ਲੂਕਾ 6
6
ਧੰਨਵਾਦਾਂ ਅਤੇ ਹਾਹਾ ਕਾਰੀਆਂ
1ਇੱਕ ਸਬਤ ਦੇ ਦਿਨ ਐਉਂ ਹੋਇਆ ਜੋ ਉਹ ਖੇਤਾਂ ਵਿੱਚੋਂ ਦੀ ਲੱਗਾ ਜਾਂਦਾ ਸੀ ਅਤੇ ਉਸ ਦੇ ਚੇਲੇ ਸਿੱਟੇ ਤੋਂੜ ਕੇ ਆਪਣਿਆਂ ਹੱਥਾਂ ਨਾਲ ਮਲ ਮਲ ਚੱਬਦੇ ਜਾਂਦੇ ਸਨ 2ਅਰ ਫ਼ਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਿਉਂ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ ਹੈ? 3ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਲਾ, ਤੁਸਾਂ ਇਹ ਵੀ ਨਹੀਂ ਪੜ੍ਹਿਆ ਜੋ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ? 4ਉਹ ਕਿਵੇਂ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਲੈ ਕੇ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਬਿਨਾ ਕਿਸੇ ਹੋਰ ਨੂੰ ਜੋਗ ਨਹੀਂ ਅਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ? 5ਫੇਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤ੍ਰ ਸਬਤ ਦਾ ਮਾਲਕ ਹੈ।।
6ਇੱਕ ਹੋਰ ਸਬਤ ਦੇ ਦਿਨ ਐਉਂ ਹੋਇਆ ਭਈ ਉਹ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ਅਰ ਉੱਥੇ ਇੱਕ ਮਨੁੱਖ ਸੀ ਜਿਹ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ 7ਗ੍ਰੰਥੀ ਅਰ ਫ਼ਰੀਸੀ ਉਹ ਦੀ ਤਾੜ ਵਿੱਚ ਲੱਗੇ ਹੋਏ ਸਨ ਭਈ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ? ਇਸ ਲਈ ਜੋ ਉਹ ਦੇ ਜੁੰਮੇ ਦੋਸ਼ ਲਾਉਣ ਦਾ ਮੌਕਾ ਮਿਲੇ 8ਪਰ ਉਸ ਨੇ ਉਨ੍ਹਾਂ ਦੇ ਖਿਆਲਾਂ ਨੂੰ ਜਾਣ ਕੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਉੱਠ, ਅਤੇ ਵਿਚਾਲੇ ਖੜੋ ਜਾਹ। ਤਾਂਉਹ ਉੱਠ ਖੜੋਤਾ 9ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ,ਮੈਂ ਤੁਹਾਥੋਂ ਪੁੱਛਣਾ ਹਾਂ ਭਈ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ ਯਾ ਬੁਰਾ ਕਰਨਾ? ਜਾਨ ਬਚਾਉਣੀ ਯਾ ਨਾਸ ਕਰਨੀ? 10ਤਾਂ ਉਸ ਨੇ ਉਨ੍ਹਾਂ ਸਭਨਾਂ ਵੱਲ ਚੁਫੇਰੇ ਵੇਖ ਕੇ ਉਹ ਨੂੰ ਆਖਿਆ, ਆਪਣਾ ਹੱਥ ਲੰਮਾ ਕਰ। ਤਾਂ ਉਹ ਨੇ ਕਰ ਦਿੱਤਾ ਅਤੇ ਉਹ ਦਾ ਹੱਥ ਮੁੜ ਚੰਗਾ ਹੋ ਗਿਆ 11ਪਰ ਓਹ ਸੁਦਾਪੁਣੇ ਨਾਲ ਭਰ ਗਏ ਅਰ ਆਪੋ ਵਿੱਚ ਗੱਲਾਂ ਕਰਨ ਲੱਗੇ ਭਈ ਅਸੀਂ ਯਿਸੂ ਨਾਲ ਕੀ ਕਰੀਏ? ।।
12ਉਨ੍ਹੀਂ ਦਿਨੀਂ ਅਜਿਹਾ ਹੋਇਆ ਜੋ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ 13ਅਤੇ ਜਾਂ ਦਿਨ ਚੜ੍ਹਿਆ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕੋਲ ਸੱਦਿਆ ਅਤੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣ ਕੇ ਉਨ੍ਹਾਂ ਦਾ ਨਾਉਂ ਰਸੂਲ ਵੀ ਰੱਖਿਆ ਅਰਥਾਤ 14ਸ਼ਮਊਨ ਜਿਹ ਦਾ ਨਾਉਂ ਉਸ ਨੇ ਪਤਰਸ ਵੀ ਧਰਿਆ ਅਤੇ ਉਹ ਦਾ ਭਰਾ ਅੰਦ੍ਰਿਯਾਸ ਅਰ ਯਾਕੂਬ ਅਰ ਯੂਹੰਨਾ ਅਰ ਫ਼ਿਲਿੱਪੁਸ ਅਰ ਬਰਥੁਲਮਈ 15ਅਰ ਮੱਤੀ ਅਰ ਥੋਮਾ ਅਰ ਹਲਫ਼ਈ ਦਾ ਪੁੱਤ੍ਰ ਯਾਕੂਬ ਅਰ ਸ਼ਮਊਨ ਜਿਹੜਾ ਜ਼ੇਲੋਤੇਸ ਕਹਾਂਉਦਾ ਹੈ 16ਯਾਕੂਬ ਦਾ ਪੁੱਤ੍ਰ ਯਹੂਦਾ ਅਰ ਯਹੂਦਾ ਇਸਕਰਿਯੋਤੀ ਜਿਹੜਾ ਉਹ ਦਾ ਫੜਵਾਉਣ ਵਾਲਾ ਵੀ ਸੀ 17ਅਤੇ ਉਹ ਉਨ੍ਹਾਂ ਨਾਲ ਉਤਰ ਕੇ ਪੱਧਰੇ ਖੜਾ ਹੋਇਆ, ਨਾਲੇ ਉਹ ਦੇ ਚੇਲਿਆਂ ਦੀ ਵੱਡੀ ਮੰਡਲੀ ਅਰ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦਿਯਾ ਅਤੇ ਯਰੂਸ਼ਲਮ ਅਤੇ ਸੂਰ ਅਰ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਹ ਦੀ ਸੁਣਨ ਲਈ ਅਰ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ 18ਅਤੇ ਜਿਹੜੇ ਭਰਿਸ਼ਟ ਆਤਮਿਆਂ ਤੋਂ ਦੁਖੀ ਸਨ ਓਹ ਚੰਗੇ ਕੀਤੇ ਗਏ 19ਅਰ ਸਾਰੇ ਲੋਕ ਉਹ ਨੂੰ ਛੋਹਣਾ ਚਾਹੁੰਦੇ ਸਨ ਇਸ ਲਈ ਜੋ ਸ਼ਕਤੀ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ।।
20ਉਸ ਨੇ ਆਪਣੇ ਚੇਲਿਆਂ ਉੱਤੇ ਨਿਗਾਹ ਕਰ ਕੇ ਆਖਿਆ,-
ਧੰਨ ਹੋ ਤੁਸੀਂ ਜਿਹੜੇ ਗਰੀਬ ਹੋ ਕਿਉਂ ਜੋ ਪਰਮੇਸ਼ੁਰ
ਦਾ ਰਾਜ ਤੁਹਾਡਾ ਹੈ।
21ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ
ਰਜਾਏ ਜਾਓਗੇ ।
ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ
ਹੱਸੋਗੇ ।
22ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤ੍ਰ ਦੇ ਕਾਰਨ ਮਨੁੱਖ
ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਓਹ
ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ
ਅਤੇ ਤੁਹਾਡਾ ਨਾਉਂ ਬੁਰਾ ਜਾਣ ਕੇ ਕੱਢ ਸੁੱਟਣਗੇ
23ਉਸ ਦਿਨ ਅਨੰਦ ਹੋਵੋ ਤੇ ਖੁਸ਼ੀ
ਨਾਲ ਉੱਛਲੋ ਕਿਉਂ ਜੋ ਵੇਖੋ ਤੁਹਾਡਾ ਫਲ
ਸੁਰਗ ਵਿੱਚ ਬਹੁਤ ਹੈ, ਇਸੇ ਲਈ ਭਈ
ਉਨ੍ਹਾਂ ਦੇ ਪਿਉਦਾਦਿਆਂ ਨੇ ਨਬੀਆਂ ਨਾਲ
ਇਸੇ ਤਰਾਂ ਕੀਤਾ।।
24ਪਰ ਹਾਇ ਤੁਹਾਨੂੰ ਜਿਹੜੇ ਧਨਵਾਨ ਹੋ ਕਿਉਂ ਜੋ
ਤੁਸੀਂ ਆਪਣੀ ਤਸੱਲੀ ਲੈ ਚੁੱਕੇ ।
25ਹਾਇ ਤੁਹਾਨੂੰ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ
ਤੁਸੀਂ ਭੁੱਖੇ ਹੋਵੋਗੇ।
ਹਾਇ ਤੁਹਾਨੂੰ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ
ਤੁਸੀਂ ਸੋਗ ਕਰੋਗੇ ਅਤੇ ਰੋਵੋਗੇ।
26ਹਾਇ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ
ਕਰਨ ਕਿਉਂ ਜੋ ਉਨ੍ਹਾਂ ਦੇ ਪਿਉਦਾਦਿਆਂ ਨੇ
ਝੂਠੇ ਨਬੀਆਂ ਨਾਲ ਇਸੇ ਤਰਾਂ ਕੀਤਾ।।
27ਪਰ ਮੈਂ ਤੁਹਾਨੂੰ ਜੋ ਸੁਣਦੇ ਹੋ ਆਖਦਾ ਹਾਂ ਭਈ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ 28ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ। ਜੋ ਤੁਹਾਡੀ ਪਤ ਲਾਹੁਣ ਉਨ੍ਹਾਂ ਲਈ ਪ੍ਰਾਰਥਨਾ ਕਰੋ 29ਜੋ ਤੇਰੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਈ ਵੀ ਉਹ ਦੀ ਵੱਲ ਕਰ ਦਿਹ ਅਰ ਜੋ ਤੇਰੀ ਚਾਦਰ ਖੋਹ ਲਵੇ ਉਹ ਨੂੰ ਕੁੜਤਾ ਵੀ ਲੈਣੋਂ ਮਨਾ ਨਾ ਕਰ 30ਜੋ ਕੋਈ ਤੈਥੋਂ ਮੰਗੇ ਉਹ ਨੂੰ ਦਿਹ ਅਰ ਜੋ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਮੁੜ ਨਾ ਮੰਗ 31ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ 32ਜੇ ਤੁਸੀਂ ਉਨ੍ਹਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਆਪਣਿਆਂ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ? 33ਅਰ ਜੇ ਤੁਸੀਂ ਉਨ੍ਹਾਂ ਹੀ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਇਹੋ ਕਰਦੇ ਹਨ? 34ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣ ਦੀ ਆਸਾ ਹੋਵੇ ਤਾਂ ਤੁਹਾਡਾ ਕੀ ਹਸਾਨ ਹੈ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਭਈ ਮੁੜ ਕੇ ਉਨ੍ਹਾਂ ਤੋਂ ਉੱਨਾ ਹੀ ਲੈ ਲੈਣ 35ਪਰ ਤੁਸੀਂ ਆਪਣਿਆਂ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ ਨਾ ਹੋ ਕੇ ਉਧਾਰ ਦਿਓ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤ੍ਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ 36ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ 37ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ । ਛੱਡ ਦਿਓ ਤਾਂ ਤੁਸੀਂ ਛੱਡੇ ਜਾਓਗੇ 38ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ ।।
39ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦੇ ਕੇ ਕਿਹਾ, ਭਲਾ, ਅੰਨ੍ਹਾ ਅੰਨ੍ਹੇ ਦਾ ਆਗੂ ਹੋ ਸੱਕਦਾ ਹੈ? ਕੀ ਓਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ? 40ਚੇਲਾ ਗੁਰੂ ਨਾਲੋਂ ਵੱਡਾ ਨਹੀਂ ਪਰ ਹਰੇਕ ਜਦ ਪੂਰਾ ਹੋ ਗਿਆ ਤਦ ਆਪਣੇ ਗੁਰੂ ਵਰਗਾ ਹੋਵੇਗਾ 41ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀ ਕਰਦਾ? 42ਯਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖ ਸੱਕਦਾ ਹੈਂ ,ਭਾਈ ਲਿਆ ! ਉਸ ਕੱਖ ਨੂੰ ਜੋ ਤੇਰੀ ਅੱਖ ਵਿੱਚ ਹੈ ਕੱਢ ਸੁੱਟਾਂ ? ਪਰ ਤੂੰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ । ਹੇ ਕਪਟੀ , ਪਹਿਲਾ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਅੱਛੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਜੋ ਤੇਰੇ ਭਾਈ ਦੀ ਅੱਖ ਵਿੱਚ ਹੈ ਕੱਢ ਸੱਕੇਗਾ 43ਕੋਈ ਚੰਗਾ ਰੁੱਖ ਤਾਂ ਨਹੀਂ ਹੈ ਜਿਹੜਾ ਮਾੜਾ ਫਲ ਦੇਵੇ ਅਤੇ ਫੇਰ ਕੋਈ ਮਾੜਾ ਰੁੱਖ ਨਹੀ ਹੈ ਜਿਹੜਾ ਚੰਗਾ ਫਲ ਦੇਵੇ 44ਕਿਉਂ ਜੋ ਹਰੇਕ ਰੁੱਖ ਆਪੋ ਆਪਣੇ ਫਲ ਤੋਂ ਪਛਾਣਿਆਂ ਜਾਂਦਾ ਹੈ। ਕੰਡਿਆਲਿਆਂ ਤੋਂ ਹੰਜੀਰ ਨਹੀਂ ਤੋੜਦੇ, ਨਾ ਝਾੜਿਓਂ ਦਾਖ ਤੋੜਦੇ ਹਨ 45ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।।
46ਤੁਸੀਂ ਮੈਨੂੰ “ਪ੍ਰਭੁ, ਪ੍ਰਭੁ” ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀ ਕਰਦੇ? 47ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਜੋ ਉਹ ਕਿਸ ਵਰਗਾ ਹੈ 48ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨੀਉਂ ਧਰੀ ਅਤੇ ਜਾਂ ਹੜ੍ਹ ਆਇਆ ਤਾਂ ਧਾਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਹ ਨੂੰ ਹਿਲਾ ਨਾ ਸੱਕੀ ਇਸ ਲਈ ਜੋ ਉਹ ਅੱਛੀ ਤਰਾਂ ਬਣਾਇਆਂ ਹੋਇਆ ਸੀ 49ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਨੀਉਂ ਬਿਨਾਂ ਧਰਤੀ ਉੱਤੇ ਘਰ ਬਣਾਇਆਂ ਜਿਸ ਉੱਤੇ ਧਾਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਰ ਉਸ ਘਰ ਦਾ ਸੱਤਿਆ ਨਾਸ ਹੋ ਗਿਆ।।
اکنون انتخاب شده:
ਲੂਕਾ 6: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.