3
ਪਤਰਸ ਦਾ ਇੱਕ ਲੰਗੜੇ ਭਿਖਾਰੀ ਨੂੰ ਚੰਗਾ ਕਰਨਾ
1ਇੱਕ ਦਿਨ ਪਤਰਸ ਅਤੇ ਯੋਹਨ ਪ੍ਰਾਰਥਨਾ ਦੇ ਸਮੇਂ ਹੈਕਲ#3:1 ਹੈਕਲ ਯਹੂਦੀਆਂ ਦਾ ਮੰਦਰ ਨੂੰ ਦੁਪਹਿਰ ਦੇ ਤੀਜੇ ਪਹਿਰ ਜਾ ਰਹੇ ਸਨ। 2ਹੁਣ ਇੱਕ ਜਨਮ ਤੋਂ ਲੰਗੜਾ ਆਦਮੀ ਹੈਕਲ ਦੇ ਦਰਵਾਜ਼ੇ ਕੋਲ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਹੈ, ਜਿੱਥੇ ਉਸ ਨੂੰ ਹਰ ਰੋਜ਼ ਹੈਕਲ ਦੇ ਵਿਹੜੇ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗਦਾ ਸੀ। 3ਜਦੋਂ ਉਸ ਨੇ ਪਤਰਸ ਅਤੇ ਯੋਹਨ ਨੂੰ ਹੈਕਲ ਦੇ ਅੰਦਰ ਵੜਦਿਆਂ ਵੇਖਿਆ, ਤਾਂ ਉਸ ਨੇ ਉਨ੍ਹਾਂ ਤੋਂ ਪੈਸੇ ਮੰਗੇ। 4ਪਤਰਸ ਅਤੇ ਯੋਹਨ ਨੇ ਸਿੱਧਾ ਉਸ ਵੱਲ ਵੇਖਿਆ। ਤਦ ਪਤਰਸ ਨੇ ਉਸ ਨੂੰ ਕਿਹਾ, “ਸਾਨੂੰ ਵੇਖ!” 5ਇਸ ਲਈ ਉਨ੍ਹਾਂ ਤੋਂ ਕੁਝ ਪ੍ਰਾਪਤ ਕਰਨ ਦੀ ਉਮੀਦ ਵਿੱਚ ਉਸ ਆਦਮੀ ਨੇ ਆਪਣਾ ਧਿਆਨ ਉਨ੍ਹਾਂ ਵੱਲ ਕੀਤਾ।
6ਤਦ ਪਤਰਸ ਨੇ ਕਿਹਾ, “ਮੇਰੇ ਕੋਲ ਚਾਂਦੀ ਤੇ ਸੋਨਾ ਤਾਂ ਨਹੀਂ, ਪਰ ਜੋ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ। ਨਾਸਰੀ ਯਿਸ਼ੂ ਮਸੀਹ ਦੇ ਨਾਮ ਵਿੱਚ, ਚੱਲ ਫਿਰ।” 7ਪਤਰਸ ਨੇ ਉਸ ਨੂੰ ਸੱਜੇ ਹੱਥ ਨਾਲ ਫੜ ਲਿਆ, ਅਤੇ ਉਸ ਦੀ ਸਹਾਇਤਾ ਕੀਤੀ, ਅਤੇ ਉਸੇ ਵੇਲੇ ਹੀ ਆਦਮੀ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਜਾਨ ਆ ਗਈ। 8ਉਹ ਆਪਣੇ ਪੈਰਾਂ ਤੇ ਛਾਲ ਮਾਰ ਕੇ ਤੁਰਨ ਲੱਗ ਪਿਆ। ਤਦ ਉਹ ਪਤਰਸ ਅਤੇ ਯੋਹਨ ਨਾਲ ਹੈਕਲ ਦੇ ਵਿਹੜੇ ਵਿੱਚ ਚਲਦਿਆਂ ਅਤੇ ਛਾਲਾਂ ਮਾਰਦਾ ਗਿਆ, ਅਤੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਾ। 9ਜਦੋਂ ਸਾਰੇ ਲੋਕਾਂ ਨੇ ਉਸ ਨੂੰ ਤੁਰਦੇ ਅਤੇ ਪਰਮੇਸ਼ਵਰ ਦੀ ਮਹਿਮਾ ਕਰਦਿਆਂ ਵੇਖਿਆ, 10ਉਨ੍ਹਾਂ ਨੇ ਉਸ ਨੂੰ ਉਹੀ ਵਿਅਕਤੀ ਵਜੋਂ ਪਛਾਣਿਆ ਜੋ ਹੈਕਲ ਦੇ ਦਰਵਾਜ਼ੇ ਤੇ ਜੋ ਖੂਬਸੂਰਤ ਦਰਵਾਜ਼ਾ ਅਖਵਾਉਂਦਾ ਭੀਖ ਮੰਗਣ ਲਈ ਬੈਠਾ ਹੁੰਦਾ ਸੀ, ਅਤੇ ਉਸ ਨਾਲ ਜੋ ਵਾਪਰਿਆ ਵੇਖ ਕੇ ਉਹ ਸਭ ਹੈਰਾਨ ਅਤੇ ਅਚਰਜ਼ ਹੋ ਗਏ ਸਨ।
ਪਤਰਸ ਦਾ ਭੀੜ ਪ੍ਰਚਾਰ ਕਰਨਾ
11ਜਦੋਂ ਉਹ ਆਦਮੀ ਪਤਰਸ ਅਤੇ ਯੋਹਨ ਨੂੰ ਵੇਖ ਰਿਹਾ ਸੀ, ਸਾਰੇ ਲੋਕ ਹੈਰਾਨ ਹੋ ਗਏ ਅਤੇ ਉਨ੍ਹਾਂ ਕੋਲ ਭੱਜ ਕੇ ਉੱਥੇ ਆਏ ਜੋ ਸ਼ਲੋਮੋਨ ਦੀ ਬਸਤੀ ਅਖਵਾਉਂਦਾ। 12ਜਦੋਂ ਪਤਰਸ ਨੇ ਇਹ ਵੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਹੇ ਇਸਰਾਏਲੀਓ, ਇਹ ਗੱਲ ਤੁਹਾਨੂੰ ਹੈਰਾਨ ਕਿਉਂ ਕਰਦੀ ਹੈ? ਤੁਸੀਂ ਸਾਨੂੰ ਕਿਉਂ ਵੇਖਦੇ ਹੋ ਜਿਵੇਂ ਕਿ ਸਾਡੀ ਆਪਣੀ ਤਾਕਤ ਜਾਂ ਭਗਤੀ ਦੁਆਰਾ ਅਸੀਂ ਇਸ ਆਦਮੀ ਨੂੰ ਤੋਰਿਆ ਹੋਵੇ? 13ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਪਰਮੇਸ਼ਵਰ, ਸਾਡੇ ਪਿਉ-ਦਾਦਿਆਂ ਦੇ ਪਰਮੇਸ਼ਵਰ ਨੇ ਆਪਣੇ ਸੇਵਕ ਯਿਸ਼ੂ ਮਸੀਹ ਦੀ ਮਹਿਮਾ ਕੀਤੀ, ਜਿਸ ਨੂੰ ਤੁਸੀਂ ਮੌਤ ਦੇ ਘਾਟ ਉਤਾਰ ਦਿੱਤਾ, ਅਤੇ ਤੁਸੀਂ ਉਸ ਨੂੰ ਪਿਲਾਤੁਸ ਦੇ ਸਾਹਮਣੇ ਠੁਕਰਾ ਦਿੱਤਾ, ਹਾਲਾਂਕਿ ਪਿਲਾਤੁਸ ਨੇ ਉਸ ਨੂੰ ਜਾਣ ਦੇਣ ਦਾ ਫ਼ੈਸਲਾ ਕੀਤਾ ਸੀ। 14ਤੁਸੀਂ ਪਵਿੱਤਰ ਅਤੇ ਧਰਮੀ ਨੂੰ ਠੁਕਰਾਇਆ ਅਤੇ ਮੰਗ ਕੀਤੀ ਕਿ ਇੱਕ ਕਾਤਲ ਤੁਹਾਡੇ ਕੋਲ ਰਿਹਾ ਕੀਤਾ ਜਾਵੇ। 15ਤੁਸੀਂ ਜੀਵਨ ਦੇ ਮਾਲਕ ਨੂੰ ਮਾਰ ਦਿੱਤਾ, ਪਰ ਪਰਮੇਸ਼ਵਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ। ਅਸੀਂ ਇਸ ਦੇ ਗਵਾਹ ਹਾਂ। 16ਯਿਸ਼ੂ ਦੇ ਨਾਮ ਉੱਤੇ ਵਿਸ਼ਵਾਸ ਨਾਲ, ਇਹ ਆਦਮੀ ਜਿਸ ਨੂੰ ਤੁਸੀਂ ਵੇਖਦੇ ਹੋ ਅਤੇ ਜਾਣਦੇ ਵੀ ਹੋ ਉਹ ਤਕੜਾ ਕੀਤਾ ਗਿਆ। ਇਹ ਉਸ ਵਿਸ਼ਵਾਸ ਨੇ ਜਿਹੜਾ ਯਿਸ਼ੂ ਦੇ ਨਾਮ ਰਾਹੀਂ ਹੈ, ਉਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ, ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ।
17“ਹੁਣ, ਹੇ ਇਸਰਾਏਲੀਓ, ਮੈਂ ਜਾਣਦਾ ਹਾਂ ਜੋ ਤੁਸੀਂ ਨਾ ਜਾਣਦੇ ਹੋਏ ਅਜਿਹਾ ਕੀਤਾ, ਜਿਵੇਂ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ ਸੀ। 18ਪਰ ਪਰਮੇਸ਼ਵਰ ਨੇ ਇਹ ਇਸ ਤਰ੍ਹਾਂ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ ਜੋ ਉਸ ਨੇ ਸਾਰੇ ਨਬੀਆਂ ਦੁਆਰਾ ਭਵਿੱਖਬਾਣੀਆਂ ਕੀਤੀਆਂ ਸਨ, ਉਸ ਨੇ ਕਿਹਾ ਕਿ ਉਸ ਦੇ ਮਸੀਹਾ ਨੂੰ ਦੁੱਖ ਸਹਿਣੇ ਪੈਣਗੇ। 19ਤੌਬਾ ਕਰੋ, ਅਤੇ ਪਰਮੇਸ਼ਵਰ ਦੇ ਵੱਲ ਮੁੜੋ, ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੂ ਦੇ ਹਜ਼ੂਰੋਂ ਤੁਹਾਡੇ ਲਈ ਸੁੱਖ ਦੇ ਦਿਨ ਆਉਣ, 20ਅਤੇ ਤਾਂ ਜੋ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਚੁਣਿਆ ਗਿਆ ਹੈ, ਯਿਸ਼ੂ ਨੂੰ ਭੇਜ ਦੇਵੇ। 21ਜੋ ਉਹ ਸਵਰਗ ਵਿੱਚ ਰਹੇ, ਕਿ ਜਦੋਂ ਤੱਕ ਪਰਮੇਸ਼ਵਰ ਦਾ ਹਰ ਚੀਜ਼ ਨੂੰ ਬਹਾਲ ਕਰਨ ਦਾ ਸਮਾਂ ਨਾ ਜਾਵੇ, ਜਿਵੇਂ ਉਸ ਨੇ ਬਹੁਤ ਪਹਿਲਾਂ ਤੋਂ ਹੀ ਆਪਣੇ ਪਵਿੱਤਰ ਨਬੀਆਂ ਰਾਹੀਂ ਵਾਅਦਾ ਕੀਤਾ ਸੀ।” 22ਤਾਂ ਮੋਸ਼ੇਹ ਨੇ ਆਖਿਆ, “ਪ੍ਰਭੂ ਤੁਹਾਡਾ ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਭਰਾਵਾਂ ਵਿੱਚੋਂ ਖੜ੍ਹਾ ਕਰੇਗਾ, ਜੋ ਕੁਝ ਉਹ ਤੁਹਾਨੂੰ ਆਖੇ ਤੁਸੀਂ ਉਸ ਦੀ ਜ਼ਰੂਰ ਸੁਣਨਾ।” 23ਹਰੇਕ ਮਨੁੱਖ ਜੋ ਉਸ ਨਬੀ ਦੀਆਂ ਗੱਲਾਂ ਨਾ ਸੁਣੇਗਾ ਉਹ ਆਪਣੇ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ।#3:23 ਬਿਵ 18:15,18,19
24“ਦਰਅਸਲ, ਸਮੂਏਲ ਤੋਂ ਲੈ ਕੇ ਅਤੇ ਉਸ ਤੋਂ ਬਆਦ ਦੇ ਸਾਰੇ ਨਬੀਆਂ ਜਿਨ੍ਹਾਂ ਨੇ ਇਨ੍ਹਾਂ ਹੀ ਦਿਨਾਂ ਬਾਰੇ ਭਵਿੱਖਬਾਣੀ ਕਰਕੇ ਦੱਸਿਆ। 25ਅਤੇ ਤੁਸੀਂ ਉਹ ਨਬੀਆਂ ਦੇ ਅਤੇ ਉਸ ਨੇਮ ਦੇ ਵਾਰਸ ਹੋ ਜੋ ਪਰਮੇਸ਼ਵਰ ਨੇ ਤੁਹਾਡੇ ਪਿਉ-ਦਾਦਿਆਂ ਨਾਲ ਕੀਤਾ ਸੀ। ਉਸ ਨੇ ਅਬਰਾਹਾਮ ਨੂੰ ਕਿਹਾ, ‘ਤੇਰੀ ਵੰਸ਼ ਦੇ ਜ਼ਰੀਏ ਧਰਤੀ ਦੇ ਸਾਰੇ ਲੋਕਾਂ ਨੂੰ ਅਸੀਸ ਮਿਲੇਗੀ।’#3:25 ਉਤ 12:3; 18:18; 22:18; 26:4 26ਜਦੋਂ ਪਰਮੇਸ਼ਵਰ ਨੇ ਆਪਣੇ ਸੇਵਕ ਨੂੰ ਖੜ੍ਹਾ ਕੀਤਾ, ਤਾਂ ਉਸ ਨੇ ਉਸ ਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੇਜਿਆ ਤਾਂ ਜੋ ਤੁਹਾਨੂੰ ਹਰ ਇੱਕ ਨੂੰ ਆਪਣੇ ਭੈੜੇ ਕੰਮਾਂ ਤੋਂ ਦੂਰ ਕਰਕੇ ਅਸੀਸ ਦੇਵੇ।”