10
ਚੰਗਾ ਚਰਵਾਹਾ ਅਤੇ ਉਸ ਦੀਆਂ ਭੇਡਾਂ
1“ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਫ਼ਰੀਸੀਓ, ਜਿਹੜਾ ਵੀ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਆਉਂਦਾ, ਪਰ ਕਿਸੇ ਹੋਰ ਤਰੀਕੇ ਨਾਲ ਆਉਂਦਾ ਹੈ, ਉਹ ਚੋਰ ਅਤੇ ਡਾਕੂ ਹੈ। 2ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਹੁੰਦਾ ਹੈ ਉਹ ਭੇਡਾਂ ਦਾ ਚਰਵਾਹਾ ਹੈ। 3ਦਰਬਾਨ ਉਸ ਲਈ ਦਰਵਾਜ਼ਾ ਖੋਲ੍ਹਦਾ ਹੈ, ਅਤੇ ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ। ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਕੇ ਬੁਲਾਉਂਦਾ ਹੈ ਅਤੇ ਉਹਨਾਂ ਦੀ ਅਗਵਾਈ ਕਰਦਾ ਹੈ। 4ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਲੈ ਕੇ ਜਾਂਦਾ ਹੈ, ਤਾਂ ਉਹ ਭੇਡਾਂ ਦੇ ਅੱਗੇ-ਅੱਗੇ ਤੁਰਦਾ ਹੈ ਅਤੇ ਉਸ ਦੀਆਂ ਭੇਡਾਂ ਉਸ ਦਾ ਪਿੱਛਾ ਕਰਦਿਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ। 5ਪਰ ਉਹ ਕਦੇ ਵੀ ਕਿਸੇ ਅਜਨਬੀ ਦੇ ਪਿੱਛੇ ਨਹੀਂ ਚੱਲਦੀਆਂ; ਅਸਲ ਵਿੱਚ, ਭੇਡਾਂ ਉਸ ਤੋਂ ਭੱਜ ਜਾਂਦੀਆਂ ਹਨ ਕਿਉਂਕਿ ਉਹ ਕਿਸੇ ਅਜਨਬੀ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ।” 6ਯਿਸ਼ੂ ਨੇ ਇਹ ਸ਼ਬਦ ਉਦਾਹਰਣ ਵੱਜੋ ਬੋਲੇ, ਪਰ ਫ਼ਰੀਸੀਆਂ ਨੂੰ ਸਮਝ ਨਾ ਆਈ ਕਿ ਉਹ ਉਹਨਾਂ ਨੂੰ ਕੀ ਕਹਿ ਰਿਹਾ ਹੈ।
7ਤਦ ਯਿਸ਼ੂ ਨੇ ਫਿਰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਭੇਡਾਂ ਦਾ ਦਰਵਾਜ਼ਾ ਹਾਂ। 8ਉਹ ਸਾਰੇ ਜੋ ਮੇਰੇ ਤੋਂ ਪਹਿਲਾਂ ਆਏ ਸਨ ਚੋਰ ਅਤੇ ਡਾਕੂ ਸਨ, ਪਰ ਭੇਡਾਂ ਨੇ ਉਹਨਾਂ ਦੀ ਨਹੀਂ ਸੁਣੀ। 9ਮੈਂ ਦਰਵਾਜ਼ਾ ਹਾਂ; ਉਹ ਜੋ ਵੀ ਮੇਰੇ ਰਾਹੀਂ ਪਰਵੇਸ਼ ਕਰਦਾ ਹੈ ਬਚਾਇਆ ਜਾਵੇਗਾ। ਉਹ ਅੰਦਰ-ਬਾਹਰ ਆ ਜਾ ਸਕਣਗੇ, ਅਤੇ ਉਹਨਾਂ ਨੂੰ ਚਾਰਾ ਮਿਲੇਗਾ। 10ਚੋਰ, ਚੋਰੀ ਕਰਨ, ਮਾਰਨ ਅਤੇ ਨਾਸ਼ ਕਰਨ ਲਈ ਹੀ ਆਉਂਦਾ ਹੈ; ਮੈਂ ਇਸ ਲਈ ਆਇਆ ਹਾਂ ਕਿ ਉਹਨਾਂ ਨੂੰ ਜੀਵਨ ਮਿਲੇ ਸਗੋਂ ਬੁਹਮੁੱਲਾ ਜੀਵਨ ਮਿਲੇ।
11“ਮੈਂ ਚੰਗਾ ਚਰਵਾਹਾ ਹਾਂ। ਇੱਕ ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹੈ। 12ਜੋ ਕਾਮਾ ਹੈ ਉਹ ਚਰਵਾਹਾ ਨਹੀਂ ਹੁੰਦਾ ਅਤੇ ਭੇਡਾਂ ਦਾ ਮਾਲਕ ਨਹੀਂ ਹੁੰਦਾ। ਇਸ ਲਈ ਜਦੋਂ ਉਹ ਬਘਿਆੜ ਨੂੰ ਆਉਂਦਾ ਵੇਖਦਾ ਹੈ, ਤਾਂ ਉਹ ਭੇਡਾਂ ਨੂੰ ਛੱਡ ਦਿੰਦਾ ਹੈ ਅਤੇ ਭੱਜ ਜਾਂਦਾ ਹੈ। ਫਿਰ ਬਘਿਆੜ ਭੇਡਾਂ ਉੱਤੇ ਹਮਲਾ ਕਰਦਾ ਹੈ ਅਤੇ ਸਾਰੀਆਂ ਭੇਡਾਂ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ। 13ਉਹ ਕਾਮਾ ਭੱਜ ਜਾਂਦਾ ਹੈ ਕਿਉਂਕਿ ਉਹ ਇੱਕ ਮਜ਼ਦੂਰ ਹੈ ਅਤੇ ਭੇਡਾਂ ਦੀ ਪਰਵਾਹ ਨਹੀਂ ਕਰਦਾ।
14“ਮੈਂ ਚੰਗਾ ਚਰਵਾਹਾ ਹਾਂ; ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ। 15ਜਿਵੇਂ ਕਿ ਪਿਤਾ ਮੈਨੂੰ ਜਾਣਦਾ ਹੈ, ਅਤੇ ਮੈਂ ਪਿਤਾ ਨੂੰ ਜਾਣਦਾ ਹਾਂ, ਅਤੇ ਮੈਂ ਆਪਣੀਆਂ ਭੇਡਾਂ ਲਈ ਆਪਣੀ ਜਾਨ ਦੇ ਦਿੰਦਾ ਹਾਂ। 16ਮੇਰੇ ਕੋਲ ਹੋਰ ਭੇਡਾਂ ਹਨ ਜੋ ਇਸ ਵਾੜੇ ਦੀਆਂ ਨਹੀਂ ਹਨ। ਮੇਰਾ ਉਹਨਾਂ ਨੂੰ ਲਿਆਉਣਾ ਜ਼ਰੂਰੀ ਹੈ। ਉਹ ਵੀ ਮੇਰੀ ਆਵਾਜ਼ ਸੁਣਨਗੇ ਅਤੇ ਇੱਕ ਹੀ ਇੱਜੜ ਅਤੇ ਇੱਕ ਹੀ ਚਰਵਾਹਾ ਹੋਵੇਗਾ। 17ਮੇਰਾ ਪਿਤਾ ਮੈਨੂੰ ਪਿਆਰ ਕਰਦਾ ਹੈ ਕਿਉਂਕਿ ਮੈਂ ਆਪਣਾ ਜੀਵਨ ਦਿੰਦਾ ਹਾਂ, ਪਰ ਮੈਂ ਇਸ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹਾਂ। 18ਕੋਈ ਵੀ ਮੇਰੇ ਤੋਂ ਜਾਨ ਨਹੀਂ ਲੈਂਦਾ, ਪਰ ਮੈਂ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਰੱਖਣ ਦਾ ਅਧਿਕਾਰ ਅਤੇ ਇਸ ਨੂੰ ਦੁਬਾਰਾ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਨੂੰ ਮੇਰੇ ਪਿਤਾ ਵੱਲੋਂ ਮਿਲਿਆ ਹੈ।”
19ਜਿਹੜੇ ਯਹੂਦੀ ਇਹ ਸ਼ਬਦ ਸੁਣ ਰਹੇ ਸਨ ਉਹ ਦੁਬਾਰਾ ਆਪਸ ਵਿੱਚ ਸਹਿਮਤ ਨਹੀਂ ਸਨ। 20ਉਹਨਾਂ ਵਿੱਚੋਂ ਕਈਆਂ ਨੇ ਕਿਹਾ, “ਇਸ ਵਿੱਚ ਭੂਤ ਹੈ ਅਤੇ ਇਹ ਪਾਗਲ ਹੈ। ਉਸ ਨੂੰ ਕਿਉਂ ਸੁਣਦੇ ਹੋ?”
21ਪਰ ਕੁਝ ਹੋਰਾਂ ਨੇ ਕਿਹਾ, “ਇਹ ਬਚਨ ਭੂਤ ਚਿੰਬੜੇ ਆਦਮੀ ਦੇ ਨਹੀਂ ਹਨ। ਕੀ ਕੋਈ ਭੂਤ ਅੰਨ੍ਹੇ ਦੀਆਂ ਅੱਖਾਂ ਖੋਲ੍ਹ ਸਕਦਾ ਹੈ?”
ਯਿਸ਼ੂ ਦੇ ਬਚਨਾਂ ਤੇ ਹੋਰ ਵਿਵਾਦ
22ਫਿਰ ਯੇਰੂਸ਼ਲੇਮ ਵਿੱਚ ਹੈਕਲ ਦਾ ਸਮਰਪਣ ਕਰਨ ਦਾ ਤਿਉਹਾਰ ਆਇਆ। ਇਹ ਸਰਦੀਆਂ ਦੀ ਰੁੱਤ ਸੀ, 23ਅਤੇ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਸ਼ਲੋਮੋਨ ਦੀ ਡਿਉਢੀ ਵਿੱਚ ਸੀ। 24ਯਹੂਦੀ ਜਿਹੜੇ ਉਹਨਾਂ ਦੇ ਆਸ-ਪਾਸ ਇਕੱਠੇ ਹੋਏ ਸਨ ਕਹਿਣ ਲੱਗੇ, “ਤੁਸੀਂ ਸਾਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੋਂਗੇ? ਜੇ ਤੁਸੀਂ ਮਸੀਹਾ ਹੋ, ਤਾਂ ਸਾਨੂੰ ਸਾਫ਼-ਸਾਫ਼ ਦੱਸੋ।”
25ਯਿਸ਼ੂ ਨੇ ਉੱਤਰ ਦਿੱਤਾ, “ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਮੇਰੇ ਪਿਤਾ ਦੇ ਨਾਮ ਤੇ ਮੈਂ ਉਹ ਕੰਮ ਕਰਦਾ ਹਾਂ ਕਿਉਂ ਜੋ ਉਹ ਮੇਰੇ ਗਵਾਹ ਦਿੰਦੇ ਹਨ, 26ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਨਹੀਂ ਹੋ। 27ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ; ਮੈਂ ਉਹਨਾਂ ਨੂੰ ਜਾਣਦਾ ਹਾਂ, ਅਤੇ ਉਹ ਮੇਰੇ ਪਿੱਛੇ-ਪਿੱਛੇ ਚੱਲਦੀਆਂ ਹਨ। 28ਮੈਂ ਉਹਨਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ, ਅਤੇ ਉਹ ਕਦੇ ਨਹੀਂ ਮਰਨਗੀਆਂ। ਕੋਈ ਵੀ ਉਹਨਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ। 29ਮੇਰਾ ਪਿਤਾ ਜੋ ਸਭ ਤੋਂ ਮਹਾਨ ਹੈ ਉਹ ਨੇ ਮੈਨੂੰ ਇਹ ਭੇਡਾਂ ਦਿੱਤੀਆਂ ਹਨ। ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਦੇ ਹੱਥੋਂ ਨਹੀਂ ਖੋਹ ਸਕਦਾ। 30ਮੈਂ ਅਤੇ ਪਿਤਾ ਇੱਕ ਹਾਂ।”
31ਇਸ ਗੱਲ ਤੇ ਫਿਰ ਉਹ ਦੇ ਵਿਰੋਧੀ ਯਹੂਦੀਆਂ ਨੇ ਉਸ ਨੂੰ ਮਾਰਨ ਲਈ ਪੱਥਰ ਚੁੱਕੇ, 32ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਪਿਤਾ ਵੱਲੋਂ ਬਹੁਤ ਸਾਰੇ ਚੰਗੇ ਕੰਮ ਦਿਖਾਏ ਹਨ। ਇਨ੍ਹਾਂ ਵਿੱਚੋਂ ਕਿਸ ਕੰਮ ਲਈ ਤੁਸੀਂ ਮੈਨੂੰ ਪੱਥਰ ਮਾਰਦੇ ਹੋ?”
33ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਕਿਸੇ ਚੰਗੇ ਕੰਮ ਲਈ ਤੈਨੂੰ ਪੱਥਰ ਨਹੀਂ ਮਾਰ ਰਹੇ, ਪਰ ਉਸ ਕੁਫ਼ਰ ਲਈ ਜੋ ਤੂੰ ਇੱਕ ਆਦਮੀ ਹੋ ਕੇ ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਦਾਅਵਾ ਕਰਦਾ ਹੈਂ।”
34ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਇਹ ਤੁਹਾਡੀ ਬਿਵਸਥਾ ਵਿੱਚ ਨਹੀਂ ਲਿਖਿਆ: ਮੈਂ ਕਿਹਾ ਕਿ ਤੁਸੀਂ ਦੇਵਤੇ ਹੋ?#10:34 ਜ਼ਬੂ 82:6 35ਜੇ ਪਰਮੇਸ਼ਵਰ ਨੇ ਉਹਨਾਂ ਨੂੰ ‘ਈਸ਼ਵਰ,’ ਆਖਿਆ ਜਿਨ੍ਹਾਂ ਦੇ ਲਈ ਇਹ ਬਿਵਸਥਾ ਆਈ ਸੀ। ਇਸ ਲਈ ਬਚਨ ਕਦੇ ਵੀ ਝੂਠਾ ਨਹੀਂ ਹੋ ਸਕਦਾ। 36ਇਸ ਲਈ ਜਿਸ ਪਿਤਾ ਨੇ ਮੈਨੂੰ ਆਪਣੀ ਮਰਜ਼ੀ ਨਾਲ ਚੁਣਿਆ ਹੈ ਅਤੇ ਦੁਨੀਆਂ ਵਿੱਚ ਭੇਜਿਆ? ਤਾਂ ਫਿਰ ਤੁਸੀਂ ਮੇਰੇ ਉੱਤੇ ਕੁਫ਼ਰ ਬੋਲਣ ਦਾ ਦੋਸ਼ ਕਿਉਂ ਲਗਾਉਂਦੇ ਹੋ ਕਿਉਂਕਿ ਮੈਂ ਕਿਹਾ ਸੀ, ‘ਮੈਂ ਪਰਮੇਸ਼ਵਰ ਦਾ ਪੁੱਤਰ ਹਾਂ’? 37ਮੇਰੇ ਤੇ ਵਿਸ਼ਵਾਸ ਨਾ ਕਰੋ ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ। 38ਪਰ ਜੇ ਮੈਂ ਇਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰੇ ਤੇ ਵਿਸ਼ਵਾਸ ਨਾ ਕਰੋ, ਪਰ ਮੇਰੇ ਕੰਮਾਂ ਤੇ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਜਾਣ ਸਕੋਂ ਅਤੇ ਸਮਝੋ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ ਹਾਂ।” 39ਉਹਨਾਂ ਫਿਰ ਯਿਸ਼ੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਕੋਲੋਂ ਚਲੇ ਗਏ।
40ਯਿਸ਼ੂ ਫਿਰ ਯਰਦਨ ਨਦੀ ਦੇ ਪਾਰ ਉਸ ਥਾਂ ਨੂੰ ਚਲਿਆ ਗਿਆ ਜਿੱਥੇ ਯੋਹਨ ਬਪਤਿਸਮਾ ਦਿੰਦਾ ਸੀ। ਅਤੇ ਉਹ ਉੱਥੇ ਹੀ ਰਿਹਾ, 41ਅਤੇ ਬਹੁਤ ਸਾਰੇ ਲੋਕ ਉਸ ਕੋਲ ਆਏ। ਉਹਨਾਂ ਨੇ ਕਿਹਾ, “ਹਾਲਾਂਕਿ ਯੋਹਨ ਨੇ ਕਦੇ ਕੋਈ ਚਮਤਕਾਰ ਨਹੀਂ ਕੀਤਾ, ਪਰ ਜੋ ਕੁਝ ਯੋਹਨ ਨੇ ਇਸ ਆਦਮੀ ਬਾਰੇ ਕਿਹਾ ਉਹ ਸੱਚ ਸੀ।” 42ਉੱਥੇ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਕੀਤਾ।