ਮਰਕੁਸ 6
6
ਬਾਰਾਂ ਚੇਲਿਆਂ ਦਾ ਮਿਸ਼ਨ।
ਯੂਹੰਨਾ ਦੀ ਮੌਤ
1ਫੇਰ ਉਹ ਉੱਥੋਂ ਤੁਰ ਕੇ ਆਪਣੇ ਦੇਸ ਵਿੱਚ ਆਇਆ ਅਰ ਉਹ ਦੇ ਚੇਲੇ ਉਹ ਦੇ ਪਿੱਛੇ ਹੋ ਤੁਰੇ 2ਜਾਂ ਸਬਤ ਦਾ ਦਿਨ ਹੋਇਆ ਤਾਂ ਉਹ ਸਮਾਜ ਵਿੱਚ ਉਪਦੇਸ਼ ਦੇਣ ਲੱਗਾ ਅਰ ਬਹੁਤੇ ਸੁਣ ਕੇ ਹੈਰਾਨ ਹੋ ਗਏ ਅਤੇ ਬੋਲੇ ਕਿ ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ? ਅਤੇ ਇਹ ਕਿਹੋ ਜਿਹਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ? ਅਰ ਏਹੋ ਜਹੀਆਂ ਕਰਾਮਾਤਾਂ ਜੋ ਉਹ ਦੇ ਹੱਥੋਂ ਹੁੰਦੀਆਂ ਹਨ ਕੀ ਹਨ ? 3ਭਲਾ, ਇਹ ਤਰਖਾਣ ਨਹੀਂ ਹੈ, ਮਰਿਯਮ ਦਾ ਪੁੱਤ੍ਰ ਅਤੇ ਯਾਕੂਬ ਅਰ ਯੋਸੇਸ ਅਰ ਯਹੂਦਾਹ ਅਰ ਸ਼ਮਊਨ ਦਾ ਭਰਾ ਅਤੇ ਉਹ ਦੀਆਂ ਭੈਣਾਂ ਐਥੇ ਸਾਡੇ ਕੋਲ ਨਹੀਂ ਹਨ? ਸੋ ਉਨ੍ਹਾਂ ਉਸ ਤੋਂ ਠੋਕਰ ਖਾਧੀ 4ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਅੰਗ ਸਾਕ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ 5ਅਰ ਉਹ ਉੱਥੇ ਕੋਈ ਕਰਾਮਾਤ ਨਾ ਵਿਖਾ ਸੱਕਿਆ ਪਰ ਥੋੜੇ ਜੇਹੇ ਰੋਗੀਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ 6ਅਤੇ ਉਸਨੇ ਉਨ੍ਹਾਂ ਦੀ ਬੇਪਰਤੀਤੀ ਉੱਤੇ ਅਚਰਜ ਮੰਨਿਆ ਅਰ ਉਹ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਪਦੇਸ਼ ਦਿੰਦਾ ਫਿਰਿਆ ।।
7ਫੇਰ ਉਹ ਉਨ੍ਹਾਂ ਬਾਰਾਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਦੋ ਦੋ ਕਰ ਕੇ ਭੇਜਣ ਲੱਗਾ ਅਰ ਉਸ ਨੇ ਉਨ੍ਹਾਂ ਨੂੰ ਭਰਿਸ਼ਟ ਆਤਮਿਆਂ ਉੱਤੇ ਇਖ਼ਤਿਆਰ ਦਿੱਤਾ 8ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਭਈ ਰਾਹ ਦੇ ਲਈ ਲਾਠੀ ਬਿਨਾ ਹੋਰ ਕੁ਼ਝ ਨਾ ਲਓ,ਨਾ ਰੋਟੀ, ਨਾ ਝੋਲਾ, ਨਾ ਕੁਝ ਨਕਦੀ ਆਪਣੇ ਕਮਰ ਕੱਸੇ ਵਿੱਚ 9ਪਰ ਜੁੱਤੀ ਪਾਓ ਅਤੇ ਦੋ ਕੁਰਤੇ ਨਾ ਪਹਿਨੋ 10ਉਸ ਨੇ ਉਨ੍ਹਾਂ ਨੂੰ ਆਖਿਆ ਕਿ ਜਿੱਥੇ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਜਿਨ੍ਹਾਂ ਚਿਰ ਉੱਥੋਂ ਨਾ ਤੁਰੋ ਉੱਥੇ ਹੀ ਟਿਕੋ 11ਪਰ ਜਿੱਥੇ ਕਿਤੇ ਤੁਹਾਨੂੰ ਕਬੂਲ ਨਾ ਕਰਨ ਅਤੇ ਤੁਹਾਡੀ ਨਾ ਸੁਣਨ ਤਾਂ ਉੱਥੋਂ ਨਿੱਕਲ ਕੇ ਓਨ੍ਹਾਂ ਉੱਤੇ ਸਾਖੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ 12ਤਾਂ ਓਹ ਬਾਹਰ ਜਾ ਕੇ ਪਰਚਾਰ ਕਰਨ ਲੱਗੇ ਕਿ ਲੋਕ ਤੋਬਾ ਕਰਨ 13ਅਰ ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰੇ ਰੋਗੀਆਂ ਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।।
14ਰਾਜਾ ਹੇਰੋਦੇਸ ਨੇ ਸੁਣਿਆ ਕਿਉਂ ਜੋ ਉਹ ਦਾ ਨਾਮ ਬਹੁਤ ਉਜਾਗਰ ਹੋ ਗਿਆ ਸੀ। ਤਾਂ ਉਸ ਨੇ ਆਖਿਆ, ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਏਹ ਸ਼ਕਤੀਆਂ ਉਹ ਦੇ ਵਿੱਚ ਕੰਮ ਕਰ ਰਹੀਆਂ ਹਨ! 15ਹੋਰਨਾਂ ਆਖਿਆ ਜੋ ਏਲੀਯਾਹ ਹੈ ਅਤੇ ਦੂਜਿਆਂ ਨੇ ਕਿਹਾ ਕਿ ਇਹ ਨਬੀ ਹੈ ਹੋਰਨਾਂ ਨਬੀਆਂ ਵਰਗਾ 16ਪਰ ਹੇਰੋਦੇਸ ਨੇ ਸੁਣ ਕਿ ਕਿਹਾ, ਯੂਹੰਨਾ ਜਿਹ ਦਾ ਸਿਰ ਮੈਂ ਵਢਵਾਇਆ ਸੀ ਉਹ ਜੀ ਉੱਠਿਆ ਹੈ 17ਕਿਉਂਕਿ ਹੇਰੋਦੇਸ ਨੇ ਆਪਣੇ ਭਾਈ ਫਿ਼ਲਿਪੁੱਸ ਦੀ ਤੀਵੀਂ ਹੇਰੋਦਿਯਾਸ ਦੇ ਕਾਰਨ ਜਿਹ ਨੂੰ ਉਸ ਨੇ ਵਿਆਹ ਲਿਆ ਸੀ ਆਪੇ ਲੋਕਾਂ ਨੂੰ ਭੇਜ ਕੇ ਯੂਹੰਨਾ ਨੂੰ ਫੜਵਾਇਆ ਅਤੇ ਉਹ ਨੂੰ ਕੈਦਖ਼ਾਨੇ ਵਿੱਚ ਬੰਦ ਕੀਤਾ 18ਇਸ ਲਈ ਜੋ ਯੂਹੰਨਾ ਨੇ ਹੇਰੋਦੇਸ ਨੂੰ ਜੋ ਆਖਿਆ ਸੀ ਕਿ ਆਪਣੇ ਭਾਈ ਦੀ ਤੀਵੀਂ ਦਾ ਰੱਖਣਾ ਤੈਨੂੰ ਜੋਗ ਨਹੀਂ 19ਤਾਂ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਅਤੇ ਉਹ ਨੂੰ ਮਾਰ ਸੁੱਟਣਾ ਚਾਹੁੰਦੀ ਸੀ ਪਰ ਵੱਸ ਨਹੀਂ ਸੀ ਚੱਲਦਾ 20ਕਿਉਂ ਜੋ ਹੇਰੋਦੇਸ ਯੂਹੰਨਾ ਨੂੰ ਧਰਮੀ ਅਤੇ ਪਵਿੱਤ੍ਰ ਪੁਰਖ ਜਾਣ ਕੇ ਉਸ ਕੋਲੋਂ ਡਰਦਾ ਅਰ ਉਹ ਦੀ ਰੱਛਿਆ ਕਰਦਾ ਸੀ ਅਤੇ ਉਹ ਦੀ ਸੁਣ ਕੇ ਬਹੁਤ ਦੁਬਧੇ ਵਿੱਚ ਪੈਂਦਾ ਜਾਂਦਾ ਪਰ ਖੁਸ਼ੀ ਨਾਲ ਉਹ ਦੀ ਸੁਣਦਾ ਸੀ 21ਅਰ ਦਾਉ ਦਾ ਦਿਨ ਆ ਪਹੁੰਚਿਆ ਜਦ ਹੇਰੋਦੇਸ ਨੇ ਆਪਣੇ ਜਨਮ ਦਿਨ ਉੱਤੇ ਆਪਣੇ ਅਮੀਰਾਂ ਅਤੇ ਫੌਜ ਦੇ ਸਰਦਾਰਾਂ ਅਤੇ ਗਲੀਲ ਦੇ ਰਈਸਾਂ ਲਈ ਦਾਉਤ ਕੀਤੀ 22ਅਰ ਜਦ ਹੇਰੋਦਿਯਾਸ ਦੀ ਧੀ ਆਪ ਅੰਦਰ ਆਣ ਕੇ ਨੱਚੀ ਅਤੇ ਹੇਰੋਦੇਸ ਅਰ ਉਹ ਦੇ ਨਾਲ ਬੈਠਣ ਵਾਲਿਆਂ ਨੂੰ ਰਿਝਾਇਆ ਤਦ ਰਾਜਾ ਨੇ ਉਸ ਕੁੜੀ ਨੂੰ ਕਿਹਾ, ਜੋ ਤੂੰ ਚਾਹੇਂ ਸੋ ਮੈਥੋਂ ਮੰਗ ਤਾਂ ਮੈਂ ਤੈਨੂੰ ਦਿਆਂਗਾ 23ਅਰ ਉਹ ਦੇ ਅੱਗੇ ਸੌਂਹ ਖਾਧੀ ਭਈ ਜੋ ਕੁਝ ਤੂੰ ਮੈਥੋਂ ਮੰਗੇਂ ਮੈਂ ਆਪਣੇ ਅੱਧੇ ਰਾਜ ਤੀਕਰ ਭੀ ਤੈਨੂੰ ਦਿਆਂਗਾ 24ਤਦ ਉਸ ਨੇ ਬਾਹਰ ਜਾਕੇ ਆਪਣੀ ਮਾਂ ਨੂੰ ਕਿਹਾ, ਮੈਂ ਕੀ ਮੰਗਾਂ? ਉਹ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ! 25ਤਦ ਉਹ ਫੁਰਤੀ ਨਾਲ ਉਸੇ ਵੇਲੇ ਰਾਜਾ ਦੇ ਕੋਲ ਫੇਰ ਅੰਦਰ ਗਈ ਅਤੇ ਅਰਜ਼ ਕਰ ਕੇ ਕਿਹਾ, ਮੈਂ ਇਹ ਚਾਹੁੰਦੀ ਹਾਂ ਜੋ ਤੁਸੀਂ ਇਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਮੈਨੂੰ ਹੁਣੇ ਦੇ ਦਿਓ! 26ਤਦ ਰਾਜਾ ਬਹੁਤ ਉਦਾਸ ਹੋਇਆ ਪਰ ਉਹ ਨੇ ਆਪਣੀ ਸੌਂਹ ਅਤੇ ਨਾਲ ਬੈਠਣ ਵਾਲਿਆਂ ਦੀ ਖਾਤਰ ਉਸ ਨੂੰ ਨਾਂਹ ਕਰਨੀ ਨਾ ਚਾਹੀ 27ਤਾਂ ਰਾਜਾ ਨੇ ਝੱਟ ਇਕ ਸਿਪਾਹੀ ਨੂੰ ਹੁਕਮ ਦੇ ਕੇ ਭੇਜਿਆ ਜੋ ਉਹ ਦਾ ਸਿਰ ਲਿਆਏ। ਤਦ ਉਹ ਨੇ ਜਾਕੇ ਉਹ ਦਾ ਸਿਰ ਕੈਦਖ਼ਾਨੇ ਵਿੱਚ ਵੱਢਿਆ 28ਅਤੇ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਅਰ ਕੁੜੀ ਨੂੰ ਦਿੱਤਾ ਅਤੇ ਕੁੜੀ ਨੇ ਉਹ ਆਪਣੀ ਮਾਂ ਨੂੰ ਦਿੱਤਾ 29ਅਤੇ ਉਹ ਦੇ ਚੇਲੇ ਸੁਣ ਕੇ ਆਏ ਅਰ ਉਹ ਦੀ ਲੋਥ ਚੁੱਕ ਕੇ ਉਸ ਨੂੰ ਕਬਰ ਵਿੱਚ ਰੱਖਿਆ ।।
30ਫੇਰ ਰਸੂਲ ਯਿਸੂ ਦੇ ਕੋਲ ਇਕੱਠੇ ਹੋਏ ਅਤੇ ਜੋ ਕੁਝ ਉਨਾਂ ਕੀਤਾ ਅਰ ਜੋ ਕੁਝ ਉਪਦੇਸ਼ ਦਿੱਤਾ ਸੀ ਸਭ ਉਹ ਨੂੰ ਦੱਸਿਆ 31ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਉਜਾੜ ਥਾਂ ਅਲੱਗ ਚੱਲੇ ਚੱਲੋ ਅਤੇ ਰਤੀ ਕੁ ਸਸਤਾਓ ਕਿਉਂਕਿ ਬਹੁਤ ਲੋਕ ਆਉਂਦੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਰੋਟੀ ਖਾਣ ਦਾ ਵੀ ਵਿਹਲ ਨਹੀਂ ਸੀ ਹੁੰਦਾ 32ਸੋ ਓਹ ਬੇੜੀ ਉੱਤੇ ਇੱਕ ਉਜਾੜ ਥਾਂ ਵਿੱਚ ਅਲੱਗ ਚੱਲੇ ਗਏ 33ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ ਅਤੇ ਬਹੁਤਿਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਰ ਸਾਰਿਆਂ ਨਗਰਾਂ ਤੋਂ ਪੈਦਲ ਉਧੱਰ ਨੂੰ ਇੱਕ ਸੰਗ ਦੌੜੇ ਅਤੇ ਉਨ੍ਹਾਂ ਤੋਂ ਅੱਗੇ ਹੀ ਜਾ ਪਹੁੰਚੇ 34ਤਾਂ ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ 35ਅਰ ਜਾਂ ਦਿਨ ਬਹੁਤ ਢਲ ਗਿਆ ਤਾਂ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਦਿਨ ਹੁਣ ਬਹੁਤ ਢਲ ਗਿਆ 36ਇਨ੍ਹਾਂ ਨੂੰ ਵਿਦਿਆ ਕਰ ਤਾਂ ਓਹ ਆਲੇ ਦੁਆਲੇ ਦੇ ਗਰਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣ ਨੂੰ ਮੁੱਲ ਲੈਣ 37ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ ਪਰ ਉਨ੍ਹਾਂ ਉਸ ਨੂੰ ਆਖਿਆ, ਭਲਾ, ਅਸੀਂ ਜਾ ਕੇ ਸੌ ਰੁਪਏ ਦੀਆਂ ਰੋਟੀਆਂ ਮੁੱਲ ਲੈਕੇ ਇਨ੍ਹਾਂ ਨੂੰ ਖੁਆਈਏ? 38ਉਸ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ ਵੇਖੋ। ਤਾਂ ਉਨ੍ਹਾਂ ਮਲੂਮ ਕਰ ਕੇ ਕਿਹਾ ਕਿ ਪੰਜ ਅਤੇ ਦੋ ਮੱਛੀਆਂ 39ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕੇ ਸੱਭੇ ਹਰੇ ਘਾਹ ਉੱਤੇ ਪੰਗਤਾਂ ਹੋਕੇ ਬਹਿ ਜਾਣ 40ਅਰ ਉਨ੍ਹਾਂ ਦੀ ਸੌ ਸੌ ਅਤੇ ਪੰਜਾਹਾਂ ਪੰਜਾਹਾਂ ਦੀ ਪਾਲ ਬੈਠ ਗਈ 41ਤਾਂ ਉਸ ਨੇ ਓਹ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈਕੇ ਆਕਾਸ਼ ਦੀ ਵੱਲ ਵੇਖਿਆ ਅਰ ਬਰਕਤ ਦੇ ਕੇ ਰੋਟੀਆਂ ਤੋੜੀਆਂ ਅਤੇ ਲੋਕਾਂ ਦੇ ਅੱਗੇ ਰੱਖਣ ਲਈ ਚੇਲਿਆਂ ਨੂੰ ਦਿੰਦਾ ਗਿਆ ਅਤੇ ਦੋਵੇਂ ਮੱਛੀਆਂ ਉਹ ਨੇ ਸਭਨਾਂ ਵਿੱਚ ਵੰਡੀਆਂ 42ਤਾਂ ਓਹ ਸਾਰੇ ਖਾ ਕੇ ਰੱਜ ਗਏ 43ਅਤੇ ਉਨ੍ਹਾਂ ਨੇ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਉਠਾਈਆਂ ਅਤੇ ਕੁਝ ਮੱਛੀਆਂ ਵਿੱਚੋਂ ਵੀ ਉਠਾਇਆ 44ਅਤੇ ਰੋਟੀਆਂ ਦੇ ਖਾਣ ਵਾਲੇ ਪੰਜ ਹਜ਼ਾਰ ਮਰਦ ਸਨ ।।
45ਫੇਰ ਉਹ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕਰ ਮੈਂ ਭੀੜ ਨੂੰ ਵਿਦਿਆ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਬੈਤਸੈਦਾ ਨੂੰ ਪਾਰ ਲੰਘੋ 46ਅਤੇ ਉਨ੍ਹਾਂ ਨੂੰ ਤੋਰ ਕੇ ਉਹ ਆਪ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚੱਲਿਆ ਗਿਆ 47ਅਰ ਜਾਂ ਸੰਝ ਹੋਈ ਤਾਂ ਬੇੜੀ ਝੀਲ ਦੇ ਵਿਚਾਲੇ ਸੀ ਅਤੇ ਉਹ ਇਕੱਲਾ ਹੀ ਕੰਢੇ ਉੱਤੇ ਸੀ 48ਜਾਂ ਉਸ ਨੇ ਉਨ੍ਹਾਂ ਨੂੰ ਚੱਪੇ ਲਾਉਣ ਵਿੱਚ ਔਖਾ ਵੇਖਿਆ ਕਿਉਂ ਜੋ ਪੌਣ ਸਾਹਮਣੀ ਸੀ ਤਾਂ ਰਾਤ ਦੇ ਪਿਛਲੇ ਪਹਿਰ ਉਹ ਝੀਲ ਦੇ ਉੱਤੋਂ ਦੀ ਤੁਰਦਿਆਂ ਉਨ੍ਹਾਂ ਦੀ ਵੱਲ ਆਇਆ ਅਤੇ ਉਨ੍ਹਾਂ ਤੋਂ ਅੱਗੇ ਵਧਣ ਨੂੰ ਕਰਦਾ ਸੀ 49ਪਰ ਜਾਂ ਉਨ੍ਹਾਂ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖਿਆ ਤਾਂ ਉਸ ਨੂੰ ਭੂਤਨਾ ਜਾਣ ਕੇ ਡਡਿਆ ਉੱਠੇ 50ਕਿਉਂਕਿ ਓਹ ਸਭ ਉਸ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਉਸ ਨੇ ਓਵੇਂ ਉਨ੍ਹਾਂ ਨਾਲ ਗੱਲਾਂ ਕਰ ਕੇ ਉਨ੍ਹਾਂ ਨੂੰ ਕਿਹਾ, ਹੌਂਸਲਾ ਰੱਖੋ, ਮੈਂ ਹਾਂ, ਨਾ ਡਰੋ! 51ਤਦ ਉਹ ਬੇੜੀ ਉੱਤੇ ਉਨ੍ਹਾਂ ਕੋਲ ਚੜ੍ਹ ਗਿਆ ਅਤੇ ਪੌਣ ਥੰਮ੍ਹ ਗਈ। ਤਦ ਓਹ ਆਪਣੇ ਮਨਾਂ ਵਿੱਚ ਡਾਢੇ ਅਚਰਜ ਹੋਏ।।
52ਕਿਉਂ ਜੋ ਉਨ੍ਹਾਂ ਨੇ ਉਨ੍ਹਾਂ ਰੋਟੀਆਂ ਦੀ ਗੱਲ ਨਹੀਂ ਸੀ ਸਮਝੀ ਪਰ ਉਨ੍ਹਾਂ ਦੇ ਦਿਲ ਸੁੰਨ ਹੋਏ ਹੋਏ ਸਨ।। 53ਓਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ ਅਰ ਬੇੜੀ ਨੂੰ ਘਾਟ ਤੇ ਬੰਨ੍ਹਿਆਂ 54ਜਾਂ ਓਹ ਬੇੜੀ ਉੱਤੋਂ ਉੱਤਰੇ ਤਾਂ ਲੋਕਾਂ ਨੇ ਉਸ ਨੂੰ ਝੱਟ ਸਿਆਣ ਲਿਆ 55ਅਰ ਉਸ ਸਾਰੇ ਦੇਸ ਦੇ ਚੌਹੀਂ ਪਾਸੀਂ ਦੌੜੇ ਅਰ ਜਿੱਥੇ ਸੁਣਿਆ ਕਿ ਉਹ ਹੈ ਉੱਥੇ ਰੋਗੀਆਂ ਨੂੰ ਮੰਜੀਆਂ ਤੇ ਪਾ ਕੇ ਲੈ ਜਾਣ ਲੱਗੇ 56ਅਰ ਉਹ ਜਿੱਥੇ ਕਿਤੇ ਪਿੰਡਾਂ ਯਾ ਨਗਰਾਂ ਯਾ ਗਰਾਵਾਂ ਵਿੱਚ ਵੜਦਾ ਸੀ ਉੱਥੇ ਹੀ ਮਾਂਦਿਆਂ ਨੂੰ ਬਾਜਾਰਾਂ ਵਿੱਚ ਲਿਆ ਰੱਖਦੇ ਸਨ ਅਤੇ ਉਹ ਦੀ ਮਿੰਨਤ ਕਰਦੇ ਸਨ ਕਿ ਉਹ ਦੇ ਕੱਪੜੇ ਦਾ ਪੱਲਾ ਹੀ ਛੋਹਣਾ ਪਾਉਣ ਅਰ ਜਿੰਨਿਆਂ ਨੇ ਉਸ ਨੂੰ ਛੋਹਿਆ ਸੋ ਚੰਗੇ ਹੋ ਗਏ।।
اکنون انتخاب شده:
ਮਰਕੁਸ 6: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.