ਗਲਾਤੀਆਂ 1
1
ਸਲਾਮ
1ਮੈਂ ਪੌਲੁਸ ਜੋ ਨਾ ਮਨੁੱਖਾਂ ਤੋਂ ਅਤੇ ਨਾ ਮਨੁੱਖਾਂ ਦੇ ਦੁਆਰਾ, ਸਗੋਂ ਯਿਸੂ ਮਸੀਹ ਅਤੇ ਉਸ ਪਿਤਾ ਪਰਮੇਸ਼ਰ ਦੇ ਦੁਆਰਾ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਇੱਕ ਰਸੂਲ ਹਾਂ, ਮੇਰੇ ਵੱਲੋਂ 2ਅਤੇ ਉਨ੍ਹਾਂ ਸਾਰੇ ਭਾਈਆਂ ਦੇ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤਿਯਾ ਦੀਆਂ ਕਲੀਸਿਆਵਾਂ ਨੂੰ; 3ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ, 4ਜਿਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ ਤਾਂਕਿ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁਗ ਤੋਂ ਬਚਾ ਲਵੇ। 5ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।
ਕੋਈ ਦੂਜੀ ਖੁਸ਼ਖ਼ਬਰੀ ਨਹੀਂ
6ਮੈਂ ਹੈਰਾਨ ਹਾਂ ਕਿ ਤੁਸੀਂ ਉਸ ਤੋਂ ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਸੱਦਿਆ ਐਨੀ ਜਲਦੀ ਬੇਮੁੱਖ ਹੋ ਕੇ ਕਿਸੇ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ। 7ਦੂਜੀ ਖੁਸ਼ਖ਼ਬਰੀ ਤਾਂ ਹੈ ਹੀ ਨਹੀਂ; ਪਰ ਕੁਝ ਲੋਕ ਹਨ ਜਿਹੜੇ ਤੁਹਾਨੂੰ ਉਲਝਣ ਵਿੱਚ ਪਾ ਰਹੇ ਹਨ ਅਤੇ ਮਸੀਹ ਦੀ ਖੁਸ਼ਖ਼ਬਰੀ ਨੂੰ ਵਿਗਾੜਨਾ ਚਾਹੁੰਦੇ ਹਨ। 8ਜੇ ਅਸੀਂ ਜਾਂ ਸਵਰਗ ਤੋਂ ਕੋਈ ਦੂਤ ਵੀ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਅਸੀਂ ਸੁਣਾਈ ਕੋਈ ਹੋਰ ਖੁਸ਼ਖ਼ਬਰੀ ਸੁਣਾਵੇ ਤਾਂ ਉਹ ਸਰਾਪੀ ਹੋਵੇ। 9ਜਿਵੇਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਹੁਣ ਮੈਂ ਫੇਰ ਕਹਿੰਦਾ ਹਾਂ ਕਿ ਜੇ ਕੋਈ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਤੁਸੀਂ ਸਵੀਕਾਰ ਕੀਤੀ, ਕੋਈ ਹੋਰ ਖੁਸ਼ਖ਼ਬਰੀ ਸੁਣਾਉਂਦਾ ਹੈ ਤਾਂ ਉਹ ਸਰਾਪੀ ਹੋਵੇ। 10ਕੀ ਮੈਂ ਮਨੁੱਖਾਂ ਦੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ? ਜਾਂ ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰ ਰਿਹਾ ਹੁੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ।
ਪਰਮੇਸ਼ਰ ਦੁਆਰਾ ਪੌਲੁਸ ਦਾ ਬੁਲਾਇਆ ਜਾਣਾ
11ਭਾਈਓ, ਤੁਸੀਂ ਇਹ ਜਾਣ ਲਵੋ ਕਿ ਜਿਹੜੀ ਖੁਸ਼ਖ਼ਬਰੀ ਮੈਂ ਤੁਹਾਨੂੰ ਸੁਣਾਈ ਉਹ ਕਿਸੇ ਮਨੁੱਖ ਦੀ ਨਹੀਂ ਹੈ; 12ਕਿਉਂਕਿ ਨਾ ਤਾਂ ਮੈਂ ਇਹ ਕਿਸੇ ਮਨੁੱਖ ਤੋਂ ਪ੍ਰਾਪਤ ਕੀਤੀ ਅਤੇ ਨਾ ਹੀ ਮੈਨੂੰ ਸਿਖਾਈ ਗਈ, ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੁਆਰਾ ਮੈਨੂੰ ਪ੍ਰਾਪਤ ਹੋਈ।
13ਤੁਸੀਂ ਯਹੂਦੀ ਪੰਥ ਵਿੱਚ ਮੇਰੇ ਪਹਿਲੇ ਚਾਲ-ਚਲਣ ਬਾਰੇ ਸੁਣਿਆ ਹੈ ਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਹੱਦੋਂ ਵੱਧ ਸਤਾਉਂਦਾ ਅਤੇ ਨਾਸ ਕਰਦਾ ਸੀ 14ਅਤੇ ਆਪਣੀ ਕੌਮ ਵਿੱਚ ਯਹੂਦੀ ਪੰਥ ਦੇ ਆਪਣੇ ਬਹੁਤ ਸਾਰੇ ਹਾਣੀਆਂ ਨਾਲੋਂ ਅੱਗੇ ਸੀ, ਕਿਉਂਕਿ ਮੈਂ ਆਪਣੇ ਪੂਰਵਜਾਂ ਦੀਆਂ ਰੀਤਾਂ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ। 15ਪਰ ਜਦੋਂ ਪਰਮੇਸ਼ਰ ਨੂੰ ਜਿਸ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਕਿਰਪਾ ਦੇ ਅਨੁਸਾਰ ਮੈਨੂੰ ਬੁਲਾਇਆ, ਇਹ ਚੰਗਾ ਲੱਗਾ 16ਕਿ ਉਹ ਆਪਣੇ ਪੁੱਤਰ ਨੂੰ ਮੇਰੇ ਵਿੱਚ ਪਰਗਟ ਕਰੇ ਤਾਂਕਿ ਮੈਂ ਪਰਾਈਆਂ ਕੌਮਾਂ ਵਿੱਚ ਉਸ ਦੀ ਖੁਸ਼ਖ਼ਬਰੀ ਸੁਣਾਵਾਂ, ਤਾਂ ਉਸ ਵੇਲੇ ਮੈਂ ਲਹੂ ਅਤੇ ਮਾਸ#1:16 ਅਰਥਾਤ ਕਿਸੇ ਮਨੁੱਖ ਤੋਂ ਸਲਾਹ ਨਾ ਲਈ 17ਅਤੇ ਨਾ ਹੀ ਯਰੂਸ਼ਲਮ ਵਿੱਚ ਉਨ੍ਹਾਂ ਦੇ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਸਨ, ਬਲਕਿ ਮੈਂ ਅਰਬ ਨੂੰ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।
18ਫਿਰ ਤਿੰਨ ਸਾਲ ਬਾਅਦ ਮੈਂ ਕੇਫ਼ਾਸ ਨੂੰ ਮਿਲਣ ਲਈ#1:18 ਮੂਲ ਸ਼ਬਦ ਅਰਥ: ਜਾਣ-ਪਛਾਣ ਕਰਨ ਲਈ ਯਰੂਸ਼ਲਮ ਨੂੰ ਗਿਆ ਅਤੇ ਪੰਦਰਾਂ ਦਿਨ ਉਸ ਦੇ ਨਾਲ ਰਿਹਾ 19ਅਤੇ ਉੱਥੇ ਪ੍ਰਭੂ ਦੇ ਭਰਾ ਯਾਕੂਬ ਤੋਂ ਇਲਾਵਾ ਮੈਂ ਹੋਰ ਕਿਸੇ ਰਸੂਲ ਨੂੰ ਨਹੀਂ ਮਿਲਿਆ। 20ਹੁਣ ਜੋ ਗੱਲਾਂ ਮੈਂ ਤੁਹਾਨੂੰ ਲਿਖ ਰਿਹਾ ਹਾਂ, ਵੇਖੋ, ਮੈਂ ਪਰਮੇਸ਼ਰ ਦੇ ਸਨਮੁੱਖ ਕਹਿੰਦਾ ਹਾਂ ਕਿ ਮੈਂ ਝੂਠ ਨਹੀਂ ਬੋਲਦਾ। 21ਇਸ ਤੋਂ ਬਾਅਦ ਮੈਂ ਸੁਰਿਯਾ#1:21 ਆਧੁਨਿਕ ਨਾਮ ਸੀਰੀਆ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ, 22ਪਰ ਯਹੂਦਿਯਾ ਦੀਆਂ ਕਲੀਸਿਆਵਾਂ ਨੇ ਜੋ ਮਸੀਹ ਵਿੱਚ ਹਨ, ਮੈਨੂੰ ਕਦੇ ਨਹੀਂ ਵੇਖਿਆ ਸੀ। 23ਉਨ੍ਹਾਂ ਨੇ ਕੇਵਲ ਇਹੀ ਸੁਣਿਆ ਸੀ ਕਿ ਉਹ ਜਿਹੜਾ ਸਾਨੂੰ ਪਹਿਲਾਂ ਸਤਾਉਂਦਾ ਸੀ, ਹੁਣ ਉਸੇ ਵਿਸ਼ਵਾਸ ਦੀ ਖੁਸ਼ਖ਼ਬਰੀ ਸੁਣਾਉਂਦਾ ਹੈ ਜਿਸ ਨੂੰ ਕਦੇ ਉਹ ਨਾਸ ਕਰਦਾ ਸੀ; 24ਅਤੇ ਉਹ ਮੇਰੇ ਕਰਕੇ ਪਰਮੇਸ਼ਰ ਦੀ ਮਹਿਮਾ ਕਰਦੀਆਂ ਸਨ।
Currently Selected:
ਗਲਾਤੀਆਂ 1: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative