ਤਾਂ ਯਹੋਵਾਹ ਨੇ ਆਖਿਆ, “ਮੈਂ ਆਪਣੇ ਲੋਕਾਂ ਦੀਆਂ ਉਹ ਮੁਸੀਬਤਾਂ ਦੇਖੀਆਂ ਹਨ ਜੋ ਉਨ੍ਹਾਂ ਨੇ ਮਿਸਰ ਵਿੱਚ ਝੱਲੀਆਂ ਹਨ। ਅਤੇ ਜਦੋਂ ਮਿਸਰੀਆਂ ਨੇ ਉਨ੍ਹਾਂ ਨੂੰ ਦੁੱਖ ਦਿੱਤੇ ਮੈਂ ਉਨ੍ਹਾਂ ਦੀ ਪੁਕਾਰ ਸੁਣ ਲਈ ਹੈ। ਮੈਨੂੰ ਉਨ੍ਹਾਂ ਦੇ ਦੁੱਖ ਦਾ ਪਤਾ ਹੈ। ਹੁਣ ਮੈਂ ਹੇਠਾਂ ਜਾਵਾਂਗਾ ਅਤੇ ਆਪਣੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਇਸ ਧਰਤੀ ਤੋਂ ਕੱਢ ਕੇ ਉਸ ਧਰਤੀ ਤੇ ਲੈ ਜਾਵਾਂਗਾ ਜੋ ਚੰਗੀ ਅਤੇ ਵਿਸ਼ਾਲ ਹੈ ਅਤੇ ਦੁੱਧ ਅਤੇ ਸ਼ਹਿਦ ਜਿਹੀਆਂ ਚੰਗੀਆਂ ਚੀਜ਼ਾਂ ਨਾਲ ਭਰਪੂਰ ਹੈ। ਭਿੰਨ-ਭਿੰਨ ਕੌਮਾਂ ਦੇ ਲੋਕ ਉੱਥੇ ਰਹਿੰਦੇ ਹਨ, ਉਹ ਹਨ; ਕਨਾਨੀ, ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ।