YouVersion Logo
Search Icon

ਕੂਚ 5

5
ਮੂਸਾ ਅਤੇ ਹਾਰੂਨ ਫ਼ਿਰਊਨ ਦੇ ਸਾਹਮਣੇ
1ਜਦੋਂ ਮੂਸਾ ਅਤੇ ਹਾਰੂਨ ਲੋਕਾਂ ਨਾਲ ਗੱਲ ਕਰ ਹਟੇ, ਉਹ ਫ਼ਿਰਊਨ ਵੱਲ ਚੱਲੇ ਗਏ। ਉਨ੍ਹਾਂ ਨੇ ਆਖਿਆ, “ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਲੋਕਾਂ ਨੂੰ ਮਾਰੂਥਲ ਵਿੱਚ ਜਾਣ ਦਿਓ ਤਾਂ ਜੋ ਉਹ ਮੇਰੇ ਸਨਮਾਨ ਵਿੱਚ ਦਾਵਤ ਕਰ ਸੱਕਣ।’”
2ਪਰ ਫ਼ਿਰਊਨ ਨੇ ਆਖਿਆ, “ਕੌਣ ਹੈ ਇਹ ਯਹੋਵਾਹ? ਮੈਂ ਉਸਦਾ ਹੁਕਮ ਕਿਉਂ ਮੰਨਾਂ? ਮੈਂ ਇਸਰਾਏਲ ਨੂੰ ਕਿਉਂ ਜਾਣ ਦੇਵਾਂ? ਮੈਂ ਤਾਂ ਇਹ ਜਾਣਦਾ ਵੀ ਨਹੀਂ ਕਿ ਉਹ ਕੌਣ ਹੈ ਜਿਸ ਨੂੰ ਤੁਸੀਂ ਯਹੋਵਾਹ ਕਹਿੰਦੇ ਹੋ, ਇਸ ਲਈ ਇਸਰਾਏਲੀਆਂ ਦੇ ਚੱਲੇ ਜਾਣ ਤੋਂ ਇਨਕਾਰ ਕਰਦਾ ਹਾਂ।”
3ਤਾਂ ਹਾਰੂਨ ਤੇ ਮੂਸਾ ਨੇ ਆਖਿਆ, “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਬਲੀਆਂ ਚੜ੍ਹਾਉਣ ਲਈ ਤਿੰਨਾਂ ਦਿਨਾਂ ਲਈ ਮਾਰੂਥਲ ਅੰਦਰ ਸਫ਼ਰ ਕਰਨ ਦੇ। ਜੇ ਅਸੀਂ ਅਜਿਹਾ ਨਹੀਂ ਕਰਾਂਗੇ, ਤਾਂ ਉਹ ਗੁੱਸੇ ਹੋ ਸੱਕਦਾ ਤੇ ਸਾਨੂੰ ਬਿਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”
4ਪਰ ਫ਼ਿਰਊਨ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਤੇ ਹਾਰੂਨ, ਤੁਸੀਂ ਕਾਮਿਆਂ ਨੂੰ ਕੰਮ ਤੋਂ ਰੋਕ ਰਹੇ ਹੋ। ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਜਾਓ, ਆਪਣਾ ਕੰਮ ਕਰੋ। 5ਇੱਥੇ ਬਹੁਤ ਸਾਰੇ ਕਾਮੇ ਹਨ, ਅਤੇ ਤੁਸੀਂ ਉਨ੍ਹਾਂ ਨੂੰ ਆਪਣਾ ਕੰਮ ਕਰਨ ਤੋਂ ਰੋਕ ਰਹੇ ਹੋ।”
ਫ਼ਿਰਊਨ ਲੋਕਾਂ ਨੂੰ ਸਜ਼ਾ ਦਿੰਦਾ ਹੈ
6ਓਸੇ ਦਿਨ ਫ਼ਿਰਊਨ ਨੇ ਇਸਰਾਏਲ ਦੇ ਲੋਕਾਂ ਲਈ ਕੰਮ ਨੂੰ ਹੋਰ ਵੱਧੇਰੇ ਸਖਤ ਕਰਨ ਦਾ ਹੁਕਮ ਦੇ ਦਿੱਤਾ। ਫ਼ਿਰਊਨ ਨੇ ਦਾਸਾਂ ਦੇ ਸੁਆਮੀਆਂ ਅਤੇ ਇਬਰਾਨੀ ਆਗੂਆਂ ਨੂੰ ਆਖਿਆ, 7“ਤੁਸੀਂ ਹਮੇਸ਼ਾ ਲੋਕਾਂ ਨੂੰ ਤੂੜੀ ਦਿੱਤੀ ਹੈ ਅਤੇ ਉਹ ਇਸ ਨੂੰ ਇੱਟਾਂ ਬਨਾਉਣ ਲਈ ਵਰਤਦੇ ਹਨ। ਪਰ ਹੁਣ, ਉਨ੍ਹਾਂ ਨੂੰ ਆਖੋ ਕਿ ਉਨ੍ਹਾਂ ਨੂੰ ਇੱਟਾਂ ਬਨਾਉਣ ਲਈ ਆਪਣੀ ਤੂੜੀ, ਖੁਦ ਜਾਕੇ ਲੱਭਣੀ ਪਵੇਗੀ। 8ਪਰ ਤਾਂ ਵੀ ਉਨ੍ਹਾਂ ਨੂੰ ਪਹਿਲਾਂ ਜਿੰਨੀ ਗਿਣਤੀ ਦੀਆਂ ਇੱਟਾਂ ਬਨਾਉਣੀਆਂ ਪੈਣਗੀਆਂ। ਉਹ ਸੁਸਤ ਹੋ ਗਏ ਹਨ। ਇਹੀ ਕਾਰਣ ਹੈ ਕਿ ਉਹ ਮੇਰੇ ਕੋਲੋਂ ਜਾਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਕੋਲ ਕਰਨ ਲਈ ਕਾਫ਼ੀ ਕੰਮ ਨਹੀਂ ਹੈ। ਇਸੇ ਲਈ ਉਹ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਅੱਗੇ ਬਲੀਆਂ ਚੜ੍ਹਾਉਣ ਦਿਆਂ। 9ਇਸ ਲਈ ਇਨ੍ਹਾਂ ਲੋਕਾਂ ਕੋਲੋਂ ਹੋਰ ਵੱਧੇਰੇ ਸਖਤ ਕੰਮ ਕਰਾਓ। ਉਨ੍ਹਾਂ ਨੂੰ ਰੁਝਾਈ ਰੱਖੋ। ਫ਼ੇਰ ਉਨ੍ਹਾਂ ਕੋਲ ਮੂਸਾ ਦੀਆਂ ਝੂਠੀਆਂ ਗੱਲਾਂ ਸੁਣਨ ਦੀ ਵਿਹਲ ਨਹੀਂ ਹੋਵੇਗੀ।”
10ਇਸ ਲਈ ਮਿਸਰੀ ਸੁਆਮੀ ਅਤੇ ਇਬਰਾਨੀ ਆਗੂ (ਫ਼ੋਰਮੈਨ) ਇਸਰਾਏਲ ਦੇ ਲੋਕਾਂ ਕੋਲ ਗਏ ਅਤੇ ਆਖਣ ਲੱਗੇ, “ਫ਼ਿਰਊਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਤੁਹਾਨੂੰ ਤੁਹਾਡੀਆਂ ਇੱਟਾਂ ਲਈ ਤੂੜੀ ਨਹੀਂ ਦੇਵੇਗਾ। 11ਤੁਹਾਨੂੰ ਖੁਦ ਜਾਕੇ ਤੂੜੀ ਲੱਭਣੀ ਪਵੇਗੀ। ਪਰ ਤਾਂ ਵੀ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।”
12ਇਸ ਲਈ ਲੋਕ ਮਿਸਰ ਵਿੱਚ ਹਰ ਥਾਂ ਤੂੜੀ ਦੀ ਤਲਾਸ਼ ਵਿੱਚ ਗਏ। 13ਦਾਸਾਂ ਦੇ ਸੁਆਮੀਆਂ ਨੇ ਲੋਕਾਂ ਨੂੰ ਹੋਰ ਵੀ ਵੱਧੇਰੇ ਸਖਤ ਕੰਮ ਕਰਨ ਲਈ ਮਜ਼ਬੂਰ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਜਿੰਨੀਆਂ ਇੱਟਾਂ ਬਨਾਉਣ ਲਈ ਮਜ਼ਬੂਰ ਕਰ ਦਿੱਤਾ। 14ਮਿਸਰੀ ਸੁਆਮੀਆਂ ਨੇ ਇਬਰਾਨੀ ਆਗੂਆਂ ਨੂੰ ਚੁਣਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਲੋਕਾਂ ਦੇ ਕੰਮ ਲਈ ਜ਼ਿੰਮੇਵਾਰ ਬਣਾਇਆ ਹੋਇਆ ਸੀ। ਮਿਸਰੀ ਸੁਆਮੀਆਂ ਨੇ ਇਨ੍ਹਾਂ ਆਗੂਆਂ ਨੂੰ ਕੁੱਟਿਆ ਅਤੇ ਆਖਿਆ, “ਤੁਸੀਂ ਓਨੀਆਂ ਹੀ ਇੱਟਾਂ ਕਿਉਂ ਨਹੀਂ ਬਣਾ ਰਹੇ ਜਿੰਨੀਆਂ ਪਹਿਲਾਂ ਬਣਾਉਂਦੇ ਸੀ? ਜੇ ਤੁਸੀਂ ਪਹਿਲਾਂ ਅਜਿਹਾ ਕਰ ਸੱਕਦੇ ਸੀ ਤਾਂ ਤੁਸੀਂ ਹੁਣ ਵੀ ਕਰ ਸੱਕਦੇ ਹੋ।”
15ਤਾਂ ਇਬਰਾਨੀ ਆਗੂ ਫ਼ਿਰਊਨ ਕੋਲ ਗਏ। ਉਨ੍ਹਾਂ ਨੇ ਸ਼ਿਕਾਇਤ ਕੀਤੀ ਅਤੇ ਆਖਿਆ, “ਅਸੀਂ ਤੁਹਾਡੇ ਨੌਕਰ ਹਾਂ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰ ਰਹੇ ਹੋ? 16ਤੁਸੀਂ ਸਾਨੂੰ ਕੋਈ ਤੂੜੀ ਨਹੀਂ ਦਿੰਦੇ, ਪਰ ਸਾਨੂੰ ਆਖਦੇ ਹੋ ਕਿ ਅਸੀਂ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਈਏ। ਅਤੇ ਹੁਣ ਸਾਡੇ ਸੁਆਮੀ ਸਾਨੂੰ ਕੁੱਟ ਰਹੇ ਹਨ। ਤੁਹਾਡੇ ਲੋਕ ਅਜਿਹਾ ਕਰਨ ਵਿੱਚ ਗਲਤ ਹਨ।”
17ਫ਼ਿਰਊਨ ਨੇ ਜਵਾਬ ਦਿੱਤਾ, “ਤੁਸੀਂ ਸੁਸਤ ਹੋ। ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ। ਇਸੇ ਲਈ ਤੁਸੀਂ ਆਖਦੇ ਹੋ ਕਿ ਮੈਂ ਤੁਹਾਨੂੰ ਜਾਣ ਦੇਵਾਂ। ਅਤੇ ਇਹੀ ਕਾਰਣ ਹੈ ਕਿ ਤੁਸੀਂ ਇੱਥੋਂ ਜਾਣਾ ਚਾਹੁੰਦੇ ਹੋ ਅਤੇ ਯਹੋਵਾਹ ਅੱਗੇ ਬਲੀਆਂ ਚੜ੍ਹਾਉਣਾ ਚਾਹੁੰਦੇ ਹੋ। 18ਹੁਣ ਕੰਮ ਤੇ ਵਾਪਸ ਜਾਓ। ਅਸੀਂ ਤੁਹਾਨੂੰ ਕੋਈ ਤੂੜੀ ਨਹੀਂ ਦਿਆਂਗੇ। ਅਤੇ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਨਾਉਣੀਆਂ ਪੈਣਗੀਆਂ।”
19ਇਬਰਾਨੀ ਆਗੂਆਂ ਨੂੰ ਪਤਾ ਸੀ ਕਿ ਉਹ ਮੁਸੀਬਤ ਵਿੱਚ ਸਨ। ਆਗੂ ਜਾਣਦੇ ਸਨ ਕਿ ਉਹ ਪਹਿਲਾਂ ਜਿੰਨੀਆਂ ਇੱਟਾਂ ਨਹੀਂ ਬਣਾ ਸੱਕਦੇ ਸਨ।
20ਜਦੋਂ ਉਹ ਫ਼ਿਰਊਨ ਨਾਲ ਮੁਲਾਕਾਤ ਕਰਕੇ ਜਾ ਰਹੇ ਸਨ, ਉਹ ਮੂਸਾ ਅਤੇ ਹਾਰੂਨ ਕੋਲੋਂ ਲੰਘੇ। ਮੂਸਾ ਅਤੇ ਹਾਰੂਨ ਉਨ੍ਹਾਂ ਨੂੰ ਉਡੀਕ ਰਹੇ ਸਨ। 21ਇਸ ਲਈ ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਜਦੋਂ ਤੁਸੀਂ ਫ਼ਿਰਊਨ ਨੂੰ ਆਖਿਆ ਸੀ ਕਿ ਸਾਨੂੰ ਜਾਣ ਦੇਵੇ ਤਾਂ ਤੁਸੀਂ ਅਸਲ ਵਿੱਚ ਗਲਤੀ ਕੀਤੀ ਸੀ। ਯਹੋਵਾਹ ਤੁਹਾਨੂੰ ਸਜ਼ਾ ਦੇਵੇ, ਕਿਉਂਕਿ ਤੁਸੀਂ ਫ਼ਿਰਊਨ ਅਤੇ ਉਸ ਦੇ ਹਾਕਮਾਂ ਨੂੰ ਸਾਨੂੰ ਨਫ਼ਰਤ ਕਰਨ ਲਾਇਆ। ਤੁਸੀਂ ਉਨ੍ਹਾਂ ਨੂੰ ਸਾਨੂੰ ਮਾਰਨ ਦਾ ਬਹਾਨਾ ਦੇ ਦਿੱਤਾ ਹੈ।”
ਮੂਸਾ ਪਰਮੇਸ਼ੁਰ ਅੱਗੇ ਸ਼ਿਕਾਇਤ ਕਰਦਾ ਹੈ
22ਤਾਂ ਮੂਸਾ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ, “ਹੇ ਸੁਆਮੀ, ਤੁਸੀਂ ਆਪਣੇ ਬੰਦਿਆਂ ਲਈ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਤੁਸੀਂ ਮੈਨੂੰ ਇੱਥੇ ਕਿਉਂ ਭੇਜਿਆ ਹੈ? 23ਮੈਂ ਫ਼ਿਰਊਨ ਕੋਲ ਗਿਆ ਅਤੇ ਉਹੀ ਗੱਲਾਂ ਆਖੀਆਂ ਜਿਹੜੀਆਂ ਤੁਸੀਂ ਆਖਣ ਲਈ ਕਹੀਆਂ ਸਨ। ਪਰ ਉਸੇ ਵੇਲੇ ਤੋਂ ਉਹ ਲੋਕਾਂ ਲਈ ਕਮੀਨਾ ਬਣ ਗਿਆ ਹੈ। ਅਤੇ ਤੁਸੀਂ ਉਨ੍ਹਾਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕੀਤਾ।”

Currently Selected:

ਕੂਚ 5: PERV

Highlight

Share

Copy

None

Want to have your highlights saved across all your devices? Sign up or sign in