50
1ਯੋਸੇਫ਼ ਆਪਣੇ ਪਿਤਾ ਦੇ ਉੱਤੇ ਸਿਰ ਸੁੱਟ ਕੇ ਰੋਇਆ ਅਤੇ ਉਸ ਨੂੰ ਚੁੰਮਿਆ। 2ਤਦ ਯੋਸੇਫ਼ ਨੇ ਆਪਣੇ ਸੇਵਕਾਂ ਨੂੰ, ਜੋ ਵੈਦਾਂ ਨੂੰ ਸਨ ਇਹ ਆਗਿਆ ਦਿੱਤੀ, ਕਿ ਉਹ ਉਸ ਦੇ ਪਿਤਾ ਦੇ ਸਰੀਰ ਨੂੰ ਅਤਰ ਨਾਲ ਭਰਨ, ਇਸ ਲਈ ਉਨ੍ਹਾਂ ਵੈਦਾਂ ਨੇ ਸਰੀਰ ਨੂੰ ਸੁਗੰਧਿਤ ਕੀਤਾ। 3ਪੂਰੇ ਚਾਲੀ ਦਿਨ ਲੱਗ ਗਏ, ਕਿਉਂਕਿ ਸੁਗੰਧ ਦੇਣ ਲਈ ਇਹ ਸਮਾਂ ਲੋੜੀਂਦਾ ਸੀ ਅਤੇ ਮਿਸਰੀਆਂ ਨੇ ਉਹ ਦੇ ਲਈ ਸੱਤਰ ਦਿਨ ਸੋਗ ਕੀਤਾ।
4ਜਦੋਂ ਸੋਗ ਦੇ ਦਿਨ ਬੀਤ ਗਏ ਤਾਂ ਯੋਸੇਫ਼ ਨੇ ਫ਼ਿਰਾਊਨ ਦੇ ਸਲਾਹਕਾਰਾਂ ਨੂੰ ਆਖਿਆ, “ਜੇ ਮੈਂ ਤੁਹਾਡੀ ਨਿਗਾਹ ਵਿੱਚ ਕਿਰਪਾ ਪਾਈ ਹੈ ਤਾਂ ਮੇਰੇ ਲਈ ਫ਼ਿਰਾਊਨ ਨਾਲ ਗੱਲ ਕਰੋ। 5‘ਮੇਰੇ ਪਿਤਾ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, “ਮੈਂ ਮਰਨ ਵਾਲਾ ਹਾਂ; ਮੈਨੂੰ ਉਸ ਕਬਰ ਵਿੱਚ ਦਫ਼ਨ ਕਰ ਦਿਓ ਜੋ ਮੈਂ ਕਨਾਨ ਦੇਸ਼ ਵਿੱਚ ਆਪਣੇ ਲਈ ਪੁੱਟੀ ਸੀ।” ਹੁਣ ਮੈਨੂੰ ਉੱਪਰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ। ਫਿਰ ਮੈਂ ਵਾਪਸ ਮੁੜ ਆਵਾਂਗਾ।’ ”
6ਫ਼ਿਰਾਊਨ ਨੇ ਆਖਿਆ, “ਉੱਠ ਜਾ ਅਤੇ ਆਪਣੇ ਪਿਤਾ ਨੂੰ ਦਫ਼ਨ ਕਰ, ਜਿਵੇਂ ਉਸਨੇ ਤੈਨੂੰ ਕਰਨ ਦੀ ਸਹੁੰ ਚੁਕਾਈ ਸੀ।”
7ਤਾਂ ਯੋਸੇਫ਼ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਗਿਆ। ਫ਼ਿਰਾਊਨ ਦੇ ਸਾਰੇ ਅਧਿਕਾਰੀ ਉਸ ਦੇ ਨਾਲ ਸਨ, ਉਸਦੇ ਨਾਲ ਉਸਦੇ ਪਰਿਵਾਰ ਦੇ ਮੈਂਬਰ ਅਤੇ ਮਿਸਰ ਦੇ ਸਾਰੇ ਆਗੂ ਸਨ। 8ਯੋਸੇਫ਼ ਦੇ ਘਰਾਣੇ ਦੇ ਸਾਰੇ ਮੈਂਬਰ, ਉਸ ਦੇ ਭਰਾ ਅਤੇ ਉਸ ਦੇ ਪਿਤਾ ਦੇ ਘਰਾਣੇ ਦੇ ਸਾਰੇ ਲੋਕ ਵੀ। ਸਿਰਫ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਇੱਜੜ ਅਤੇ ਇੱਜੜ ਗੋਸ਼ੇਨ ਵਿੱਚ ਰਹਿ ਗਏ ਸਨ। 9ਰਥ ਅਤੇ ਘੋੜ ਸਵਾਰ ਵੀ ਉਹ ਦੇ ਨਾਲ ਚੜ੍ਹੇ। ਇਹ ਬਹੁਤ ਵੱਡੀ ਭੀੜ ਸੀ।
10ਜਦੋਂ ਉਹ ਅਤਾਦ ਦੇ ਪਿੜ ਉੱਤੇ ਪਹੁੰਚੇ, ਜਿਹੜਾ ਯਰਦਨ ਨਦੀ ਦੇ ਪਾਰ ਹੈ, ਤਾਂ ਉਹਨਾਂ ਨੇ ਉੱਚੀ-ਉੱਚੀ ਅਤੇ ਡਾਢਾ ਵਿਰਲਾਪ ਕੀਤਾ; ਅਤੇ ਉੱਥੇ ਯੋਸੇਫ਼ ਨੇ ਆਪਣੇ ਪਿਤਾ ਲਈ ਸੱਤ ਦਿਨਾਂ ਦਾ ਸੋਗ ਮਨਾਇਆ। 11ਜਦੋਂ ਉੱਥੇ ਰਹਿਣ ਵਾਲੇ ਕਨਾਨੀਆਂ ਨੇ ਅਤਾਦ ਦੇ ਪਿੜ ਵਿੱਚ ਸੋਗ ਹੁੰਦਾ ਵੇਖਿਆ ਤਾਂ ਆਖਿਆ, ਮਿਸਰੀ ਸੋਗ ਦੀ ਰਸਮ ਮਨਾ ਰਹੇ ਹਨ। ਇਸ ਲਈ ਯਰਦਨ ਦੇ ਨੇੜੇ ਉਸ ਥਾਂ ਨੂੰ ਹਾਬਲ ਮਿਸਰਾਈਮ#50:11 ਹਾਬਲ ਮਿਸਰਾਈਮ ਅਰਥ ਮਿਸਰ ਦੇ ਲੋਕਾਂ ਦਾ ਵਿਰਲਾਪ ਕਿਹਾ ਜਾਂਦਾ ਹੈ।
12ਇਸ ਲਈ ਯਾਕੋਬ ਦੇ ਪੁੱਤਰਾਂ ਨੇ ਜਿਵੇਂ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ, 13ਉਹ ਉਸ ਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਸ ਨੂੰ ਖੇਤਾਂ ਦੀ ਗੁਫ਼ਾ ਵਿੱਚ ਦੱਬ ਦਿੱਤਾ। ਮਕਪੇਲਾਹ, ਮਮਰੇ ਦੇ ਨੇੜੇ, ਜਿਸ ਨੂੰ ਅਬਰਾਹਾਮ ਨੇ ਹਿੱਤੀ ਇਫਰੋਨ ਤੋਂ ਦਫ਼ਨਾਉਣ ਲਈ ਖੇਤ ਦੇ ਨਾਲ ਖਰੀਦਿਆ ਸੀ। 14ਆਪਣੇ ਪਿਤਾ ਨੂੰ ਦਫ਼ਨਾਉਣ ਤੋਂ ਬਾਅਦ, ਯੋਸੇਫ਼ ਆਪਣੇ ਭਰਾਵਾਂ ਅਤੇ ਹੋਰ ਸਾਰੇ ਲੋਕਾਂ ਨਾਲ ਜੋ ਆਪਣੇ ਪਿਤਾ ਨੂੰ ਦਫ਼ਨਾਉਣ ਲਈ ਉਸ ਦੇ ਨਾਲ ਗਏ ਸਨ, ਮਿਸਰ ਨੂੰ ਮੁੜ ਆਏ।
ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਭਰੋਸਾ ਦਿਵਾਇਆ
15ਜਦੋਂ ਯੋਸੇਫ਼ ਦੇ ਭਰਾਵਾਂ ਨੇ ਦੇਖਿਆ ਕਿ ਉਹਨਾਂ ਦਾ ਪਿਤਾ ਮਰ ਗਿਆ ਹੈ, ਤਾਂ ਉਹਨਾਂ ਨੇ ਕਿਹਾ, “ਕੀ ਹੋਵੇਗਾ ਜੇਕਰ ਯੋਸੇਫ਼ ਸਾਡੇ ਨਾਲ ਵੈਰ ਰੱਖਦਾ ਹੈ ਅਤੇ ਸਾਨੂੰ ਉਹਨਾਂ ਸਾਰੀਆਂ ਗ਼ਲਤੀਆਂ ਦਾ ਬਦਲਾ ਦਿੰਦਾ ਹੈ ਜੋ ਅਸੀਂ ਉਸ ਨਾਲ ਕੀਤੀ ਸੀ?” 16ਤਾਂ ਉਹਨਾਂ ਨੇ ਯੋਸੇਫ਼ ਨੂੰ ਇਹ ਕਹਿ ਕੇ ਸੁਨੇਹਾ ਭੇਜਿਆ, “ਤੇਰੇ ਪਿਤਾ ਨੇ ਮਰਨ ਤੋਂ ਪਹਿਲਾਂ ਇਹ ਹਦਾਇਤਾਂ ਛੱਡ ਦਿੱਤੀਆਂ ਸਨ: 17‘ਯੋਸੇਫ਼ ਨੂੰ ਇਹ ਕਹਿਣਾ ਹੈ ਕਿ ਕਿਰਪਾ ਕਰਕੇ ਆਪਣੇ ਭਰਾਵਾਂ ਦੇ ਪਾਪਾਂ ਅਤੇ ਗਲਤੀਆਂ ਨੂੰ ਮਾਫ਼ ਕਰ ਦੇਣਾ, ਜੋ ਉਹਨਾਂ ਨੇ ਤੇਰੇ ਨਾਲ ਬੁਰਾ ਸਲੂਕ ਕੀਤਾ ਸੀ।’ ਹੁਣ ਕਿਰਪਾ ਕਰਕੇ ਆਪਣੇ ਪਿਤਾ ਦੇ ਪਰਮੇਸ਼ਵਰ ਦੇ ਸੇਵਕਾਂ ਦੇ ਪਾਪਾਂ ਨੂੰ ਮਾਫ਼ ਕਰੋ।” ਜਦੋਂ ਉਹਨਾਂ ਦਾ ਸੰਦੇਸ਼ ਉਸ ਕੋਲ ਆਇਆ, ਤਾਂ ਯੋਸੇਫ਼ ਰੋਇਆ।
18ਤਦ ਉਹ ਦੇ ਭਰਾ ਆਏ ਅਤੇ ਉਹ ਦੇ ਅੱਗੇ ਡਿੱਗ ਪਏ ਅਤੇ ਉਹਨਾਂ ਨੇ ਕਿਹਾ, “ਅਸੀਂ ਤੁਹਾਡੇ ਗੁਲਾਮ ਹਾਂ।”
19ਪਰ ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਨਾ ਡਰੋ। ਕੀ ਮੈਂ ਪਰਮੇਸ਼ਵਰ ਦੀ ਥਾਂ ਤੇ ਹਾਂ? 20ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਮਨ ਬਣਾਇਆ; ਪਰ ਪਰਮੇਸ਼ਵਰ ਨੇ ਉਸ ਨੂੰ ਭਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖੇ, ਜਿਵੇਂ ਇਸ ਵੇਲੇ ਹੋਇਆ ਹੈ। 21ਇਸ ਲਈ ਤੁਸੀਂ ਨਾ ਡਰੋ। ਮੈਂ ਤੁਹਾਡਾ ਅਤੇ ਤੁਹਾਡੇ ਬੱਚਿਆਂ ਦਾ ਪ੍ਰਬੰਧ ਕਰਾਂਗਾ।” ਅਤੇ ਉਸ ਨੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ।
ਯੋਸੇਫ਼ ਦੀ ਮੌਤ
22ਯੋਸੇਫ਼ ਆਪਣੇ ਪਿਤਾ ਦੇ ਸਾਰੇ ਪਰਿਵਾਰ ਸਮੇਤ ਮਿਸਰ ਵਿੱਚ ਰਿਹਾ। ਉਹ ਇੱਕ ਸੌ ਦਸ ਸਾਲ ਜੀਉਂਦਾ ਰਿਹਾ 23ਅਤੇ ਇਫ਼ਰਾਈਮ ਦੇ ਬੱਚਿਆਂ ਦੀ ਤੀਜੀ ਪੀੜ੍ਹੀ ਨੂੰ ਵੇਖਿਆ। ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਬੱਚਿਆਂ ਨੂੰ ਵੀ, ਯੋਸੇਫ਼ ਨੇ ਉਹਨਾਂ ਨੂੰ ਗੋਦ ਵਿੱਚ ਲਿਆ।
24ਤਦ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਮੈਂ ਮਰਨ ਵਾਲਾ ਹਾਂ। ਪਰ ਪਰਮੇਸ਼ਵਰ ਤੁਹਾਡੀ ਮਦਦ ਲਈ ਜ਼ਰੂਰ ਆਵੇਗਾ ਅਤੇ ਤੁਹਾਨੂੰ ਇਸ ਧਰਤੀ ਤੋਂ ਉਸ ਧਰਤੀ ਉੱਤੇ ਲੈ ਜਾਵੇਗਾ ਜਿਸਦੀ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਸਹੁੰ ਖਾਧੀ ਸੀ।” 25ਅਤੇ ਯੋਸੇਫ਼ ਨੇ ਇਸਰਾਏਲੀਆਂ ਨੂੰ ਸਹੁੰ ਚੁਕਾਈ ਅਤੇ ਆਖਿਆ, “ਪਰਮੇਸ਼ਵਰ ਜ਼ਰੂਰ ਤੁਹਾਡੇ ਕੋਲ ਆਵੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ।”
26ਯੋਸੇਫ਼ ਇੱਕ ਸੌ ਦਸ ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਹਨਾਂ ਨੇ ਉਸ ਦੇ ਸਰੀਰ ਨੂੰ ਅਤਰ ਨਾਲ ਭਰ ਕੇ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ।