ਪਰਕਾਸ਼ 14
14
ਲੇਲਾ ਅਤੇ ਇੱਕ ਲੱਖ ਚੁਤਾਲੀ ਹਜ਼ਾਰ ਲੋਕ
1ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਲੇਲਾ ਸੀਯੋਨ ਪਹਾੜ ਉੱਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਉਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ। 2ਤਦ ਮੈਨੂੰ ਅਕਾਸ਼ ਤੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਬਹੁਤੇ ਪਾਣੀਆਂ ਦੇ ਸ਼ੋਰ ਅਤੇ ਵੱਡੀ ਗਰਜਣ ਜਿਹੀ ਸੀ; ਜੋ ਅਵਾਜ਼ ਮੈਂ ਸੁਣੀ ਉਹ ਇਵੇਂ ਸੀ ਜਿਵੇਂ ਰਬਾਬ ਵਜਾਉਣ ਵਾਲੇ ਆਪਣੀਆਂ ਰਬਾਬਾਂ ਵਜਾ ਰਹੇ ਹੋਣ। 3ਉਹ ਸਿੰਘਾਸਣ ਦੇ ਸਾਹਮਣੇ ਅਤੇ ਚਾਰਾਂ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾ ਰਹੇ ਸਨ ਅਤੇ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਇਲਾਵਾ ਜਿਹੜੇ ਧਰਤੀ ਉੱਤੋਂ ਮੁੱਲ ਨਾਲ ਖਰੀਦੇ ਗਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖਣ ਦੇ ਯੋਗ ਨਹੀਂ ਸੀ। 4ਇਹ ਉਹ ਹਨ ਜਿਹੜੇ ਔਰਤ ਨਾਲ ਭ੍ਰਿਸ਼ਟ ਨਹੀਂ ਹੋਏ, ਕਿਉਂਕਿ ਇਹ ਕੁਆਰੇ ਹਨ ਅਤੇ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਪਿੱਛੇ ਚੱਲਦੇ ਹਨ। ਇਹ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਹਨ ਤਾਂਕਿ ਪਰਮੇਸ਼ਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ। 5ਉਨ੍ਹਾਂ ਦੇ ਮੂੰਹ ਵਿੱਚੋਂ ਕਦੇ ਝੂਠ ਨਹੀਂ ਨਿੱਕਲਿਆ; ਉਹ#14:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ” ਲਿਖਿਆ ਹੈ। ਬੇਦਾਗ਼ ਹਨ।
ਤਿੰਨ ਸਵਰਗਦੂਤ
6ਫਿਰ ਮੈਂ ਇੱਕ ਹੋਰ ਸਵਰਗਦੂਤ ਨੂੰ ਅਕਾਸ਼ ਦੇ ਵਿਚਕਾਰ ਉੱਡਦੇ ਵੇਖਿਆ ਜਿਸ ਕੋਲ ਧਰਤੀ ਦੇ ਰਹਿਣ ਵਾਲਿਆਂ ਨੂੰ ਅਤੇ ਹਰੇਕ ਕੌਮ, ਗੋਤ, ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਸੁਣਾਉਣ ਲਈ ਇੱਕ ਸਦੀਪਕ ਖੁਸ਼ਖ਼ਬਰੀ ਸੀ। 7ਉਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪਰਮੇਸ਼ਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ, ਕਿਉਂਕਿ ਉਸ ਦੇ ਨਿਆਂ ਦੀ ਘੜੀ ਆ ਪਹੁੰਚੀ ਹੈ; ਉਸ ਦੀ ਅਰਾਧਨਾ ਕਰੋ ਜਿਸ ਨੇ ਧਰਤੀ, ਅਕਾਸ਼, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ ਹੈ।”
8ਇਸ ਤੋਂ ਬਾਅਦ ਦੂਜਾ ਸਵਰਗਦੂਤ ਇਹ ਕਹਿੰਦਾ ਹੋਇਆ ਆਇਆ, “ਢਹਿ ਗਈ! ਉਹ ਵੱਡੀ ਨਗਰੀ ਬਾਬੁਲ ਢਹਿ ਗਈ ਜਿਸ ਨੇ ਸਭ ਕੌਮਾਂ ਨੂੰ ਆਪਣੇ ਵਿਭਚਾਰ ਦੇ ਕ੍ਰੋਧ#14:8 ਵਿਭਚਾਰ ਦੀ ਵਾਸਨਾ ਦੀ ਮੈ ਵਿੱਚੋਂ ਪਿਆਇਆ ਸੀ।” 9ਉਨ੍ਹਾਂ ਤੋਂ ਬਾਅਦ ਤੀਜਾ ਸਵਰਗਦੂਤ ਉੱਚੀ ਅਵਾਜ਼ ਵਿੱਚ ਇਹ ਕਹਿੰਦਾ ਹੋਇਆ ਆਇਆ, “ਜੇ ਕੋਈ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਉੱਤੇ ਜਾਂ ਆਪਣੇ ਹੱਥ ਉੱਤੇ ਉਸ ਦੀ ਮੋਹਰ ਲਵਾਉਂਦਾ ਹੈ 10ਤਾਂ ਉਹ ਪਰਮੇਸ਼ਰ ਦੇ ਕ੍ਰੋਧ ਦੀ ਮੈ ਵਿੱਚੋਂ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਬਿਨਾਂ ਕਿਸੇ ਮਿਲਾਵਟ ਦੇ ਉਂਡੇਲੀ ਗਈ ਹੈ; ਉਸ ਨੂੰ ਪਵਿੱਤਰ ਸਵਰਗਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਦਿੱਤਾ ਜਾਵੇਗਾ। 11ਉਨ੍ਹਾਂ ਦੇ ਕਸ਼ਟ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ ਅਤੇ ਜਿਹੜੇ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜੋ ਕੋਈ ਉਸ ਦੇ ਨਾਮ ਦੀ ਮੋਹਰ ਲਵਾਉਂਦਾ ਹੈ, ਉਹ ਦਿਨ-ਰਾਤ ਅਰਾਮ ਨਾ ਪਾਉਣਗੇ।” 12ਇਹ ਸੰਤਾਂ#14:12 ਅਰਥਾਤ ਪਵਿੱਤਰ ਲੋਕਾਂ ਦੇ ਧੀਰਜ ਦਾ ਸਮਾਂ ਹੈ ਅਰਥਾਤ ਉਨ੍ਹਾਂ ਦੇ ਧੀਰਜ ਦਾ ਜਿਹੜੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਅਤੇ ਯਿਸੂ ਉੱਤੇ ਵਿਸ਼ਵਾਸ ਰੱਖਦੇ ਹਨ। 13ਫਿਰ ਮੈਨੂੰ ਸਵਰਗ ਤੋਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਲਿਖ: ਧੰਨ ਹਨ ਉਹ ਮੁਰਦੇ ਜਿਹੜੇ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।” ਆਤਮਾ ਕਹਿੰਦਾ ਹੈ, “ਹਾਂ, ਤਾਂਕਿ ਉਹ ਆਪਣੀ ਮਿਹਨਤ ਤੋਂ ਅਰਾਮ ਪਾਉਣ, ਕਿਉਂਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਜਾਂਦੇ ਹਨ।”
ਧਰਤੀ ਦੀ ਵਾਢੀ ਦਾ ਸਮਾਂ
14ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਸਫ਼ੇਦ ਬੱਦਲ ਹੈ ਅਤੇ ਮਨੁੱਖ ਦੇ ਪੁੱਤਰ ਜਿਹਾ ਕੋਈ ਉਸ ਬੱਦਲ ਉੱਤੇ ਬੈਠਾ ਹੈ। ਉਸ ਦੇ ਸਿਰ ਉੱਤੇ ਸੋਨੇ ਦਾ ਤਾਜ ਅਤੇ ਹੱਥ ਵਿੱਚ ਤਿੱਖੀ ਦਾਤੀ ਹੈ। 15ਤਦ ਇੱਕ ਹੋਰ ਸਵਰਗਦੂਤ ਹੈਕਲ ਵਿੱਚੋਂ ਬਾਹਰ ਨਿੱਕਲਿਆ ਅਤੇ ਉਹ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਉੱਚੀ ਅਵਾਜ਼ ਵਿੱਚ ਕਿਹਾ, “ਆਪਣੀ ਦਾਤੀ ਚਲਾ ਅਤੇ ਵਾਢੀ ਕਰ, ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ; ਧਰਤੀ ਦੀ ਫ਼ਸਲ ਪੱਕ ਚੁੱਕੀ ਹੈ।” 16ਤਦ ਉਸ ਨੇ ਜਿਹੜਾ ਬੱਦਲ ਉੱਤੇ ਬੈਠਾ ਸੀ ਆਪਣੀ ਦਾਤੀ ਚਲਾਈ ਅਤੇ ਧਰਤੀ ਦੀ ਵਾਢੀ ਹੋ ਗਈ। 17ਫਿਰ ਸਵਰਗ ਦੀ ਹੈਕਲ ਵਿੱਚੋਂ ਇੱਕ ਹੋਰ ਸਵਰਗਦੂਤ ਬਾਹਰ ਨਿੱਕਲਿਆ ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤੀ ਸੀ। 18ਇਸ ਤੋਂ ਬਾਅਦ ਇੱਕ ਹੋਰ ਸਵਰਗਦੂਤ ਜਿਸ ਨੂੰ ਅੱਗ ਉੱਤੇ ਇਖ਼ਤਿਆਰ ਸੀ, ਵੇਦੀ ਵਿੱਚੋਂ ਨਿੱਕਲਿਆ ਅਤੇ ਜਿਸ ਕੋਲ ਤਿੱਖੀ ਦਾਤੀ ਸੀ ਉਸ ਨੂੰ ਉੱਚੀ ਅਵਾਜ਼ ਵਿੱਚ ਕਿਹਾ, “ਆਪਣੀ ਤਿੱਖੀ ਦਾਤੀ ਚਲਾ ਅਤੇ ਧਰਤੀ ਦੀ ਅੰਗੂਰ ਦੀ ਵੇਲ ਤੋਂ ਗੁੱਛਿਆਂ ਨੂੰ ਇਕੱਠਾ ਕਰ, ਕਿਉਂਕਿ ਇਸ ਦੇ ਅੰਗੂਰ ਪੱਕ ਚੁੱਕੇ ਹਨ।” 19ਤਦ ਉਸ ਸਵਰਗਦੂਤ ਨੇ ਧਰਤੀ ਉੱਤੇ ਦਾਤੀ ਚਲਾਈ ਅਤੇ ਧਰਤੀ ਦੇ ਅੰਗੂਰਾਂ ਨੂੰ ਇਕੱਠਾ ਕਰਕੇ ਆਪਣੇ ਪਰਮੇਸ਼ਰ ਦੇ ਕ੍ਰੋਧ ਦੇ ਰਸ ਦੇ ਵੱਡੇ ਚੁਬੱਚੇ ਵਿੱਚ ਸੁੱਟ ਦਿੱਤਾ। 20ਫਿਰ ਨਗਰ ਦੇ ਬਾਹਰ ਉਸ ਚੁਬੱਚੇ ਵਿੱਚ ਅੰਗੂਰਾਂ ਨੂੰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਐਨਾ ਲਹੂ ਵਗਿਆ ਕਿ ਇਸ ਦੀ ਉਚਾਈ ਘੋੜਿਆਂ ਦੀਆਂ ਲਗਾਮਾਂ ਤੱਕ ਸੀ ਅਤੇ ਇਹ ਲਗਭਗ ਤਿੰਨ ਸੌ ਕਿਲੋਮੀਟਰ#14:20 ਮੂਲ ਸ਼ਬਦ ਅਰਥ: 1600 ਸਟਾਡੀਆ ਦੂਰ ਤੱਕ ਗਿਆ।
Currently Selected:
ਪਰਕਾਸ਼ 14: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative