17
ਯਿਸ਼ੂ ਦੀ ਆਪਣੇ ਆਪ ਲਈ ਪ੍ਰਾਰਥਨਾ
1ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਉਸ ਨੇ ਸਵਰਗ ਵੱਲ ਵੇਖਦੇ ਹੋਏ ਪ੍ਰਾਰਥਨਾ ਕੀਤੀ:
“ਹੇ ਪਿਤਾ, ਓਹ ਸਮਾਂ ਆ ਗਿਆ ਹੈ। ਆਪਣੇ ਪੁੱਤਰ ਦੀ ਮਹਿਮਾ ਦੇ ਤਾਂ ਜੋ ਤੁਹਾਡਾ ਪੁੱਤਰ ਤੁਹਾਡੀ ਮਹਿਮਾ ਕਰੇ। 2ਕਿਉਂਕਿ ਤੁਸੀਂ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਾਰਿਆਂ ਨੂੰ ਸਦੀਪਕ ਜੀਵਨ ਦੇਵੇ ਜੋ ਲੋਕ ਤੁਸੀਂ ਉਸ ਨੂੰ ਦਿੱਤੇ ਹਨ। 3ਹੁਣ ਇਹ ਸਦੀਪਕ ਜੀਵਨ ਹੈ: ਕਿ ਉਹ ਤੁਹਾਨੂੰ, ਇੱਕੋ ਸੱਚੇ ਪਰਮੇਸ਼ਵਰ ਅਤੇ ਯਿਸ਼ੂ ਮਸੀਹ ਨੂੰ ਜਾਣਦੇ ਹਨ, ਜਿਸ ਨੂੰ ਤੁਸੀਂ ਭੇਜਿਆ ਹੈ। 4ਮੈਂ ਉਹ ਕੰਮ ਪੂਰਾ ਕਰਕੇ ਜੋ ਤੁਸੀਂ ਮੈਨੂੰ ਦਿੱਤਾ ਸੀ, ਧਰਤੀ ਉੱਤੇ ਤੁਹਾਡੀ ਮਹਿਮਾ ਕੀਤੀ ਹੈ। 5ਅਤੇ ਹੁਣ ਹੇ ਪਿਤਾ, ਆਪਣੀ ਮੌਜੂਦਗੀ ਵਿੱਚ ਮੇਰੀ ਉਸ ਮਹਿਮਾ ਨੂੰ ਪ੍ਰਗਟ ਕਰੋ, ਜੋ ਇਸ ਜਗਤ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਮਹਿਮਾ ਤੁਹਾਡੇ ਨਾਲ ਸੀ।
ਯਿਸ਼ੂ ਨੇ ਆਪਣੇ ਚੇਲਿਆਂ ਲਈ ਪ੍ਰਾਰਥਨਾ ਕੀਤੀ
6“ਮੈਂ ਤੁਹਾਨੂੰ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਜੋ ਤੁਸੀਂ ਮੈਨੂੰ ਜਗਤ ਵਿੱਚੋਂ ਅਲੱਗ ਕਰਕੇ ਦਿੱਤੇ ਸੀ। ਉਹ ਤੁਹਾਡੇ ਸਨ; ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਬਚਨ ਦੀ ਪਾਲਣਾ ਕੀਤੀ। 7ਹੁਣ ਉਹ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ ਉਹ ਤੁਹਾਡੇ ਵੱਲੋਂ ਆਇਆ ਹੈ। 8ਮੈਂ ਉਹਨਾਂ ਨੂੰ ਉਹ ਬਚਨ ਦਿੱਤੇ ਜੋ ਤੁਸੀਂ ਮੈਨੂੰ ਦਿੱਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ। ਉਹ ਸੱਚ-ਮੁੱਚ ਜਾਣਦੇ ਸਨ ਕਿ ਮੈਂ ਤੁਹਾਡੇ ਤੋਂ ਆਇਆ ਹਾਂ, ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਭੇਜਿਆ ਹੈ। 9ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਲਈ ਪ੍ਰਾਰਥਨਾ ਨਹੀਂ ਕਰ ਰਿਹਾ, ਪਰ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੁਸੀਂ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੁਹਾਡੇ ਹੀ ਹਨ। 10ਉਹ ਜੋ ਸਭ ਮੇਰਾ ਹੈ ਉਹ ਤੁਹਾਡਾ ਹੈ, ਅਤੇ ਜੋ ਤੁਹਾਡਾ ਹੈ ਉਹ ਸਭ ਮੇਰਾ ਹੈ ਅਤੇ ਉਹਨਾਂ ਦੇ ਰਾਹੀਂ ਮੈਨੂੰ ਮਹਿਮਾ ਮਿਲੀ ਹੈ। 11ਹੁਣ ਮੈਂ ਜਗਤ ਵਿੱਚ ਨਹੀਂ ਰਹਾਂਗਾ, ਪਰ ਉਹ ਅਜੇ ਵੀ ਦੁਨੀਆਂ ਵਿੱਚ ਹਨ, ਅਤੇ ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਪਵਿੱਤਰ ਪਿਤਾ, ਆਪਣੇ ਨਾਮ ਦੀ ਸ਼ਕਤੀ ਨਾਲ ਉਹਨਾਂ ਦੀ ਰੱਖਿਆ ਕਰੋ, ਉਹ ਨਾਮ ਜੋ ਤੁਸੀਂ ਮੈਨੂੰ ਦਿੱਤਾ ਸੀ ਤਾਂ ਜੋ ਉਹ ਇੱਕ ਹੋ ਸਕਣ ਜਿਵੇਂ ਕਿ ਅਸੀਂ ਇੱਕ ਹਾਂ। 12ਜਦੋਂ ਮੈਂ ਉਹਨਾਂ ਦੇ ਨਾਲ ਸੀ, ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਉਹਨਾਂ ਨੂੰ ਤੁਹਾਡੇ ਨਾਮ ਦੁਆਰਾ ਜੋ ਤੁਸੀਂ ਮੈਨੂੰ ਦਿੱਤਾ ਹੈ ਬਚਾ ਕੇ ਰੱਖਿਆ। ਅਤੇ ਇੱਕ ਨੂੰ ਛੱਡ ਕੋਈ ਵੀ ਨਾਸ਼ ਨਹੀਂ ਹੋਇਆ ਤਾਂ ਕਿ ਬਚਨ ਦਾ ਲਿਖਿਆ ਪੂਰਾ ਹੋ ਸਕੇ।
13“ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ, ਪਰ ਮੈਂ ਇਹ ਗੱਲਾਂ ਉਦੋਂ ਆਖਦਾ ਹਾਂ ਜਦੋਂ ਮੈਂ ਅਜੇ ਵੀ ਦੁਨੀਆਂ ਵਿੱਚ ਹਾਂ, ਤਾਂ ਜੋ ਉਹ ਪੂਰੀ ਤਰ੍ਹਾਂ ਤੇ ਖੁਸ਼ੀ ਨਾਲ ਭਰ ਸਕਣ। 14ਮੈਂ ਉਹਨਾਂ ਨੂੰ ਤੁਹਾਡਾ ਬਚਨ ਦਿੱਤਾ ਹੈ ਅਤੇ ਦੁਨੀਆਂ ਨੇ ਉਹਨਾਂ ਨਾਲ ਵੈਰ ਕੀਤਾ ਹੈ, ਕਿਉਂਕਿ ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। 15ਮੇਰੀ ਪ੍ਰਾਰਥਨਾ ਇਹ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਦੁਨੀਆਂ ਤੋਂ ਬਾਹਰ ਲੈ ਜਾਓ ਪਰ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਬਚਾਓ। 16ਉਹ ਜਗਤ ਦੇ ਨਹੀਂ ਹਨ, ਜਿਵੇਂ ਕਿ ਮੈਂ ਵੀ ਜਗਤ ਦਾ ਨਹੀਂ ਹਾਂ। 17ਉਹਨਾਂ ਨੂੰ ਸਚਿਆਈ ਦੁਆਰਾ ਪਵਿੱਤਰ ਕਰੋ; ਤੁਹਾਡਾ ਬਚਨ ਸੱਚਾ ਹੈ। 18ਜਿਵੇਂ ਕਿ ਤੁਸੀਂ ਮੈਨੂੰ ਦੁਨੀਆਂ ਵਿੱਚ ਭੇਜਿਆ ਹੈ, ਮੈਂ ਉਹਨਾਂ ਨੂੰ ਦੁਨੀਆਂ ਵਿੱਚ ਭੇਜਿਆ ਹੈ। 19ਉਹਨਾਂ ਲਈ ਮੈਂ ਆਪਣੇ ਆਪ ਨੂੰ ਪਵਿੱਤਰ ਬਣਾਉਂਦਾ ਹਾਂ, ਤਾਂ ਜੋ ਉਹ ਵੀ ਸੱਚ-ਮੁੱਚ ਪਵਿੱਤਰ ਹੋ ਸਕਣ।
ਯਿਸ਼ੂ ਨੇ ਸਾਰੇ ਵਿਸ਼ਵਾਸੀਆਂ ਲਈ ਪ੍ਰਾਰਥਨਾ ਕੀਤੀ
20“ਮੇਰੀ ਪ੍ਰਾਰਥਨਾ ਇਕੱਲੇ ਉਹਨਾਂ ਦੇ ਲਈ ਨਹੀਂ ਹੈ। ਮੈਂ ਉਹਨਾਂ ਲਈ ਵੀ ਪ੍ਰਾਰਥਨਾ ਕਰਦਾ ਹਾਂ ਜਿਹੜੇ ਉਹਨਾਂ ਦੇ ਸੰਦੇਸ਼ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ, 21ਹੇ ਪਿਤਾ, ਉਹ ਸਾਰੇ ਇੱਕ ਹੋ ਜਾਣ, ਜਿਵੇਂ ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ ਹਾਂ। ਉਹ ਵੀ ਸਾਡੇ ਵਿੱਚ ਰਹਿਣ ਤਾਂ ਜੋ ਦੁਨੀਆਂ ਵਿਸ਼ਵਾਸ ਕਰੇ ਕਿ ਤੁਸੀਂ ਮੈਨੂੰ ਭੇਜਿਆ ਹੈ। 22ਮੈਂ ਉਹਨਾਂ ਨੂੰ ਉਹ ਮਹਿਮਾ ਦਿੱਤੀ ਹੈ ਜੋ ਤੁਸੀਂ ਮੈਨੂੰ ਦਿੱਤੀ ਹੈ, ਤਾਂ ਜੋ ਉਹ ਇੱਕ ਹੋ ਸਕਣ ਜਿਵੇਂ ਕਿ ਅਸੀਂ ਇੱਕ ਹਾਂ। 23ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ ਤਾਂ ਜੋ ਉਹਨਾਂ ਨੂੰ ਪੂਰੀ ਏਕਤਾ ਵਿੱਚ ਲਿਆਇਆ ਜਾ ਸਕੇ। ਤਦ ਸੰਸਾਰ ਜਾਣ ਜਾਵੇਗਾ ਕਿ ਤੁਸੀਂ ਮੈਨੂੰ ਭੇਜਿਆ ਹੈ ਅਤੇ ਉਹਨਾਂ ਨੂੰ ਉਵੇਂ ਪਿਆਰ ਕੀਤਾ ਹੈ ਜਿਵੇਂ ਤੁਸੀਂ ਮੈਨੂੰ ਪਿਆਰ ਕੀਤਾ ਹੈ।
24“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਤੁਸੀਂ ਮੈਨੂੰ ਦਿੱਤੇ ਹਨ ਜਿੱਥੇ ਮੈਂ ਹਾਂ ਓਹ ਵੀ ਮੇਰੇ ਨਾਲ ਹੋਣ ਅਤੇ ਓਹ ਮੇਰੀ ਮਹਿਮਾ ਜੋ ਤੁਸੀਂ ਮੈਨੂੰ ਦਿੱਤੀ ਹੈ ਵੇਖਣ, ਕਿਉਂਕਿ ਤੁਸੀਂ ਜਗਤ ਦੇ ਬਣਾਉਣ ਤੋਂ ਪਹਿਲਾਂ ਮੈਨੂੰ ਪਿਆਰ ਕਰਦੇ ਸੀ।
25“ਹੇ ਧਰਮੀ ਪਿਤਾ, ਹਾਲਾਂਕਿ ਜਗਤ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਨੂੰ ਜਾਣਦਾ ਹਾਂ, ਅਤੇ ਇਹ ਚੇਲੇ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ। 26ਮੈਂ ਤੁਹਾਨੂੰ ਉਹਨਾਂ ਉੱਤੇ ਜਾਹਿਰ ਕੀਤਾ ਹੈ, ਅਤੇ ਕਰਾਂਗਾ ਤਾਂ ਜੋ ਜਿਸ ਪ੍ਰੇਮ ਨਾਲ ਤੁਸੀਂ ਮੈਨੂੰ ਪਿਆਰ ਕੀਤਾ ਹੈ ਓਹੀ ਉਹਨਾਂ ਵਿੱਚ ਹੋਵੇ ਅਤੇ ਮੈਂ ਉਹਨਾਂ ਵਿੱਚ ਹੋਵਾਂਗਾ।”