20
ਖਾਲੀ ਕਬਰ
1ਹਫ਼ਤੇ ਦੇ ਪਹਿਲੇ ਦਿਨ#20:1 ਪਹਿਲੇ ਦਿਨ ਅਰਥਾਤ ਐਤਵਾਰ ਸਵੇਰੇ, ਜਦੋਂ ਅਜੇ ਹਨੇਰਾ ਸੀ, ਮਗਦਲਾ ਵਾਸੀ ਮਰਿਯਮ ਕਬਰ ਤੇ ਗਈ ਅਤੇ ਵੇਖਿਆ ਕਿ ਜਿਸ ਪੱਥਰ ਨਾਲ ਕਬਰ ਬੰਦ ਸੀ, ਉਹ ਹਟਿਆ ਹੋਇਆ ਸੀ। 2ਤਾਂ ਮਰਿਯਮ ਦੋੜਦੀ ਹੋਈ ਸ਼ਿਮਓਨ ਪਤਰਸ ਅਤੇ ਦੂਸਰੇ ਚੇਲੇ ਜਿਸ ਨੂੰ ਯਿਸ਼ੂ ਪਿਆਰ ਕਰਦੇ ਸਨ, ਕੋਲ ਜਾ ਕੇ ਆਖਿਆ, “ਉਹਨਾਂ ਨੇ ਪ੍ਰਭੂ ਯਿਸ਼ੂ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਹੈ, ਅਤੇ ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਯਿਸ਼ੂ ਨੂੰ ਕਿੱਥੇ ਰੱਖਿਆ ਹੋਇਆ ਹੈ।”
3ਤਾਂ ਪਤਰਸ ਅਤੇ ਦੂਸਰਾ ਚੇਲਾ ਕਬਰ ਵੱਲ ਗਏ। 4ਉਹ ਦੋਵੇਂ ਭੱਜ ਰਹੇ ਸਨ ਪਰ ਦੂਸਰਾ ਚੇਲਾ ਪਤਰਸ ਨਾਲੋਂ ਤੇਜ਼ ਭੱਜ ਰਿਹਾ ਸੀ, ਅਤੇ ਉਹ ਕਬਰ ਦੇ ਕੋਲ ਪਹਿਲਾਂ ਪਹੁੰਚ ਗਿਆ। 5ਉਸ ਨੇ ਥੱਲੇ ਝੁੱਕ ਕੇ ਅੰਦਰ ਵੇਖਿਆ, ਤਾਂ ਉਸ ਨੇ ਯਿਸ਼ੂ ਦੇ ਕਫ਼ਨ ਦਾ ਕੱਪੜਾ ਪਿਆ ਹੋਇਆ ਵੇਖਿਆ, ਪਰ ਉਹ ਅੰਦਰ ਨਾ ਗਿਆ। 6ਤਦ ਸ਼ਿਮਓਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਿਆ ਅਤੇ ਉਹ ਕਬਰ ਦੇ ਅੰਦਰ ਚਲਾ ਗਿਆ, ਉਸ ਨੇ ਵੀ ਉੱਥੇ ਕਫ਼ਨ ਦਾ ਕੱਪੜਾ ਪਿਆ ਵੇਖਿਆ, 7ਅਤੇ ਉਹ ਕੱਪੜਾ ਜੋ ਯਿਸ਼ੂ ਦੇ ਸਿਰ ਦੁਆਲੇ ਲਪੇਟਿਆ ਹੋਇਆ ਸੀ, ਉਹ ਕੱਪੜਾ ਉਸ ਕਫ਼ਨ ਤੋਂ ਅਲੱਗ ਇੱਕ ਪਾਸੇ ਪਿਆ ਹੋਇਆ ਸੀ। 8ਫਿਰ ਦੂਸਰਾ ਚੇਲਾ ਵੀ ਅੰਦਰ ਗਿਆ, ਇਹ ਉਹ ਚੇਲਾ ਸੀ ਜਿਹੜਾ ਕਿ ਪਤਰਸ ਨਾਲੋਂ ਕਬਰ ਉੱਤੇ ਪਹਿਲਾਂ ਪਹੁੰਚਿਆ ਸੀ, ਜਦ ਉਸ ਨੇ ਇਹ ਸਭ ਵੇਖਿਆ ਤਾਂ ਉਸ ਨੇ ਵਿਸ਼ਵਾਸ ਕੀਤਾ। 9ਓਹ ਅਜੇ ਵੀ ਬਚਨ ਤੋਂ ਇਹ ਨਹੀਂ ਸਮਝ ਸਕੇ, ਕਿ ਯਿਸ਼ੂ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਸੀ। 10ਫਿਰ ਚੇਲੇ ਆਪਣੇ ਘਰ ਨੂੰ ਵਾਪਸ ਚੱਲੇ ਗਏ।
ਯਿਸ਼ੂ ਦਾ ਮਰਿਯਮ ਮਗਦਲੀਨੀ ਨੂੰ ਦਿਖਾਈ ਦੇਣਾ
11ਪਰ ਮਰਿਯਮ ਕਬਰ ਦੇ ਬਾਹਰ ਖੜ੍ਹੀ ਰੋ ਰਹੀ ਸੀ, ਜਦੋਂ ਉਹ ਰੋਂਦੀ-ਰੋਂਦੀ ਨੇ ਝੁੱਕ ਕੇ ਕਬਰ ਦੇ ਅੰਦਰ ਵੇਖਿਆ। 12ਤਾਂ ਮਰਿਯਮ ਨੇ ਦੋ ਦੂਤਾਂ ਨੂੰ ਚਿੱਟੇ ਕੱਪੜੇ ਪਾਏ ਹੋਏ ਵੇਖਿਆ, ਉਹ ਉੱਥੇ ਬੈਠੇ ਹੋਏ ਸਨ, ਜਿੱਥੇ ਯਿਸ਼ੂ ਦਾ ਸਰੀਰ ਰੱਖਿਆ ਹੋਇਆ ਸੀ, ਇੱਕ ਦੂਤ ਉਸ ਦੇ ਸਿਰ ਵਾਲੇ ਪਾਸੇ ਸੀ, ਅਤੇ ਦੂਸਰਾ ਉਸ ਦੇ ਪੈਰਾਂ ਵਾਲੇ ਪਾਸੇ ਸੀ।
13ਉਹਨਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ ਤੂੰ ਕਿਉਂ ਰੋ ਰਹੀ ਹੈ?”
ਉਸ ਨੇ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ, ਤੇ ਮੈਂ ਨਹੀਂ ਜਾਣਦੀ ਕਿ ਉਹਨਾਂ ਨੇ ਯਿਸ਼ੂ ਕਿੱਥੇ ਰੱਖਿਆ ਹੈ।” 14ਇਹ ਆਖ ਕੇ ਉਹ ਵਾਪਸ ਮੁੜੀ, ਤਾਂ ਉੱਥੇ ਉਸ ਨੇ ਯਿਸ਼ੂ ਨੂੰ ਖੜ੍ਹਿਆ ਵੇਖਿਆ, ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸ਼ੂ ਹੀ ਹਨ।
15ਪ੍ਰਭੂ ਯਿਸ਼ੂ ਨੇ ਉਸ ਨੂੰ ਪੁੱਛਿਆ, “ਹੇ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸਨੂੰ ਲੱਭਦੀ ਹੈ?”
ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ਼ ਦਾ ਮਾਲੀ ਹੈ, ਅਤੇ ਉਸ ਨੂੰ ਕਿਹਾ, “ਜੇ ਤੁਸੀਂ ਯਿਸ਼ੂ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਉਸ ਨੂੰ ਕਿੱਥੇ ਰੱਖਿਆ ਹੈ, ਤਾਂ ਕਿ ਮੈਂ ਉਸ ਨੂੰ ਲੈ ਜਾਵਾਂ।”
16ਯਿਸ਼ੂ ਨੇ ਉਸ ਨੂੰ ਕਿਹਾ, “ਹੇ ਮਰਿਯਮ।”
ਤਾਂ ਉਸ ਨੇ ਮੁੜ ਕੇ ਯਿਸ਼ੂ ਵੱਲ ਵੇਖਿਆ ਅਤੇ ਇਬਰਾਨੀ ਭਾਸ਼ਾ ਵਿੱਚ ਆਖਿਆ, “ਰਬੂਨੀ” ਜਿਸ ਦਾ ਅਰਥ ਹੈ ਗੁਰੂ।
17ਯਿਸ਼ੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਛੂਹ, ਕਿਉਂਕਿ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ ਹਾਂ, ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਇਹ ਦੱਸ, ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ, ਅਤੇ ਆਪਣੇ ਪਰਮੇਸ਼ਵਰ ਅਤੇ ਤੁਹਾਡੇ ਪਰਮੇਸ਼ਵਰ ਕੋਲ।”
18ਮਗਦਲਾ ਵਾਸੀ ਮਰਿਯਮ ਚੇਲਿਆਂ ਕੋਲ ਗਈ ਅਤੇ ਉਹਨਾਂ ਨੂੰ ਜਾ ਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ,” ਉਸ ਨੇ ਉਹਨਾਂ ਨੂੰ ਉਹ ਸਭ ਕੁਝ ਦੱਸਿਆ ਜੋ ਯਿਸ਼ੂ ਨੇ ਉਸ ਨੂੰ ਕਿਹਾ ਸੀ।
ਚੇਲਿਆਂ ਨੂੰ ਦਿਖਾਈ ਦੇਣਾ
19ਉਸੇ ਦਿਨ, ਸ਼ਾਮ ਵੇਲੇ, ਹਫ਼ਤੇ ਦੇ ਪਹਿਲੇ ਦਿਨ, ਜਦੋਂ ਸਾਰੇ ਚੇਲੇ ਇਕੱਠੇ ਸਨ, ਉਹਨਾਂ ਨੇ ਸਾਰੇ ਦਰਵਾਜ਼ੇ ਬੰਦ ਕਰ ਲਏ, ਕਿਉਂਕਿ ਉਹ ਯਹੂਦੀਆਂ ਆਗੂਆਂ ਤੋਂ ਡਰਦੇ ਸਨ, ਤਦ ਯਿਸ਼ੂ ਉਹਨਾਂ ਦੇ ਵਿੱਚ ਆ ਕੇ ਖੜ੍ਹੇ ਹੋ ਗਏ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ।” 20ਜਦੋਂ ਯਿਸ਼ੂ ਨੇ ਇਹ ਆਖਿਆ, ਤਾਂ ਉਹਨਾਂ ਨੇ ਆਪਣਿਆਂ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਵਿਖਾਈ, ਤਾਂ ਪ੍ਰਭੂ ਨੂੰ ਵੇਖ ਕੇ ਚੇਲੇ ਬਹੁਤ ਖੁਸ਼ ਹੋਏ।
21ਤਦ ਯਿਸ਼ੂ ਨੇ ਫਿਰ ਉਹਨਾਂ ਨੂੰ ਦੁਬਾਰਾ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਜਿਵੇਂ ਪਿਤਾ ਨੇ ਮੈਨੂੰ ਭੇਜਿਆ, ਮੈਂ ਤੁਹਾਨੂੰ ਭੇਜ ਰਿਹਾ ਹਾਂ।” 22ਯਿਸ਼ੂ ਨੇ ਇਹ ਆਖ ਕੇ, ਆਪਣੇ ਚੇਲਿਆਂ ਉੱਪਰ ਫੂਕ ਮਾਰੀ ਅਤੇ ਆਖਿਆ, “ਪਵਿੱਤਰ ਆਤਮਾ ਲਵੋ। 23ਜੇ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਜੇ ਤੁਸੀਂ ਉਹਨਾਂ ਦੇ ਪਾਪ ਮਾਫ਼ ਨਾ ਕਰੋ ਤਾਂ ਉਹਨਾਂ ਦੇ ਪਾਪ ਮਾਫ਼ ਕੀਤੇ ਨਹੀਂ ਜਾਣਗੇ।”
ਯਿਸ਼ੂ ਦਾ ਥੋਮਸ ਉੱਤੇ ਪ੍ਰਗਟ ਹੋਣਾ
24ਜਦ ਯਿਸ਼ੂ ਉਹਨਾਂ ਕੋਲ ਆਇਆ ਤਾਂ ਥੋਮਸ (ਜਿਸ ਨੂੰ ਦਿਦੂਮੁਸ ਵੀ ਕਹਿੰਦੇ ਸਨ), ਉੱਥੇ ਚੇਲਿਆਂ ਵਿੱਚ ਨਹੀਂ ਸੀ, ਥੋਮਸ ਉਹਨਾਂ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ। 25ਦੂਸਰੇ ਚੇਲਿਆਂ ਨੇ ਉਸ ਨੂੰ ਦੱਸਿਆ, “ਅਸੀਂ ਪ੍ਰਭੂ ਨੂੰ ਵੇਖਿਆ ਹੈ।”
ਪਰ ਥੋਮਸ ਨੇ ਕਿਹਾ, “ਮੈਂ ਉਦੋਂ ਤੱਕ ਵਿਸ਼ਵਾਸ ਨਹੀਂ ਕਰਾਂਗਾ, ਜਦੋਂ ਤੱਕ ਮੈਂ ਉਸ ਦੇ ਹੱਥਾਂ ਵਿੱਚ ਕਿੱਲਾ ਵਾਲੇ ਨਿਸ਼ਾਨ ਤੇ ਛੇਦ ਨਾ ਵੇਖ ਲਵਾਂ, ਅਤੇ ਆਪਣੀ ਉਂਗਲ ਉਹ ਥਾਵਾਂ ਵਿੱਚ ਪਾ ਕੇ ਨਾ ਵੇਖ ਲਵਾਂ, ਜਿੱਥੇ ਕਿੱਲ ਠੋਕੇ ਸਨ, ਅਤੇ ਆਪਣਾ ਹੱਥ ਉਸ ਦੀ ਵੱਖੀ ਵਿੱਚ ਨਾ ਪਾਵਾਂ।”
26ਅੱਠਾ ਦਿਨਾਂ ਦੇ ਬਾਅਦ ਚੇਲੇ ਉਸੇ ਘਰ ਵਿੱਚ ਫਿਰ ਇਕੱਠੇ ਹੋਏ, ਥੋਮਸ ਵੀ ਉਹਨਾਂ ਦੇ ਨਾਲ ਸੀ, ਦਰਵਾਜ਼ੇ ਬੰਦ ਸਨ ਪਰ ਯਿਸ਼ੂ ਉਹਨਾਂ ਵਿੱਚ ਫਿਰ ਆ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਤੁਹਾਨੂੰ ਸ਼ਾਂਤੀ ਮਿਲੇ।” 27ਤਦ ਯਿਸ਼ੂ ਨੇ ਥੋਮਸ ਨੂੰ ਕਿਹਾ, “ਆਪਣੀ ਉਂਗਲ ਇਧਰ ਕਰ, ਅਤੇ ਮੇਰੇ ਹੱਥਾਂ ਵੱਲ ਵੇਖ, ਆਪਣਾ ਹੱਥ ਮੇਰੀ ਵੱਖੀ ਵਿੱਚ ਵਾੜ, ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”
28ਥੋਮਸ ਨੇ ਯਿਸ਼ੂ ਨੂੰ ਕਿਹਾ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ਵਰ।”
29ਯਿਸ਼ੂ ਨੇ ਥੋਮਸ ਨੂੰ ਕਿਹਾ, “ਕਿਉਂਕਿ ਤੂੰ ਮੈਨੂੰ ਵੇਖਿਆ ਇਸ ਕਰਕੇ ਵਿਸ਼ਵਾਸ ਕੀਤਾ ਹੈ, ਮੁਬਾਰਕ ਉਹ ਜਿਹੜੇ ਮੈਨੂੰ ਬਿਨਾਂ ਵੇਖਿਆ ਵਿਸ਼ਵਾਸ ਕਰਦੇ ਹਨ।”
ਇਸ ਪੁਸਤਕ ਦਾ ਉਦੇਸ਼
30ਯਿਸ਼ੂ ਨੇ ਹੋਰ ਵੀ ਕਈ ਚਮਤਕਾਰ ਕੀਤੇ, ਜਿਹੜੇ ਉਹਨਾਂ ਦੇ ਚੇਲਿਆਂ ਨੇ ਵੇਖੇ, ਉਹ ਚਮਤਕਾਰ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ। 31ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸਕੋ, ਕਿ ਯਿਸ਼ੂ ਮਸੀਹ ਹੀ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਤੋਂ ਤੁਸੀਂ ਜੀਵਨ ਪ੍ਰਾਪਤ ਕਰ ਸਕੋ।