5
ਤੂੜੀ ਤੋਂ ਬਿਨਾਂ ਇੱਟਾਂ
1ਇਸ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਆਖਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਉਜਾੜ ਵਿੱਚ ਮੇਰੇ ਲਈ ਤਿਉਹਾਰ ਮਨਾਉਣ।”
2ਫ਼ਿਰਾਊਨ ਨੇ ਆਖਿਆ, “ਯਾਹਵੇਹ ਕੌਣ ਹੈ ਜੋ ਮੈਂ ਉਸਦੀ ਗੱਲ ਮੰਨਾਂ ਅਤੇ ਇਸਰਾਏਲ ਨੂੰ ਜਾਣ ਦੇਵਾਂ? ਮੈਂ ਯਾਹਵੇਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਜਾਣ ਨਹੀਂ ਦਿਆਂਗਾ।”
3ਫਿਰ ਉਹਨਾਂ ਨੇ ਆਖਿਆ, “ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਆਉ ਅਸੀਂ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰੀਏ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ, ਨਹੀਂ ਤਾਂ ਉਹ ਸਾਨੂੰ ਮਹਾਂਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”
4ਪਰ ਮਿਸਰ ਦੇ ਰਾਜੇ ਨੇ ਆਖਿਆ, “ਮੋਸ਼ੇਹ ਅਤੇ ਹਾਰੋਨ, ਤੁਸੀਂ ਲੋਕਾਂ ਨੂੰ ਉਹਨਾਂ ਦੀ ਮਜ਼ਦੂਰੀ ਤੋਂ ਕਿਉਂ ਦੂਰ ਕਰ ਰਹੇ ਹੋ? ਆਪਣੇ ਕੰਮ ਤੇ ਵਾਪਸ ਜਾਓ!” 5ਤਦ ਫ਼ਿਰਾਊਨ ਨੇ ਆਖਿਆ, “ਵੇਖੋ, ਦੇਸ਼ ਦੇ ਲੋਕ ਹੁਣ ਬਹੁਤ ਹਨ ਅਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹੋ।”
6ਉਸੇ ਦਿਨ ਫ਼ਿਰਾਊਨ ਨੇ ਗੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੂੰ ਆਖਿਆ, 7“ਤੁਸੀਂ ਹੁਣ ਲੋਕਾਂ ਨੂੰ ਇੱਟਾਂ ਬਣਾਉਣ ਲਈ ਤੂੜੀ ਨਹੀਂ ਲਿਆ ਕੇ ਦੇਵੋਗੇ। ਉਹਨਾਂ ਨੂੰ ਜਾਣ ਦਿਓ ਅਤੇ ਆਪਣੀ ਤੂੜੀ ਇਕੱਠੀ ਕਰਨ ਦਿਓ। 8ਪਰ ਉਹਨਾਂ ਤੋਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣ ਦੀ ਮੰਗ ਕਰੋ, ਉਹਨਾਂ ਵਿੱਚੋਂ ਕੁਝ ਨਾ ਘਟਾਓ। ਉਹ ਲੋਕ ਆਲਸੀ ਹਨ, ਇਸ ਲਈ ਉਹ ਕਹਿ ਰਹੇ ਹਨ, ‘ਆਓ ਅਸੀਂ ਚੱਲੀਏ ਅਤੇ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ।’ 9ਲੋਕਾਂ ਲਈ ਕੰਮ ਨੂੰ ਹੋਰ ਸਖ਼ਤ ਬਣਾਓ ਤਾਂ ਜੋ ਉਹ ਕੰਮ ਕਰਦੇ ਰਹਿਣ ਅਤੇ ਝੂਠ ਵੱਲ ਧਿਆਨ ਨਾ ਦੇਣ।”
10ਤਦ ਗ਼ੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੇ ਬਾਹਰ ਜਾ ਕੇ ਲੋਕਾਂ ਨੂੰ ਆਖਿਆ, “ਫ਼ਿਰਾਊਨ ਇਹ ਆਖਦਾ ਹੈ ਕਿ ‘ਮੈਂ ਤੁਹਾਨੂੰ ਹੋਰ ਤੂੜੀ ਨਹੀਂ ਦਿਆਂਗਾ। 11ਜਾ ਕੇ ਆਪਣੀ ਤੂੜੀ ਜਿੱਥੋਂ ਮਿਲ ਸਕੇ ਲੈ ਲਵੋ, ਪਰ ਤੁਹਾਡਾ ਕੰਮ ਬਿਲਕੁਲ ਨਹੀਂ ਘਟਾਇਆ ਜਾਵੇਗਾ।’ ” 12ਇਸ ਲਈ ਲੋਕ ਤੂੜੀ ਦੀ ਵਰਤੋਂ ਕਰਨ ਲਈ ਤੂੜੀ ਇਕੱਠੀ ਕਰਨ ਲਈ ਸਾਰੇ ਮਿਸਰ ਵਿੱਚ ਖਿੱਲਰ ਗਏ। 13ਗ਼ੁਲਾਮ ਚਾਲਕ ਉਹਨਾਂ ਨੂੰ ਦਬਾਉਂਦੇ ਰਹੇ, “ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਪੂਰਾ ਕਰੋ, ਜਿਵੇਂ ਤੂੜੀ ਦੇ ਹੁੰਦਿਆਂ ਤੇ ਕਰਦੇ ਸੀ।” 14ਅਤੇ ਫ਼ਿਰਾਊਨ ਦੇ ਨਿਯੁਕਤ ਕੀਤੇ ਮਿਸਰੀ ਨਿਗਾਹਬਾਨਾਂ ਨੇ ਇਸਰਾਏਲੀਆਂ ਦੇ ਆਗੂਆਂ ਨੂੰ ਕੁੱਟਿਆ ਅਤੇ ਉਹਨਾਂ ਤੋਂ ਇਹ ਮੰਗ ਕਰਦੇ ਸਨ, “ਕਿ ਤੁਸੀਂ ਉਨੀਆਂ ਇੱਟਾਂ ਕਿਉਂ ਨਹੀਂ ਬਣੀਆਂ ਜਿੰਨੀਆਂ ਤੁਸੀਂ ਪਹਿਲਾਂ ਬਣਾਉਂਦੇ ਸੀ?”
15“ਫਿਰ ਇਸਰਾਏਲੀ ਨਿਗਾਹਬਾਨਾਂ ਨੇ ਜਾ ਕੇ ਫ਼ਿਰਾਊਨ ਨੂੰ ਬੇਨਤੀ ਕੀਤੀ ਕਿ ਤੂੰ ਆਪਣੇ ਸੇਵਕਾਂ ਨਾਲ ਅਜਿਹਾ ਸਲੂਕ ਕਿਉਂ ਕੀਤਾ ਹੈ? 16ਤੁਹਾਡੇ ਸੇਵਕਾਂ ਨੂੰ ਕੋਈ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਸਾਨੂੰ ਕਿਹਾ ਜਾਂਦਾ ਹੈ, ‘ਇੱਟਾਂ ਬਣਾਓ!’ ਤੁਹਾਡੇ ਸੇਵਕਾਂ ਨੂੰ ਕੁੱਟਿਆ ਜਾ ਰਿਹਾ ਹੈ, ਪਰ ਕਸੂਰ ਤੁਹਾਡੇ ਆਪਣੇ ਲੋਕਾਂ ਦਾ ਹੈ।”
17ਫ਼ਿਰਾਊਨ ਨੇ ਕਿਹਾ, “ਤੁਸੀਂ ਲੋਕ ਆਲਸੀ ਹੋ! ਇਸ ਲਈ ਤੁਸੀਂ ਕਹਿੰਦੇ ਰਹਿੰਦੇ ਹੋ, ‘ਆਓ ਅਸੀਂ ਚੱਲੀਏ ਅਤੇ ਯਾਹਵੇਹ ਲਈ ਕੁਰਬਾਨੀ ਚੜ੍ਹਾਈਏ।’ 18ਹੁਣ ਕੰਮ ਤੇ ਲੱਗ ਜਾਓ ਕਿਉਂ ਜੋ ਤੁਹਾਨੂੰ ਕੋਈ ਤੂੜੀ ਨਹੀਂ ਦਿੱਤੀ ਜਾਵੇਗੀ, ਫਿਰ ਵੀ ਤੁਹਾਨੂੰ ਇੱਟਾਂ ਦਾ ਹਿਸਾਬ ਪੂਰਾ ਕਰਨਾ ਹੋਵੇਗਾ।”
19ਇਸਰਾਏਲੀ ਨਿਗਾਹਬਾਨਾਂ ਨੂੰ ਅਹਿਸਾਸ ਹੋਇਆ ਕਿ ਉਹ ਮੁਸੀਬਤ ਵਿੱਚ ਸਨ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ, “ਤੁਹਾਨੂੰ ਹਰ ਰੋਜ਼ ਤੁਹਾਡੇ ਲਈ ਇੱਟਾਂ ਦੀ ਗਿਣਤੀ ਨੂੰ ਘਟਾਉਣਾ ਨਹੀਂ ਹੈ।” 20ਜਦੋਂ ਉਹ ਫ਼ਿਰਾਊਨ ਦੇ ਘਰ ਤੋਂ ਬਾਹਰ ਆਏ, ਤਾਂ ਉਹ ਮੋਸ਼ੇਹ ਅਤੇ ਹਾਰੋਨ ਨੂੰ ਮਿਲੇ, ਜੋ ਉੱਥੇ ਉਹਨਾਂ ਦੀ ਉਡੀਕ ਕਰ ਰਹੇ ਸਨ। 21ਅਤੇ ਉਹਨਾਂ ਨੇ ਕਿਹਾ, “ਯਾਹਵੇਹ ਤੁਹਾਡੇ ਵੱਲ ਵੇਖੇ ਅਤੇ ਤੁਹਾਡਾ ਨਿਆਂ ਕਰੇ! ਤੁਸੀਂ ਸਾਨੂੰ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਲਈ ਘਿਣਾਉਣੇ ਬਣਾ ਦਿੱਤਾ ਹੈ ਅਤੇ ਸਾਨੂੰ ਮਾਰਨ ਲਈ ਉਹਨਾਂ ਦੇ ਹੱਥ ਵਿੱਚ ਤਲਵਾਰ ਰੱਖੀ ਹੈ।”
ਪਰਮੇਸ਼ਵਰ ਮੁਕਤੀ ਦਾ ਵਾਅਦਾ ਕਰਦਾ ਹੈ
22ਮੋਸ਼ੇਹ ਯਾਹਵੇਹ ਕੋਲ ਵਾਪਸ ਆਇਆ ਅਤੇ ਆਖਿਆ, “ਹੇ ਯਾਹਵੇਹ, ਤੂੰ ਇਹ ਲੋਕਾਂ ਉੱਤੇ ਮੁਸੀਬਤ ਕਿਉਂ ਲਿਆਂਦੀ ਹੈ? ਕੀ ਤੂੰ ਮੈਨੂੰ ਇਸੇ ਲਈ ਭੇਜਿਆ ਹੈ? 23ਜਦੋਂ ਤੋਂ ਮੈਂ ਫ਼ਿਰਾਊਨ ਕੋਲ ਤੇਰਾ ਨਾਂ ਲੈ ਕੇ ਗੱਲ ਕਰਨ ਗਿਆ ਹਾਂ, ਤਦ ਤੋਂ ਹੀ ਉਸ ਨੇ ਇਸ ਪਰਜਾ ਉੱਤੇ ਮੁਸੀਬਤ ਲਿਆਂਦੀ ਹੈ ਅਤੇ ਤੂੰ ਆਪਣੇ ਲੋਕਾਂ ਨੂੰ ਨਹੀਂ ਛੁਡਾਇਆ।”