Bible App logo
Search Icon

ਇਬਰਾਨੀਆਂ 5

5
1ਹਰੇਕ ਮਹਾਂਯਾਜਕ ਮਨੁੱਖਾਂ ਵਿੱਚੋਂ ਅਤੇ ਮਨੁੱਖਾਂ ਦੇ ਲਈ ਹੀ ਚੁਣਿਆ ਜਾਂਦਾ ਹੈ ਅਤੇ ਪਰਮੇਸ਼ਰ ਦੇ ਕੰਮਾਂ ਵਾਸਤੇ ਨਿਯੁਕਤ ਕੀਤਾ ਜਾਂਦਾ ਹੈ ਤਾਂਕਿ ਉਹ ਪਾਪਾਂ ਦੀ ਮਾਫ਼ੀ ਲਈ ਭੇਟਾਂ ਅਤੇ ਬਲੀਦਾਨ ਚੜ੍ਹਾਵੇ। 2ਉਹ ਅਗਿਆਨੀਆਂ ਅਤੇ ਭਟਕੇ ਹੋਇਆਂ ਦੇ ਨਾਲ ਕੋਮਲਤਾ ਦਾ ਵਿਹਾਰ ਕਰ ਸਕਦਾ ਹੈ, ਕਿਉਂਕਿ ਉਹ ਆਪ ਵੀ ਨਿਰਬਲਤਾ ਵਿੱਚ ਘਿਰਿਆ ਹੁੰਦਾ ਹੈ 3ਅਤੇ ਇਸ ਕਾਰਨ ਉਸ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਲਈ ਵੀ ਪਾਪਾਂ ਦਾ ਬਲੀਦਾਨ ਚੜ੍ਹਾਵੇ ਜਿਵੇਂ ਉਹ ਲੋਕਾਂ ਦੇ ਲਈ ਚੜ੍ਹਾਉਂਦਾ ਹੈ। 4ਕੋਈ ਵੀ ਇਹ ਆਦਰ ਆਪਣੇ ਆਪ ਪ੍ਰਾਪਤ ਨਹੀਂ ਕਰਦਾ, ਪਰ ਇਹ ਪਰਮੇਸ਼ਰ ਵੱਲੋਂ ਬੁਲਾਏ ਜਾਣ 'ਤੇ ਹੀ ਪ੍ਰਾਪਤ ਹੁੰਦਾ ਹੈ ਜਿਵੇਂ ਹਾਰੂਨ ਵੀ ਬੁਲਾਇਆ ਗਿਆ।
5ਇਸੇ ਤਰ੍ਹਾਂ ਮਹਾਂਯਾਜਕ ਬਣਨ ਦਾ ਆਦਰ ਮਸੀਹ ਨੇ ਆਪ ਨਹੀਂ ਲਿਆ, ਸਗੋਂ ਇਹ ਉਸ ਨੇ ਦਿੱਤਾ ਜਿਸ ਨੇ ਉਸ ਨੂੰ ਕਿਹਾ:
ਤੂੰ ਮੇਰਾ ਪੁੱਤਰ ਹੈਂ;
ਅੱਜ ਤੂੰ ਮੇਰੇ ਤੋਂ ਜਨਮਿਆ ਹੈਂ। # ਜ਼ਬੂਰ 2:7
6ਜਿਵੇਂ ਕਿ ਉਹ ਇੱਕ ਹੋਰ ਥਾਂ ਵੀ ਕਹਿੰਦਾ ਹੈ:
ਤੂੰ ਮਲਕਿਸਿਦਕ ਦੀ ਰੀਤ ਅਨੁਸਾਰ
ਸਦਾ ਦਾ ਯਾਜਕ ਹੈਂ। # ਜ਼ਬੂਰ 110:4
7ਯਿਸੂ ਨੇ ਸਰੀਰ ਵਿੱਚ ਰਹਿੰਦਿਆਂ ਹੰਝੂ ਵਹਾ-ਵਹਾ ਕੇ ਅਤੇ ਪੁਕਾਰਦੇ ਹੋਏ ਉਸ ਦੇ ਅੱਗੇ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ, ਪ੍ਰਾਰਥਨਾਵਾਂ ਅਤੇ ਬੇਨਤੀਆਂ ਕੀਤੀਆਂ ਅਤੇ ਉਸ ਦੇ ਸਮਰਪਣ ਦੇ ਕਾਰਨ ਉਸ ਦੀ ਸੁਣੀ ਗਈ। 8ਭਾਵੇਂ ਉਹ ਪੁੱਤਰ ਸੀ, ਤਾਂ ਵੀ ਜਿਹੜੇ ਦੁੱਖ ਉਸ ਨੇ ਝੱਲੇ ਉਨ੍ਹਾਂ ਰਾਹੀਂ ਆਗਿਆਕਾਰੀ ਸਿੱਖੀ 9ਅਤੇ ਉਨ੍ਹਾਂ ਸਭਨਾਂ ਦੇ ਲਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ, ਸਿੱਧ ਠਹਿਰਾਏ ਜਾ ਕੇ ਸਦੀਪਕ ਮੁਕਤੀ ਦਾ ਸ੍ਰੋਤ ਬਣ ਗਿਆ 10ਅਤੇ ਪਰਮੇਸ਼ਰ ਵੱਲੋਂ ਮਲਕਿਸਿਦਕ ਦੀ ਰੀਤ ਅਨੁਸਾਰ ਮਹਾਂਯਾਜਕ ਨਿਯੁਕਤ ਕੀਤਾ ਗਿਆ।
ਸਿੱਧਤਾ ਵੱਲ ਵਧਣਾ
11ਇਸ ਬਾਰੇ ਕਹਿਣ ਲਈ ਸਾਡੇ ਕੋਲ ਬਹੁਤ ਗੱਲਾਂ ਹਨ ਜਿਨ੍ਹਾਂ ਨੂੰ ਸਮਝਾਉਣਾ ਔਖਾ ਹੈ, ਕਿਉਂਕਿ ਤੁਸੀਂ ਸੁਣਨ ਵਿੱਚ ਢਿੱਲੇ ਹੋ ਗਏ ਹੋ। 12ਹੁਣ ਤੱਕ ਤਾਂ ਤੁਹਾਨੂੰ ਸਿੱਖਿਅਕ ਬਣ ਜਾਣਾ ਚਾਹੀਦਾ ਸੀ, ਪਰ ਜ਼ਰੂਰਤ ਹੈ ਕਿ ਕੋਈ ਤੁਹਾਨੂੰ ਦੁਬਾਰਾ ਪਰਮੇਸ਼ਰ ਦੀਆਂ ਬਾਣੀਆਂ ਦੇ ਮੂਲ ਸਿਧਾਂਤਾਂ ਦੀ ਸਿੱਖਿਆ ਦੇਵੇ; ਤੁਹਾਨੂੰ ਠੋਸ ਭੋਜਨ ਦੀ ਨਹੀਂ, ਸਗੋਂ ਦੁੱਧ ਦੀ ਲੋੜ ਹੈ। 13ਜਿਹੜਾ ਅਜੇ ਦੁੱਧ ਪੀਂਦਾ ਹੈ ਉਹ ਧਾਰਮਿਕਤਾ ਦੇ ਵਚਨ ਵਿੱਚ ਨਿਪੁੰਨ ਨਹੀਂ ਹੈ; ਉਹ ਬੱਚਾ ਹੀ ਹੈ। 14ਪਰ ਠੋਸ ਭੋਜਨ ਸਿਆਣਿਆਂ ਲਈ ਹੁੰਦਾ ਹੈ ਜਿਨ੍ਹਾਂ ਨੇ ਆਪਣੀਆਂ ਗਿਆਨ-ਇੰਦਰੀਆਂ ਨੂੰ ਅਭਿਆਸ ਦੇ ਦੁਆਰਾ ਬੁਰੇ-ਭਲੇ ਦੀ ਪਛਾਣ ਕਰਨ ਵਿੱਚ ਪਰਿਪੱਕ ਬਣਾ ਲਿਆ ਹੈ।

Highlight

Copy

Compare

Share

None

Want to have your highlights saved across all your devices? Sign up or sign in