ਗਲਾਤੀਆਂ 2
2
ਰਸੂਲਾਂ ਦੁਆਰਾ ਪੌਲੁਸ ਨੂੰ ਸਵੀਕਾਰ ਕਰਨਾ
1ਤਦ ਚੌਦਾਂ ਸਾਲਾਂ ਬਾਅਦ ਮੈਂ ਬਰਨਬਾਸ ਨਾਲ ਫੇਰ ਯਰੂਸ਼ਲਮ ਗਿਆ ਅਤੇ ਤੀਤੁਸ ਨੂੰ ਵੀ ਨਾਲ ਲੈ ਗਿਆ। 2ਪਰ ਮੇਰਾ ਜਾਣਾ ਈਸ਼ਵਰੀ ਪਰਕਾਸ਼ ਦੇ ਅਨੁਸਾਰ ਸੀ ਅਤੇ ਮੈਂ ਉਨ੍ਹਾਂ ਦੇ ਅੱਗੇ ਵੀ ਉਹੋ ਖੁਸ਼ਖ਼ਬਰੀ ਰੱਖੀ ਜਿਹੜੀ ਮੈਂ ਪਰਾਈਆਂ ਕੌਮਾਂ ਨੂੰ ਸੁਣਾਉਂਦਾ ਹਾਂ, ਪਰ ਜਿਹੜੇ ਉੱਘੇ ਮੰਨੇ ਜਾਂਦੇ ਹਨ ਉਨ੍ਹਾਂ ਨੂੰ ਵੱਖਰਿਆਂ ਸੁਣਾਈ, ਤਾਂਕਿ ਕਿਤੇ ਅਜਿਹਾ ਨਾ ਹੋਵੇ ਕਿ ਮੇਰੀ ਇਹ ਅਗਲੀ-ਪਿਛਲੀ ਭੱਜ-ਦੌੜ ਕਿਸੇ ਤਰ੍ਹਾਂ ਵਿਅਰਥ ਠਹਿਰੇ। 3ਪਰ ਤੀਤੁਸ ਜੋ ਮੇਰੇ ਨਾਲ ਸੀ, ਉਸ ਨੂੰ ਯੂਨਾਨੀ ਹੋਣ 'ਤੇ ਵੀ ਸੁੰਨਤ ਕਰਾਉਣ ਲਈ ਮਜ਼ਬੂਰ ਨਾ ਕੀਤਾ ਗਿਆ। 4ਪਰ ਇਹ ਮਸਲਾ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਖੜ੍ਹਾ ਹੋਇਆ ਜਿਹੜੇ ਸਾਡੀ ਉਸ ਅਜ਼ਾਦੀ ਦਾ ਭੇਤ ਲੈਣ ਲਈ ਚੋਰੀ ਅੰਦਰ ਆ ਵੜੇ ਜੋ ਮਸੀਹ ਯਿਸੂ ਵਿੱਚ ਸਾਨੂੰ ਹਾਸਲ ਹੈ, ਤਾਂਕਿ ਸਾਨੂੰ ਗੁਲਾਮ ਬਣਾਉਣ। 5ਪਰ ਅਸੀਂ ਇੱਕ ਘੜੀ ਵੀ ਉਨ੍ਹਾਂ ਦੀ ਅਧੀਨਤਾ ਨਾ ਮੰਨੀ ਤਾਂਕਿ ਖੁਸ਼ਖ਼ਬਰੀ ਦੀ ਸਚਾਈ ਤੁਹਾਡੇ ਵਿੱਚ ਬਣੀ ਰਹੇ। 6ਹੁਣ ਜਿਹੜੇ ਉੱਘੇ ਮੰਨੇ ਜਾਂਦੇ ਹਨ ਉਹ ਪਹਿਲਾਂ ਕਿਹੋ ਜਿਹੇ ਸਨ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ; ਇਨ੍ਹਾਂ ਉੱਘੇ ਮੰਨੇ ਜਾਂਦੇ ਲੋਕਾਂ ਤੋਂ ਮੈਨੂੰ ਕੋਈ ਸੁਝਾਅ ਨਾ ਮਿਲਿਆ, 7ਪਰ ਇਸ ਦੇ ਉਲਟ ਉਨ੍ਹਾਂ ਵੇਖਿਆ ਕਿ ਜਿਸ ਤਰ੍ਹਾਂ ਪਤਰਸ ਨੂੰ ਸੁੰਨਤੀ ਲੋਕਾਂ ਲਈ, ਉਸੇ ਤਰ੍ਹਾਂ ਮੈਨੂੰ ਅਸੁੰਨਤੀ ਲੋਕਾਂ ਲਈ ਖੁਸ਼ਖ਼ਬਰੀ ਸੌਂਪੀ ਗਈ ਹੈ। 8ਕਿਉਂਕਿ ਜਿਸ ਨੇ ਸੁੰਨਤੀ ਲੋਕਾਂ ਵਿੱਚ ਰਸੂਲਪੁਣੇ ਦੀ ਸੇਵਾ ਲਈ ਪਤਰਸ ਦੇ ਅੰਦਰ ਕੰਮ ਕੀਤਾ, ਉਸੇ ਨੇ ਮੇਰੇ ਅੰਦਰ ਪਰਾਈਆਂ ਕੌਮਾਂ ਦੇ ਲਈ ਕੰਮ ਕੀਤਾ 9ਅਤੇ ਜਦੋਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਮੰਨੇ ਜਾਂਦੇ ਹਨ ਉਸ ਕਿਰਪਾ ਨੂੰ ਜਾਣ ਲਿਆ ਜੋ ਮੇਰੇ ਉੱਤੇ ਹੋਈ ਤਾਂ ਮੈਨੂੰ ਅਤੇ ਬਰਨਬਾਸ ਨੂੰ ਸਹਿਯੋਗ ਦਾ ਸੱਜਾ ਹੱਥ ਦਿੱਤਾ ਤਾਂਕਿ ਅਸੀਂ ਪਰਾਈਆਂ ਕੌਮਾਂ ਵਿੱਚ ਅਤੇ ਉਹ ਸੁੰਨਤੀ ਲੋਕਾਂ ਵਿੱਚ ਕੰਮ ਕਰਨ। 10ਉਨ੍ਹਾਂ ਨੇ ਕੇਵਲ ਇਹ ਕਿਹਾ ਕਿ ਅਸੀਂ ਗਰੀਬਾਂ ਦੀ ਸੁੱਧ ਲਈਏ ਅਤੇ ਇਸੇ ਕੰਮ ਨੂੰ ਕਰਨ ਲਈ ਮੈਂ ਆਪ ਵੀ ਯਤਨਸ਼ੀਲ ਸੀ।
ਪਤਰਸ (ਕੇਫ਼ਾਸ) ਦਾ ਵਿਰੋਧ
11ਪਰ ਜਦੋਂ ਕੇਫ਼ਾਸ ਅੰਤਾਕਿਯਾ ਆਇਆ ਤਾਂ ਮੈਂ ਉਸ ਦੇ ਮੂੰਹ 'ਤੇ ਉਸ ਦਾ ਵਿਰੋਧ ਕੀਤਾ ਕਿਉਂਕਿ ਉਹ ਦੋਸ਼ੀ ਠਹਿਰਿਆ ਸੀ; 12ਇਸ ਲਈ ਕਿ ਯਾਕੂਬ ਵੱਲੋਂ ਕੁਝ ਵਿਅਕਤੀਆਂ ਦੇ ਆਉਣ ਤੋਂ ਪਹਿਲਾਂ ਉਹ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਖਾਂਦਾ ਸੀ, ਪਰ ਜਦੋਂ ਉਹ ਆਏ ਤਾਂ ਸੁੰਨਤੀ ਲੋਕਾਂ ਦੇ ਡਰ ਦੇ ਕਾਰਨ ਉਨ੍ਹਾਂ ਤੋਂ ਪਿਛਾਂਹ ਹਟਣ ਅਤੇ ਕਿਨਾਰਾ ਕਰਨ ਲੱਗਾ। 13ਉਸ ਦੇ ਇਸ ਪਖੰਡ ਵਿੱਚ ਬਾਕੀ ਯਹੂਦੀਆਂ ਨੇ ਵੀ ਉਸ ਦਾ ਸਾਥ ਦਿੱਤਾ, ਇੱਥੋਂ ਤੱਕ ਕਿ ਬਰਨਬਾਸ ਵੀ ਉਨ੍ਹਾਂ ਦੇ ਇਸ ਪਖੰਡ ਨਾਲ ਭਰਮਾਇਆ ਗਿਆ। 14ਪਰ ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਤਾਂ ਮੈਂ ਸਭਨਾਂ ਦੇ ਸਾਹਮਣੇ ਕੇਫ਼ਾਸ ਨੂੰ ਕਿਹਾ, “ਜੇ ਤੂੰ ਆਪ ਯਹੂਦੀ ਹੋ ਕੇ ਯਹੂਦੀਆਂ ਵਾਂਗ ਨਹੀਂ, ਸਗੋਂ ਗੈਰ-ਯਹੂਦੀਆਂ ਵਾਂਗ ਚੱਲਦਾ ਹੈਂ ਤਾਂ ਫਿਰ ਤੂੰ ਗੈਰ-ਯਹੂਦੀਆਂ ਨੂੰ ਯਹੂਦੀਆਂ ਵਾਂਗ ਚੱਲਣ ਲਈ ਕਿਉਂ ਮਜ਼ਬੂਰ ਕਰਦਾ ਹੈਂ?” 15ਅਸੀਂ ਤਾਂ ਜਨਮ ਤੋਂ ਯਹੂਦੀ ਹਾਂ ਅਤੇ ਗੈਰ-ਯਹੂਦੀ ਪਾਪੀਆਂ ਵਿੱਚੋਂ ਨਹੀਂ ਹਾਂ। 16ਇਹ ਜਾਣਦੇ ਹੋਏ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂਕਿ ਬਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠਹਿਰਾਏ ਜਾਈਏ; ਕਿਉਂਕਿ ਕੋਈ ਵੀ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ। 17ਸੋ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਨਾ ਚਾਹੁੰਦੇ ਹਾਂ, ਜੇ ਆਪ ਹੀ ਪਾਪੀ ਨਿੱਕਲਦੇ ਹਾਂ ਤਾਂ ਕੀ ਮਸੀਹ ਪਾਪ ਦਾ ਸੇਵਕ ਹੈ? ਕਦੇ ਵੀ ਨਹੀਂ! 18ਕਿਉਂਕਿ ਜੇ ਮੈਂ ਉਸੇ ਨੂੰ ਫੇਰ ਬਣਾਵਾਂ ਜੋ ਮੈਂ ਢਾਹ ਦਿੱਤਾ ਤਾਂ ਆਪਣੇ ਆਪ ਨੂੰ ਅਪਰਾਧੀ ਠਹਿਰਾਉਂਦਾ ਹਾਂ। 19ਕਿਉਂ ਜੋ ਮੈਂ ਬਿਵਸਥਾ ਦੇ ਦੁਆਰਾ ਬਿਵਸਥਾ ਲਈ ਮਰ ਗਿਆ ਤਾਂਕਿ ਪਰਮੇਸ਼ਰ ਲਈ ਜੀ ਸਕਾਂ। 20ਮੈਂ ਮਸੀਹ ਦੇ ਨਾਲ ਸਲੀਬ ਚੜ੍ਹਾਇਆ ਗਿਆ ਹਾਂ; ਹੁਣ ਤੋਂ ਮੈਂ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜੀਉਂਦਾ ਹਾਂ ਉਹ ਕੇਵਲ ਉਸ ਵਿਸ਼ਵਾਸ ਨਾਲ ਜੀਉਂਦਾ ਹਾਂ ਜਿਹੜਾ ਪਰਮੇਸ਼ਰ ਦੇ ਪੁੱਤਰ ਉੱਤੇ ਹੈ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। 21ਮੈਂ ਪਰਮੇਸ਼ਰ ਦੀ ਕਿਰਪਾ ਨੂੰ ਵਿਅਰਥ ਨਹੀਂ ਠਹਿਰਾਉਂਦਾ, ਕਿਉਂਕਿ ਜੇ ਧਾਰਮਿਕਤਾ ਬਿਵਸਥਾ ਦੇ ਰਾਹੀਂ ਹੈ ਤਾਂ ਮਸੀਹ ਦਾ ਮਰਨਾ ਵਿਅਰਥ ਠਹਿਰਿਆ।
Currently Selected:
ਗਲਾਤੀਆਂ 2: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative