ਇਬਰਾਨੀਆਂ 10
10
ਸਿੱਧ ਬਲੀਦਾਨ
1ਬਿਵਸਥਾ ਵਿੱਚ ਤਾਂ ਕੇਵਲ ਆਉਣ ਵਾਲੀਆਂ ਉੱਤਮ ਵਸਤਾਂ ਦਾ ਪਰਛਾਵਾਂ ਹੈ, ਨਾ ਕਿ ਉਨ੍ਹਾਂ ਦਾ ਅਸਲ ਰੂਪ। ਇਸ ਲਈ ਬਿਵਸਥਾ ਆਪਣੇ ਕੋਲ ਆਉਣ ਵਾਲਿਆਂ ਨੂੰ ਜਿਹੜੇ ਹਰ ਸਾਲ ਲਗਾਤਾਰ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ, ਕਦੇ ਸਿੱਧ ਨਹੀਂ ਬਣਾ ਸਕਦੀ। 2ਨਹੀਂ ਤਾਂ ਕੀ ਇਨ੍ਹਾਂ ਦਾ ਚੜ੍ਹਾਇਆ ਜਾਣਾ ਬੰਦ ਨਾ ਹੁੰਦਾ? ਕਿਉਂਕਿ ਜੇ ਅਰਾਧਨਾ ਕਰਨ ਵਾਲੇ ਇੱਕੋ ਵਾਰ ਸ਼ੁੱਧ ਹੋ ਜਾਂਦੇ ਤਾਂ ਉਨ੍ਹਾਂ ਦੇ ਅੰਦਰ ਪਾਪ ਵਾਲਾ ਵਿਵੇਕ ਨਾ ਹੁੰਦਾ। 3ਪਰ ਇਨ੍ਹਾਂ ਬਲੀਦਾਨਾਂ ਰਾਹੀਂ ਹਰ ਸਾਲ ਪਾਪਾਂ ਨੂੰ ਯਾਦ ਕੀਤਾ ਜਾਂਦਾ ਹੈ, 4ਕਿਉਂਕਿ ਇਹ ਅਸੰਭਵ ਹੈ ਕਿ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਦੂਰ ਕਰੇ। 5ਇਸੇ ਕਾਰਨ ਉਹ ਸੰਸਾਰ ਵਿੱਚ ਆਉਂਦਾ ਹੋਇਆ ਕਹਿੰਦਾ ਹੈ:
ਤੂੰ ਬਲੀਦਾਨ ਅਤੇ ਭੇਟ ਨੂੰ ਨਾ ਚਾਹਿਆ,
ਪਰ ਤੂੰ ਮੇਰੇ ਲਈ ਇੱਕ ਦੇਹ ਤਿਆਰ ਕੀਤੀ।
6 ਤੂੰ ਹੋਮ-ਬਲੀਆਂ ਅਤੇ ਪਾਪ-ਬਲੀਆਂ ਤੋਂ ਪ੍ਰਸੰਨ ਨਾ ਹੋਇਆ।
7 ਤਦ ਮੈਂ ਕਿਹਾ: “ਜਿਵੇਂ ਪੁਸਤਕ ਦੀ ਲਿਖਤ ਵਿੱਚ ਮੇਰੇ ਵਿਖੇ ਲਿਖਿਆ ਹੈ;
ਹੇ ਪਰਮੇਸ਼ਰ, ਵੇਖ ਮੈਂ ਆਇਆ ਹਾਂ
ਤਾਂਕਿ ਤੇਰੀ ਇੱਛਾ ਨੂੰ ਪੂਰਾ ਕਰਾਂ।” #
ਜ਼ਬੂਰ 40:6-8
8ਇਹ ਕਹਿਣ ਤੋਂ ਬਾਅਦ ਉਹ ਕਹਿੰਦਾ ਹੈ,“ਤੂੰ ਬਲੀਦਾਨਾਂ, ਭੇਟਾਂ, ਹੋਮ-ਬਲੀਆਂ ਅਤੇ ਪਾਪ-ਬਲੀਆਂ ਨੂੰ ਨਾ ਚਾਹਿਆ ਅਤੇ ਨਾ ਹੀ ਇਨ੍ਹਾਂ ਤੋਂ ਪ੍ਰਸੰਨ ਹੋਇਆ,” ਭਾਵੇਂ ਕਿ ਇਹ ਬਿਵਸਥਾ ਦੇ ਅਨੁਸਾਰ ਚੜ੍ਹਾਈਆਂ ਜਾਂਦੀਆਂ ਹਨ। 9ਫਿਰ ਉਸ ਨੇ ਕਿਹਾ:“#10:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਹੇ ਪਰਮੇਸ਼ਰ” ਲਿਖਿਆ ਹੈ।ਮੈਂ ਤੇਰੀ ਇੱਛਾ ਪੂਰੀ ਕਰਨ ਲਈ ਆਇਆ ਹਾਂ।” ਇਸ ਤਰ੍ਹਾਂ ਉਹ ਪਹਿਲੇ ਨੂੰ ਹਟਾ ਦਿੰਦਾ ਹੈ ਤਾਂਕਿ ਦੂਜੇ ਨੂੰ ਸਥਾਪਤ ਕਰੇ। 10ਇਸੇ ਇੱਛਾ ਅਨੁਸਾਰ ਅਸੀਂ ਯਿਸੂ ਮਸੀਹ ਦੀ ਦੇਹ ਦੇ ਇੱਕੋ ਵਾਰ ਬਲੀਦਾਨ ਚੜ੍ਹਾਏ ਜਾਣ ਦੁਆਰਾ ਪਵਿੱਤਰ ਕੀਤੇ ਗਏ ਹਾਂ। 11ਹਰੇਕ ਯਾਜਕ ਹਰ ਰੋਜ਼ ਸੇਵਾ ਕਰਨ ਅਤੇ ਬਾਰ-ਬਾਰ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਣ ਲਈ ਖੜ੍ਹਾ ਹੁੰਦਾ ਹੈ ਜੋ ਪਾਪਾਂ ਨੂੰ ਦੂਰ ਨਹੀਂ ਕਰ ਸਕਦੇ। 12ਪਰ ਮਸੀਹ ਪਾਪਾਂ ਦੇ ਨਮਿੱਤ ਸਦਾ ਲਈ ਇੱਕੋ ਬਲੀਦਾਨ ਚੜ੍ਹਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋਇਆ 13ਅਤੇ ਉਦੋਂ ਤੋਂ ਉਡੀਕ ਕਰ ਰਿਹਾ ਹੈ ਕਿ ਉਸ ਦੇ ਵੈਰੀ ਉਸ ਦੇ ਪੈਰਾਂ ਦੀ ਚੌਂਕੀ ਬਣਾਏ ਜਾਣ, 14ਕਿਉਂਕਿ ਉਸ ਨੇ ਇੱਕੋ ਬਲੀਦਾਨ ਦੁਆਰਾ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ, ਸਦਾ ਲਈ ਸਿੱਧ ਕਰ ਦਿੱਤਾ।
15ਪਵਿੱਤਰ ਆਤਮਾ ਵੀ ਸਾਨੂੰ ਇਸ ਦੀ ਗਵਾਹੀ ਦਿੰਦਾ ਹੈ, ਕਿਉਂਕਿ ਉਸ ਨੇ ਪਹਿਲਾਂ ਹੀ ਕਿਹਾ ਹੈ:
16 ਪ੍ਰਭੂ ਕਹਿੰਦਾ ਹੈ, ਉਨ੍ਹਾਂ ਦਿਨਾਂ ਤੋਂ ਬਾਅਦ ਜਿਹੜਾ ਨੇਮ
ਮੈਂ ਉਨ੍ਹਾਂ ਨਾਲ ਬੰਨ੍ਹਾਂਗਾ ਉਹ ਇਹ ਹੈ:
ਮੈਂ ਆਪਣੀਆਂ ਬਿਧੀਆਂ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ
ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਮਨ ਉੱਤੇ ਲਿਖਾਂਗਾ। #
ਯਿਰਮਿਯਾਹ 31:33
17ਫਿਰ ਉਹ ਕਹਿੰਦਾ ਹੈ:
ਮੈਂ ਉਨ੍ਹਾਂ ਦੇ ਪਾਪਾਂ ਨੂੰ ਅਤੇ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਨੂੰ ਫਿਰ ਕਦੇ ਯਾਦ ਨਹੀਂ ਕਰਾਂਗਾ। #
ਯਿਰਮਿਯਾਹ 31:34
18ਹੁਣ ਜਿੱਥੇ ਇਨ੍ਹਾਂ ਪਾਪਾਂ ਦੀ ਮਾਫ਼ੀ ਹੈ ਉੱਥੇ ਪਾਪ ਦੇ ਲਈ ਫਿਰ ਕਿਸੇ ਬਲੀਦਾਨ ਦੀ ਲੋੜ ਨਹੀਂ।
ਇੱਕ ਦੂਜੇ ਨੂੰ ਉਤਸ਼ਾਹਿਤ ਕਰਨਾ
19ਇਸ ਲਈ ਹੇ ਭਾਈਓ, ਸਾਨੂੰ ਯਿਸੂ ਦੇ ਲਹੂ ਦੁਆਰਾ ਉਸ ਨਵੇਂ ਅਤੇ ਜੀਉਂਦੇ ਰਾਹ ਥਾਣੀ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਦੀ ਦਲੇਰੀ ਹੈ 20ਜਿਸ ਨੂੰ ਉਸ ਨੇ ਪਰਦੇ ਅਰਥਾਤ ਆਪਣੀ ਦੇਹ ਰਾਹੀਂ ਸਾਡੇ ਲਈ ਖੋਲ੍ਹ ਦਿੱਤਾ ਹੈ। 21ਸੋ ਜਦੋਂ ਸਾਡਾ ਇੱਕ ਅਜਿਹਾ ਮਹਾਂਯਾਜਕ ਹੈ ਜਿਹੜਾ ਪਰਮੇਸ਼ਰ ਦੇ ਘਰ ਉੱਤੇ ਮੁਖ਼ਤਿਆਰ ਹੈ 22ਤਾਂ ਆਓ ਅਸੀਂ ਸੱਚੇ ਮਨ ਅਤੇ ਵਿਸ਼ਵਾਸ ਦੇ ਪੂਰੇ ਭਰੋਸੇ ਨਾਲ ਅਤੇ ਛਿੜਕਾਓ ਦੁਆਰਾ ਆਪਣੇ ਦਿਲਾਂ ਨੂੰ ਬੁਰੇ ਵਿਵੇਕ ਤੋਂ ਸ਼ੁੱਧ ਕਰ ਕੇ ਅਤੇ ਆਪਣੀ ਦੇਹ ਨੂੰ ਸ਼ੁੱਧ ਜਲ ਨਾਲ ਧੋ ਕੇ ਪਰਮੇਸ਼ਰ ਦੇ ਨੇੜੇ ਜਾਈਏ। 23ਆਓ ਅਸੀਂ ਬਿਨਾਂ ਡੋਲੇ ਆਸ ਦੇ ਇਕਰਾਰ ਨੂੰ ਫੜੀ ਰੱਖੀਏ, ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ। 24ਅਸੀਂ ਪ੍ਰੇਮ ਅਤੇ ਭਲੇ ਕੰਮਾਂ ਵਿੱਚ ਉਤਸ਼ਾਹਿਤ ਕਰਨ ਲਈ ਇੱਕ ਦੂਜੇ ਦਾ ਧਿਆਨ ਰੱਖੀਏ 25ਅਤੇ ਆਪਸ ਵਿੱਚ ਇਕੱਠੇ ਹੋਣਾ ਨਾ ਛੱਡੀਏ ਜਿਵੇਂ ਕਈਆਂ ਦੀ ਰੀਤ ਹੈ, ਸਗੋਂ ਇੱਕ ਦੂਜੇ ਨੂੰ ਉਤਸ਼ਾਹਿਤ ਕਰੀਏ ਅਤੇ ਜਿੰਨਾ ਉਸ ਦਿਨ ਨੂੰ ਨੇੜੇ ਆਉਂਦਾ ਵੇਖਦੇ ਹੋ, ਓਨਾ ਹੋਰ ਵੀ ਵਧਕੇ ਕਰੋ।
ਜਾਣ-ਬੁੱਝ ਕੇ ਕੀਤੇ ਜਾਣ ਵਾਲੇ ਪਾਪ ਦੇ ਵਿਰੁੱਧ ਚਿਤਾਵਨੀ
26ਜੇ ਅਸੀਂ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਾਣ-ਬੁੱਝ ਕੇ ਪਾਪ ਕਰਦੇ ਰਹੀਏ ਤਾਂ ਪਾਪ ਦੇ ਲਈ ਕੋਈ ਬਲੀਦਾਨ ਬਾਕੀ ਨਹੀਂ ਰਹਿ ਜਾਂਦਾ, 27ਬਲਕਿ ਨਿਆਂ ਦੀ ਇੱਕ ਭਿਆਨਕ ਉਡੀਕ ਅਤੇ ਅੱਗ ਦੀ ਲਾਟ ਬਾਕੀ ਹੈ ਜੋ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ। 28ਜਦੋਂ ਮੂਸਾ ਦੀ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਦੋ ਜਾਂ ਤਿੰਨ ਵਿਅਕਤੀਆਂ ਦੀ ਗਵਾਹੀ ਨਾਲ ਬਿਨਾਂ ਦਇਆ ਕੀਤੇ ਮਾਰ ਦਿੱਤਾ ਜਾਂਦਾ ਹੈ, 29ਤਾਂ ਤੁਸੀਂ ਸੋਚੋ ਕਿ ਅਜਿਹਾ ਵਿਅਕਤੀ ਹੋਰ ਵੀ ਕਿੰਨੀ ਵਧੀਕ ਸਜ਼ਾ ਦੇ ਯੋਗ ਹੋਵੇਗਾ ਜਿਸ ਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦੇ ਉਸ ਲਹੂ ਨੂੰ ਤੁੱਛ ਜਾਣਿਆ ਜਿਸ ਦੇ ਦੁਆਰਾ ਉਹ ਸ਼ੁੱਧ ਕੀਤਾ ਗਿਆ ਸੀ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ? 30ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸ ਨੇ ਕਿਹਾ ਹੈ: “ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,”#ਬਿਵਸਥਾ 32:35 ਅਤੇ ਫੇਰ ਇਹ:“ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।”#ਬਿਵਸਥਾ 32:36 31ਜੀਉਂਦੇ ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਭਿਆਨਕ ਗੱਲ ਹੈ।
32ਪਹਿਲੇ ਦਿਨਾਂ ਨੂੰ ਯਾਦ ਕਰੋ ਜਦੋਂ ਤੁਹਾਨੂੰ ਚਾਨਣ ਹੋਣ ਤੋਂ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਵਿੱਚ ਵੀ ਧੀਰਜ ਰੱਖਿਆ। 33ਕਈ ਵਾਰ ਤੁਸੀਂ ਨਿਰਾਦਰ ਅਤੇ ਅੱਤਿਆਚਾਰ ਸਹਿੰਦੇ ਹੋਏ ਤਮਾਸ਼ਾ ਬਣੇ ਅਤੇ ਕਈ ਵਾਰ ਇਸ ਤਰ੍ਹਾਂ ਦਾ ਵਿਹਾਰ ਝੱਲਣ ਵਾਲਿਆਂ ਦੇ ਸਾਂਝੀ ਬਣੇ। 34ਕਿਉਂਕਿ ਤੁਸੀਂ ਕੈਦੀਆਂ ਨਾਲ#10:34 ਕੁਝ ਹਸਤਲੇਖਾਂ ਵਿੱਚ “ਕੈਦੀਆਂ ਨਾਲ” ਦੇ ਸਥਾਨ 'ਤੇ “ਮੇਰੇ ਬੰਧਨਾਂ ਵਿੱਚ” ਲਿਖਿਆ ਹੈ। ਹਮਦਰਦੀ ਵਿਖਾਈ ਅਤੇ ਇਹ ਜਾਣਦੇ ਹੋਏ ਆਪਣੀ ਸੰਪਤੀ ਲੁੱਟੇ ਜਾਣ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਕਿ ਤੁਹਾਡੇ ਕੋਲ#10:34 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਵਰਗ ਵਿੱਚ” ਲਿਖਿਆ ਹੈ। ਇੱਕ ਉੱਤਮ ਅਤੇ ਕਾਇਮ ਰਹਿਣ ਵਾਲੀ ਸੰਪਤੀ ਹੈ। 35ਇਸ ਲਈ ਤੁਸੀਂ ਦਲੇਰੀ ਨਾ ਛੱਡੋ ਜਿਸ ਦਾ ਇੱਕ ਵੱਡਾ ਪ੍ਰਤਿਫਲ ਹੈ। 36ਕਿਉਂਕਿ ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰ ਕੇ ਉਹ ਪ੍ਰਾਪਤ ਕਰੋ ਜਿਸ ਦਾ ਵਾਇਦਾ ਕੀਤਾ ਗਿਆ ਸੀ।
37 ਕਿਉਂਕਿ ਹੁਣ ਥੋੜ੍ਹਾ ਹੀ ਸਮਾਂ ਹੈ ਜਦੋਂ
ਆਉਣ ਵਾਲਾ ਆਵੇਗਾ ਅਤੇ ਦੇਰ ਨਾ ਕਰੇਗਾ।
38 ਮੇਰਾ ਧਰਮੀ ਜਨ ਵਿਸ਼ਵਾਸ ਦੁਆਰਾ ਜੀਵੇਗਾ
ਅਤੇ ਜੇ ਉਹ ਪਿਛਾਂਹ ਹਟ ਜਾਵੇ
ਤਾਂ ਮੇਰਾ ਮਨ ਉਸ ਤੋਂ ਪ੍ਰਸੰਨ ਨਾ ਹੋਵੇਗਾ। #
ਹਬੱਕੂਕ 2:3-4
39ਪਰ ਅਸੀਂ ਉਨ੍ਹਾਂ ਵਿੱਚੋਂ ਨਹੀਂ ਹਾਂ ਜਿਹੜੇ ਪਿਛਾਂਹ ਹਟ ਕੇ ਨਾਸ ਹੋ ਜਾਂਦੇ ਹਨ, ਸਗੋਂ ਉਨ੍ਹਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਦੁਆਰਾ ਆਪਣੇ ਪ੍ਰਾਣਾਂ ਨੂੰ ਬਚਾਉਂਦੇ ਹਨ।
Currently Selected:
ਇਬਰਾਨੀਆਂ 10: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative