2 ਕੁਰਿੰਥੀਆਂ 11
11
ਪੌਲੁਸ ਅਤੇ ਝੂਠੇ ਰਸੂਲ
1ਕਾਸ਼ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਮੂਰਖਤਾ ਸਹਿ ਲੈਂਦੇ, ਸਗੋਂ ਤੁਸੀਂ ਸਹਿੰਦੇ ਵੀ ਹੋ। 2ਮੈਂ ਤੁਹਾਡੇ ਵਿਖੇ ਪਰਮੇਸ਼ਰ ਵਰਗੀ ਜਲਨ ਰੱਖਦਾ ਹਾਂ, ਕਿਉਂਕਿ ਮੈਂ ਤੁਹਾਡੀ ਮੰਗਣੀ ਇੱਕੋ ਪਤੀ ਅਰਥਾਤ ਮਸੀਹ ਨਾਲ ਕਰ ਦਿੱਤੀ ਤਾਂਕਿ ਤੁਹਾਨੂੰ ਪਵਿੱਤਰ ਕੁਆਰੀ ਦੇ ਰੂਪ ਵਿੱਚ ਉਸ ਦੇ ਸਪੁਰਦ ਕਰਾਂ। 3ਪਰ ਮੈਂ ਡਰਦਾ ਹਾਂ ਕਿ ਜਿਵੇਂ ਸੱਪ ਨੇ ਆਪਣੀ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ, ਕਿਤੇ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਨਾ ਭਟਕ ਜਾਣ ਜੋ ਮਸੀਹ ਵਿੱਚ ਹੈ। 4ਜੇ ਕੋਈ ਤੁਹਾਡੇ ਕੋਲ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜੋ ਪਹਿਲਾਂ ਨਹੀਂ ਮਿਲਿਆ ਜਾਂ ਕੋਈ ਹੋਰ ਖੁਸ਼ਖ਼ਬਰੀ ਜਿਹੜੀ ਤੁਸੀਂ ਪਹਿਲਾਂ ਗ੍ਰਹਿਣ ਨਹੀਂ ਕੀਤੀ ਤਾਂ ਤੁਸੀਂ ਉਸ ਦੀ ਗੱਲ ਚੰਗੀ ਤਰ੍ਹਾਂ ਮੰਨ ਲੈਂਦੇ ਹੋ। 5ਮੈਂ ਨਹੀਂ ਸਮਝਦਾ ਕਿ ਮੈਂ ਉਨ੍ਹਾਂ ਵੱਡੇ ਤੋਂ ਵੱਡੇ ਰਸੂਲਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਹਾਂ; 6ਭਾਵੇਂ ਮੈਂ ਬੋਲਣ ਵਿੱਚ ਤਾਂ ਮਾਹਰ ਨਹੀਂ ਹਾਂ ਪਰ ਗਿਆਨ ਵਿੱਚ ਹਾਂ, ਬਲਕਿ ਅਸੀਂ ਇਸ ਨੂੰ ਸਭਨਾਂ ਗੱਲਾਂ ਵਿੱਚ ਹਰ ਤਰ੍ਹਾਂ ਤੁਹਾਡੇ ਉੱਤੇ ਪਰਗਟ ਕੀਤਾ ਹੈ।
7ਮੈਂ ਪਰਮੇਸ਼ਰ ਦੀ ਖੁਸ਼ਖ਼ਬਰੀ ਤੁਹਾਨੂੰ ਮੁਫ਼ਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਤਾਂਕਿ ਤੁਸੀਂ ਉੱਚੇ ਕੀਤੇ ਜਾਓ; ਕੀ ਇਹ ਕਰਕੇ ਮੈਂ ਕੋਈ ਪਾਪ ਕੀਤਾ? 8ਪਰ ਇੱਕ ਤਰ੍ਹਾਂ ਮੈਂ ਦੂਜੀਆਂ ਕਲੀਸਿਆਵਾਂ ਨੂੰ ਲੁੱਟਿਆ ਅਤੇ ਉਨ੍ਹਾਂ ਤੋਂ ਧਨ ਲੈ ਕੇ ਤੁਹਾਡੀ ਸੇਵਾ ਕੀਤੀ; 9ਅਤੇ ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਥੁੜ੍ਹ ਹੁੰਦੇ ਹੋਏ ਵੀ ਮੈਂ ਕਿਸੇ 'ਤੇ ਬੋਝ ਨਾ ਬਣਿਆ, ਕਿਉਂਕਿ ਮਕਦੂਨਿਯਾ ਤੋਂ ਆਏ ਹੋਏ ਭਾਈਆਂ ਨੇ ਮੇਰੀ ਥੁੜ੍ਹ ਨੂੰ ਪੂਰਾ ਕੀਤਾ। ਮੈਂ ਹਰ ਤਰ੍ਹਾਂ ਆਪਣੇ ਆਪ ਨੂੰ ਤੁਹਾਡੇ ਉੱਤੇ ਬੋਝ ਬਣਨ ਤੋਂ ਰੋਕੀ ਰੱਖਿਆ ਅਤੇ ਰੋਕੀ ਰੱਖਾਂਗਾ। 10ਜੇ ਮਸੀਹ ਦੀ ਸਚਾਈ ਮੇਰੇ ਵਿੱਚ ਹੈ ਤਾਂ ਅਖਾਯਾ ਦੇ ਇਲਾਕਿਆਂ ਵਿੱਚ ਮੇਰੇ ਇਸ ਅਭਿਮਾਨ ਨੂੰ ਰੋਕਿਆ ਨਹੀਂ ਜਾ ਸਕੇਗਾ। 11ਕਿਉਂ? ਕੀ ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ਰ ਜਾਣਦਾ ਹੈ ਕਿ ਮੈਂ ਕਰਦਾ ਹਾਂ।
12ਪਰ ਮੈਂ ਜੋ ਕਰਦਾ ਹਾਂ, ਕਰਦਾ ਹੀ ਰਹਾਂਗਾ ਤਾਂਕਿ ਜਿਹੜੇ ਮੌਕਾ ਭਾਲ ਰਹੇ ਹਨ ਉਨ੍ਹਾਂ ਨੂੰ ਇਹ ਘਮੰਡ ਕਰਨ ਦਾ ਮੌਕਾ ਨਾ ਦੇਵਾਂ ਕਿ ਉਹ ਵੀ ਉਹੀ ਕੰਮ ਕਰ ਰਹੇ ਹਨ ਜੋ ਅਸੀਂ ਕਰ ਰਹੇ ਹਾਂ। 13ਕਿਉਂਕਿ ਅਜਿਹੇ ਲੋਕ ਝੂਠੇ ਰਸੂਲ, ਧੋਖਾ ਕਰਨ ਵਾਲੇ ਅਤੇ ਮਸੀਹ ਦੇ ਰਸੂਲਾਂ ਦਾ ਭੇਸ ਧਾਰਦੇ ਹਨ; 14ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ, ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਦੂਤ ਦਾ ਭੇਸ ਧਾਰਦਾ ਹੈ। 15ਇਸ ਲਈ ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕਾਂ ਦਾ ਭੇਸ ਧਾਰਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ; ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।
ਪੌਲੁਸ ਦਾ ਮਸੀਹ ਲਈ ਦੁੱਖ ਸਹਿਣਾ
16ਮੈਂ ਫੇਰ ਕਹਿੰਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ, ਪਰ ਜੇ ਨਹੀਂ ਤਾਂ ਮੈਨੂੰ ਮੂਰਖ ਸਮਝ ਕੇ ਹੀ ਗ੍ਰਹਿਣ ਕਰ ਲਵੋ ਤਾਂਕਿ ਮੈਂ ਵੀ ਥੋੜ੍ਹਾ ਅਭਿਮਾਨ ਕਰ ਸਕਾਂ। 17ਮੈਂ ਜੋ ਕੁਝ ਕਹਿ ਰਿਹਾ ਹਾਂ ਉਹ ਪ੍ਰਭੂ ਦੀ ਵੱਲੋਂ ਨਹੀਂ, ਪਰ ਇੱਕ ਮੂਰਖ ਵਾਂਗ ਬੇਧੜਕ ਹੋ ਕੇ ਅਭਿਮਾਨ ਨਾਲ ਕਹਿ ਰਿਹਾ ਹਾਂ। 18ਜਦਕਿ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਅਭਿਮਾਨ ਕਰਦੇ ਹਨ, ਤਾਂ ਮੈਂ ਵੀ ਅਭਿਮਾਨ ਕਰਾਂਗਾ; 19ਤੁਸੀਂ ਤਾਂ ਬੁੱਧੀਮਾਨ ਹੋਣ ਕਰਕੇ ਖੁਸ਼ੀ ਨਾਲ ਮੂਰਖਾਂ ਦੀ ਸਹਿ ਲੈਂਦੇ ਹੋ। 20ਕਿਉਂਕਿ ਜੇ ਕੋਈ ਤੁਹਾਨੂੰ ਗੁਲਾਮ ਵੀ ਬਣਾ ਲੈਂਦਾ ਹੈ, ਜਾਂ ਤੁਹਾਨੂੰ ਲੁੱਟ ਲੈਂਦਾ ਹੈ, ਜਾਂ ਤੁਹਾਡੇ ਕੋਲੋਂ ਖੋਹ ਲੈਂਦਾ ਹੈ, ਜਾਂ ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ, ਜਾਂ ਤੁਹਾਡੇ ਮੂੰਹ ਉੱਤੇ ਚਪੇੜ ਮਾਰ ਦਿੰਦਾ ਹੈ ਤਾਂ ਤੁਸੀਂ ਇਹ ਸਭ ਸਹਿ ਲੈਂਦੇ ਹੋ। 21ਮੈਂ ਸ਼ਰਮਿੰਦਗੀ ਨਾਲ ਕਹਿੰਦਾ ਹਾਂ ਕਿ ਅਸੀਂ ਨਿਰਬਲ ਰਹੇ ਹਾਂ।
ਪਰ ਜੇ ਕਿਸੇ ਨੂੰ ਕਿਸੇ ਗੱਲ ਵਿੱਚ ਦਲੇਰੀ ਹੈ ਤਾਂ ਮੈਂ ਮੂਰਖਤਾ ਨਾਲ ਕਹਿੰਦਾ ਹਾਂ ਕਿ ਮੈਨੂੰ ਵੀ ਦਲੇਰੀ ਹੈ। 22ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ; ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ; ਕੀ ਉਹ ਅਬਰਾਹਾਮ ਦੀ ਅੰਸ ਹਨ? ਮੈਂ ਵੀ ਹਾਂ; 23ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਇੱਕ ਮੂਰਖ ਵਾਂਗ ਕਹਿੰਦਾ ਹਾਂ, ਮੈਂ ਵਧੀਕ ਹਾਂ; ਮਿਹਨਤਾਂ ਵਿੱਚ ਵਧੀਕ, ਕੈਦ ਹੋਣ ਵਿੱਚ ਵਧੀਕ, ਮਾਰ ਖਾਣ ਵਿੱਚ ਕਿਤੇ ਜ਼ਿਆਦਾ, ਅਕਸਰ ਮੌਤ ਦੇ ਖ਼ਤਰੇ ਵਿੱਚ। 24ਮੈਂ ਯਹੂਦੀਆਂ ਕੋਲੋਂ ਪੰਜ ਵਾਰ ਇੱਕ ਘੱਟ ਚਾਲੀ ਕੋਰੜੇ ਖਾਧੇ, 25ਤਿੰਨ ਵਾਰ ਬੈਂਤਾਂ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਕੀਤਾ ਗਿਆ, ਤਿੰਨ ਵਾਰ ਮੇਰਾ ਜਹਾਜ਼ ਟੁੱਟਾ, ਇੱਕ ਰਾਤ ਅਤੇ ਦਿਨ ਮੈਂ ਡੂੰਘੇ ਸਮੁੰਦਰ ਵਿੱਚ ਕੱਟਿਆ। 26ਅਕਸਰ ਮੈਂ ਯਾਤਰਾਵਾਂ ਵਿੱਚ, ਨਦੀਆਂ ਦੇ ਖ਼ਤਰਿਆਂ ਵਿੱਚ, ਡਾਕੂਆਂ ਦੇ ਖ਼ਤਰਿਆਂ ਵਿੱਚ, ਆਪਣੀ ਜਾਤੀ ਦੇ ਲੋਕਾਂ ਵੱਲੋਂ ਖ਼ਤਰਿਆਂ ਵਿੱਚ, ਪਰਾਈਆਂ ਕੌਮਾਂ ਵੱਲੋਂ ਖ਼ਤਰਿਆਂ ਵਿੱਚ, ਨਗਰ ਦੇ ਖ਼ਤਰਿਆਂ ਵਿੱਚ, ਉਜਾੜ ਦੇ ਖ਼ਤਰਿਆਂ ਵਿੱਚ, ਸਮੁੰਦਰ ਦੇ ਖ਼ਤਰਿਆਂ ਵਿੱਚ, ਝੂਠੇ ਭਾਈਆਂ ਦੇ ਖ਼ਤਰਿਆਂ ਵਿੱਚ, 27ਮਿਹਨਤ ਅਤੇ ਕਸ਼ਟ ਵਿੱਚ, ਅਕਸਰ ਜਾਗਦੇ ਰਹਿਣ ਵਿੱਚ, ਭੁੱਖ ਅਤੇ ਪਿਆਸ ਵਿੱਚ, ਅਕਸਰ ਫਾਕਿਆਂ ਵਿੱਚ ਤੇ ਠੰਡ ਅਤੇ ਨੰਗੇਪਣ ਵਿੱਚ ਦਿਨ ਕੱਟੇ ਹਨ। 28ਇਨ੍ਹਾਂ ਦੇ ਨਾਲ-ਨਾਲ ਹੋਰ ਵੀ ਗੱਲਾਂ ਹਨ; ਇਸ ਤੋਂ ਇਲਾਵਾ ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਦਿਨ ਦਬਾਈ ਰੱਖਦੀ ਹੈ। 29ਕੌਣ ਹੈ ਜਿਸ ਦੀ ਨਿਰਬਲਤਾ ਤੋਂ ਮੈਂ ਨਿਰਬਲ ਨਹੀਂ ਹੁੰਦਾ? ਕੌਣ ਹੈ ਜਿਸ ਦੇ ਠੋਕਰ ਖਾਣ ਨਾਲ ਮੈਂ ਬੇਚੈਨ ਨਹੀਂ ਹੁੰਦਾ?
30ਜੇ ਅਭਿਮਾਨ ਕਰਨਾ ਹੋਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ। 31ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਯੁਗੋ-ਯੁਗ ਧੰਨ ਹੈ, ਜਾਣਦਾ ਹੈ ਕਿ ਮੈਂ ਝੂਠ ਨਹੀਂ ਬੋਲ ਰਿਹਾ। 32ਦੰਮਿਸਕ ਵਿੱਚ ਰਾਜਾ ਅਰਿਤਾਸ ਦੇ ਰਾਜਪਾਲ ਨੇ ਮੈਨੂੰ ਫੜਨ ਲਈ ਦੰਮਿਸਕੀਆਂ ਦੇ ਨਗਰ ਉੱਤੇ ਪਹਿਰਾ ਬਿਠਾਇਆ ਸੀ 33ਪਰ ਮੈਨੂੰ ਇੱਕ ਟੋਕਰੇ ਵਿੱਚ ਬਿਠਾ ਕੇ ਸਫੀਲ#11:33 ਕਿਸੇ ਕਿਲ੍ਹੇ ਜਾਂ ਨਗਰ ਦੁਆਲੇ ਸੁਰੱਖਿਆ ਲਈ ਬਣਾਈ ਗਈ ਉੱਚੀ ਅਤੇ ਮਜ਼ਬੂਤ ਕੰਧ ਦੀ ਇੱਕ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਗਿਆ ਅਤੇ ਮੈਂ ਉਸ ਦੇ ਹੱਥੋਂ ਬਚ ਨਿੱਕਲਿਆ।
Currently Selected:
2 ਕੁਰਿੰਥੀਆਂ 11: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative