YouVersion Logo
Search Icon

ਰੋਮੀਆਂ 11

11
ਪਰਮੇਸ਼ਰ ਨੇ ਆਪਣੀ ਪਰਜਾ ਨੂੰ ਨਹੀਂ ਤਿਆਗਿਆ
1ਸੋ ਮੈਂ ਪੁੱਛਦਾ ਹਾਂ, ਕੀ ਪਰਮੇਸ਼ਰ ਨੇ ਆਪਣੀ ਪਰਜਾ ਨੂੰ ਤਿਆਗ ਦਿੱਤਾ? ਬਿਲਕੁਲ ਨਹੀਂ! ਕਿਉਂਕਿ ਮੈਂ ਆਪ ਵੀ ਇਸਰਾਏਲੀ ਹਾਂ; ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੇ ਗੋਤ ਦਾ। 2ਪਰਮੇਸ਼ਰ ਨੇ ਆਪਣੀ ਪਰਜਾ ਨੂੰ ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ, ਨਹੀਂ ਤਿਆਗਿਆ। ਜਾਂ ਤੁਸੀਂ ਨਹੀਂ ਜਾਣਦੇ ਕਿ ਲਿਖਤ ਏਲੀਯਾਹ ਦੇ ਵਿਖੇ ਕੀ ਕਹਿੰਦੀ ਹੈ, ਕਿ ਉਹ ਕਿਵੇਂ ਪਰਮੇਸ਼ਰ ਅੱਗੇ ਇਸਰਾਏਲ ਦੇ ਵਿਰੁੱਧ ਇਹ ਬੇਨਤੀ ਕਰਦਾ ਹੈ? 3“ਹੇ ਪ੍ਰਭੂ, ਉਨ੍ਹਾਂ ਤੇਰੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਪਿੱਛੇ ਪਏ ਹਨ।”#1 ਰਾਜਿਆਂ 19:10,14 4ਪਰ ਪਰਮੇਸ਼ਰ ਨੇ ਉਸ ਨੂੰ ਕੀ ਉੱਤਰ ਦਿੱਤਾ?“ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖ ਰੱਖ ਛੱਡੇ ਹਨ ਜਿਨ੍ਹਾਂ ਬਆਲ ਅੱਗੇ ਗੋਡੇ ਨਹੀਂ ਟੇਕੇ।”#1 ਰਾਜਿਆਂ 19:18 5ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਕਿਰਪਾ ਦੀ ਚੋਣ ਅਨੁਸਾਰ ਕੁਝ ਬਚੇ ਹੋਏ ਲੋਕ ਹਨ। 6ਸੋ ਜੇ ਇਹ ਕਿਰਪਾ ਦੇ ਦੁਆਰਾ ਹੋਇਆ ਤਾਂ ਫਿਰ ਕੰਮਾਂ ਤੋਂ ਨਹੀਂ; ਨਹੀਂ ਤਾਂ ਕਿਰਪਾ ਫਿਰ ਕਿਰਪਾ ਨਾ ਰਹੀ।#11:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜੇ ਇਹ ਕੰਮਾਂ ਦੁਆਰਾ ਹੋਇਆ ਤਾਂ ਫਿਰ ਇਹ ਕਿਰਪਾ ਤੋਂ ਨਹੀਂ, ਨਹੀਂ ਤਾਂ ਕੰਮ ਫਿਰ ਕੰਮ ਨਹੀਂ ਰਿਹਾ” ਲਿਖਿਆ ਹੈ।
7ਤਾਂ ਨਤੀਜਾ ਕੀ ਹੋਇਆ? ਉਹ ਇਹ ਕਿ ਇਸਰਾਏਲੀ ਜੋ ਲੱਭ ਰਹੇ ਸਨ ਉਨ੍ਹਾਂ ਨੂੰ ਪ੍ਰਾਪਤ ਨਾ ਹੋਇਆ, ਸਗੋਂ ਚੁਣੇ ਹੋਇਆਂ ਨੂੰ ਪ੍ਰਾਪਤ ਹੋਇਆ ਅਤੇ ਬਾਕੀ ਕਠੋਰ ਕੀਤੇ ਗਏ। 8ਜਿਵੇਂ ਲਿਖਿਆ ਹੈ:
ਪਰਮੇਸ਼ਰ ਨੇ ਉਨ੍ਹਾਂ ਨੂੰ ਸੁਸਤੀ ਦੀ ਆਤਮਾ ਦਿੱਤੀ
ਅਤੇ ਅਜਿਹੀਆਂ ਅੱਖਾਂ ਦਿੱਤੀਆਂ ਜੋ ਵੇਖ ਨਾ ਸਕਣ
ਅਤੇ ਅਜਿਹੇ ਕੰਨ ਜੋ ਸੁਣ ਨਾ ਸਕਣ। # ਯਸਾਯਾਹ 29:10; ਬਿਵਸਥਾ 29:4
9ਦਾਊਦ ਕਹਿੰਦਾ ਹੈ:
ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਲਈ ਫਾਹੀ, ਜਾਲ਼,
ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।
10 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਵੇਖ ਨਾ ਸਕਣ
ਅਤੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕੀ ਰਹੇ। # ਜ਼ਬੂਰ 69:22-23
ਪਿਓਂਦ ਚਾੜ੍ਹਨ ਦੀ ਉਦਾਹਰਣ
11ਸੋ ਮੈਂ ਕਹਿੰਦਾ ਹਾਂ, ਕੀ ਉਨ੍ਹਾਂ ਨੂੰ ਇਸ ਲਈ ਠੋਕਰ ਲੱਗੀ ਕਿ ਉਹ ਡਿੱਗ ਪੈਣ? ਬਿਲਕੁਲ ਨਹੀਂ! ਸਗੋਂ ਉਨ੍ਹਾਂ ਦੇ ਅਪਰਾਧ ਕਰਕੇ ਪਰਾਈਆਂ ਕੌਮਾਂ ਨੂੰ ਮੁਕਤੀ ਮਿਲੀ ਤਾਂਕਿ ਉਨ੍ਹਾਂ ਨੂੰ ਈਰਖਾ ਹੋਵੇ। 12ਸੋ ਜੇ ਉਨ੍ਹਾਂ ਦੇ ਅਪਰਾਧ ਤੋਂ ਸੰਸਾਰ ਨੂੰ ਵੱਡਾ ਲਾਭ ਅਤੇ ਉਨ੍ਹਾਂ ਦੀ ਅਸਫਲਤਾ ਤੋਂ ਪਰਾਈਆਂ ਕੌਮਾਂ ਨੂੰ ਵੱਡਾ ਲਾਭ ਹੋਇਆ ਤਾਂ ਉਨ੍ਹਾਂ ਦੀ ਭਰਪੂਰੀ ਤੋਂ ਕੀ ਕੁਝ ਨਾ ਹੋਵੇਗਾ!
13ਹੁਣ ਮੈਂ ਤੁਹਾਨੂੰ ਪਰਾਈਆਂ ਕੌਮਾਂ ਨੂੰ ਇਹ ਕਹਿੰਦਾ ਹਾਂ; ਪਰਾਈਆਂ ਕੌਮਾਂ ਦਾ ਰਸੂਲ ਹੁੰਦੇ ਹੋਏ ਮੈਨੂੰ ਆਪਣੀ ਸੇਵਾ ਉੱਤੇ ਬਹੁਤ ਮਾਣ ਹੈ 14ਕਿ ਮੈਂ ਕਿਸੇ ਵੀ ਤਰ੍ਹਾਂ ਆਪਣੇ ਲੋਕਾਂ ਵਿੱਚ ਜਲਨ ਪੈਦਾ ਕਰ ਸਕਾਂ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਬਚਾ ਲਵਾਂ। 15ਕਿਉਂਕਿ ਜੇ ਉਨ੍ਹਾਂ ਦਾ ਤਿਆਗਿਆ ਜਾਣਾ ਸੰਸਾਰ ਦੇ ਮੇਲ ਦਾ ਕਾਰਨ ਹੋਇਆ ਤਾਂ ਉਨ੍ਹਾਂ ਦਾ ਸਵੀਕਾਰ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਹੋਰ ਕੀ ਹੋਵੇਗਾ? 16ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਗੁੰਨ੍ਹਿਆ ਹੋਇਆ ਆਟਾ ਵੀ ਪਵਿੱਤਰ ਹੈ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹਨ।
17ਪਰ ਜੇਕਰ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਕਿ ਜੰਗਲੀ ਜ਼ੈਤੂਨ ਹੋ ਕੇ ਉਨ੍ਹਾਂ ਵਿੱਚ ਪਿਓਂਦ ਚਾੜ੍ਹਿਆ ਗਿਆ ਅਤੇ ਹੁਣ ਜ਼ੈਤੂਨ ਦੀ ਜੜ੍ਹ ਤੋਂ ਮਿਲਣ ਵਾਲੀ ਖੁਰਾਕ ਦਾ ਸਾਂਝੀ ਹੋਇਆ 18ਤਾਂ ਟਹਿਣੀਆਂ ਦੇ ਵਿਰੁੱਧ ਘਮੰਡ ਨਾ ਕਰ। ਪਰ ਜੇ ਘਮੰਡ ਕਰਦਾ ਹੈਂ ਤਾਂ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ। 19ਫਿਰ ਤੂੰ ਕਹੇਂਗਾ, “ਟਹਿਣੀਆਂ ਇਸੇ ਕਰਕੇ ਤੋੜੀਆਂ ਗਈਆਂ ਤਾਂਕਿ ਮੈਂ ਪਿਓਂਦ ਚਾੜ੍ਹਿਆ ਜਾਵਾਂ।” 20ਠੀਕ ਹੈ; ਉਹ ਤਾਂ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ, ਪਰ ਤੂੰ ਵਿਸ਼ਵਾਸ ਦੇ ਕਰਕੇ ਕਾਇਮ ਹੈਂ; ਸੋ ਹੰਕਾਰੀ ਨਾ ਬਣ, ਸਗੋਂ ਡਰ। 21ਕਿਉਂਕਿ ਜੇ ਪਰਮੇਸ਼ਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ। 22ਇਸ ਲਈ ਪਰਮੇਸ਼ਰ ਦੀ ਦਿਆਲਗੀ ਅਤੇ ਸਖ਼ਤੀ ਨੂੰ ਵੇਖ; ਸਖ਼ਤੀ ਉਨ੍ਹਾਂ ਉੱਤੇ ਜਿਹੜੇ ਡਿੱਗ ਪਏ, ਪਰ ਪਰਮੇਸ਼ਰ ਦੀ ਦਿਆਲਗੀ ਤੇਰੇ ਉੱਤੇ, ਜੇ ਤੂੰ ਉਸ ਦੀ ਦਿਆਲਗੀ ਵਿੱਚ ਬਣਿਆ ਰਹੇਂ, ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ; 23ਅਤੇ ਉਹ ਵੀ ਜੇ ਆਪਣੇ ਅਵਿਸ਼ਵਾਸ ਵਿੱਚ ਬਣੇ ਨਾ ਰਹਿਣ ਤਾਂ ਪਿਓਂਦ ਚਾੜ੍ਹੇ ਜਾਣਗੇ; ਕਿਉਂ ਜੋ ਪਰਮੇਸ਼ਰ ਉਨ੍ਹਾਂ ਨੂੰ ਫੇਰ ਤੋਂ ਪਿਓਂਦ ਚਾੜ੍ਹਨ ਦੇ ਸਮਰੱਥ ਹੈ। 24ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਦਰਖ਼ਤ ਨਾਲੋਂ ਜੋ ਕੁਦਰਤੀ ਤੌਰ 'ਤੇ ਜੰਗਲੀ ਹੈ, ਕੱਟੇ ਜਾ ਕੇ ਕੁਦਰਤ ਦੇ ਉਲਟ ਚੰਗੇ ਜ਼ੈਤੂਨ ਵਿੱਚ ਪਿਓਂਦ ਚਾੜ੍ਹਿਆ ਗਿਆ ਹੈਂ ਤਾਂ ਇਹ ਟਹਿਣੀਆਂ ਆਪਣੇ ਅਸਲੀ ਜ਼ੈਤੂਨ ਦੇ ਦਰਖ਼ਤ ਵਿੱਚ ਕਿੰਨਾ ਵਧਕੇ ਪਿਉਂਦ ਚਾੜ੍ਹੀਆਂ ਜਾਣਗੀਆਂ।
ਸਾਰੇ ਇਸਰਾਏਲ ਦੀ ਮੁਕਤੀ
25ਹੇ ਭਾਈਓ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੀ ਨਜ਼ਰ ਵਿੱਚ ਬੁੱਧਵਾਨ ਬਣ ਬੈਠੋ, ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਰਹੋ ਕਿ ਇਸਰਾਏਲੀ ਕੌਮ ਦਾ ਇੱਕ ਹਿੱਸਾ ਉਦੋਂ ਤੱਕ ਕਠੋਰ ਰਹੇਗਾ ਜਦੋਂ ਤੱਕ ਪਰਾਈਆਂ ਕੌਮਾਂ ਪੂਰੀ ਤਰ੍ਹਾਂ ਪ੍ਰਵੇਸ਼ ਨਾ ਕਰ ਲੈਣ। 26ਇਸ ਤਰ੍ਹਾਂ ਸਾਰਾ ਇਸਰਾਏਲ ਬਚਾਇਆ ਜਾਵੇਗਾ, ਜਿਵੇਂ ਕਿ ਲਿਖਿਆ ਹੈ:“ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ। ਉਹ ਯਾਕੂਬ ਤੋਂ ਅਭਗਤੀ ਨੂੰ ਦੂਰ ਕਰੇਗਾ; 27ਉਨ੍ਹਾਂ ਨਾਲ ਮੇਰਾ ਇਹੋ ਨੇਮ ਹੋਵੇਗਾ ਜਦੋਂ ਮੈਂ ਉਨ੍ਹਾਂ ਦੇ ਪਾਪਾਂ ਨੂੰ ਦੂਰ ਕਰ ਦਿਆਂਗਾ।”#ਯਸਾਯਾਹ 59:20-21; 27:9; ਯਿਰਮਿਯਾਹ 31:33-34 28ਖੁਸ਼ਖ਼ਬਰੀ ਦੇ ਅਨੁਸਾਰ ਤਾਂ ਉਹ ਤੁਹਾਡੇ ਕਾਰਨ ਪਰਮੇਸ਼ਰ ਦੇ ਵੈਰੀ ਹਨ, ਪਰ ਚੋਣ ਦੇ ਅਨੁਸਾਰ ਉਹ ਪੁਰਖਿਆਂ ਦੇ ਕਾਰਨ ਪਰਮੇਸ਼ਰ ਦੇ ਪਿਆਰੇ ਹਨ; 29ਕਿਉਂ ਜੋ ਪਰਮੇਸ਼ਰ ਦੇ ਵਰਦਾਨ ਅਤੇ ਬੁਲਾਹਟ ਅਟੱਲ ਹਨ। 30ਕਿਉਂਕਿ ਜਿਵੇਂ ਤੁਸੀਂ ਪਹਿਲਾਂ ਪਰਮੇਸ਼ਰ ਦੇ ਅਣਆਗਿਆਕਾਰ ਹੋਏ, ਪਰ ਹੁਣ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਤੁਹਾਡੇ ਉੱਤੇ ਦਇਆ ਹੋਈ 31ਉਸੇ ਤਰ੍ਹਾਂ ਹੁਣ ਤੁਹਾਡੇ ਉੱਤੇ ਹੋਈ ਦਇਆ ਦੇ ਕਾਰਨ ਉਨ੍ਹਾਂ ਨੇ ਵੀ ਅਣਆਗਿਆਕਾਰੀ ਕੀਤੀ ਤਾਂਕਿ ਹੁਣ ਉਨ੍ਹਾਂ ਉੱਤੇ ਵੀ ਦਇਆ ਕੀਤੀ ਜਾਵੇ। 32ਕਿਉਂਕਿ ਪਰਮੇਸ਼ਰ ਨੇ ਸਭਨਾਂ ਨੂੰ ਅਣਆਗਿਆਕਾਰੀ ਦੇ ਬੰਦੀ ਬਣਾ ਦਿੱਤਾ ਤਾਂਕਿ ਉਹ ਸਭਨਾਂ ਉੱਤੇ ਦਇਆ ਕਰੇ।
ਉਸਤਤ ਦਾ ਭਜਨ
33ਵਾਹ! ਪਰਮੇਸ਼ਰ ਦੀ ਉਦਾਰਤਾ,
ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ।
ਉਸ ਦੇ ਨਿਆਂ ਕਿੰਨੇ ਅਥਾਹ
ਅਤੇ ਉਸ ਦੇ ਰਾਹ ਕਿੰਨੇ ਬੇਖੋਜ ਹਨ।
34 ਕਿਉਂਕਿ ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ
ਜਾਂ ਕੌਣ ਉਸ ਦਾ ਸਲਾਹਕਾਰ ਬਣਿਆ?
35 ਜਾਂ ਕਿਸ ਨੇ ਉਸ ਨੂੰ ਪਹਿਲਾਂ ਕੁਝ ਦਿੱਤਾ
ਕਿ ਇਸ ਦਾ ਪ੍ਰਤਿਫਲ ਉਸ ਨੂੰ ਦਿੱਤਾ ਜਾਵੇ? # ਯਸਾਯਾਹ 40:13
36ਕਿਉਂਕਿ ਸਾਰੀਆਂ ਵਸਤਾਂ ਉਸੇ ਤੋਂ,
ਉਸੇ ਦੇ ਦੁਆਰਾ
ਅਤੇ ਉਸੇ ਦੇ ਲਈ ਹਨ;
ਉਸੇ ਦੀ ਮਹਿਮਾ ਯੁਗੋ-ਯੁਗ ਹੋਵੇ!
ਆਮੀਨ।

Currently Selected:

ਰੋਮੀਆਂ 11: PSB

Highlight

Share

Copy

None

Want to have your highlights saved across all your devices? Sign up or sign in