Bible App logo
Search Icon

2 ਪਤਰਸ 2

2
ਝੂਠੇ ਸਿੱਖਿਅਕ
1ਜਿਸ ਤਰ੍ਹਾਂ ਉਨ੍ਹਾਂ ਵਿੱਚ ਝੂਠੇ ਨਬੀ ਸਨ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਵੀ ਝੂਠੇ ਸਿੱਖਿਅਕ ਹੋਣਗੇ। ਉਹ ਨਾਸ ਕਰਨ ਵਾਲੀਆਂ ਸਿੱਖਿਆਵਾਂ ਗੁਪਤ ਰੂਪ ਵਿੱਚ ਲੈ ਕੇ ਆਉਣਗੇ ਅਤੇ ਇੱਥੋਂ ਤੱਕ ਕਿ ਉਸ ਮਾਲਕ ਦਾ ਵੀ ਇਨਕਾਰ ਕਰਨਗੇ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਹੈ; ਇਸ ਤਰ੍ਹਾਂ ਉਹ ਛੇਤੀ ਹੀ ਆਪਣੇ ਉੱਤੇ ਨਾਸ ਲੈ ਆਉਣਗੇ। 2ਬਹੁਤ ਸਾਰੇ ਲੋਕ ਉਨ੍ਹਾਂ ਵਾਂਗ ਲੁੱਚਪੁਣੇ#2:2 ਕੁਝ ਹਸਤਲੇਖਾਂ ਵਿੱਚ “ਲੁੱਚਪੁਣੇ” ਦੇ ਸਥਾਨ 'ਤੇ “ਵਿਨਾਸ਼ਕਾਰੀ ਰਾਹਾਂ” ਲਿਖਿਆ ਹੈ। ਦੇ ਪਿੱਛੇ ਚੱਲਣਗੇ ਅਤੇ ਉਨ੍ਹਾਂ ਦੇ ਕਰਕੇ ਸੱਚ ਦੇ ਰਾਹ ਦੀ ਨਿੰਦਾ ਹੋਵੇਗੀ। 3ਉਹ ਆਪਣੇ ਲਾਲਚ ਦੇ ਮਾਰੇ ਮਨਘੜਤ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਸਾਧਨ ਬਣਾ ਛੱਡਣਗੇ। ਉਨ੍ਹਾਂ ਦਾ ਦੰਡ ਜੋ ਪਹਿਲਾਂ ਤੋਂ ਠਹਿਰਾਇਆ ਹੋਇਆ ਹੈ ਉਸ ਵਿੱਚ ਦੇਰੀ ਨਹੀਂ ਹੈ ਅਤੇ ਨਾ ਉਨ੍ਹਾਂ ਦੇ ਨਾਸ ਵਿੱਚ ਢਿੱਲ ਹੈ।
4ਕਿਉਂਕਿ ਜੇ ਪਰਮੇਸ਼ਰ ਨੇ ਉਨ੍ਹਾਂ ਸਵਰਗਦੂਤਾਂ ਨੂੰ ਨਹੀਂ ਛੱਡਿਆ ਜਿਨ੍ਹਾਂ ਨੇ ਪਾਪ ਕੀਤਾ, ਬਲਕਿ ਉਨ੍ਹਾਂ ਨੂੰ ਨਰਕ#2:4 ਯੂਨਾਨੀ ਵਿੱਚ “ਤਾਰਤਰੋਸ” ਵਿੱਚ ਸੁੱਟ ਕੇ ਘੁੱਪ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਜਕੜ ਦਿੱਤਾ ਕਿ ਉਹ ਨਿਆਂ ਤੱਕ ਉੱਥੇ ਰੱਖੇ ਜਾਣ; 5ਅਤੇ ਜੇ ਉਸ ਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਛੱਡਿਆ ਅਤੇ ਕੁਧਰਮੀਆਂ ਦੇ ਸੰਸਾਰ ਉੱਤੇ ਜਲ-ਪਰਲੋ ਲਿਆਂਦੀ, ਪਰ ਧਾਰਮਿਕਤਾ ਦੇ ਪ੍ਰਚਾਰਕ ਨੂਹ ਨੂੰ ਸੱਤ ਹੋਰ ਜਣਿਆਂ ਸਮੇਤ ਬਚਾ ਲਿਆ; 6ਅਤੇ ਜੇ ਉਸ ਨੇ ਸਦੂਮ ਅਤੇ ਅਮੂਰਾਹ ਜਿਹੇ ਨਗਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਇਨ੍ਹਾਂ ਦਾ ਨਾਸ ਕਰਕੇ ਸਜ਼ਾ ਦਿੱਤੀ ਕਿ ਇਹ ਆਉਣ ਵਾਲੇ ਸਮੇਂ ਦੇ ਕੁਧਰਮੀਆਂ ਲਈ ਨਮੂਨਾ ਹੋਣ; 7ਅਤੇ ਜੇ ਉਸ ਨੇ ਧਰਮੀ ਲੂਤ ਨੂੰ ਬਚਾ ਲਿਆ ਜਿਹੜਾ ਦੁਸ਼ਟਾਂ ਦੇ ਲੁੱਚਪੁਣੇ ਦੇ ਚਾਲ-ਚਲਣ ਕਰਕੇ ਬਹੁਤ ਦੁਖੀ ਸੀ, 8(ਕਿਉਂਕਿ ਉਨ੍ਹਾਂ ਦੇ ਵਿਚਕਾਰ ਰਹਿੰਦਿਆਂ ਉਸ ਧਰਮੀ ਦਾ ਮਨ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਨੂੰ ਵੇਖ ਕੇ ਅਤੇ ਸੁਣ ਕੇ ਹਰ ਦਿਨ ਬਹੁਤ ਦੁਖੀ ਰਹਿੰਦਾ ਸੀ); 9ਤਾਂ ਪ੍ਰਭੂ ਧਰਮੀਆਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਦੰਡ ਦੇ ਅਧੀਨ ਰੱਖਣਾ ਜਾਣਦਾ ਹੈ, 10ਖਾਸ ਕਰਕੇ ਉਨ੍ਹਾਂ ਨੂੰ ਜਿਹੜੇ ਸਰੀਰ ਦੀ ਬੁਰੀ ਕਾਮਨਾ ਦੇ ਪਿੱਛੇ ਚੱਲਦੇ ਹਨ ਅਤੇ ਪ੍ਰਭੁਤਾ ਨੂੰ ਤੁੱਛ ਜਾਣਦੇ ਹਨ।
ਉਹ ਢੀਠ ਅਤੇ ਘਮੰਡੀ ਹਨ ਅਤੇ ਮਹਿਮਾਮਈ ਪ੍ਰਾਣੀਆਂ ਦੀ ਨਿੰਦਾ ਕਰਨ ਤੋਂ ਵੀ ਨਹੀਂ ਡਰਦੇ; 11ਜਦਕਿ ਸਵਰਗਦੂਤ ਵੀ ਜਿਹੜੇ ਸ਼ਕਤੀ ਅਤੇ ਸਮਰੱਥਾ ਵਿੱਚ ਉਨ੍ਹਾਂ ਤੋਂ ਵੱਡੇ ਹਨ, ਪ੍ਰਭੂ ਦੇ ਸਾਹਮਣੇ ਉਨ੍ਹਾਂ ਨੂੰ ਬੁਰਾ-ਭਲਾ ਕਹਿ ਕੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ। 12ਪਰ ਇਹ ਲੋਕ ਉਨ੍ਹਾਂ ਬੁੱਧਹੀਣ ਪਸ਼ੂਆਂ ਜਿਹੇ ਹਨ ਜੋ ਫੜੇ ਜਾਣ ਅਤੇ ਮਾਰੇ ਜਾਣ ਲਈ ਪੈਦਾ ਹੋਏ ਹਨ। ਉਹ ਜਿਨ੍ਹਾਂ ਗੱਲਾਂ ਬਾਰੇ ਜਾਣਦੇ ਹੀ ਨਹੀਂ, ਉਨ੍ਹਾਂ ਦੀ ਨਿੰਦਾ ਕਰਦੇ ਹਨ। ਉਹ ਆਪਣੇ ਨਾਸ ਵਿੱਚ ਆਪ ਹੀ#2:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪੂਰੀ ਤਰ੍ਹਾਂ ਨਾਲ” ਲਿਖਿਆ ਹੈ। ਨਾਸ ਹੋ ਜਾਣਗੇ। 13ਉਨ੍ਹਾਂ ਦੀ ਬੁਰਾਈ ਦਾ ਪ੍ਰਤਿਫਲ ਬੁਰਾਈ ਹੀ ਹੋਵੇਗਾ। ਉਨ੍ਹਾਂ ਨੂੰ ਦਿਨ-ਦੁਪਹਿਰੇ ਭੋਗ-ਵਿਲਾਸ ਕਰਨਾ ਚੰਗਾ ਲੱਗਦਾ ਹੈ। ਉਹ ਕਲੰਕ ਅਤੇ ਧੱਬਾ ਹਨ ਅਤੇ ਜਦੋਂ ਤੁਹਾਡੇ ਨਾਲ ਦਾਅਵਤਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਆਪਣੇ ਛਲ ਵਿੱਚ ਮਗਨ ਹੁੰਦੇ ਹਨ। 14ਉਨ੍ਹਾਂ ਦੀਆਂ ਅੱਖਾਂ ਵਿਭਚਾਰ ਨਾਲ ਭਰੀਆਂ ਹੋਈਆਂ ਹਨ ਅਤੇ ਉਹ ਪਾਪ ਕਰਨ ਤੋਂ ਨਹੀਂ ਰੁਕਦੇ। ਉਹ ਅਸਥਿਰ ਮਨ ਵਾਲਿਆਂ ਨੂੰ ਫਸਾ ਲੈਂਦੇ ਹਨ ਅਤੇ ਉਨ੍ਹਾਂ ਦਾ ਦਿਲ ਲਾਲਚ ਦਾ ਆਦੀ ਹੋ ਗਿਆ ਹੈ; ਉਹ ਸਰਾਪੀ ਹੋਈ ਸੰਤਾਨ ਹਨ। 15ਉਹ ਸਿੱਧੇ ਰਾਹ ਨੂੰ ਛੱਡ ਕੇ ਭਟਕ ਗਏ ਹਨ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਰਾਹ ਉੱਤੇ ਚੱਲ ਪਏ ਹਨ ਜਿਸ ਨੇ ਕੁਧਰਮ ਦੀ ਕਮਾਈ ਨੂੰ ਪਿਆਰਾ ਜਾਣਿਆ; 16ਪਰ ਉਸ ਦੇ ਅਪਰਾਧ ਦੇ ਕਾਰਨ ਉਸ ਨੂੰ ਝਿੜਕ ਪਈ। ਇੱਕ ਬੇਜ਼ੁਬਾਨ ਗਧੀ ਨੇ ਮਨੁੱਖ ਦੀ ਅਵਾਜ਼ ਵਿੱਚ ਬੋਲ ਕੇ ਨਬੀ ਦੇ ਕਮਲਪੁਣੇ ਨੂੰ ਰੋਕਿਆ।
17ਇਹ ਲੋਕ ਸੁੱਕੇ ਹੋਏ ਜਲ-ਸ੍ਰੋਤ ਅਤੇ ਹਨੇਰੀ ਨਾਲ ਉਡਾਏ ਜਾਣ ਵਾਲੇ ਬੱਦਲ ਹਨ ਜਿਨ੍ਹਾਂ ਲਈ ਘੁੱਪ ਹਨੇਰਾ#2:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਦਾ ਵਾਸਤੇ” ਲਿਖਿਆ ਹੈ। ਠਹਿਰਾਇਆ ਹੋਇਆ ਹੈ। 18ਉਹ ਉਨ੍ਹਾਂ ਨੂੰ ਜਿਹੜੇ ਭਟਕੇ ਹੋਏ ਜੀਵਨ ਵਿੱਚੋਂ ਅਜੇ ਨਿੱਕਲ ਹੀ ਰਹੇ ਹਨ, ਵਿਅਰਥ ਦੀਆਂ ਫੋਕੀਆਂ ਗੱਲਾਂ ਬੋਲ-ਬੋਲ ਕੇ ਸਰੀਰ ਦੀਆਂ ਕਾਮਨਾਵਾਂ ਅਤੇ ਲੁੱਚਪੁਣੇ ਵਿੱਚ ਫਸਾ ਲੈਂਦੇ ਹਨ। 19ਉਹ ਉਨ੍ਹਾਂ ਨਾਲ ਤਾਂ ਅਜ਼ਾਦੀ ਦਾ ਵਾਇਦਾ ਕਰਦੇ ਹਨ ਪਰ ਆਪ ਭ੍ਰਿਸ਼ਟਤਾ ਦੇ ਗੁਲਾਮ ਹਨ, ਕਿਉਂਕਿ ਜਿਹੜਾ ਜਿਸ ਚੀਜ਼ ਤੋਂ ਹਾਰ ਜਾਂਦਾ ਹੈ ਉਹ ਉਸ ਦਾ ਗੁਲਾਮ ਬਣ ਜਾਂਦਾ ਹੈ। 20ਜੇ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੀ ਤਰ੍ਹਾਂ-ਤਰ੍ਹਾਂ ਦੀ ਭ੍ਰਿਸ਼ਟਤਾ ਤੋਂ ਬਚ ਨਿੱਕਲਣ ਤੋਂ ਬਾਅਦ ਦੁਬਾਰਾ ਇਨ੍ਹਾਂ ਵਿੱਚ ਫਸ ਕੇ ਹਾਰ ਗਏ ਤਾਂ ਉਨ੍ਹਾਂ ਦੀ ਪਿਛਲੀ ਹਾਲਤ ਪਹਿਲੀ ਨਾਲੋਂ ਬੁਰੀ ਹੋ ਜਾਂਦੀ ਹੈ। 21ਕਿਉਂਕਿ ਉਨ੍ਹਾਂ ਲਈ ਚੰਗਾ ਸੀ ਕਿ ਉਨ੍ਹਾਂ ਨੇ ਧਾਰਮਿਕਤਾ ਦੇ ਰਾਹ ਨੂੰ ਜਾਣਿਆ ਹੀ ਨਾ ਹੁੰਦਾ, ਬਜਾਇ ਇਸ ਦੇ ਕਿ ਇਸ ਨੂੰ ਜਾਣ ਕੇ ਉਸ ਪਵਿੱਤਰ ਹੁਕਮ ਤੋਂ ਬੇਮੁੱਖ ਹੋ ਜਾਂਦੇ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ ਸੀ। 22ਇਹ ਕਹਾਵਤ ਉਨ੍ਹਾਂ ਉੱਤੇ ਸੱਚੀ ਬੈਠਦੀ ਹੈ: “ਕੁੱਤਾ ਆਪਣੀ ਉਲਟੀ ਵੱਲ,” ਅਤੇ “ਨੁਹਾਈ ਹੋਈ ਸੂਰਨੀ ਚਿੱਕੜ ਵਿੱਚ ਲਿਟਣ ਲਈ ਮੁੜ ਜਾਂਦੀ ਹੈ।”

Currently Selected:

2 ਪਤਰਸ 2: PSB

Highlight

Copy

Compare

Share

None

Want to have your highlights saved across all your devices? Sign up or sign in