ਕੂਚ 6
6
1ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਹੁਣ ਤੂੰ ਦੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਦਾ ਹਾਂ। ਮੈਂ ਉਸ ਦੇ ਖਿਲਾਫ਼ ਆਪਣੀ ਮਹਾਨ ਸ਼ਕਤੀ ਵਰਤਾਂਗਾ, ਅਤੇ ਉਹ ਮੇਰੇ ਬੰਦਿਆਂ ਨੂੰ ਜਾਣ ਦੇਵੇਗਾ। ਉਹ ਉਨ੍ਹਾਂ ਦੇ ਜਾਣ ਲਈ ਇੰਨਾ ਤਿਆਰ ਹੋਵੇਗਾ ਕਿ ਉਹ ਉਨ੍ਹਾਂ ਨੂੰ ਜਾਣ ਲਈ ਮਜ਼ਬੂਰ ਕਰ ਦੇਵੇਗਾ।”
2ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਯਹੋਵਾਹ ਹਾਂ। 3ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਪ੍ਰਗਟ ਹੋਇਆ। ਉਨ੍ਹਾਂ ਨੇ ਮੈਨੂੰ ਅਲ ਸ਼ੱਦਾਈ ਬੁਲਾਇਆ, ਪਰ ਮੈਂ ਆਪਣੇ ਨਾਮ, ਯਾਹਵੇਹ ਤੋਂ ਉਨ੍ਹਾਂ ਨੂੰ ਜਾਣੂ ਨਹੀਂ ਕਰਵਾਇਆ। 4ਮੈਂ ਉਨ੍ਹਾਂ ਨਾਲ ਇੱਕ ਇਕਰਾਰਨਾਮਾ ਕੀਤਾ। ਮੈਂ ਉਨ੍ਹਾਂ ਨੂੰ ਕਨਾਨ ਦੀ ਧਰਤੀ ਦੇਣ ਦਾ ਇਕਰਾਰ ਕੀਤਾ। ਉਹ ਇਸ ਧਰਤੀ ਤੇ ਰਹਿੰਦੇ ਸਨ ਪਰ ਇਹ ਉਨ੍ਹਾਂ ਦੀ ਧਰਤੀ ਨਹੀਂ ਸੀ। 5ਹੁਣ, ਮੈਂ ਇਸਰਾਏਲ ਦੇ ਲੋਕਾਂ ਦੀਆਂ ਚੀਕਾਂ ਸੁਣ ਲਈਆਂ ਹਨ ਕਿਉਂਕਿ ਮਿਸਰੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਹੈ ਅਤੇ ਮੈਨੂੰ ਹਾਲੇ ਆਪਣਾ ਇਕਰਾਰਨਾਮਾ ਚੇਤੇ ਹੈ। 6ਇਸ ਲਈ ਇਸਰਾਏਲ ਦੇ ਲੋਕਾਂ ਨੂੰ ਦੱਸੋ ਕਿ ਮੈਂ ਉਨ੍ਹਾਂ ਨੂੰ ਆਖਦਾ ਹਾਂ, ‘ਮੈਂ ਯਹੋਵਾਹ ਹਾਂ। ਮੈਂ ਤੁਹਾਨੂੰ ਉਨ੍ਹਾਂ ਕਸ਼ਟਾਂ ਤੋਂ ਬਚਾਵਾਂਗਾ ਜੋ ਮਿਸਰੀਆਂ ਨੇ ਤੁਹਾਡੇ ਉੱਪਰ ਪਾਏ ਹਨ। ਮੈਂ ਤੁਹਾਨੂੰ ਅਜ਼ਾਦ ਕਰਾਂਗਾ। ਤੁਸੀਂ ਹੁਣ ਮਿਸਰੀਆਂ ਦੇ ਗੁਲਾਮ ਨਹੀਂ ਰਹੋਂਗੇ। ਮੈਂ ਆਪਣੀ ਮਹਾਨ ਸ਼ਕਤੀ ਵਰਤਾਂਗਾ ਅਤੇ ਮਿਸਰੀਆਂ ਨੂੰ ਭਿਆਨਕ ਸਜ਼ਾ ਦੇਵਾਂਗਾ। ਫ਼ੇਰ ਮੈਂ ਤੁਹਾਨੂੰ ਬਚਾਵਾਂਗਾ। 7ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ। ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਤੁਹਾਡਾ ਯਹੋਵਾਹ ਪਰਮੇਸ਼ੁਰ ਹਾਂ, ਜਿਸਨੇ ਤੁਹਾਨੂੰ ਮਿਸਰ ਦੇ ਕਸ਼ਟਾਂ ਤੋਂ ਅਜ਼ਾਦ ਕਰਵਾਇਆ। 8ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਮਹਾਨ ਇਕਰਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਇੱਕ ਖਾਸ ਧਰਤੀ ਦੇਣ ਦਾ ਇਕਰਾਰ ਕੀਤਾ ਸੀ। ਇਸ ਲਈ ਮੈਂ ਉਸ ਧਰਤੀ ਵੱਲ ਤੁਹਾਡੀ ਅਗਵਾਈ ਕਰਾਂਗਾ। ਮੈਂ ਤੁਹਾਨੂੰ ਉਹ ਧਰਤੀ ਦੇ ਦੇਵਾਂਗਾ। ਇਹ ਤੁਹਾਡੀ ਹੋਵੇਗੀ। ਮੈਂ ਯਹੋਵਾਹ ਹਾਂ।’”
9ਇਸ ਲਈ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਖਿਆ, ਪਰ ਉਨ੍ਹਾਂ ਕੋਲ ਮੂਸਾ ਦੇ ਇਕਰਾਰਾਂ ਨੂੰ ਸੁਣਨ ਦਾ ਸਬਰ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਸੀ।
10ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 11“ਜਾਹ, ਜਾਕੇ ਫ਼ਿਰਊਨ ਨੂੰ ਆਖ ਕਿ ਉਹ ਇਸਰਾਏਲ ਦੇ ਲੋਕਾਂ ਨੂੰ ਉਸਦੀ ਧਰਤੀ ਛੱਡ ਜਾਣ ਦੇਵੇ।”
12ਪਰ ਮੂਸਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦੇ ਹਨ। ਇਸ ਲਈ ਪੱਕੀ ਗੱਲ ਹੈ ਕਿ ਫ਼ਿਰਊਨ ਵੀ ਮੇਰੀ ਗੱਲ ਨਹੀਂ ਸੁਣੇਗਾ। ਮੇਰੇ ਕਥਨ ਵਿੱਚ ਰੁਕਾਵਟ ਹੁੰਦੀ ਹੈ ਅਤੇ ਇਹ ਅਸਪੱਸ਼ਟ ਹੁੰਦਾ ਹੈ।”
13ਪਰ ਯਹੋਵਾਹ ਨੇ ਮੂਸਾ ਤੇ ਹਾਰੂਨ ਨਾਲ ਗੱਲ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜਾਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਨ। ਉਸ ਨੇ ਉਨ੍ਹਾਂ ਨੂੰ ਫ਼ਿਰਊਨ ਕੋਲ ਜਾਕੇ ਵੀ ਗੱਲ ਕਰਨ ਦਾ ਹੁਕਮ ਦਿੱਤਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲ ਦੇ ਲੋਕਾਂ ਦੀ, ਮਿਸਰ ਦੀ ਧਰਤੀ ਤੋਂ ਬਾਹਰ ਜਾਣ ਵਿੱਚ, ਅਗਵਾਈ ਕਰਨ।
ਇਸਰਾਏਲ ਦੇ ਕੁਝ ਪਰਿਵਾਰ
14ਇਸਰਾਏਲ ਦੇ ਪਰਿਵਾਰਾਂ ਦੇ ਆਗੂਆਂ ਦੇ ਨਾਮ ਇਹ ਹਨ:
ਇਸਰਾਏਲ ਦੇ ਪਹਿਲੇ ਪੁੱਤਰ, ਰਊਬੇਨ ਦੇ ਚਾਰ ਪੁੱਤਰ ਸਨ। ਉਹ ਸਨ, ਹਨੋਕ, ਫ਼ਲੂ, ਹਸਰੋਨ, ਅਤੇ ਕਰਮੀ।
15ਸ਼ਿਮਓਨ ਦੇ ਪੁੱਤਰ ਸਨ, ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸ਼ਾਊਲ। (ਸ਼ਾਊਲ ਕਨਾਨੀ ਔਰਤ ਦਾ ਪੁੱਤਰ ਸੀ।)
16ਲੇਵੀ 137 ਵਰ੍ਹੇ ਜੀਵਿਆ। ਲੇਵੀ ਦੇ ਪੁੱਤਰ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ।
17ਗੇਰਸ਼ੋਨ ਦੇ ਦੋ ਪੁੱਤਰ ਸਨ, ਲਿਬਨੀ ਅਤੇ ਸ਼ਮਈ।
18ਕਹਾਥ 133 ਵਰ੍ਹੇ ਜੀਵਿਆ। ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।
19ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ। ਇਹ ਸਾਰੇ ਪਰਿਵਾਰ ਇਸਰਾਏਲ ਦੇ ਪੁੱਤਰ ਲੇਵੀ ਤੋਂ ਸਨ।
20ਅਮਰਾਮ 137 ਵਰ੍ਹੇ ਜੀਵਿਆ। ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕਬਦ ਨਾਲ ਵਿਆਹ ਕਰਾਇਆ। ਅਮਰਾਮ ਅਤੇ ਯੋਕਬਦ ਨੇ ਹਾਰੂਨ ਦੇ ਅਤੇ ਮੂਸਾ ਨੂੰ ਜਨਮ ਦਿੱਤਾ।
21ਯਿਸਹਾਰ ਦੇ ਪੁੱਤਰ ਸਨ ਕੋਰਹ, ਨਫ਼ਗ ਅਤੇ ਜ਼ਿਕਰੀ।
22ਉਜ਼ੀਏਲ ਦੇ ਪੁੱਤਰ ਸਨ ਮੀਸ਼ਾਏਲ, ਅਲਸਾਫ਼ਾਨ ਅਤੇ ਸਿਤਰੀ।
23ਹਾਰੂਨ ਨੇ ਅਲੀਸਬਾ ਨਾਲ ਵਿਆਹ ਕਰਾਇਆ। (ਅਲੀਸ਼ਬਾ ਅਮੀਨਾਦਾਬ ਦੀ ਧੀ ਸੀ, ਅਤੇ ਨਹਸੋਨ ਦੀ ਭੈਣ ਸੀ।) ਹਾਰੂਨ ਅਤੇ ਅਲੀਸ਼ਬਾ ਨੇ ਨਾਦਾਬ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
24ਕੋਰਹ ਦੇ ਪੁੱਤਰ, ਕੋਰਾਹੀਆਂ ਦੇ ਪੁਰਖੇ ਸਨ; ਅੱਸੀਰ, ਅਲਕਾਨਾਹ ਅਤੇ ਅਬੀਅਸਾਫ਼।
25ਹਾਰੂਨ ਦੇ ਪੁੱਤਰ ਅਲਆਜ਼ਾਰ ਨੇ ਫ਼ੂਟੀਏਲ ਦੀ ਧੀ ਨਾਲ ਵਿਆਹ ਕਰਾਇਆ। ਅਤੇ ਉਸ ਨੇ ਫ਼ੀਨਹਾਸ ਨੂੰ ਜਨਮ ਦਿੱਤਾ।
ਇਹ ਸਾਰੇ ਲੋਕ ਇਸਰਾਏਲ ਦੇ ਪੁੱਤਰ, ਲੇਵੀ ਤੋਂ ਸਨ।
26ਇਹ ਉਹੀ ਹਾਰੂਨ ਅਤੇ ਮੂਸਾ ਸਨ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਗੱਲ ਕਰਕੇ ਆਖਿਆ, “ਮੇਰੇ ਲੋਕਾਂ ਨੂੰ ਉਨ੍ਹਾਂ ਦੇ ਟੋਲਿਆਂ ਵਿੱਚ ਮਿਸਰ ਤੋਂ ਬਾਹਰ ਲੈ ਚੱਲੋ।” 27ਹਾਰੂਨ ਅਤੇ ਮੂਸਾ ਹੀ ਉਹ ਆਦਮੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਊਨ ਨਾਲ ਗੱਲ ਕੀਤੀ। ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ ਕਿ ਉਹ ਇਸਰਾਏਲ ਨੂੰ ਮਿਸਰ ਛੱਡ ਜਾਣ ਦੇਵੇ।
ਪਰਮੇਸ਼ੁਰ ਮੂਸਾ ਨੂੰ ਆਪਣੀ ਗੱਲ ਦੁਹਰਾਉਂਦਾ ਹੈ
28ਮਿਸਰ ਦੀ ਧਰਤੀ ਉੱਤੇ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ। 29ਉਸ ਨੇ ਆਖਿਆ, “ਮੈਂ ਯਹੋਵਾਹ ਹਾਂ। ਮਿਸਰ ਦੇ ਰਾਜੇ ਨੂੰ ਉਹ ਹਰ ਗੱਲ ਆਖੀ ਜੋ ਮੈਂ ਤੈਨੂੰ ਆਖਦਾ ਹਾਂ।”
30ਪਰ ਮੂਸਾ ਨੇ ਜਵਾਬ ਦਿੱਤਾ, “ਮੈਂ ਬਿਨ ਅੜਕਿਆਂ ਨਹੀਂ ਬੋਲ ਸੱਕਦਾ। ਫ਼ਿਰਊਨ ਮੇਰੀ ਗੱਲ ਨੂੰ ਨਹੀਂ ਸੁਣੇਗਾ।”
Currently Selected:
ਕੂਚ 6: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International