ਪਰਕਾਸ਼ 3
3
ਸਾਰਦੀਸ ਦੀ ਕਲੀਸਿਯਾ ਨੂੰ ਸੰਦੇਸ਼
1 “ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਜਿਸ ਦੇ ਕੋਲ ਪਰਮੇਸ਼ਰ ਦੇ ਸੱਤ ਆਤਮੇ ਅਤੇ ਸੱਤ ਤਾਰੇ ਹਨ ਉਹ ਇਹ ਕਹਿੰਦਾ ਹੈ: ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ; ਤੂੰ ਜੀਉਂਦਾ ਤਾਂ ਕਹਾਉਂਦਾ ਹੈਂ, ਪਰ ਹੈਂ ਮੁਰਦਾ। 2ਸਚੇਤ ਹੋ ਅਤੇ ਜੋ ਬਾਕੀ ਹੈ ਤੇ ਖ਼ਤਮ ਹੋਣ ਵਾਲਾ ਹੈ ਉਸ ਨੂੰ ਦ੍ਰਿੜ੍ਹ ਕਰ, ਕਿਉਂਕਿ ਮੈਂ ਆਪਣੇ ਪਰਮੇਸ਼ਰ ਦੇ ਸਨਮੁੱਖ ਤੇਰੇ ਕੰਮਾਂ ਨੂੰ ਸੰਪੂਰਨ ਨਹੀਂ ਪਾਇਆ ਹੈ। 3ਇਸ ਲਈ ਯਾਦ ਕਰ ਕਿ ਤੂੰ ਕੀ ਸੁਣਿਆ ਅਤੇ ਪ੍ਰਾਪਤ ਕੀਤਾ; ਉਸ ਉੱਤੇ ਚੱਲ ਅਤੇ ਪਸ਼ਚਾਤਾਪ ਕਰ। ਪਰ ਜੇ ਤੂੰ ਸਚੇਤ ਨਾ ਹੋਇਆ ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਿਸ ਘੜੀ ਤੇਰੇ ਉੱਤੇ ਆ ਪਵਾਂਗਾ। 4ਪਰ ਸਾਰਦੀਸ ਵਿੱਚ ਤੇਰੇ ਕੁਝ ਲੋਕ ਹਨ ਜਿਨ੍ਹਾਂ ਆਪਣੇ ਵਸਤਰਾਂ ਨੂੰ ਭ੍ਰਿਸ਼ਟ ਨਹੀਂ ਕੀਤਾ ਅਤੇ ਉਹ ਸਫ਼ੇਦ ਵਸਤਰਾਂ ਵਿੱਚ ਮੇਰੇ ਨਾਲ ਚੱਲਣਗੇ, ਕਿਉਂਕਿ ਉਹ ਯੋਗ ਹਨ।
5 “ਜਿਹੜਾ ਜਿੱਤੇਗਾ ਉਸ ਨੂੰ ਇਸੇ ਤਰ੍ਹਾਂ ਸਫ਼ੇਦ ਵਸਤਰ ਪਹਿਨਾਏ ਜਾਣਗੇ ਅਤੇ ਮੈਂ ਉਸ ਦਾ ਨਾਮ ਜੀਵਨ ਦੀ ਪੁਸਤਕ ਵਿੱਚੋਂ ਕਦੇ ਨਾ ਮਿਟਾਵਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਸਾਹਮਣੇ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦਾ ਨਾਮ ਸਵੀਕਾਰ ਕਰਾਂਗਾ।
6 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”
ਫ਼ਿਲਦਲਫ਼ੀਏ ਦੀ ਕਲੀਸਿਯਾ ਨੂੰ ਸੰਦੇਸ਼
7 “ਫ਼ਿਲਦਲਫ਼ੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਜਿਹੜਾ ਪਵਿੱਤਰ ਅਤੇ ਸੱਚਾ ਹੈ ਅਤੇ ਜਿਸ ਕੋਲ ਦਾਊਦ ਦੀ ਕੁੰਜੀ ਹੈ, ਜਿਸ ਦੇ ਖੋਲ੍ਹੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕੀਤੇ ਹੋਏ ਨੂੰ ਕੋਈ ਖੋਲ੍ਹ ਨਹੀਂ ਸਕਦਾ ਉਹ ਇਹ ਕਹਿੰਦਾ ਹੈ: 8ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਬੰਦ ਨਹੀਂ ਕਰ ਸਕਦਾ; ਭਾਵੇਂ ਤੇਰੇ ਕੋਲ ਥੋੜ੍ਹੀ ਹੀ ਸਮਰੱਥਾ ਹੈ, ਤਾਂ ਵੀ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ। 9ਵੇਖ, ਮੈਂ ਸ਼ੈਤਾਨ ਦੀ ਉਸ ਮੰਡਲੀ ਨੂੰ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ ਸਗੋਂ ਝੂਠ ਬੋਲਦੇ ਹਨ, ਤੇਰੇ ਵੱਸ ਵਿੱਚ ਕਰ ਦਿਆਂਗਾ; ਵੇਖ, ਮੈਂ ਉਨ੍ਹਾਂ ਨੂੰ ਮਜ਼ਬੂਰ ਕਰ ਦਿਆਂਗਾ ਕਿ ਉਹ ਆ ਕੇ ਤੇਰੇ ਪੈਰਾਂ 'ਤੇ ਡਿੱਗਣ ਅਤੇ ਜਾਣ ਲੈਣ ਕਿ ਮੈਂ ਤੈਨੂੰ ਪਿਆਰ ਕੀਤਾ ਹੈ। 10ਤੂੰ ਮੇਰੇ ਧੀਰਜ ਦੇ ਵਚਨ ਦੀ ਪਾਲਣਾ ਕੀਤੀ, ਇਸ ਲਈ ਮੈਂ ਵੀ ਤੈਨੂੰ ਪਰੀਖਿਆ ਦੀ ਉਸ ਘੜੀ ਤੋਂ ਬਚਾਵਾਂਗਾ ਜਿਹੜੀ ਧਰਤੀ ਦੇ ਸਭ ਰਹਿਣ ਵਾਲਿਆਂ ਨੂੰ ਪਰਖਣ ਲਈ ਪੂਰੇ ਸੰਸਾਰ ਉੱਤੇ ਆਉਣ ਵਾਲੀ ਹੈ। 11ਮੈਂ ਛੇਤੀ#3:11 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਵੇਖ! ਮੈਂ ਛੇਤੀ” ਲਿਖਿਆ ਹੈ।ਆ ਰਿਹਾ ਹਾਂ; ਜੋ ਕੁਝ ਤੇਰੇ ਕੋਲ ਹੈ ਉਸ ਨੂੰ ਫੜੀ ਰੱਖ ਤਾਂਕਿ ਕੋਈ ਤੇਰਾ ਤਾਜ ਖੋਹ ਨਾ ਲਵੇ।
12 “ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਪਰਮੇਸ਼ਰ ਦੀ ਹੈਕਲ ਦਾ ਥੰਮ੍ਹ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਉਸ ਉੱਤੇ ਆਪਣੇ ਪਰਮੇਸ਼ਰ ਦਾ ਨਾਮ, ਆਪਣੇ ਪਰਮੇਸ਼ਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜੋ ਸਵਰਗ ਤੋਂ ਮੇਰੇ ਪਰਮੇਸ਼ਰ ਕੋਲੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਲਿਖਾਂਗਾ।
13 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”
ਲਾਉਦਿਕੀਏ ਦੀ ਕਲੀਸਿਯਾ ਨੂੰ ਸੰਦੇਸ਼
14 “ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖ:
“ਜਿਹੜਾ ਆਮੀਨ, ਵਫ਼ਾਦਾਰ, ਸੱਚਾ ਗਵਾਹ ਅਤੇ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਉਹ ਇਹ ਕਹਿੰਦਾ ਹੈ: 15ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ; ਕਾਸ਼ ਕਿ ਤੂੰ ਠੰਡਾ ਜਾਂ ਗਰਮ ਹੁੰਦਾ! 16ਸੋ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ ਸਗੋਂ ਕੋਸਾ ਹੈਂ, ਇਸ ਲਈ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ। 17ਕਿਉਂਕਿ ਤੂੰ ਕਹਿੰਦਾ ਹੈਂ ਕਿ ਮੈਂ ਧਨਵਾਨ ਹਾਂ ਅਤੇ ਧਨੀ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੈ, ਪਰ ਤੂੰ ਨਹੀਂ ਜਾਣਦਾ ਕਿ ਤੂੰ ਮੰਦਭਾਗਾ, ਤਰਸਯੋਗ, ਗਰੀਬ, ਅੰਨ੍ਹਾ ਅਤੇ ਨੰਗਾ ਹੈਂ। 18ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੇਰੇ ਕੋਲੋਂ ਅੱਗ ਨਾਲ ਸ਼ੁੱਧ ਕੀਤਾ ਹੋਇਆ ਸੋਨਾ ਖਰੀਦ ਲੈ ਤਾਂਕਿ ਤੂੰ ਧਨਵਾਨ ਹੋ ਜਾਵੇਂ ਅਤੇ ਪਹਿਨਣ ਲਈ ਸਫ਼ੇਦ ਵਸਤਰ, ਤਾਂਕਿ ਤੇਰੇ ਨੰਗੇਜ ਦੀ ਲੱਜਾ ਪਰਗਟ ਨਾ ਹੋਵੇ ਅਤੇ ਅੱਖਾਂ ਵਿੱਚ ਪਾਉਣ ਲਈ ਸੁਰਮਾ, ਤਾਂਕਿ ਤੂੰ ਵੇਖ ਸਕੇਂ। 19ਮੈਂ ਜਿੰਨਿਆਂ ਨਾਲ ਪ੍ਰੇਮ ਕਰਦਾ ਹਾਂ ਉਨ੍ਹਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ; ਇਸ ਲਈ ਸਰਗਰਮ ਹੋ ਅਤੇ ਪਸ਼ਚਾਤਾਪ ਕਰ। 20ਵੇਖ, ਮੈਂ ਦਰਵਾਜ਼ੇ 'ਤੇ ਖੜ੍ਹਾ ਖੜਕਾ ਰਿਹਾ ਹਾਂ; ਜੇ ਕੋਈ ਮੇਰੀ ਅਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦੇਵੇ ਤਾਂ ਮੈਂ ਉਸ ਦੇ ਕੋਲ ਅੰਦਰ ਆਵਾਂਗਾ ਅਤੇ ਉਸ ਦੇ ਨਾਲ ਭੋਜਨ ਕਰਾਂਗਾ ਅਤੇ ਉਹ ਮੇਰੇ ਨਾਲ।
21 “ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਨਾਲ ਸਿੰਘਾਸਣ ਉੱਤੇ ਬਿਠਾਵਾਂਗਾ, ਜਿਵੇਂ ਮੈਂ ਵੀ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ।
22 “ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”
Currently Selected:
ਪਰਕਾਸ਼ 3: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative