ਮਰਕੁਸ ਦੀ ਇੰਜੀਲ 2
2
ਯਿਸੂ ਦਾ ਇੱਕ ਅਧਰੰਗ ਤੋਂ ਪੀੜਤ ਆਦਮੀ ਨੂੰ ਠੀਕ ਕਰਨਾ
(ਮੱਤੀ 9:1-8; ਲੂਕਾ 5:17-26)
1ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ। 2ਬਹੁਤ ਸਾਰੇ ਲੋਕ ਉਸਦਾ ਉਪਦੇਸ਼ ਸੁਨਣ ਲਈ ਇਕੱਠੇ ਹੋਏ। ਇਸ ਲਈ ਜਿੱਥੇ ਉਹ ਸੀ ਓੱਥੇ ਘਰ ਦੇ ਬੂਹੇ ਤੇ ਖੜ੍ਹਨ ਦੀ ਜਗ੍ਹਾ ਵੀ ਨਹੀਂ ਸੀ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦਿੱਤੇ। 3ਇੱਕ ਅਧਰੰਗੀ ਮਰੀਜ ਨੂੰ ਕੁਝ ਲੋਕ ਚੁੱਕ ਕੇ ਯਿਸੂ ਕੋਲ ਲੈ ਆਏ। 4ਪਰ ਉਹ ਯਿਸੂ ਤੱਕ ਉਸ ਦੇ ਘਰ ਅੰਦਰ ਨਾ ਪਹੁੰਚ ਸੱਕੇ ਕਿਉਂਕਿ ਘਰ ਭੀੜ ਨਾਲ ਖਚਾ-ਖੱਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚੱਲੇ ਗਏ ਅਤੇ ਜਿੱਥੇ ਯਿਸੂ ਖਲੋਤਾ ਸੀ ਛਤ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸ ਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ। 5ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸ ਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”
6ਕੁਝ ਨੇਮ ਦੇ ਉਪਦੇਸ਼ਕ ਉੱਥੇ ਬੈਠੇ ਸਨ। ਉਹ ਯਿਸੂ ਨੂੰ ਇਹ ਸਭ ਕਰਦੇ ਵੇਖ ਆਪਣੇ ਮਨਾਂ ਵਿੱਚ ਵਿੱਚਾਰ ਕਰਨ ਲੱਗੇ, 7“ਇਹ ਮਨੁੱਖ ਇਉਂ ਕਿਵੇਂ ਬੋਲਦਾ ਹੈ? ਇਹ ਪਰਮੇਸ਼ੁਰ ਦੇ ਖਿਲਾਫ਼ ਬੋਲ ਰਿਹਾ ਹੈ। ਇੱਕ ਪਰਮੇਸ਼ੁਰ ਤੋਂ ਬਿਨਾ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸੱਕਦਾ।”
8ਯਿਸੂ ਜਾਣਦਾ ਸੀ ਕਿ ਇਹ ਨੇਮ ਦੇ ਉਪਦੇਸ਼ਕ ਉਸ ਬਾਰੇ ਇਉਂ ਸੋਚ ਰਹੇ ਹਨ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਲਈ ਆਪਣੇ ਮਨਾਂ ਵਿੱਚ ਇੰਝ ਦੇ ਵਿੱਚਾਰ ਪਏ ਕਰਦੇ ਹੋ? 9ਕੀ ਸੁਖਾਲਾ ਹੈ? ਇਸ ਅਧਰੰਗੀ ਮਨੁੱਖ ਨੂੰ ਇਹ ਆਖਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ।’ ਜਾਂ ਇਹ ਆਖਣਾ, ‘ਖੜ੍ਹਾ ਹੋ, ਆਪਣਾ ਬਿਸਤਰਾ ਲੈ ਤੇ ਜਾ?’ 10ਪਰ ਮੈਂ ਤੁਹਾਨੂੰ ਇਹ ਸਾਬਤ ਕਰਾਂਗਾ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਲੋਕਾਂ ਦੇ ਪਾਪ ਮਾਫ਼ ਕਰਨ ਦੀ ਇਖਤਿਆਰ ਹੈ।” ਤਾਂ ਉਸ ਨੇ ਅਧਰੰਗੀ ਨੂੰ ਆਖਿਆ, 11“ਮੈਂ ਤੈਨੂੰ ਆਖਦਾ ਹਾਂ, ਉੱਠ ਖੜ੍ਹਾ ਹੋ, ਅਤੇ ਆਪਣਾ ਬਿਸਤਰਾ ਚੁੱਕ ਕੇ ਘਰ ਚੱਲਿਆ ਜਾ।”
12ਉਹ ਅਧਰੰਗੀ ਉੱਠਿਆ, ਉਸ ਨੇ ਆਪਣੀ ਮੰਜੀ ਚੁੱਕੀ ਅਤੇ ਕਮਰੇ ਵਿੱਚੋਂ ਦੀ ਬਾਹਰ ਹੋ ਗਿਆ। ਸਭਨਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਹੈਰਾਨ ਹੋਏ, ਉਨ੍ਹਾਂ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਹੈਰਾਨੀ ਜਨਕ ਗੱਲ ਪਹਿਲਾਂ ਕਦੇ ਵੀ ਨਹੀਂ ਵੇਖੀ।”
ਲੇਵੀ ਯਿਸੂ ਦਾ ਅਨੁਸਰਣ ਕਰਦਾ
(ਮੱਤੀ 9:9-13; ਲੂਕਾ 5:27-32)
13ਯਿਸੂ ਫ਼ੇਰ ਝੀਲ ਦੇ ਕੰਢੇ ਗਿਆ ਅਤੇ ਕਾਫ਼ੀ ਲੋਕ ਉਸ ਦੇ ਪਿੱਛੇ ਆਏ ਤਾਂ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ। 14ਜਦੋਂ ਯਿਸੂ ਝੀਲ ਕੰਢੇ ਤੁਰ ਰਿਹਾ ਸੀ ਤਾਂ ਜਾਂਦੇ ਹੋਏ ਉਸ ਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਤਾਂ ਲੇਵੀ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।
15ਬਾਦ ਵਿੱਚ ਉਸ ਦਿਨ ਯਿਸੂ ਲੇਵੀ ਦੇ ਘਰ ਰੋਟੀ ਖਾਣ ਬੈਠਾ ਤਾਂ ਉੱਥੇ ਹੋਰ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਵੀ ਯਿਸੂ ਅਤੇ ਉਸ ਦੇ ਚੇਲਿਆਂ ਦੇ ਨਾਲ ਬੈਠੇ ਰੋਟੀ ਖਾ ਰਹੇ ਸਨ। ਭੀੜ ਵਿੱਚ ਬਹੁਤ ਲੋਕ ਸਨ ਜਿਨ੍ਹਾਂ ਨੇ ਯਿਸੂ ਦਾ ਪਿੱਛਾ ਕੀਤਾ ਸੀ। 16ਨੇਮ ਦੇ ਕੁਝ ਉਪਦੇਸ਼ਕਾਂ ਨੇ, ਜਿਹੜੇ ਕਿ ਫ਼ਰੀਸੀ ਸਨ, ਯਿਸੂ ਨੂੰ ਮਸੂਲੀਆਂ ਅਤੇ ਪਾਪੀਆਂ ਨਾਲ ਭੋਜਨ ਕਰਦੇ ਵੇਖਿਆ ਤਾਂ ਉਨ੍ਹਾਂ ਉਸ ਦੇ ਚੇਲਿਆਂ ਨੂੰ ਪੁੱਛਿਆ, “ਯਿਸੂ ਮਸੂਲੀਆਂ ਅਤੇ ਪਾਪੀਆਂ ਨਾਲ ਰਲਕੇ ਰੋਟੀ ਕਿਉਂ ਖਾ ਰਿਹਾ ਹੈ?”
17ਯਿਸੂ ਨੇ ਇਹ ਗੱਲ ਸੁਣ ਲਈ ਅਤੇ ਉਨ੍ਹਾਂ ਨੂੰ ਆਖਿਆ, “ਤੰਦਰੁਸਤ ਲੋਕਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਉਹ ਰੋਗੀ ਹਨ ਜਿਨ੍ਹਾਂ ਨੂੰ ਵੈਦ ਦੀ ਲੋੜ ਹੈ। ਮੈਂ ਧਰਮੀਆਂ ਨੂੰ ਸੱਦਾ ਦੇਣ ਨਹੀਂ ਆਇਆ ਸਗੋਂ ਮੈ ਪਾਪੀਆਂ ਨੂੰ ਹੀ ਸੱਦਾ ਦੇਣ ਲਈ ਆਇਆ ਹਾਂ।”
ਯਿਸੂ ਬਾਕੀ ਧਾਰਮਿਕ ਆਗੂਆਂ ਵਰਗਾ ਨਹੀਂ
(ਮੱਤੀ 9:14-17; ਲੂਕਾ 5:33-39)
18ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਕੁਝ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਇਸਦਾ ਕੀ ਕਾਰਣ ਹੈ ਕਿ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖ ਸੱਕਦੇ ਹਨ? ਪਰ ਤੁਹਾਡੇ ਚੇਲੇ ਵਰਤ ਨਹੀਂ ਰੱਖਦੇ?”
19ਯਿਸੂ ਨੇ ਆਖਿਆ, “ਜਦੋਂ ਲਾੜਾ ਆਪਣੇ ਜਨੇਤੀਆ ਨਾਲ ਹੁੰਦਾ ਹੈ ਤਾਂ ਕੀ ਭਲਾ ਉਹ ਉਦਾਸ ਹੋ ਸੱਕਦੇ ਹਨ ਜਾਂ ਉਹ ਵਰਤ ਰੱਖ ਸੱਕਦੇ ਹਨ? ਜਿੰਨਾ ਚਿਰ ਲਾੜਾ ਉਸ ਦੇ ਮਿੱਤਰਾਂ ਨਾਲ ਹੈ, ਉਹ ਵਰਤ ਨਹੀਂ ਰੱਖ ਸੱਕਦੇ। 20ਪਰ ਇੱਕ ਸਮਾਂ ਆਵੇਗਾ ਜਦੋਂ ਲਾੜਾ ਉਨ੍ਹਾਂ ਵਿੱਚੋਂ ਖੋਹ ਲਿਆ ਜਾਵੇਗਾ। ਉਸ ਸਮੇਂ, ਉਹ ਵਰਤ ਰੱਖਣਗੇ।
21“ਕੋਈ ਵੀ ਮਨੁੱਖ ਅਨਸੁੰਗੜ੍ਹੇ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਉੱਤੇ ਨਹੀਂ ਲਾਉਂਦਾ। ਪਰ ਜੇਕਰ ਫ਼ੇਰ ਵੀ ਉਹ ਅਜਿਹਾ ਕਰਦਾ ਹੈ ਤਾਂ ਕੱਪੜੇ ਦੀ ਨਵੀਂ ਟਾਕੀ ਸੁੰਗੜ ਜਾਵੇਗੀ ਅਤੇ ਪੁਰਾਣੇ ਕੱਪੜੇ ਤੋਂ ਪਾਟ ਜਾਵੇਗੀ ਅਤੇ ਮੋਰੀ ਨੂੰ ਹੋਰ ਵੀ ਵੱਡਿਆਂ ਕਰ ਦੇਵੇਗੀ। 22ਇੰਝ ਹੀ, ਲੋਕ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦੇ। ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਦੋਵੇਂ ਹੀ, ਨਵੀਂ ਮੈਅ ਅਤੇ ਮਸ਼ਕਾਂ, ਨਸ਼ਟ ਹੋ ਜਾਣਗੀਆਂ। ਇਸੇ ਲਈ ਲੋਕ ਨਵਾਂ ਦਾਖਰਸ ਨਵੀਂਆਂ ਮਸ਼ਕਾਂ ਵਿੱਚ ਰੱਖਦੇ ਹਨ।”
ਕੁਝ ਯਹੂਦੀਆਂ ਨੇ ਯਿਸੂ ਨੂੰ ਨਿੰਦਿਆ
(ਮੱਤੀ 12:1-8; ਲੂਕਾ 6:1-5)
23ਸਬਤ ਦੇ ਦਿਨ, ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸ ਦੇ ਚੇਲੇ ਉਸ ਦੇ ਨਾਲ ਸਨ। ਖੇਤਾਂ ਵਿੱਚੋਂ ਲੰਘਦਿਆਂ, ਚੇਲੇ ਸਿੱਟੇ ਤੋੜ ਕੇ ਖਾਣ ਲਗੇ। 24ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”
25ਉਸ ਨੇ ਜਵਾਬ ਦਿੱਤਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਉਦੋਂ ਕੀ ਕੀਤਾ ਜਦੋਂ ਉਹ ਤੇ ਉਸ ਦੇ ਚੇਲੇ ਭੁੱਖੇ ਸਨ ਅਤੇ ਉਨ੍ਹਾਂ ਨੂੰ ਭੋਜਨ ਦੀ ਲੋੜ ਸੀ।#2:25 ਦੇਖੋ 1 ਸਮੂਏਲ. 21:1-6 26ਇਹ ਉਸ ਵਕਤ ਦੀ ਗੱਲ ਹੈ ਜਦੋਂ ਅਬਯਾਥਾਰ ਸਰਦਾਰ ਜਾਜਕ ਸੀ। ਉਦੋਂ ਦਾਊਦ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਚੜ੍ਹਾਵੇ ਵਾਲੀਆਂ ਰੋਟੀਆਂ ਖਾ ਲਈਆਂ। ਜਦ ਕਿ ਮੂਸਾ ਦਾ ਨੇਮ, ਆਖਦਾ ਹੈ ਕਿ ਕੇਵਲ ਜਾਜਕ ਹੀ ਉਹ ਰੋਟੀ ਖਾ ਸੱਕਦਾ ਹੈ। ਪਰ ਦਾਊਦ ਨੇ ਖੁਦ ਉਹ ਰੋਟੀ ਖਾਧੀ ਅਤੇ ਉਨ੍ਹਾਂ ਨੂੰ ਵੀ ਦਿੱਤੀ ਜੋ ਉਸ ਦੇ ਨਾਲ ਸਨ।”
27ਫ਼ੇਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੀ ਖਾਤਰ ਬਨਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੀ ਖਾਤਰ। 28ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।”
Currently Selected:
ਮਰਕੁਸ ਦੀ ਇੰਜੀਲ 2: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International