ਯਸ਼ਾ 40:3-5
7ਯੋਹਨ ਨੇ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਲਈ ਆ ਰਹੇ ਸਨ ਇਹ ਕਿਹਾ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣ ਦੀ ਚੇਤਾਵਨੀ ਕਿਸ ਨੇ ਦਿੱਤੀ? 8ਸੱਚੇ ਮਨ ਨਾਲ ਤੋਬਾ ਕਰਦੇ ਹੋਏ ਫ਼ਲ ਲਿਆਓ। ਅਤੇ ਆਪਣੇ ਮਨ ਵਿੱਚ ਅਜਿਹਾ ਸੋਚਣਾ ਸ਼ੁਰੂ ਨਾ ਕਰੋ, ‘ਕਿ ਅਸੀਂ ਅਬਰਾਹਾਮ ਦੀ ਸੰਤਾਨ ਹਾਂ।’ ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਵੀ ਅਬਰਾਹਾਮ ਲਈ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। 9ਕੁਹਾੜੀ ਪਹਿਲਾਂ ਹੀ ਰੁੱਖਾਂ ਦੀ ਜੜ੍ਹ ਉੱਤੇ ਰੱਖੀ ਹੋਈ ਹੈ। ਹਰ ਇੱਕ ਰੁੱਖ ਜੋ ਚੰਗਾ ਫ਼ਲ ਨਹੀਂ ਦਿੰਦਾ ਉਸ ਨੂੰ ਵੱਢ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ।”
10ਇਸ ਉੱਤੇ ਭੀੜ ਨੇ ਉਹਨਾਂ ਨੂੰ ਪ੍ਰਸ਼ਨ ਕੀਤਾ, “ਫਿਰ ਅਸੀਂ ਕੀ ਕਰੀਏ?”
11ਯੋਹਨ ਨੇ ਉਹਨਾਂ ਨੂੰ ਜਵਾਬ ਦਿੱਤਾ, “ਜਿਸ ਵਿਅਕਤੀ ਦੇ ਕੋਲ ਦੋ ਕੁੜਤੇ ਹਨ ਉਹ ਉਹਨਾਂ ਵਿੱਚੋਂ ਇੱਕ ਉਸ ਨੂੰ ਦੇਵੇ, ਜਿਸ ਦੇ ਕੋਲ ਇੱਕ ਵੀ ਨਹੀਂ ਹੈ। ਜਿਸ ਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ।”
12ਚੁੰਗੀ ਲੈਣ ਵਾਲੇ ਵੀ ਬਪਤਿਸਮਾ ਲੈਣ ਲਈ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਯੋਹਨ ਨੂੰ ਪ੍ਰਸ਼ਨ ਕੀਤਾ, “ਗੁਰੂ ਜੀ! ਸਾਨੂੰ ਕੀ ਕਰਨਾ ਚਾਹੀਦਾ ਹੈ?”
13ਯੋਹਨ ਨੇ ਉਹਨਾਂ ਨੂੰ ਕਿਹਾ, “ਠਹਿਰਾਈ ਹੋਈ ਰਕਮ ਤੋਂ ਜ਼ਿਆਦਾ ਕੁਝ ਨਾ ਲਵੋ।”
14ਕੁਝ ਸਿਪਾਹੀਆਂ ਨੇ ਉਸ ਨੂੰ ਪ੍ਰਸ਼ਨ ਕੀਤਾ, “ਸਾਨੂੰ ਦੱਸੋ, ਅਸੀਂ ਕੀ ਕਰੀਏ?”
ਯੋਹਨ ਨੇ ਜਵਾਬ ਦਿੱਤਾ, “ਨਾ ਤਾਂ ਡਰਾ-ਧਮਕਾ ਕੇ ਲੋਕਾਂ ਕੋਲੋ ਪੈਸਾ ਲਓ ਅਤੇ ਨਾ ਹੀ ਕਿਸੇ ਉੱਤੇ ਝੂਠਾ ਦੋਸ਼ ਲਗਾਓ ਪਰ ਆਪਣੀ ਤਨਖਾਹ ਵਿੱਚ ਹੀ ਸੰਤੁਸ਼ਟ ਰਹੋ।”
15ਵੱਡੀ ਉਮੀਦ ਦੇ ਨਾਲ ਭੀੜ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਾਰੇ ਆਪਣੇ-ਆਪਣੇ ਮਨਾਂ ਵਿੱਚ ਇਹੀ ਵਿਚਾਰ ਕਰ ਰਹੇ ਸਨ ਕਿ ਕਿਤੇ ਯੋਹਨ ਹੀ ਤਾਂ ਮਸੀਹ ਨਹੀਂ ਹੈ। 16ਯੋਹਨ ਨੇ ਉਨ੍ਹਾਂ ਸਾਰਿਆਂ ਨੂੰ ਉੱਤਰ ਦਿੱਤਾ ਤੇ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ। ਪਰ ਉਹ ਜੋ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ। ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। 17ਤੰਗਲੀ ਉਸਦੇ ਹੱਥ ਵਿੱਚ ਹੈ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਂਗਾ ਅਤੇ ਆਪਣੀ ਕਣਕ ਨੂੰ ਭੜੋਲਿਆਂ ਵਿੱਚ ਇਕੱਠਾ ਕਰੇਗਾ, ਪਰ ਉਹ ਤੂੜੀ ਨੂੰ ਨਾ ਬੁਝਨ ਵਾਲੀ ਅੱਗ ਵਿੱਚ ਸਾੜ ਦੇਵੇਗਾ।” 18ਯੋਹਨ ਨੇ ਬਹੁਤ ਸਾਰੇ ਹੋਰ ਸ਼ਬਦਾਂ ਨਾਲ ਲੋਕਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।
19ਜਦੋਂ ਯੋਹਨ ਨੇ ਰਾਜਪਾਲ ਹੇਰੋਦੇਸ ਨੂੰ ਉਸ ਦੇ ਭਰਾ ਦੀ ਪਤਨੀ ਹੇਰੋਦਿਅਸ ਦੇ ਵਿਸ਼ੇ ਵਿੱਚ ਅਤੇ ਆਪ ਉਸ ਦੇ ਦੁਆਰਾ ਕੀਤੇ ਗਏ ਹੋਰ ਕੁਕਰਮਾਂ ਦੇ ਕਾਰਨ ਫਟਕਾਰ ਲਗਾਈ, 20ਹੇਰੋਦੇਸ ਨੇ ਇਹ ਸਭ ਗੱਲਾਂ ਨੂੰ ਉਹਨਾਂ ਨਾਲ ਜੋੜਿਆ: ਅਤੇ ਉਸ ਨੇ ਯੋਹਨ ਨੂੰ ਕੈਦੀ ਬਣਾ ਕੇ ਜੇਲ੍ਹ ਵਿੱਚ ਪਾ ਦਿੱਤਾ।
ਯਿਸ਼ੂ ਦਾ ਬਪਤਿਸਮਾ ਅਤੇ ਪੀੜ੍ਹੀ
21ਜਦੋਂ ਲੋਕ ਯੋਹਨ ਤੋਂ ਬਪਤਿਸਮਾ ਲੈ ਹੀ ਰਹੇ ਸਨ, ਉਸ ਨੇ ਯਿਸ਼ੂ ਨੂੰ ਵੀ ਬਪਤਿਸਮਾ ਦਿੱਤਾ। ਜਦੋਂ ਯਿਸ਼ੂ ਪ੍ਰਾਰਥਨਾ ਕਰ ਰਿਹਾ ਸੀ ਤਾਂ ਸਵਰਗ ਖੁੱਲ੍ਹ ਗਿਆ 22ਅਤੇ ਪਵਿੱਤਰ ਆਤਮਾ ਉਹ ਦੇ ਉੱਤੇ ਸਰੀਰਕ ਰੂਪ ਵਿੱਚ ਕਬੂਤਰ ਦੇ ਸਮਾਨ ਉੱਤਰਿਆ ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ: “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
23ਜਦੋਂ ਯਿਸ਼ੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ ਤਾਂ ਉਹ ਲਗਭਗ ਤੀਹ ਸਾਲਾਂ ਦਾ ਸੀ। ਜਿਵੇਂ ਲੋਕ ਸਮਝਦੇ ਸਨ ਉਹ ਯੋਸੇਫ਼ ਦਾ ਪੁੱਤਰ ਸੀ।
ਯੋਸੇਫ਼ ਜਿਹੜਾ ਹੇਲੀ ਦਾ ਸੀ, 24ਹੇਲੀ ਮੱਥਾਤ ਦਾ
ਮੱਥਾਤ ਲੇਵੀ ਦਾ, ਲੇਵੀ ਮੇਲਖ਼ੀ ਦਾ,
ਮੇਲਖ਼ੀ ਯੰਨਨਾਈ ਦਾ, ਯੰਨਨਾਈ ਯੋਸੇਫ਼ ਦਾ,
25ਯੋਸੇਫ਼ ਮੱਤਾਥਿਆਹ ਦਾ, ਮੱਤਾਥਿਆਹ ਆਮੋਸ ਦਾ,
ਆਮੋਸ ਨਹੂਮ ਦਾ, ਨਹੂਮ ਏਸਲੀ ਦਾ,
ਏਸਲੀ ਨੱਗਾਈ ਦਾ, 26ਨੱਗਾਈ ਮਾਹਥ ਦਾ,
ਮਾਹਥ ਮੱਤਾਥਿਆਹ ਦਾ, ਮੱਤਾਥਿਆਹ ਸੇਮੇਈ ਦਾ,
ਸੇਮੇਈ ਯੋਸੇਖ਼ ਦਾ, ਯੋਸੇਖ਼ ਯੋਦਾ ਦਾ,
27ਯੋਦਾ ਯੋਅਨਾਨ ਦਾ, ਯੋਅਨਾਨ ਰੇਸਾ ਦਾ,
ਰੇਸਾ ਜ਼ੇਰੋਬਾਬੇਲ ਦਾ, ਜ਼ੇਰੋਬਾਬੇਲ ਸਲਾਥਿਏਲ ਦਾ,
ਸਲਾਥਿਏਲ ਨੇਰੀ ਦਾ, 28ਨੇਰੀ ਮੇਲਖ਼ੀ ਦਾ,
ਮੇਲਖ਼ੀ ਅੱਦੀ ਦਾ, ਅੱਦੀ ਕੋਸਮ ਦਾ,
ਕੋਸਮ ਏਲਮੋਦਮ ਦਾ, ਏਲਮੋਦਮ ਏਰ ਦਾ,
29ਏਰ ਯਹੋਸ਼ੂ ਦਾ, ਯਹੋਸ਼ੂ ਏਲਿਏਜ਼ਰ ਦਾ,
ਏਲਿਏਜ਼ਰ ਯੋਰੀਮ ਦਾ, ਯੋਰੀਮ ਮੱਥਾਤ ਦਾ,
ਮੱਥਾਤ ਲੇਵੀ ਦਾ, 30ਲੇਵੀ ਸ਼ਿਮਓਨ ਦਾ,
ਸ਼ਿਮਓਨ ਯਹੂਦਾਹ ਦਾ, ਯਹੂਦਾਹ ਯੋਸੇਫ਼ ਦਾ,
ਯੋਸੇਫ਼ ਯੋਨਾਮ ਦਾ, ਯੋਨਾਮ ਏਲਿਆਕਿਮ ਦਾ,
31ਏਲਿਆਕਿਮ ਮੇਲਿਯਾ ਦਾ, ਮੇਲਿਯਾ ਮੇਨਨਾ ਦਾ,
ਮੇਨਨਾ ਮੱਤਾਥਾ ਦਾ, ਮੱਤਾਥਾ ਨਾਥਾਨ ਦਾ,
ਨਾਥਾਨ ਦਾਵੀਦ ਦਾ, 32ਦਾਵੀਦ ਯੱਸੀ ਦਾ,
ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ,
ਬੋਅਜ਼ ਸਲਮੋਨ#3:32 ਕੁਝ ਪੁਰਾਣੀਆਂ ਲਿਖਤਾਂ ਵਿੱਚ ਸਲਾ ਦਾ, ਸਲਮੋਨ ਨਾਹੱਸ਼ੋਨ ਦਾ,
33ਨਾਹੱਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਰਾਮ#3:33 ਕੁਝ ਲਿਖਤਾਂ ਵਿੱਚ ਅੰਮੀਨਾਦਾਬ ਆਦਮੀਨ ਦਾ ਪੁੱਤਰ, ਆਰਨੀ ਦਾ ਪੁੱਤਰ ਅਤੇ ਕੁਝ ਹੋਰ ਲਿਖਤਾਂ ਵਿਆਪਕ ਤੌਰ ਤੇ ਭਿੰਨ ਹਨ ਦਾ,
ਰਾਮ ਆਰਨੀ ਦਾ, ਆਰਨੀ ਹੇਜ਼ਰੋਨ ਦਾ, ਹੇਜ਼ਰੋਨ ਫ਼ਾਰੇਸ ਦਾ,
ਫ਼ਾਰੇਸ ਯਹੂਦਾਹ ਦਾ, 34ਯਹੂਦਾਹ ਯਾਕੋਬ ਦਾ,
ਯਾਕੋਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ,
ਅਬਰਾਹਾਮ ਤੇਰਾਹ ਦਾ, ਤੇਰਾਹ ਨਾਖੋਰ ਦਾ,
35ਨਾਖੋਰ ਸੇਰੂਖ ਦਾ, ਸੇਰੂਖ ਰਾਗਾਉ ਦਾ,
ਰਾਗਾਉ ਫਾਲੇਕ ਦਾ, ਫਾਲੇਕ ਈਬਰ ਦਾ,
ਈਬਰ ਸ਼ੇਲਾਹ ਦਾ, 36ਸ਼ੇਲਾਹ ਕੇਨਨ ਦਾ,
ਕੇਨਨ ਅਰਫਾਕਸਾਦ ਦਾ, ਅਰਫਾਕਸਾਦ ਸ਼ੇਮ ਦਾ,
ਸ਼ੇਮ ਨੋਹ ਦਾ, ਨੋਹ ਲਾਮੇਖ ਦਾ,
37ਲਾਮੇਖ ਮੇਥੁਸੇਲਾਹ ਦਾ, ਮੇਥੁਸੇਲਾਹ ਹਨੋਖ ਦਾ,
ਹਨੋਖ ਯਾਰੇਤ ਦਾ, ਯਾਰੇਤ ਮਾਲੇਲੇਈਲ ਦਾ,
ਮਾਲੇਲੇਈਲ ਕਾਈਨਮ ਦਾ, 38ਕਾਈਨਮ ਈਨਾਸ਼ ਦਾ,
ਈਨਾਸ਼ ਸੇਥ ਦਾ, ਸੇਥ ਆਦਮ ਦਾ ਅਤੇ
ਆਦਮ ਪਰਮੇਸ਼ਵਰ ਦਾ ਪੁੱਤਰ ਸੀ।