ਉਤਪਤ 44

44
ਬੋਰੀ ਵਿੱਚ ਚਾਂਦੀ ਦਾ ਪਿਆਲਾ
1ਹੁਣ ਯੋਸੇਫ਼ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਇਹ ਹਿਦਾਇਤ ਦਿੱਤੀ, “ਇਨ੍ਹਾਂ ਮਨੁੱਖਾਂ ਦੀਆਂ ਬੋਰੀਆਂ ਵਿੱਚ ਜਿੰਨਾ ਭੋਜਨ ਉਹ ਚੁੱਕ ਸਕਦੇ ਹਨ ਭਰੋ ਅਤੇ ਹਰੇਕ ਆਦਮੀ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਵਿੱਚ ਪਾਓ। 2ਫੇਰ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਭਰਾ ਦੀ ਬੋਰੀ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖ ਦੇਣਾ।” ਅਤੇ ਉਸਨੇ ਯੋਸੇਫ਼ ਦੇ ਕਹੇ ਅਨੁਸਾਰ ਕੀਤਾ।
3ਜਦੋਂ ਸਵੇਰ ਹੋਈ ਤਾਂ ਮਨੁੱਖਾਂ ਨੂੰ ਆਪਣੇ ਗਧਿਆਂ ਸਮੇਤ ਰਾਹ ਵਿੱਚ ਭੇਜਿਆ ਗਿਆ। 4ਉਹ ਸ਼ਹਿਰ ਤੋਂ ਬਹੁਤੇ ਦੂਰ ਨਹੀਂ ਗਏ ਸਨ ਕਿ ਯੋਸੇਫ਼ ਨੇ ਆਪਣੇ ਮੁਖ਼ਤਿਆਰ ਨੂੰ ਕਿਹਾ, “ਉਹਨਾਂ ਮਨੁੱਖਾਂ ਦੇ ਪਿੱਛੇ ਤੁਰੋ ਅਤੇ ਜਦੋਂ ਤੁਸੀਂ ਉਹਨਾਂ ਨੂੰ ਫੜੋ ਤਾਂ ਉਹਨਾਂ ਨੂੰ ਆਖੋ, ‘ਤੁਸੀਂ ਭਲਿਆਈ ਦਾ ਬਦਲਾ ਬੁਰਾਈ ਨਾਲ ਕਿਉਂ ਲਿਆ ਹੈ? 5ਕੀ ਇਹ ਉਹ ਪਿਆਲਾ ਨਹੀਂ ਜਿਸ ਤੋਂ ਮੇਰਾ ਮਾਲਕ ਪੀਂਦਾ ਹੈ ਅਤੇ ਭਵਿੱਖਬਾਣੀ ਕਰਨ ਲਈ ਵੀ ਵਰਤਦਾ ਹੈ? ਇਹ ਇੱਕ ਬੁਰਾ ਕੰਮ ਹੈ ਜੋ ਤੁਸੀਂ ਕੀਤਾ ਹੈ।’ ”
6ਜਦੋਂ ਉਸਨੇ ਉਹਨਾਂ ਨੂੰ ਫੜ ਲਿਆ ਅਤੇ ਉਸਨੇ ਉਹਨਾਂ ਨੂੰ ਉਹ ਸ਼ਬਦ ਦੁਹਰਾਏ। 7ਪਰ ਉਹਨਾਂ ਨੇ ਉਸ ਨੂੰ ਆਖਿਆ, “ਮੇਰਾ ਮਾਲਕ ਇਹੋ ਜਿਹੀਆਂ ਗੱਲਾਂ ਕਿਉਂ ਆਖਦਾ ਹੈ? ਤੇਰੇ ਸੇਵਕਾਂ ਤੋਂ ਅਜਿਹਾ ਕੁਝ ਕਰਨਾ ਦੂਰ ਹੋਵੇ! 8ਅਸੀਂ ਕਨਾਨ ਦੇਸ਼ ਤੋਂ ਉਹ ਚਾਂਦੀ ਤੁਹਾਡੇ ਕੋਲ ਵਾਪਸ ਲਿਆਏ ਹਾਂ, ਜੋ ਅਸੀਂ ਆਪਣੀਆਂ ਬੋਰੀਆਂ ਦੇ ਮੂੰਹਾਂ ਵਿੱਚ ਪਾਈ ਸੀ। ਤਾਂ ਫਿਰ ਅਸੀਂ ਤੇਰੇ ਮਾਲਕ ਦੇ ਘਰੋਂ ਚਾਂਦੀ ਜਾਂ ਸੋਨਾ ਕਿਉਂ ਚੁਰਾਵਾਂਗੇ? 9ਜੇਕਰ ਤੁਹਾਡੇ ਕਿਸੇ ਸੇਵਕ ਕੋਲ ਇਹ ਲੱਭੇਗਾ ਤਾਂ ਉਹ ਮਾਰਿਆ ਜਾਵੇਗਾ ਅਤੇ ਅਸੀਂ ਬਾਕੀ ਦੇ ਮੇਰੇ ਮਾਲਕ ਦੇ ਗੁਲਾਮ ਬਣ ਜਾਵਾਂਗੇ।”
10ਤਦ ਉਸ ਨੇ ਕਿਹਾ, “ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਹੋਣ ਦਿਓ। ਜਿਸ ਕੋਲ ਇਹ ਮਿਲ ਗਿਆ ਉਹ ਮੇਰਾ ਗੁਲਾਮ ਬਣ ਜਾਵੇਗਾ ਪਰ ਤੁਸੀਂ ਦੋਸ਼ ਤੋਂ ਮੁਕਤ ਹੋਵੋਗੇ।”
11ਉਹਨਾਂ ਵਿੱਚੋਂ ਹਰੇਕ ਨੇ ਝੱਟ ਆਪਣੀ ਬੋਰੀ ਜ਼ਮੀਨ ਉੱਤੇ ਉਤਾਰ ਦਿੱਤੀ ਅਤੇ ਉਸ ਨੂੰ ਖੋਲ੍ਹਿਆ। 12ਫਿਰ ਮੁਖ਼ਤਿਆਰ ਖੋਜ ਕਰਨ ਲਈ ਅੱਗੇ ਵਧਿਆ, ਸਭ ਤੋਂ ਵੱਡੀ ਉਮਰ ਦੇ ਨਾਲ ਸ਼ੁਰੂ ਹੋਇਆ ਅਤੇ ਸਭ ਤੋਂ ਛੋਟੇ ਨਾਲ ਖਤਮ ਹੋਇਆ ਅਤੇ ਪਿਆਲਾ ਬਿਨਯਾਮੀਨ ਦੀ ਬੋਰੀ ਵਿੱਚੋਂ ਮਿਲਿਆ। 13ਇਸ ਉੱਤੇ ਉਹਨਾਂ ਨੇ ਆਪਣੇ ਕੱਪੜੇ ਪਾੜ ਦਿੱਤੇ। ਤਦ ਉਹ ਸਾਰੇ ਆਪਣੇ ਗਧਿਆਂ ਉੱਤੇ ਲੱਦ ਕੇ ਸ਼ਹਿਰ ਨੂੰ ਪਰਤ ਗਏ।
14ਯੋਸੇਫ਼ ਅਜੇ ਘਰ ਵਿੱਚ ਹੀ ਸੀ ਕਿ ਯਹੂਦਾਹ ਅਤੇ ਉਹ ਦੇ ਭਰਾ ਅੰਦਰ ਆਏ ਅਤੇ ਉਹ ਦੇ ਅੱਗੇ ਜ਼ਮੀਨ ਉੱਤੇ ਡਿੱਗ ਪਏ। 15ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਤੁਸੀਂ ਇਹ ਕੀ ਕੀਤਾ ਹੈ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰੇ ਵਰਗਾ ਆਦਮੀ ਭਵਿੱਖਬਾਣੀ ਦੁਆਰਾ ਚੀਜ਼ਾਂ ਦਾ ਪਤਾ ਲਗਾ ਸਕਦਾ ਹੈ?”
16ਯਹੂਦਾਹ ਨੇ ਜਵਾਬ ਦਿੱਤਾ, “ਅਸੀਂ ਆਪਣੇ ਮਾਲਕ ਨੂੰ ਕੀ ਆਖੀਏ? ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਆਪਣੀ ਬੇਗੁਨਾਹੀ ਕਿਵੇਂ ਸਾਬਤ ਕਰ ਸਕਦੇ ਹਾਂ? ਪਰਮੇਸ਼ਵਰ ਨੇ ਤੁਹਾਡੇ ਸੇਵਕਾਂ ਦੇ ਦੋਸ਼ ਨੂੰ ਉਜਾਗਰ ਕੀਤਾ ਹੈ। ਅਸੀਂ ਹੁਣ ਮੇਰੇ ਮਾਲਕ ਦੇ ਦਾਸ ਹਾਂ ਅਸੀਂ ਖੁਦ ਅਤੇ ਉਹ ਵੀ ਜਿਸ ਕੋਲ ਪਿਆਲਾ ਪਾਇਆ ਗਿਆ ਸੀ।”
17ਪਰ ਯੋਸੇਫ਼ ਨੇ ਆਖਿਆ, “ਅਜਿਹਾ ਕਰਨਾ ਮੇਰੇ ਤੋਂ ਦੂਰ ਰਹੇ! ਸਿਰਫ ਉਹੀ ਬੰਦਾ ਜਿਸ ਕੋਲ ਪਿਆਲਾ ਪਾਇਆ ਗਿਆ ਸੀ, ਉਹੀ ਮੇਰਾ ਗੁਲਾਮ ਬਣ ਜਾਵੇਗਾ। ਬਾਕੀ ਤੁਸੀਂ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਵਾਪਸ ਚਲੇ ਜਾਓ।”
18ਤਦ ਯਹੂਦਾਹ ਨੇ ਉਹ ਦੇ ਕੋਲ ਜਾ ਕੇ ਆਖਿਆ, “ਆਪਣੇ ਦਾਸ ਨੂੰ ਮਾਫ਼ ਕਰੋ, ਹੇ ਮੇਰੇ ਮਾਲਕ, ਮੈਨੂੰ ਆਪਣੇ ਮਾਲਕ ਨੂੰ ਇੱਕ ਗੱਲ ਕਹਿਣ ਦਿਓ ਅਤੇ ਆਪਣੇ ਸੇਵਕ ਉੱਤੇ ਗੁੱਸਾ ਨਾ ਕਰ, ਭਾਵੇਂ ਤੂੰ ਆਪ ਫ਼ਿਰਾਊਨ ਦੇ ਬਰਾਬਰ ਹੈ। 19ਮੇਰੇ ਮਾਲਕ ਨੇ ਆਪਣੇ ਸੇਵਕਾਂ ਨੂੰ ਪੁੱਛਿਆ, ‘ਕੀ ਤੁਹਾਡਾ ਕੋਈ ਪਿਤਾ ਜਾਂ ਭਰਾ ਹੈ?’ 20ਅਤੇ ਅਸੀਂ ਉੱਤਰ ਦਿੱਤਾ, ‘ਸਾਡਾ ਇੱਕ ਬਜ਼ੁਰਗ ਪਿਤਾ ਹੈ ਅਤੇ ਬੁਢਾਪੇ ਵਿੱਚ ਉਸ ਦੇ ਘਰ ਇੱਕ ਜਵਾਨ ਪੁੱਤਰ ਨੇ ਜਨਮ ਲਿਆ ਹੈ। ਉਸਦਾ ਭਰਾ ਮਰ ਗਿਆ ਹੈ, ਅਤੇ ਉਸਦੀ ਮਾਂ ਦੇ ਪੁੱਤਰਾਂ ਵਿੱਚੋਂ ਇੱਕਲੌਤਾ ਬਚਿਆ ਹੈ, ਅਤੇ ਉਸਦਾ ਪਿਤਾ ਉਸਨੂੰ ਪਿਆਰ ਕਰਦਾ ਹੈ।’
21“ਤਦ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ, ‘ਉਸ ਨੂੰ ਮੇਰੇ ਕੋਲ ਹੇਠਾਂ ਲਿਆਓ ਤਾਂ ਜੋ ਮੈਂ ਉਸਨੂੰ ਖੁਦ ਵੇਖ ਸਕਾਂ।’ 22ਅਤੇ ਅਸੀਂ ਆਪਣੇ ਮਾਲਕ ਨੂੰ ਕਿਹਾ, ‘ਮੁੰਡਾ ਆਪਣੇ ਪਿਤਾ ਨੂੰ ਨਹੀਂ ਛੱਡ ਸਕਦਾ ਕਿਉਂਕਿ ਜੇਕਰ ਉਹ ਉਸਨੂੰ ਛੱਡ ਦਿੰਦਾ ਹੈ, ਤਾਂ ਉਸਦਾ ਪਿਤਾ ਮਰ ਜਾਵੇਗਾ।’ 23ਪਰ ਤੁਸੀਂ ਆਪਣੇ ਸੇਵਕਾਂ ਨੂੰ ਕਿਹਾ ਸੀ, ‘ਜਦ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਤੁਹਾਡੇ ਨਾਲ ਨਹੀਂ ਆਉਂਦਾ, ਤੁਸੀਂ ਮੇਰਾ ਮੂੰਹ ਨਹੀਂ ਵੇਖੋਂਗੇ।’ 24ਜਦੋਂ ਅਸੀਂ ਤੁਹਾਡੇ ਸੇਵਕ ਸਾਡੇ ਪਿਤਾ ਕੋਲ ਵਾਪਸ ਗਏ, ਅਸੀਂ ਉਸ ਨੂੰ ਦੱਸਿਆ ਕਿ ਮੇਰੇ ਮਾਲਕ ਨੇ ਕੀ ਕਿਹਾ ਸੀ।
25“ਤਦ ਸਾਡੇ ਪਿਤਾ ਨੇ ਕਿਹਾ, ‘ਵਾਪਸ ਜਾ ਕੇ ਥੋੜ੍ਹਾ ਹੋਰ ਭੋਜਨ ਖਰੀਦੋ।’ 26ਪਰ ਅਸੀਂ ਕਿਹਾ, ‘ਅਸੀਂ ਹੇਠਾਂ ਨਹੀਂ ਜਾ ਸਕਦੇ। ਜੇਕਰ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਹੈ ਤਾਂ ਹੀ ਅਸੀਂ ਜਾਵਾਂਗੇ। ਅਸੀਂ ਉਸ ਆਦਮੀ ਦਾ ਮੂੰਹ ਨਹੀਂ ਦੇਖ ਸਕਦੇ ਜਦੋਂ ਤੱਕ ਸਾਡਾ ਸਭ ਤੋਂ ਛੋਟਾ ਭਰਾ ਸਾਡੇ ਨਾਲ ਨਾ ਹੋਵੇ।’
27“ਤੁਹਾਡੇ ਸੇਵਕ ਮੇਰੇ ਪਿਤਾ ਨੇ ਸਾਨੂੰ ਕਿਹਾ, ‘ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ। 28ਉਹਨਾਂ ਵਿੱਚੋਂ ਇੱਕ ਮੇਰੇ ਕੋਲੋਂ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਜ਼ਰੂਰ ਪਾੜਿਆ ਗਿਆ ਹੈ, ਅਤੇ ਉਦੋਂ ਤੋਂ ਮੈਂ ਉਸਨੂੰ ਨਹੀਂ ਦੇਖਿਆ ਹੈ। 29ਜੇਕਰ ਤੁਸੀਂ ਇਸ ਨੂੰ ਵੀ ਮੇਰੇ ਕੋਲੋਂ ਲੈ ਲਵੋ ਅਤੇ ਕੋਈ ਬਿਪਤਾ ਉਸ ਤੇ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।’
30“ਸੋ ਹੁਣ, ਜੇਕਰ ਉਹ ਮੁੰਡਾ ਮੇਰੇ ਜਾਣ ਵੇਲੇ ਸਾਡੇ ਨਾਲ ਨਾ ਹੋਵੇ। ਆਪਣੇ ਦਾਸ ਮੇਰੇ ਪਿਤਾ ਕੋਲ ਵਾਪਸ ਜਾਓ, ਅਤੇ ਜੇਕਰ ਮੇਰਾ ਪਿਤਾ, ਜਿਸ ਦੀ ਜ਼ਿੰਦਗੀ ਇਸ ਮੁੰਡੇ ਦੇ ਜੀਵਨ ਨਾਲ ਜੁੜੀ ਹੋਈ ਹੈ, 31ਜਦ ਉਹ ਇਹ ਵੇਖੇ ਕਿ ਲੜਕਾ ਨਾਲ ਨਹੀਂ ਹੈ, ਤਾਂ ਉਹ ਮਰ ਜਾਵੇਗਾ। ਤੁਹਾਡੇ ਸੇਵਕ ਸਾਡੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ। 32ਤੁਹਾਡੇ ਸੇਵਕ ਨੇ ਆਪਣੇ ਪਿਤਾ ਨੂੰ ਇਹ ਆਖ ਕੇ ਲੜਕੇ ਦੀ ਜ਼ਿੰਮੇਵਾਰੀ ਲਈ ਹੈ ਕਿ ਜੇਕਰ ਮੈਂ ਉਸਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ, ਤਾਂ ਮੇਰੇ ਪਿਤਾ ਦਾ ਮੈਂ ਸਾਰੀ ਉਮਰ ਦੋਸ਼ੀ ਹੋਵਾਗਾ।
33“ਹੁਣ ਕਿਰਪਾ ਕਰਕੇ ਆਪਣੇ ਸੇਵਕ ਨੂੰ ਇੱਥੇ ਮੇਰੇ ਮਾਲਕ ਦਾ ਗ਼ੁਲਾਮ ਬਣ ਕੇ ਰਹਿਣ ਦਿਓ। ਲੜਕੇ ਦੀ ਜਗ੍ਹਾ ਅਤੇ ਲੜਕੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਓ। 34ਜੇ ਲੜਕਾ ਮੇਰੇ ਨਾਲ ਨਹੀਂ ਹੈ ਤਾਂ ਮੈਂ ਆਪਣੇ ਪਿਤਾ ਕੋਲ ਵਾਪਸ ਕਿਵੇਂ ਜਾ ਸਕਦਾ ਹਾਂ? ਨਹੀਂ! ਮੈਨੂੰ ਉਹ ਦੁੱਖ ਨਾ ਦੇਖਣ ਦਿਓ ਜੋ ਮੇਰੇ ਪਿਤਾ ਉੱਤੇ ਆਵੇਗਾ।”

ទើបបានជ្រើសរើសហើយ៖

ਉਤਪਤ 44: PCB

គំនូស​ចំណាំ

ចែក​រំលែក

ចម្លង

None

ចង់ឱ្យគំនូសពណ៌ដែលបានរក្សាទុករបស់អ្នក មាននៅលើគ្រប់ឧបករណ៍ទាំងអស់មែនទេ? ចុះឈ្មោះប្រើ ឬចុះឈ្មោះចូល