ਕੂਚ 3
3
ਬਲਦੀ ਹੋਈ ਝਾੜੀ
1ਮੂਸਾ ਦੇ ਸੌਹਰੇ ਦਾ ਨਾ ਯਿਥਰੋ ਸੀ। (ਯਿਥਰੋ ਮਿਦਯਾਨ ਦਾ ਜਾਜਕ ਸੀ।) ਮੂਸਾ ਯਿਥਰੋ ਦੀਆਂ ਭੇਡਾਂ ਦੀ ਰੱਖਵਾਲੀ ਕਰਦਾ ਸੀ। ਇੱਕ ਦਿਨ ਮੂਸਾ ਭੇਡਾਂ ਨੂੰ ਮਾਰੂਥਲ ਦੇ ਪੱਛਮ ਵਾਲੇ ਪਾਸੇ ਲੈ ਗਿਆ। ਮੂਸਾ ਹੋਰੇਬ (ਸਿਨਈ) ਨਾਂ ਦੇ ਪਰਬਤ ਉੱਪਰ ਗਿਆ, ਜਿਹੜਾ ਪਰਮੇਸ਼ੁਰ ਦਾ ਪਰਬਤ ਸੀ। 2ਉਸ ਪਰਬਤ ਉੱਤੇ, ਮੂਸਾ ਨੇ ਯਹੋਵਾਹ ਦੇ ਦੂਤ ਨੂੰ ਬਲਦੀ ਹੋਈ ਝਾੜੀ ਵਿੱਚ ਦੇਖਿਆ। ਇਹ ਇਉਂ ਵਾਪਰਿਆ।
ਮੂਸਾ ਨੇ ਇੱਕ ਝਾੜੀ ਦੇਖੀ ਜਿਹੜੀ ਭਸਮ ਹੋਣ ਤੋਂ ਬਿਨਾ ਬਲ ਰਹੀ ਸੀ। 3ਇਸ ਲਈ ਮੂਸਾ ਨੇ ਝਾੜੀ ਦੇ ਨੇੜੇ ਜਾਣ ਤੇ ਇਹ ਦੇਖਣ ਦਾ ਨਿਆਂ ਕੀਤਾ ਕਿ ਕੋਈ ਝਾੜੀ ਭਸਮ ਹੋਣ ਤੋਂ ਬਿਨਾ ਬਲਦੀ ਕਿਵੇਂ ਰਹਿ ਸੱਕਦੀ ਹੈ।
4ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਦੇਖਣ ਲਈ ਆ ਰਿਹਾ ਸੀ। ਇਸ ਲਈ ਪਰਮੇਸ਼ੁਰ ਨੇ ਮੂਸਾ ਨੂੰ ਝਾੜੀ ਵਿੱਚੋਂ ਅਵਾਜ਼ ਦਿੱਤੀ। ਪਰਮੇਸ਼ੁਰ ਨੇ ਆਖਿਆ, “ਮੂਸਾ, ਮੂਸਾ।”
ਅਤੇ ਮੂਸਾ ਨੇ ਆਖਿਆ, “ਹਾਂ ਯਹੋਵਾਹ।”
5ਤਾਂ ਯਹੋਵਾਹ ਨੇ ਆਖਿਆ, “ਹੋਰ ਨੇੜੇ ਨਾ ਆਵੀਂ। ਆਪਣੀਆਂ ਜੁੱਤੀਆਂ ਲਾਹ ਲੈ। ਜਿਸ ਥਾਂ ਉੱਤੇ ਤੂੰ ਖਲੋਤਾ ਹੈਂ, ਉਹ ਮੇਰੇ ਇਸ ਥਾਂ ਤੇ ਹੋਣ ਕਾਰਣ ਪਵਿੱਤਰ ਹੈ। 6ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ੁਰ ਹਾਂ। ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਤੇ ਯਾਕੂਬ ਦਾ ਪਰਮੇਸ਼ੁਰ ਹਾਂ।”
ਮੂਸਾ ਨੇ ਆਪਣਾ ਚਿਹਰਾ ਕੱਜ ਲਿਆ ਕਿਉਂਕਿ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।
7ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। 8ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ। 9ਮੈਂ ਇਸਰਾਏਲ ਦੇ ਲੋਕਾਂ ਦੀ ਪੁਕਾਰ ਸੁਣ ਲਈ ਹੈ। ਮੈਂ ਦੇਖ ਲਿਆ ਹੈ ਕਿ ਮਿਸਰੀਆਂ ਨੇ ਕਿਵੇਂ ਉਨ੍ਹਾਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ। 10ਇਸ ਲਈ ਹੁਣ ਮੈਂ ਤੈਨੂੰ ਫ਼ਿਰਊਨ ਵੱਲ ਭੇਜ ਰਿਹਾ ਹਾਂ। ਜਾਹ, ਮੇਰੇ ਬੰਦਿਆਂ, ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਜਾਣ ਵਿੱਚ ਅਗਵਾਈ ਕਰ।”
11ਪਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੋਈ ਵੱਡਾ ਆਦਮੀ ਨਹੀਂ ਹਾਂ। ਫ਼ਿਰਊਨ ਕੋਲ ਜਾਣ ਵਾਲਾ ਅਤੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਅਗਵਾਈ ਕਰਨ ਵਾਲਾ ਬੰਦਾ ਮੈਂ ਕਿਵੇਂ ਹੋ ਸੱਕਦਾ ਹਾਂ?”
12ਪਰਮੇਸ਼ੁਰ ਨੇ ਆਖ਼ਿਆ, “ਤੂੰ ਅਜਿਹਾ ਕਰ ਸੱਕਦਾ ਹੈਂ ਕਿਉਂਕਿ ਮੈਂ ਤੇਰੇ ਅੰਗ-ਸੰਗ ਹੋਵਾਂਗਾ। ਇਹ ਸਬੂਤ ਹੋਵੇਗਾ ਕਿ ਮੈਂ ਤੈਨੂੰ ਭੇਜ ਰਿਹਾ ਹਾਂ; ਜਦੋਂ ਤੂੰ ਲੋਕਾਂ ਨੂੰ ਮਿਸਰ ਤੋਂ ਬਾਹਰ ਲਿਆਵੇਂਗਾ, ਤੂੰ ਆਕੇ ਇਸ ਪਰਬਤ ਤੇ ਮੇਰੀ ਉਪਾਸਨਾ ਕਰੇਂਗਾ।”
13ਤਾਂ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਪਰ ਜੇ ਮੈਂ ਇਸਰਾਏਲ ਦੇ ਲੋਕਾਂ ਕੋਲ ਜਾਵਾਂ ਤੇ ਉਨ੍ਹਾਂ ਨੂੰ ਆਖਾਂ, ‘ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਮੈਨੂੰ ਭੇਜਿਆ ਹੈ।’ ਤਾਂ ਲੋਕ ਪੁੱਛਣਗੇ, ‘ਉਸਦਾ ਕੀ ਨਾਮ ਹੈ?’ ਮੈਂ ਉਨ੍ਹਾਂ ਨੂੰ ਕੀ ਦੱਸਾਂ?”
14ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਉਨ੍ਹਾਂ ਨੂੰ ਦੱਸੀ ‘ਮੈਂ ਹਾ ਜੋ ਮੈਂ ਹਾਂ’ ਜਦੋਂ ਤੂੰ ਇਸਰਾਏਲ ਦੇ ਲੋਕਾਂ ਕੋਲ ਜਾਵੇ ਤਾਂ ਉਨ੍ਹਾਂ ਨੂੰ ਆਖੀਂ ‘ਮੈਂ ਹਾਂ’ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ।” 15ਤਾਂ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਤੈਨੂੰ ਲੋਕਾਂ ਨੂੰ ਇਹ ਆਖਣਾ ਚਾਹੀਦਾ ਹੈ; ‘ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹੈ। ਮੇਰਾ ਨਾਮ ਹਮੇਸ਼ਾ ਯਾਹਵੇਹ ਹੋਵੇਗਾ। ਇਸੇ ਤਰ੍ਹਾਂ ਲੋਕ ਪੀੜੀਆਂ ਦਰ ਪੀੜੀਆਂ ਤੱਕ ਮੈਨੂੰ ਜਾਨਣਗੇ।’ ਲੋਕਾਂ ਨੂੰ ਦੱਸ, ‘ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’”
16ਯਹੋਵਾਹ ਨੇ ਇਹ ਵੀ ਆਖਿਆ, “ਜਾਹ ਅਤੇ ਲੋਕਾਂ ਦੇ ਬਜ਼ੁਰਗਾਂ ਨੂੰ ਇੱਕਸਾਥ ਇਕੱਠਿਆਂ ਕਰ ਅਤੇ ਉਨ੍ਹਾਂ ਨੂੰ ਦੱਸ, ‘ਯਾਹਵੇਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ੁਰ ਮੈਨੂੰ ਪ੍ਰਗਟ ਹੋਇਆ ਅਤੇ ਉਸ ਨੇ ਆਖਿਆ; ਮੈਂ ਤੁਹਾਡੇ ਅਤੇ ਉਨ੍ਹਾਂ ਗੱਲਾਂ ਵੱਲ ਧਿਆਨ ਦਿੱਤਾ ਹੈ ਜੋ ਤੁਹਾਡੇ ਨਾਲ ਮਿਸਰ ਵਿੱਚ ਵਾਪਰ ਰਹੀਆਂ ਹਨ। 17ਅਤੇ ਮੈਂ ਨਿਆਂ ਕੀਤਾ ਹੈ ਕਿ ਮੈਂ ਤੁਹਾਨੂੰ ਉਨ੍ਹਾਂ ਮੁਸੀਬਤਾਂ ਵਿੱਚੋਂ ਕੱਢ ਲਵਾਂ ਜਿਹੜੀਆਂ ਤੁਸੀਂ ਮਿਸਰ ਵਿੱਚ ਸਹਾਰ ਰਹੇ ਹੋ। ਮੈਂ ਤੁਹਾਨੂੰ ਉਸ ਧਰਤੀ ਤੇ ਲੈ ਜਾਵਾਂਗਾ ਜਿਹੜੀ ਹੁਣ ਬਹੁਤ ਸਾਰੇ ਲੋਕਾਂ; ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਹੈ। ਮੈਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਧਰਤੀ ਤੇ ਲੈ ਜਾਵਾਂਗਾ।’
18“ਬਜ਼ੁਰਗ ਤੇਰੀ ਗੱਲ ਸੁਣਨਗੇ। ਤੂੰ ਤੇ ਬਜ਼ੁਰਗ ਵੀ ਮਿਸਰ ਦੇ ਰਾਜੇ ਕੋਲ ਜਾਵੋਂਗੇ ਅਤੇ ਉਸ ਨੂੰ ਦੱਸੋਂਗੇ, ‘ਯਹੋਵਾਹ ਇਬਰਾਨੀ ਲੋਕਾਂ ਦਾ ਪਰਮੇਸ਼ੁਰ ਸਾਡੇ ਕੋਲ ਆਇਆ ਅਤੇ ਸਾਨੂੰ ਤਿੰਨ ਦਿਨ ਮਾਰੂਥਲ ਵਿੱਚ ਸਫ਼ਰ ਕਰਨ ਲਈ ਆਖਿਆ। ਓੱਥੇ ਸਾਨੂੰ ਯਾਹਵੇਹ, ਸਾਡੇ ਪਰਮੇਸ਼ੁਰ ਨੂੰ ਬਲੀਆਂ ਜ਼ਰੂਰ ਚੜ੍ਹਾਉਣੀਆਂ ਚਾਹੀਦੀਆਂ ਹਨ।’
19“ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਨਹੀਂ ਦੇਵੇਗਾ। ਸਿਰਫ਼ ਕੋਈ ਮਹਾਨ ਸ਼ਕਤੀ ਹੀ ਉਸ ਨੂੰ ਮਜਬੂਰ ਕਰੇਗੀ ਤਾਂ ਕਿ ਉਹ ਤੁਹਾਨੂੰ ਜਾਣ ਦੇਵੇ। 20ਇਸ ਲਈ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਦੇ ਖਿਲਾਫ਼ ਵਰਤਾਂਗਾ। ਮੈਂ ਉਸ ਧਰਤੀ ਉੱਤੇ ਹੈਰਾਨੀ ਭਰੀਆਂ ਗੱਲਾਂ ਕਰਾਂਗਾ। ਜਦੋਂ ਮੈਂ ਅਜਿਹਾ ਕਰਾਂਗਾ ਤਾਂ ਉਹ ਤੁਹਾਨੂੰ ਜਾਣ ਦੇਵੇਗਾ। 21ਅਤੇ ਮੈਂ ਮਿਸਰੀ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਮਿਹਰਬਾਨ ਬਣਾ ਦਿਆਂਗਾ। ਜਦੋਂ ਤੁਹਾਡੇ ਲੋਕ ਮਿਸਰ ਤੋਂ ਜਾਣਗੇ ਮਿਸਰੀ ਲੋਕ ਉਨ੍ਹਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇਣਗੇ।
22“ਸਾਰੀਆਂ ਇਬਰਾਨੀ ਔਰਤਾਂ ਨੂੰ ਆਪਣੇ ਮਿਸਰੀ ਗੁਆਂਢੀਆਂ ਅਤੇ ਆਪਣੇ ਘਰਾਂ ਵਿੱਚ ਰਹਿੰਦੀਆਂ ਮਿਸਰੀ ਔਰਤਾਂ ਪਾਸੋਂ ਚਾਂਦੀ ਸੋਨਾ ਅਤੇ ਵੱਧੀਆ ਕੱਪੜੇ ਮੰਗਣੇ ਚਾਹੀਦੇ ਹਨ। ਜਦੋਂ ਤੁਸੀਂ ਮਿਸਰ ਛੱਡੋਂ, ਉਨ੍ਹਾਂ ਸੁਗਾਤਾਂ ਨੂੰ ਆਪਣੇ ਬੱਚਿਆਂ ਉੱਪਰ ਪਾ ਦਿਓ। ਇਸ ਤਰ੍ਹਾਂ ਤੁਸੀਂ ਮਿਸਰੀਆਂ ਦੀ ਦੌਲਤ ਆਪਣੇ ਨਾਲ ਲੈ ਜਾਵੋਂਗੇ।”
Currently Selected:
ਕੂਚ 3: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International