YouVersion Logo
Search Icon

2 ਕੁਰਿੰਥੀਆਂ 7

7
1ਸੋ ਹੇ ਪਿਆਰਿਓ, ਜਦੋਂ ਸਾਨੂੰ ਇਹ ਵਾਇਦੇ ਮਿਲੇ ਹਨ ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਗੰਦਗੀ ਤੋਂ ਸ਼ੁੱਧ ਕਰੀਏ ਅਤੇ ਪਰਮੇਸ਼ਰ ਦੇ ਡਰ ਵਿੱਚ ਪਵਿੱਤਰਤਾ ਨੂੰ ਪੂਰਾ ਕਰੀਏ।
ਪੌਲੁਸ ਦਾ ਅਨੰਦ
2ਸਾਨੂੰ ਆਪਣੇ ਦਿਲਾਂ ਵਿੱਚ ਥਾਂ ਦਿਓ। ਅਸੀਂ ਨਾ ਕਿਸੇ ਦਾ ਨੁਕਸਾਨ ਕੀਤਾ, ਨਾ ਕਿਸੇ ਨੂੰ ਕੁਰਾਹੇ ਪਾਇਆ ਅਤੇ ਨਾ ਕਿਸੇ ਦਾ ਫਾਇਦਾ ਚੁੱਕਿਆ। 3ਇਹ ਮੈਂ ਦੋਸ਼ ਲਾਉਣ ਲਈ ਨਹੀਂ ਕਹਿੰਦਾ, ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਇਸ ਤਰ੍ਹਾਂ ਵੱਸ ਗਏ ਹੋ ਕਿ ਸਾਡਾ ਜੀਉਣਾ ਅਤੇ ਮਰਨਾ ਤੁਹਾਡੇ ਨਾਲ ਹੀ ਹੈ। 4ਮੈਨੂੰ ਤੁਹਾਡੇ ਵਿਖੇ ਵੱਡੀ ਦਲੇਰੀ ਹੈ; ਮੈਨੂੰ ਤੁਹਾਡੇ ਵਿਖੇ ਬਹੁਤ ਅਭਿਮਾਨ ਹੈ; ਮੈਂ ਦਿਲਾਸੇ ਨਾਲ ਭਰ ਗਿਆ ਹਾਂ। ਮੈਂ ਆਪਣੇ ਸਾਰੇ ਕਸ਼ਟ ਵਿੱਚ ਅਨੰਦ ਨਾਲ ਭਰਿਆ ਰਹਿੰਦਾ ਹਾਂ।
5ਕਿਉਂਕਿ ਜਦੋਂ ਅਸੀਂ ਮਕਦੂਨਿਯਾ ਆਏ ਤਾਂ ਉਦੋਂ ਵੀ ਸਾਡੇ ਸਰੀਰ ਨੂੰ ਕੋਈ ਅਰਾਮ ਨਾ ਮਿਲਿਆ ਸਗੋਂ ਸਾਨੂੰ ਹਰ ਪਾਸਿਓਂ ਕਸ਼ਟ ਸਹਿਣੇ ਪਏ; ਬਾਹਰ ਝਗੜੇ ਅਤੇ ਅੰਦਰ ਡਰ ਸੀ। 6ਪਰ ਪਰਮੇਸ਼ਰ ਨੇ ਜਿਹੜਾ ਹਲੀਮਾਂ ਨੂੰ ਤਸੱਲੀ ਦਿੰਦਾ ਹੈ, ਸਾਨੂੰ ਤੀਤੁਸ ਦੇ ਆਉਣ ਨਾਲ ਤਸੱਲੀ ਦਿੱਤੀ; 7ਨਾ ਕੇਵਲ ਉਸ ਦੇ ਆਉਣ ਨਾਲ, ਸਗੋਂ ਉਸ ਤਸੱਲੀ ਨਾਲ ਵੀ ਜੋ ਉਸ ਨੂੰ ਤੁਹਾਡੇ ਤੋਂ ਮਿਲੀ ਸੀ। ਉਸ ਨੇ ਮੇਰੇ ਪ੍ਰਤੀ ਤੁਹਾਡੀ ਤਾਂਘ, ਤੁਹਾਡੇ ਦੁੱਖ ਅਤੇ ਮੇਰੇ ਵਿਖੇ ਤੁਹਾਡੀ ਲਗਨ ਬਾਰੇ ਮੈਨੂੰ ਦੱਸਿਆ ਜਿਸ ਤੋਂ ਮੈਂ ਹੋਰ ਵੀ ਪ੍ਰਸੰਨ ਹੋਇਆ। 8ਕਿਉਂਕਿ ਜੇ ਮੈਂ ਆਪਣੀ ਪੱਤ੍ਰੀ ਦੁਆਰਾ ਤੁਹਾਨੂੰ ਦੁਖੀ ਕੀਤਾ, ਤਾਂ ਵੀ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ। ਭਾਵੇਂ ਪਹਿਲਾਂ ਮੈਨੂੰ ਪਛਤਾਵਾ ਹੋਇਆ ਸੀ, ਕਿਉਂਕਿ ਮੈਂ ਵੇਖਿਆ ਕਿ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਉਸ ਪੱਤ੍ਰੀ ਤੋਂ ਤੁਹਾਨੂੰ ਦੁੱਖ ਪਹੁੰਚਿਆ। 9ਹੁਣ ਮੈਂ ਅਨੰਦ ਹਾਂ, ਪਰ ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚਿਆ ਸਗੋਂ ਇਸ ਲਈ ਕਿ ਉਸ ਦੁੱਖ ਦੇ ਕਾਰਨ ਤੁਸੀਂ ਤੋਬਾ ਕਰ ਲਈ; ਕਿਉਂ ਜੋ ਤੁਹਾਡਾ ਦੁਖੀ ਹੋਣਾ ਪਰਮੇਸ਼ਰ ਦੀ ਇੱਛਾ ਅਨੁਸਾਰ ਸੀ ਤਾਂਕਿ ਸਾਡੇ ਕਾਰਨ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋਵੇ। 10ਕਿਉਂਕਿ ਜਿਹੜਾ ਦੁੱਖ ਪਰਮੇਸ਼ਰ ਦੀ ਇੱਛਾ ਅਨੁਸਾਰ ਆਉਂਦਾ ਹੈ ਉਹ ਤੋਬਾ ਦਾ ਕਾਰਨ ਬਣਦਾ ਹੈ ਜਿਸ ਦਾ ਨਤੀਜਾ ਮੁਕਤੀ ਹੁੰਦਾ ਹੈ ਅਤੇ ਉਸ ਤੋਂ ਪਛਤਾਉਣਾ ਨਹੀਂ ਪੈਂਦਾ; ਪਰ ਸੰਸਾਰਕ ਦੁੱਖ ਮੌਤ ਦਾ ਕਾਰਨ ਬਣਦਾ ਹੈ। 11ਇਸ ਲਈ ਵੇਖੋ, ਪਰਮੇਸ਼ਰ ਦੀ ਇੱਛਾ ਅਨੁਸਾਰ ਆਏ ਇਸ ਦੁੱਖ ਨੇ ਤੁਹਾਡੇ ਅੰਦਰ ਕਿੰਨਾ ਉਤਸ਼ਾਹ, ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕਿੰਨੀ ਇੱਛਾ, ਕਿੰਨਾ ਰੋਸ, ਕਿੰਨਾ ਡਰ, ਕਿੰਨੀ ਤਾਂਘ, ਕਿੰਨੀ ਲਗਨ ਅਤੇ ਕਿੰਨਾ ਨਿਆਂ ਪੈਦਾ ਕੀਤਾ। ਤੁਸੀਂ ਇਸ ਗੱਲ ਵਿੱਚ ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ ਹੈ। 12ਸੋ ਜੇ ਮੈਂ ਤੁਹਾਨੂੰ ਲਿਖਿਆ ਵੀ ਤਾਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਨਾਲ ਅਨਿਆਂ ਹੋਇਆ, ਸਗੋਂ ਇਸ ਕਾਰਨ ਲਿਖਿਆ ਕਿ ਤੁਹਾਡੇ ਪ੍ਰਤੀ ਸਾਡੀ ਜੋ ਲਗਨ ਹੈ ਉਹ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਉੱਤੇ ਪਰਗਟ ਹੋ ਜਾਵੇ। 13ਇਸ ਕਾਰਨ ਸਾਨੂੰ ਦਿਲਾਸਾ ਮਿਲਿਆ।
ਇਸ ਦਿਲਾਸੇ ਦੇ ਨਾਲ-ਨਾਲ ਅਸੀਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਪ੍ਰਸੰਨ ਹੋਏ, ਕਿਉਂ ਜੋ ਉਸ ਦੀ ਆਤਮਾ ਤੁਹਾਡੇ ਸਭਨਾਂ ਦੇ ਕਾਰਨ ਤਾਜ਼ਾ ਹੋਈ, 14ਕਿਉਂਕਿ ਜੇ ਮੈਂ ਉਸ ਦੇ ਸਾਹਮਣੇ ਤੁਹਾਡੇ ਵਿਖੇ ਕਿਸੇ ਗੱਲ ਦਾ ਅਭਿਮਾਨ ਕੀਤਾ ਤਾਂ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ, ਸਗੋਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਾਰੀਆਂ ਗੱਲਾਂ ਸੱਚ-ਸੱਚ ਦੱਸੀਆਂ ਉਸੇ ਤਰ੍ਹਾਂ ਤੀਤੁਸ ਦੇ ਸਾਹਮਣੇ ਸਾਡਾ ਅਭਿਮਾਨ ਵੀ ਸੱਚ ਠਹਿਰਿਆ। 15ਜਦੋਂ ਉਹ ਤੁਹਾਡੀ ਸਾਰਿਆਂ ਦੀ ਆਗਿਆਕਾਰੀ ਨੂੰ ਚੇਤੇ ਕਰਦਾ ਹੈ ਕਿ ਤੁਸੀਂ ਕਿਵੇਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਸਵੀਕਾਰ ਕੀਤਾ ਤਾਂ ਤੁਹਾਡੇ ਪ੍ਰਤੀ ਉਸ ਦਾ ਪ੍ਰੇਮ ਹੋਰ ਵੀ ਵਧਦਾ ਜਾਂਦਾ ਹੈ। 16ਮੈਂ ਇਸ ਤੋਂ ਅਨੰਦ ਹਾਂ ਕਿ ਮੈਨੂੰ ਹਰ ਗੱਲ ਵਿੱਚ ਤੁਹਾਡੇ 'ਤੇ ਭਰੋਸਾ ਹੈ।

Highlight

Share

Copy

None

Want to have your highlights saved across all your devices? Sign up or sign in